ਬੀਤੇ ਦਿਨੀਂ ਡਾ ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਜ਼ੂਮ ਲਿੰਕ ਰਾਹੀਂ ਹੋਈ ਵਿਪਸਾ ਦੀ ਮਾਸਿਕ ਮਿਲਣੀ ਆਪਣੇ ਪਿੱਛੇ ਇਕ ਅਮਿੱਟ ਪੈੜ ਛੱਡ ਗਈ। ਇਸ ਮਿਲਣੀ ਦੇ ਆਰੰਭ ਵਿਚ ਜਨਰਲ ਸਕੱਤਰ ਕੁਲਵਿੰਦਰ ਨੇ ਡਾ. ਸੁਖਵਿੰਦਰ ਕੰਬੋਜ ਨੂੰ ਸਵਾਗਤੀ ਭਾਸ਼ਣ ਲਈ ਸੱਦਾ ਦਿੱਤਾ। ਡਾ. ਸੁਖਵਿੰਦਰ ਕੰਬੋਜ ਨੇ ਹਾਜ਼ਰ ਸਾਹਿਤਕਾਰਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿਦਿਆਂ, ਅਸ਼ੌਕ ਭੌਰਾ ਦਾ ਵਿਪਸਾ ਦਾ ਮੈਂਬਰ ਬਣਨ ਲਈ ਉਚੇਚਾ ਧੰਨਵਾਦ ਕੀਤਾ।
ਇਸ ਮਿਲਣੀ ਦੇ ਦੂਸਰੇ ਸੈਸ਼ਨ ਵਿਚ ‘ਲਾਜ ਨੀਲਮ ਸੈਣੀ ਦੀ ਕਹਾਣੀ ਪ੍ਰਕਿਰਿਆ’ ਦਾ ਸੰਚਾਲਨ ਕੁਲਵਿੰਦਰ ਨੇ ਨਿਵੇਕਲੇ ਢੰਗ ਨਾਲ ਕਰਦਿਆਂ ਕਿਹਾ ਕਿ ਲਾਜ ਨੀਲਮ ਸੈਣੀ ਨੇ ਆਪਣਾ ਸਾਹਿਤਕ ਸਫ਼ਰ ਕਵਿਤਾ ਨਾਲ ਸ਼ੁਰੂ ਕੀਤਾ ਅਤੇ ਕਾਵਿ-ਉਚਾਰਣ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਅਨੇਕਾਂ ਇਨਾਮ ਹਾਸਿਲ ਕੀਤੇ। ਡਾ. ਰਜਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਨੇ ਲਾਜ ਨੀਲਮ ਸੈਣੀ ‘ਲਾਜ ਨੀਲਮ ਸੈਣੀ ਦੀਆਂ ਕਹਾਣੀਆਂ ਦਾ ਮੂਲ ਸਰੋਕਾਰ’ ਪੇਪਰ ਭਾਵਪੂਰਤ ਢੰਗ ਨਾਲ ਪੜ੍ਹਦੇ ਹੋਏ ਕਿਹਾ ਕਿ ਲਾਜ ਨੀਲਮ ਸੈਣੀ ਦੀਆਂ ਕਹਾਣੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਹਨ। ਇਹ ਮਨੁੱਖੀ ਜੀਵਨ ਦੇ ਵੱਖ ਵੱਖ ਪਹਿਲੂਆਂ ਨੂੰ ਕਲਾਤਿਮਕ ਢੰਗ ਨਾਲ ਪੇਸ਼ ਕਰਦੀਆਂ ਹੋਈਆਂ ਪਾਠਕਾਂ ਦੇ ਮਨ ’ਤੇ ਕਈ ਪ੍ਰਭਾਵ ਛੱਡਦੀਆਂ ਹਨ।