ਸਾਵਣ (ਕਵਿਤਾ)

ਪਵਨਜੀਤ ਕੌਰ ਬੌਡੇ   

Email: dhaliwalpawan953@gmail.com
Address:
India
ਪਵਨਜੀਤ ਕੌਰ ਬੌਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਸ ਰੁੱਤੇ, ਸਭ ਮੀਤ ਨੇ ਮਿਲਦੇ,
ਗਾਵਣ ਨੂੰ ਸੋਹਣੇ -ਸੋਹਣੇ ਗੀਤ ਨੇ ਮਿਲਦੇ।
ਮਹਿੰਦੀ ਰੱਤੇ ਹੱਥ ਨੇ ਮਿਲਦੇ,
ਚਿਹਰੇ ਖੁਸ਼ੀਆਂ ਨਾਲ ਨੇ ਖਿਲਦੇ।
ਇਸ ਰੁੱਤੇ, ਮਾਂ ਗੁਲਗਲੇ,ਖੀਰਾਂ-ਪੂੜੇ ਪਕਾਵੇ,
ਘਰਾਂ 'ਚੋ ਮਹਿਕ ਪਕਵਾਨਾਂ ਦੀ ਆਵੇ।
ਵੀਰ ਲੈ ਸੰਧਾਰਾ ਭੈਣ ਘਰ ਜਾਵੇ,
ਭੈਣ ਵੀ ਤੱਤੜੀ ਸੌ-ਸੌ ਸ਼ਗਨ ਮਨਾਵੇ।
ਇਸ ਰੁੱਤੇ, ਕੋਇਲ ਬਹਿ ਬਰੋਟੇ, ਗੀਤ ਖੁਸ਼ੀ ਦੇ ਗਾਵੇ,
ਕਲੀਹਰ ਤੋਤਾ ਤੱਕ ਮੈਨਾ ਨੂੰ ਮੁਸਕਰਾਵੇ।
ਭਰੀ ਜਵਾਨੀ ਜਦ ਕੋਈ ਅੰਬਰੀ ਪੀਂਘ ਚੜ੍ਹਾਵੇ,
ਫਿਰ ਮੋਰ ਵੀ ਆ ਲੋਰ 'ਚ ਪੈਲਾਂ ਪਾਵੇ।
ਇਸ ਰੁੱਤੇ, ਬਾਗਾਂ 'ਚ ਅੰਬੀਆਂ ਰਸਣ,
ਘੁੱਗੀਆਂ-ਗਟਾਰਾਂ ਸਭ ਹੀ ਹੱਸਣ।
ਕੁੜੀਆਂ-ਚਿੜੀਆਂ ਨੱਚਣ-ਟੱਪਣ,
ਰੱਬਾ! ਦੇਸ ਮੇਰੇ ਦੀਆਂ ਰੌਣਕਾਂ ਸਭ ਇੰਝ ਹੀ ਵੱਸਣ।
ਇਸ ਰੁੱਤੇ, ਮਾਹੀ ਨਾ ਕਿਸੇ ਦਾ ਰੁੱਸੇ,
ਤੰਦ ਪਿਆਰ ਦੀ ਕਦੇ ਨਾ ਟੁੱਟੇ।
ਨਾ ਕੋਈ ਕੈਂਦੋ ਚੰਦਰਾ ਬਣ ਪਾਪ ਕਮਾਵੇ,
ਬਸ ਰੂਹ ਸੱਜਣ ਨਾਲ ਇਕ -ਮਿਕ ਹੋ ਜਾਵੇ।
ਨੀ ਅੜੀਓ, ਸਾਵਣ ਸਭ ਦੇ ਮਨ ਨੂੰ ਭਾਵੇਂ,
ਇਹ ਤਾਂ ਢੇਰਾਂ ਖੁਸ਼ੀਆਂ ਲਿਆਵੇ।