ਬਣਾਉਟੀਪਣ ਤੋਂ ਮੁਕਤ ਹੋਣੇ ਚਾਹੀਦੇ ਨੇ ਆਪਸੀ ਰਿਸ਼ਤੇ
(ਲੇਖ )
ਅਜੋਕੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਅੱਜ ਦਾ ਮਨੁੱਖ ਬਹੁਤ ਜੱਦੋ-ਜਹਿਦ ਵਿੱਚ ਘੋਲ ਕਰ ਰਿਹਾ ਹੈ। ਖ਼ਾਸ ਤੌਰ ’ਤੇ ਮਨੁੱਖੀ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਘੱਟਦੀ ਨਜ਼ਰ ਆ ਰਹੀ ਹੈ। ਅਪਣੱਤ, ਮੋਹ, ਪਿਆਰ, ਮੁਹੱਬਤ ਜਤਾਉਣ ਲਈ ਵੀ ਪਹਿਲਾਂ ਅਗਲੇ ਵਿਅਕਤੀ ਦਾ ਧੰਨ ਦੌਲਤ ਜਾਂ ਰੁਤਬਾ ਦੇਖਿਆ ਜਾਂਦਾ ਹੈ। ਇਹ ਕਾਰਣ ਹੈ ਕਿ ਰਿਸ਼ਤਿਆਂ ਵਿੱਚ ਬਣਾਉਟੀਪਣ ਜਿਹਾ ਆਉਂਦਾ ਜਾ ਰਿਹਾ ਹੈ। ਮਨੁੱਖ ਦੀ ਸੋਚ ਬਹੁਤ ਜਿਆਦਾ ਪਦਾਰਥਵਾਦੀ ਹੁੰਦੀ ਜਾ ਰਹੀ ਹੈ। ਧੰਨ ਦੌਲਤ ਨੂੰ ਜ਼ਿੰਦਗੀ ਦਾ ਪ੍ਰਮੁੱਖ ਸੁੱਖ ਮਨ ਲਿਆ ਗਿਆ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਹਰ ਸੰਭਵ ਜਾਂ ਅਸੰਭਵ ਕੋਸ਼ਿਸ਼ ਮਨੁੱਖ ਵੱਲੋਂ ਕੀਤੀ ਜਾ ਰਹੀ ਹੈ।
ਭਲੇ ਵੇਲਿਆਂ ਦੀ ਗੱਲ ਕਰੀਏ ਜਾਂ ਬਜ਼ੁਰਗਾਂ ਦੇ ਕੋਲ ਬੈਠੀਏ ਤਾਂ ਉਹਨਾਂ ਕੋਲੋਂ ਆਪਸੀ ਭਾਈਚਾਰਕ ਸਾਂਝ ਦੀਆਂ ਗੱਲਾਂ ਸੁਣ ਕੇ ਮਨ ਹੈਰਾਨ ਹੋ ਜਾਂਦਾ ਹੈ ਕਿ ਆਪਣੇ ਤਾਂ ਦੂਰ ਦੁਸ਼ਮਣਾਂ ਨੂੰ ਵੀ ਘਰੋਂ ਪਾਣੀ ਦਾ ਘੁੱਟ ਪੁੱਛ ਲਿਆ ਜਾਂਦਾ ਸੀ। ਸੱਤ ਬਿਗਾਨੇ ਦੀ ਵੀ ਸੁੱਖ-ਸਾਂਦ ਦਾ ਫ਼ਿਕਰ ਹੁੰਦਾ ਸੀ। ਦੁੱਖ-ਸੁੱਖ ਸਾਂਝੇ ਹੁੰਦੇ ਸਨ ਪਰ ਅੱਜਕੱਲ੍ਹ ਇੱਕ ਛੱਤ ਹੇਠਾਂ ਰਹਿਣ ਵਾਲਿਆਂ ਦੇ ਵੀ ਮੁੰਹ ਵੱਟੇ ਹੀ ਰਹਿੰਦੇ ਹਨ। ਰਿਸ਼ਤਿਆਂ ਦਾ ਖੋਖਲਾਪਣ ਮਨੁੱਖ ਨੂੰ ਵੀ ਅੰਦਰੋਂ-ਅੰਦਰੀਂ ਖੋਖਲਾ ਕਰ ਰਿਹਾ ਹੈ। ਇੱਕਲਾਪਾ ਹੰਡਾਇਆ ਜਾ ਰਿਹਾ ਹੈ। ਝੁਕਣ ਨੂੰ ਕੋਈ ਤਿਆਰ ਨਹੀਂ।
ਪਤੀ-ਪਤਨੀ, ਧੀਆਂ-ਪੁੱਤਰ, ਸੱਸ-ਨੂੰਹ, ਭੈਣ-ਭਰਾਵਾਂ, ਭਰਾਵਾਂ-ਭਰਾਵਾਂ ਅਤੇ ਹੋਰ ਕਈ ਰਿਸ਼ਤੇ ਜਿਵੇਂ ਬੇਮਾਅਨੇ ਹੀ ਹੁੰਦੇ ਜਾ ਰਹੇ ਹਨ। ਅੱਜ ਵਿਅਕਤੀ ਸਹਿਣਸ਼ੀਲਤਾ, ਸਬਰ, ਇੱਕ ਦੂਜੇ ਦੀ ਗੱਲ ਮੰਨਣ ਨੂੰ ਤਾਂ ਦੂਰ ਸੁਣਨ ਲਈ ਤਿਆਰ ਨਹੀਂ ਹੁੰਦਾ। ਇਹੀ ਕਾਰਣ ਹੈ ਕਿ ਰਿਸ਼ਤਿਆਂ ਵਿੱਚੋਂ ਪਿਆਰ ਮਨਫ਼ੀ ਹੁੰਦਾ ਜਾ ਰਿਹਾ ਹੈ ਆਪਸੀ ਸਾਂਝ, ਸਤਿਕਾਰ, ਜ਼ਿੰਮੇਵਾਰੀ ਨੂੰ ਜਿਵੇਂ ਇੱਕ ਬੋਝ ਸਮਝਿਆ ਜਾ ਰਿਹਾ ਹੈ।
ਬੇਸ਼ਕ ਅਸੀਂ ਪੱਛਮੀ ਸੱਭਿਅਤਾ ਦੀ ਨਕਲ ਕਰਦੇ ਹਾਂ, ਨਕਲ ਕਰਨਾ ਇਨਸਾਨੀ ਫ਼ਿਤਰਤ ਹੈ, ਪਰ ਨਕਲ ਕੇਵਲ ਉਹਨਾਂ ਦੇ ਪਹਿਰਾਵੇ ਦੀ ਜਾ ਜ਼ਿੰਦਗੀ ਜਿਊਣ ਦੀ ਢੰਗਾਂ ਦੀ ਹੀ ਕਰਦੇ ਹਾਂ। ਉਹਨਾਂ ਦੀ ਸੋਚ ਸਮਝ, ਅਗਾਂਹਵਧੂ ਵਿਚਾਰ, ਖੁੱਲ੍ਹੇ ਸੁਭਾਅ, ਇੱਕ ਦੂਜੇ ਪ੍ਰਤੀ ਆਦਰ ਇਹ ਆਦਤਾਂ ਤਾਂ ਨਾ ਅਸੀਂ ਘਰੋਂ ਸਿੱਖਣੀਆਂ ਚਾਹੁੰਦੇ ਹਾਂ ਨਾ ਬਾਹਰੋਂ। ਪਰ ਅੱਜ ਸਾਨੂੰ ਸੋਚਣਾ ਪਵੇਗਾ ਖ਼ਾਸ ਕਰ ਪਤੀ-ਪਤਨੀ ਦੇ ਰਿਸ਼ਤੇ ਨੂੰ ਸੁਹਣਾ ਬਣਾਉਣ ਦੇ ਜਤਨ ਹੋਣੇ ਚਾਹੀਦੇ ਹਨ। ਇੱਕ ਦੂਜੇ ਦੀ ਗੱਲ ਸੁਣਨ, ਬਰਦਾਸ਼ਤ ਕਰਨ ਦਾ ਮਾਦਾ ਸਾਡੇ ਅੰਦਰ ਹੋਣਾ ਚਾਹੀਦਾ ਹੈ, ਕਿਉਂਕਿ ਅਕਸਰ ਪਤੀ-ਪਤਨੀ ਦੇ ਝਗੜਿਆਂ ਦਾ ਵੱਡਾ ਅਸਰ ਘਰ ਵਿੱਚ ਛੋਟੇ ਬੱਚਿਆਂ ਉੱਤੇ ਸੱਭ ਤੋਂ ਵੱਧ ਅਤੇ ਬੁਰਾ ਪ੍ਰਭਾਵ ਪੈਂਦਾ ਹੈ। ਸਾਡੀਆਂ ਸਮਝਦਾਰੀਆਂ ਬੱਚਿਆਂ ਦੇ ਭਵਿੱਖ ਨੂੰ ਸੁਹਣਾ ਬਣਾ ਸਕਦੀਆਂ ਹਨ ਅਤੇ ਸਾਡੀਆਂ ਨਲਾਇਕੀਆਂ ਬੱਚਿਆਂ ਨੂੰ ਸਾਡੇ ਤੋਂ ਹਮੇਸ਼ਾਂ ਲਈ ਦੂਰ ਵੀ ਕਰਨਗੀਆਂ, ਉੱਥੇ ਉਹ ਬੱਚੇ ਸਮਾਜ ਵਿੱਚ ਵੀ ਕੋਈ ਆਦਰ-ਮਾਣ ਪ੍ਰਾਪਤ ਨਹੀਂ ਕਰ ਸਕਣਗੇ।
ਇਸ ਲਈ ਜ਼ਰੂਰੀ ਹੈ ਕਿ ਧਰਮ ਅਤੇ ਸਮਾਜ ਵੱਲੋਂ ਪਵਿੱਤਰ ਰਿਸ਼ਤੇ ਵਜੋਂ ਪ੍ਰਵਾਣਿਤ ਪਤੀ-ਪਤਨੀ ਆਪਣੇ ਰਿਸ਼ਤੇ ਪ੍ਰਤੀ ਜਾਗਰੂਕ ਰਹਿਣ। ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ। ਇੱਕ ਦੂਜੇ ਨੂੰ ਆਦਰ-ਮਾਣ ਦੇਣਾ। ਆਪੋ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਅਤੇ ਖ਼ਾਸ ਕਰਕੇ ਬੱਚਿਆਂ ਸਾਹਮਣੇ ਸੁਖਾਵਾਂ ਮਾਹੌਲ ਸਿਰਜ ਕੇ ਰੱਖਣਾ ਜ਼ਰੂਰੀ ਹੈ ਤਾਂ ਕਿ ਸਾਡੇ ਆਪਸੀ ਰਿਸ਼ਤੇ ਨਿੱਘੇ-ਨਿੱਘੇ ਅਤੇ ਖੁਸ਼ੀਆਂ ਭਰਪੂਰ ਬਣੇ ਰਹਿਣ।
ਪਤੀ-ਪਤਨੀ ਦੇ ਰਿਸ਼ਤੇ ਵਿੱਚ ਭਰੋਸਾ, ਪਿਆਰ ਅਤੇ ਵਿਸ਼ਵਾਸ਼ ਬਣਿਆ ਰਹੇਗਾ ਤਾਂ ਇਹਨਾਂ ਨਾਲ ਜੁੜਿਆ ਹਰ ਰਿਸ਼ਤਾ ਅਪੱਣਤ, ਮੋਹ ਅਤੇ ਦਿਲੀਂ ਸਾਂਝ ਵਾਲਾ ਬਣ ਜਾਏਗਾ।