ਇਹ ਪ੍ਰਭਾਵ ਸੁਖਾਂਤਕ ਵੀ ਹਨ ਅਤੇ ਦੁਖਾਂਤਕ ਵੀ। ਇਨ੍ਹਾਂ ਪ੍ਰਭਾਵਾਂ ਵਿਚ ਬਿਗਾਨਗੀ, ਰਿਸ਼ਤਿਆ ਦੀ ਅਪਣੱਤ, ਭੂ-ਹੇਰਵਾ, ਸਭਿਆਚਾਰਕ ਤਣਾਓ, ਪਰਵਾਸੀ ਜੀਵਨ ਦੀਆਂ ਦੁਸ਼ਵਾਰੀਆਂ ਅਤੇ ਕਿਤੇ-ਕਿਤੇ ਹਲਕਾ-ਫੁਲਕਾ ਵਿਅੰਗ ਵੀ ਹੈ।ਕਹਾਣੀਆਂ ਦੀ ਵਿਸ਼ੇਸ਼ਤਾ, ਜ਼ਿੰਦਗੀ ਪ੍ਰਤੀ ਆਸ਼ਾਵਾਦੀ ਨਜ਼ਰੀਆ ਹੈ।ਸੰਜਮੀ ਸ਼ੈਲੀ ਵਿਚ ਲਿਖੀਆਂ ਸਾਰੀਆਂ ਕਹਾਣੀਆਂ ਦੇ ਕਥਾਨਕ ਇਕਹਿਰੇੇ ਤੇ ਸਰਲ ਅਤੇ ਬਿਰਤਾਂਤ ਲਕੀਰੀ ਹੈ। ਇਨ੍ਹਾਂਹੀ ਵਿਚਾਰਾਂ ਨੂੰ ਸੇਧਤ ਕਰਦਿਆਂ ਮਸ਼ਹੂਰ ਕਹਾਣੀਕਾਰ ਅਜਮੇਰ ਸਿੱਧੂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਲਾਜ ਨੀਲਮ ਸੈਣੀ ਕੋਲ ਸੁਹਿਰਦ ਮਨ ਹੈ ਜਿਸ ਨਾਲ ਉਹ ਆਪਣੇ ਪਾਤਰਾਂ ਦੀ ਉਸਾਰੀ ਬਹੁਤ ਹੀ ਸੰਜੀਦਾ ਢੰਗ ਨਾਲ ਕਰਦੀ ਹੈ।ਉਸਦੇ ਵਿਸ਼ੇ ਸੱਜਰੇ, ਨਵੇਂ ਤੇ ਅਮਰੀਕੀ ਪੰਜਾਬੀ ਸਮਾਜ ਦੇ ਸਾਰ ਤੇ ਸੁਭਾਅ ਨੂੰ ਬਾਖ਼ੂਬੀ ਚਿਤਰਦੇ ਹਨ। ਸ਼੍ਰੋਮਣੀ ਲੇਖਕ ਰਵਿੰਦਰ ਸਹਿਰਾਅ ਨੇ ਲਾਜ ਨੀਲਮ ਸੈਣੀ ਦੀਆਂ ਕਹਾਣੀਆਂ ਦੀ ਸਿਫ਼ਤ ਕਰਦਿਆਂ ਕਿਹਾ ਕਿ ਇਨ੍ਹਾ ਕਹਾਣੀਆਂ ਦੇ ਪਾਤਰਾਂ ਦਾ ਦੁੱਖ ਉਸਨੂੰ ਆਪਣਾ ਆਪਣਾ ਮਹਿਸੂਸ ਹੋਇਆ ਹੈ। ਲੇਖਿਕਾ ਦਾ ਕਹਾਣੀਆਂ ਨੂੰ ਛਪਵਾਉਣ ਤੋਂ ਪਹਿਲਾਂ ਹੀ ਆਪਣੇ ਸਮਕਾਲੀਆਂ ਤੋਂ ਰਾਇ ਲੈ ਕੇ ਸੋਧ ਲੈਣਾ ਚੰਗਾ ਲੱਗਿਆ ਹੈ। ਸੁਰਜੀਤ ਟੋਰਾਂਟੋ ਨੇ ਕਿਹਾ ਕਿ ਲਾਜ ਨੀਲਮ ਸੈਣੀ ਦੀਆਂ ਕਹਾਣੀਆਂ ਆਸ਼ਾਵਾਦੀ ਤੇ ਸਾਰਥਿਕ ਸੁਨੇਹਾ ਦਿੰਦੀਆਂ ਹਨ। ਅੱਜ ਦੇ ਦੌਰ ਵਿਚ ਜ਼ਿਆਦਾ ਕਹਾਣੀ ਅਵੈਧ ਰਿਸ਼ਤਿਆਂ ਬਾਰੇ ਹੀ ਲਿਖੀ ਜਾ ਰਹੀ ਹੈ। ਇਸਦੇ ਉਲਟ ਲਾਜ ਨੀਲਮ ਸੈਣੀ ਦੀ ਕਹਾਣੀ ਰਿਸ਼ਤਿਆਂ ਦੇ ਰੰਗਾਂ ਨੂੰ ਗੂੜ੍ਹਾ ਕਰਦੀ ਹੋਈ, ਰਿਸ਼ਤਿਆਂ ਦੀ ਹੋਂਦ ਵਿਚ ਵਿਸ਼ਵਾਸ ਪੈਦਾ ਕਰਦੀ ਹੈ। ਮੈਨੂੰ ਉਸ ਤੋਂ ਭਵਿੱਖ ਵਿਚ ਹੋਰ ਵੀ ਬਹੁਤ ਵੱਡੀਆਂ ਆਸਾਂ ਹਨ। ਅਮਰਜੀਤ ਪੰਨੂੰ, ਗੁਲਸ਼ਨ ਦਿਆਲ, ਸੁਰਿੰਦਰ ਸੀਰਤ ਤੇ ਡਾ. ਗੁਰਪ੍ਰੀਤ ਧੁੱਗਾ ਨੇ ਵੀ ਕਹਾਣੀਆਂ ਦੀ ਸਿਫਤ ਕਰਦਿਆਂ ਭਵਿੱਖ ਵਿਚ ਇਸ ਤੋਂ ਵੀ ਉਚੇਰੀਆਂ ਮੰਜ਼ਿਲਾਂ ਤੈਅ ਕਰਨ ਦੀ ਆਸ਼ਾ ਪ੍ਰਗਟਾਈ। ਡਾ ਸੁਹਿੰਦਰਬੀਰ ਨੇ ਸਮੁੱਚੀ ਚਰਚਾ ਨੂੰ ਸਮੇਟਦਿਆਂ ਕਿਹਾ ਕਿ ਜਿੱਥੇ ਲਾਜ ਨੀਲਮ ਸੈਣੀ ਦੀਆਂ ਕਹਾਣੀਆਂ ਆਪਣੇ ਸਮਂੇ ਦੇ ਕਠੋਰ ਯਥਾਰਥ ਨੂੰ ਪੇਸ਼ ਕਰਦੀਆਂ ਹਨ, ਉਥੇ ਮਨੁੱਖੀ ਜ਼ਿੰਦਗੀ ਦੇ ਕਈ ਅਣਦਿਸਦੇ ਰਹੱਸਾਂ ਨੂੰ ਵੀ ਫਰੋਲਦੀਆਂ ਹਨ, ਜਿਸ ਵਿਚੋਂ ਖੰਡਿਤ ਵਿਅਕਤੀਤਵ ਦੀ ਝਲਕ ਪੈਂਦੀ ਹੈ। ਇਸ ਸੰਦਰਭ ਵਿਚ ਉਸਦੀ ਕਹਾਣੀ ‘ਚਿਹਰੇ’ ਜ਼ਿਕਰਯੋਗ ਹੈ। ਇਹ ਕਹਾਣੀ ਲੇਖਕ ਦੇ ਅਰਧ ਚੇਤਨ ਮਨ ਨੂੰ ਚਿਤਰਦੀ ਹੋਈ ਸਮਾਜ ਦੇ ਉਲਾਰਾਂ ਨੂੰ ਵੀ ਬੜੀ ਸ਼ਿੱਦਤ ਨਾਲ ਪੇਸ਼ ਕਰ ਜਾਂਦੀ ਹੈ।
