ਮੇਰੇ ਦੇਸ਼ ਦੀਏ ਮਿੱਟੀਏ
(ਕਵਿਤਾ)
ਮੇਰੇ ਦੇਸ਼ ਦੀਏ ਮਿੱਟੀਏ ਤੈਨੂੰ ਕਿਹਦੇ ਕੋਲੋਂ ਬਚਾਵਾਂ,
ਖਾਦਾਂ ਨੇ ਲੁੱਟ ਲਏ ਤੱਤ ਤੇਰੇ ਦੱਸ ਕਿਵੇਂ ਫਸਲ ਉਗਾਵਾਂ,
ਮੇਰੇ ਦੇਸ਼ ਦੀਏ ਮਿੱਟੀਏ ਤੈਨੂੰ ਕਿਹਦੇ-ਕਿਹਦੇ ਕੋਲੋਂ ਬਚਾਵਾਂ!
ਡਰੰਮੀਆਂ ਭਰ-ਭਰ ਜ਼ਹਿਰ ਦੀਆਂ ਖੇਤਾਂ ਚ ਛਿੜਕਾਉਂਦੇ ਨੇ,
ਧਰਤੀ ਤਰਸੇ ਪਾਣੀ ਨੂੰ ਮੀਹ ਉੱਤੋਂ ਨਾ ਆਉਦੇ ਨੇ,
ਕਣ-ਕਣ ਹੋ ਗਿਆ ਜ਼ਹਿਰੀ ਤੇਰਾ ਦੱਸ ਕਿਵੇਂ ਸਾਫ ਕਰਾਵਾਂ,
ਮੇਰੇ ਦੇਸ਼ ਦੀਏ ਮਿੱਟੀਏ ਤੈਨੂੰ ਕਿਹਦੇ-ਕਿਹਦੇ ਕੋਲੋਂ ਬਚਾਵਾਂ!
ਪੁੱਟ-ਪੁੱਟ ਧਰਤੀ ਨੂੰ ਲੋਕੀ ਪਾਣੀ ਭਾਲਦੇ ਨੇ,
ਲਾਕੇ ਅੱਗ ਜੰਗਲਾਂ ਨੂੰ ਤੇਰਾ ਸੀਨਾ ਜਾਲਦੇ ਨੇ,
ਸੀਨੇ ਲੱਗੀ ਅੱਗ ਨੂੰ ਮੈਂ ਕਿਹੜੇ ਪਾਣੀ ਨਾਲ ਬੁਝਾਵਾਂ,
ਮੇਰੇ ਦੇਸ਼ ਦੀਏ ਮਿੱਟੀਏ ਤੈਨੂੰ ਕਿਹਦੇ-ਕਿਹਦੇ ਕੋਲੋਂ ਬਚਾਵਾਂ!
ਦਰੱਖਤਾਂ ਨੂੰ ਕੱਟ-ਕੱਟ ਕੇ ਲੋਕੀਂ ਮਾੜਾ ਧੰਦਾਂ ਕਰਦੇ ਨੇ,
ਸਾੜ-ਸਾੜ ਪਰਾਲੀ ਵਾਤਾਵਰਣ ਗੰਦਾਂ ਕਰਦੇ ਨੇ,
ਸੁੱਤੀ ਪਈ ਅਕਲ ਨੂੰ ਮੈਂ ਦੱਸਦੇ ਕਿੰਝ ਜਗਾਵਾਂ,
ਮੇਰੇ ਦੇਸ਼ ਦੀਏ ਮਿੱਟੀਏ ਤੈਨੂੰ ਕਿਹਦੇ-ਕਿਹਦੇ ਕੋਲੋਂ ਬਚਾਵਾਂ!
ਫੈਕਟਰੀਆਂ ਦਾ ਗੰਦਾਂ ਪਾਣੀ ਤੇਰੇ ਵਿੱਚ ਰਸਦਾ ਏ,
ਤੇਰੀ ਬਰਬਾਦੀ ਕਰਕੇ ਵੀ ਜੱਗ ਪਿਆ ਹੱਸਦਾ ਏ,
ਜੀਵ ਜੰਤੂ ਮੋਏ-ਮੋਏ ਲੱਗਦੇ ਕਿਵੇਂ ਉਹਨਾਂ ਨੂੰ ਉਠਾਵਾਂ,
ਮੇਰੇ ਦੇਸ਼ ਦੀਏ ਮਿੱਟੀਏ ਤੈਨੂੰ ਕਿਹਦੇ-ਕਿਹਦੇ ਕੋਲੋਂ ਬਚਾਵਾਂ!
ਤੂੰ ਸਾਰਿਆਂ ਦੀ ਮਾਂ ਪਰ ਸਭ ਤੇਰੇ ਨੇ ਵੈਰੀ,
ਕੋਈ ਨਾ ਦੁੱਖ ਤੇਰਾ ਸਮਝੇ ਕੀ ਪੇਂਡੂ ਕੀ ਸ਼ਹਿਰੀ,
ਦਿਲ ਕਰਦਾ ਕਈ ਵਾਰੀ ਕਿਸੇ ਹੋਰ ਦੇਸ਼ ਵੱਸ ਜਾਵਾਂ,
ਮੇਰੇ ਦੇਸ਼ ਦੀਏ ਮਿੱਟੀਏ ਤੈਨੂੰ ਕਿਹਦੇ-ਕਿਹਦੇ ਕੋਲੋਂ ਬਚਾਵਾਂ!
ਵਿਗਿਆਨੀ ਵੀ ਪਿੱਛੇ ਨਹੀ ਤੇਰਾ ਕਰਨ ਪੂਰਾ ਨੁਕਸਾਨ,
ਪ੍ਰਯੋਗ ਕਰਨ ਲਈ ਬੰਬਾਂ ਦਾ ਤੇਰਾ ਸੀਨਾ ਦਿੰਦੇ ਛਾਣ,
ਅੱਜ ਹੋ ਗਿਆ ਕੈਂਸਰ ਤੈਨੂੰ ਦੱਸ ਕਿੱਥੋਂ ਇਲਾਜ ਕਰਾਵਾਂ,
ਮੇਰੇ ਦੇਸ਼ ਦੀਏ ਮਿੱਟੀਏ ਤੈਨੂੰ ਕਿਹਦੇ-ਕਿਹਦੇ ਕੋਲੋਂ ਬਚਾਵਾਂ!