ਲਿਖ ਦੇਵੇਂ ਅੱਖਰ ਚਾਰ,
ਭਾਵੇਂ ਭਰੇਂ ਗ੍ਰੰਥ ਹਜ਼ਾਰ;
ਲਿਖਿਆ ਨਾ ਹਿਰਦੇ ਧਾਰ,
ਤੇਰਾ ਸਭ ਪ੍ਰਪੰਚ ਵੇਕਾਰ ।
ਬੋਲੇਂ ਚੋਟ ਨਗਾਰੇ ਮਾਰ,
ਜਾਂ ਖੜ੍ਹ ਦੁਆਂ ਵਿੱਚਕਾਰ;
ਜੇ ਬੋਲ ਨਾ ਢਲ਼ੇ ਕਿਰਦਾਰ,
ਤੇਰਾ ਸਭ ਪ੍ਰਪੰਚ ਵੇਕਾਰ ।
ਰੱਜ ਸੁੱਥਰਾ ਬਾਣਾ ਧਾਰ,
ਖੇਹ ਪਾ ਝਾਟੇ ਜਾਂ ਖਿਲਾਰ;
ਨਾ ਉਹ ਅੰਦਰ ਜੋ ਬਾਹਰ,
ਤੇਰਾ ਸਭ ਪ੍ਰਪੰਚ ਵੇਕਾਰ ।
ਜੱਗ ਤੱਜ ਪਲਾਥੀ ਮਾਰ,
ਸਭ ਸਾਂਭ ਜਾਂ ਲਾਅ ਅੰਬਾਰ;
ਨਾ ਛੁਟਿਆ ਤ੍ਰਿਸ਼ਨ ਦੁਆਰ,
ਤੇਰਾ ਸਭ ਪ੍ਰਪੰਚ ਵੇਕਾਰ ।
ਦੋ ਕਹੀਆਂ ਦੋ ਭੁੱਲ ਵਿਸਾਰ,
ਬਹੁ ਸੁਣ ਭੀ ਰੁਲਿਆ ਸੰਸਾਰ;
ਨਾ ਸਾਹ ਅਗਲੇ ਦਾ ਪਾਰ,
ਕੰਵਲ ਸਭ ਪ੍ਰਪੰਚ ਵੇਕਾਰ ।