ਇਸ ਉਪਰੰਤ ਕਵੀ ਦਰਬਾਰ ਵਿਚ ਤਾਰਾ ਸਾਗਰ, ਮਹਿੰਦਰ ਸਿੰਘ ਸੰਘੇੜਾ, ਐਸ਼ ਕਮ ਐਸ਼, ਬੀਬੀ ਸੁਰਜੀਤ ਕੌਰ, ਸੁਰਿੰਦਰ ਸੀਰਤ, ਡਾ. ਗੁਰਪ੍ਰੀਤ ਧੁੱਗਾ, ਅਸ਼ੋਕ ਭੌਰਾ, ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਟੋਰਾਂਟੋ, ਗੁਲਸ਼ਨ ਦਿਆਲ, ਸੁਰਿੰਦਰ ਗੀਤ, ਰਵਿੰਦਰ ਸਹਿਰਾਅ, ਲਾਜ ਨੀਲਮ ਸੈਣੀ, ਸੁਰਜੀਤ ਸਖੀ, ਗੁਰਮੀਤ ਬਰਸਾਲ, ਕੁਲਵਿੰਦਰ ਅਤੇ ਸੁਖਵਿੰਦਰ ਕੰਬੋਜ ਨੇ ਹਿੱਸਾ ਲਿਆ। ਕਵੀ ਦਰਬਾਰ ਦਾ ਸੰਚਾਲਨ ਵਿਪਸਾ ਦੀ ਮੀਤ ਪ੍ਰਧਾਨ ਅਮਰਜੀਤ ਪੰਨੂੰ ਨੇ ਬਾਖ਼ੂਬੀ ਨਿਭਾਇਆ।
-------------------------------------------------------------------------------------------
ਔਰਤ ਦੇ ਅੰਤਰੀਵ ਮਨ ਨੂੰ ਬ੍ਰਹਿਮੰਡ ਨਾਲ ਜੋੜਦੀ ਗੁਲਸ਼ਨ ਦਿਆਲ ਦੀ ਕਵਿਤਾ
ਬੀਤੇ ਦਿਨੀਂ ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਜ਼ੂਮ ਲਿੰਕ ਰਾਹੀਂ ਹੋਈ ਵਿਪਸਾ ਦੀ ਮਾਸਿਕ ਮਿਲਣੀ ਆਪਣੇ ਪਿੱਛੇ ਇਕ ਅਮਿੱਟ ਪੈੜ ਛੱਡ ਗਈ। ਮੀਟਿੰਗ ਦੇ ਸ਼ੁਰੂ ਵਿਚ ਡਾ. ਸੁਖਵਿੰਦਰ ਕੰਬੋਜ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਪ੍ਰੋਗਰਾਮ ਦੀ ਰੂਪ ਰੇਖਾ ਦੱਸੀ ਅਤੇ ਜਗਜੀਤ ਨੌਸ਼ਹਿਰਵੀ ਦੀ ਮਾਤਾ ਕੁਲਵੰਤ ਕੌਰ ਸੰਧੂ ਦੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ।ਉਹਨਾ ਇਸ ਮੌਕੇ ਚਰਨਜੀਤ ਸਿੰਘ ਪੰਨੂ ਦੀ ਭੈਣ ਕੁਲਵੰਤ ਭੁੱਲਰ ਅਤੇ ਪ੍ਰਸਿੱਧ ਕਹਾਣੀਕਾਰ ਰਾਵਿੰਦਰ ਅਟਵਾਲ ਦੀ ਧਰਮ ਪਤਨੀ ਬਲਦੇਵ ਕੌਰ ਅਟਵਾਲ ਦੇ ਵਿਛੋੜੇ ‘ਤੇ ਵੀ ਗਹਿਰੇ ਦੁੱਖ ਦਾ ਪਰਗਟਾਵਾ ਕੀਤਾ। ਪੁਸਤਕ ਸੈਸ਼ਨ ਵਿਚ ਲਾਜ ਨੀਲਮ ਸੈਣੀ ਨੇ ਗੁਲਸ਼ਨ ਦਿਆਲ ਦੀ ਜਾਣ ਪਛਾਣ ਕਰਵਾਉਂਦੇ ਹੋਏ ਦੱਸਿਆ ਕਿ ਗੁਲਸ਼ਨ ਦੇ ਘਰ ਵਿਚ ਸਾਹਿਤਕ ਮਹੌਲ ਹੋਣ ਕਰਕੇ ਉਹ ਬਚਪਨ ਤੋਂ ਹੀ ਅਖ਼ਬਾਰਾਂ ਤੇ ਸਾਹਿਤਕ ਰਸਾਲੇ ਪੜ੍ਹਦੀ ਆ ਰਹੀ ਹੈ ਪਰੰਤੂ ਆਪਣੇ ਲੇਖਕ ਹੋਣ ਨੂੰ ਉਹ ਇਕ ਹਾਦਸਾ ਸਮਝਦੀ ਹੈ। ਉਸ ਨੇ ਦੋ ਕਾਵਿ ਸੰਗ੍ਰਹਿ ‘ਗਜਰ’ ਅਤੇ ‘ਅਣਕਹੀਆਂ’ ਅਤੇ ਇਕ ਵਾਰਤਕ ਪੁਸਤਕ ‘ਪਰਿਕਰਮਾ’ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਇਸ ਉਪਰੰਤ ਡਾ. ਉਮਿੰਦਰ ਜੌਹਲ ਨੇ ਗੁਲਸ਼ਨ ਦੇ ਕਾਵਿ ਸੰਸਾਰ ਬਾਰੇ ਪੇਪਰ ਪੇਸ਼ ਕਰਦੇ ਹੋਏ ਕਿਹਾ ਕਿ ਗੁਲਸ਼ਨ ਦੀ ਕਵਿਤਾ ਔਰਤ ਦੇ ਅੰਤਰ ਮਨ ਦੀ ਵਿਥਿਆ ਦਾ ਕਾਵਿ ਪ੍ਰਵਚਨ ਕਹਿ ਸਕਦੇ ਹਾਂ ਪਰ ਇਸ ਕਵਿਤਾ ਵਿਚ ਔਰਤ ਦੀ ਪ੍ਰਗਟਾਈ ਵਿਥਿਆ ਪੰਜਾਬੀ ਕਵਿਤਾ ਵਿਚਲੀ ਔਰਤ ਦੀ ਵਿਥਿਆ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਇਸ ਵਿਚ ਔਰਤ ਦੀ ਮਾਨਸਿਕ ਸੰਤੁਸ਼ਟੀ ਝਲਕਦੀ ਹੈ। ਦੂਜੇ ਪੇਪਰ ਵਿਚ ਡਾ. ਮੋਹਨ ਤਿਆਗੀ ਨੇ ਗੁਲਸ਼ਨ ਦੀ ਕਾਵਿ ਸੰਵੇਦਨਾ ਦੀ ਗੱਲ ਕਰਦੇ ਕਿਹਾ ਕਿ ਗੁਲਸ਼ਨ ਦੀ ਕਵਿਤਾ ਔਰਤ ਦੇ ਅੰਤਰੀਵੀ ਮਨ ਨੂੰ ਬ੍ਰਹਿਮੰਡ ਨਾਲ ਜੋੜਦੀ ਹੈ। ਇਹ ਮਨ ਦੇ ਗਹਿਰੇ ਪਾਣੀਆਂ ਵਿਚ ਚਲ ਰਹੀ ਹਲਚਲ ਹੈ:
ਚਲੋ ਹੱਥ ਵਿਚ ਹੱਥ ਪਾਈਏ
ਇਕ ਜੰਜ਼ੀਰ ਬਣ ਜਾਈਏ।
ਇਸ ਉਪਰੰਤ ਗੁਲਸ਼ਨ ਨੇ ਆਪਣੇ ਕਾਵਿ ਸਫ਼ਰ ਦੀ ਗੱਲ ਕਰਦਿਆਂ ਡਾ. ਉਮਿੰਦਰ ਜੌਹਲ ਅਤੇ ਡਾ. ਮੋਹਨ ਤਿਆਗੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹਨਾ ਦੋਵਾਂ ਵੱਲੋਂ ਪੜ੍ਹੇ ਪੇਪਰਾਂ ਨੇ ‘ਉਸ ਨਾਲ ਉਸਦੀ ਹੀ ਪਛਾਣ ਨੂੰ ਹੋਰ ਗੂੜਾ ਕੀਤਾ ਹੈ’। ਇਸ ਤੋਂ ਬਾਅਦ ਪੇਪਰਾਂ ਉਪਰ ਹੋਈ ਉਸਾਰੂ ਅਤੇ ਭਖਵੀਂ ਚਰਚਾ ਵਿਚ ਅਮਰਜੀਤ ਕੌਰ ਪੰਨੂ, ਡਾ. ਗੁਰਪ੍ਰੀਤ ਧੁੱਗਾ, ਬੀਬੀ ਸੁਰਜੀਤ ਕੌਰ, ਲਾਜ ਨੀਲਮ ਸੈਣੀ ਅਤੇ ਡਾ. ਸੁਖਵਿੰਦਰ ਕੰਬੋਜ ਨੇ ਭਾਗ ਲਿਆ। ਡਾ. ਸੁਹਿੰਦਰਬੀਰ ਸਿੰਘ ਨੇ ਇਸ ਸੈਸ਼ਨ ਦੀ ਅੰਤਿਕਾ ਵਿਚ ਕਿਹਾ ਕਿ ਗੁਲਸ਼ਨ ਦੀ ਕਵਿਤਾ ਸਹਿਜ ਦੀ ਕਵਿਤਾ ਹੈ। ਉਸਦੇ ਅਵਚੇਤਨ ਵਿਚ ਸਭਿਅਤਾ ਅਤੇ ਸਿਮਰਤੀ ਭਾਰੂ ਹਨ। ਉਹ ਇਕ ਸੰਭਾਵਨਾਵਾਂ ਭਰਪੂਰ ਸ਼ਾਇਰਾ ਹੈ। ਆਸ ਹੈ ਕਿ ਉਹ ਭਵਿੱਖ ਵਿਚ ਹੋਰ ਵੀ ਵਧੀਆ ਕਵਿਤਾ ਲਿਖੇਗੀ।
ਇਸ ਉਪਰੰਤ ਕਵੀ ਦਰਬਾਰ ਵਿਚ ਤਾਰਾ ਸਾਗਰ, ਮਹਿੰਦਰ ਸਿੰਘ ਸੰਘੇੜਾ, ਐਸ਼ ਕਮ ਐਸ਼, ਬੀਬੀ ਸੁਰਜੀਤ ਕੌਰ, ਸੁਰਿੰਦਰ ਸੀਰਤ, ਚਰਨਜੀਤ ਪੰਨੂ, ਡਾ. ਗੁਰਪ੍ਰੀਤ ਧੁੱਗਾ, ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਟੋਰਾਂਟੋ, ਗੁਲਸ਼ਨ ਦਿਆਲ, ਲਾਜ ਨੀਲਮ ਸੈਣੀ, ਸੁਰਜੀਤ ਸਖੀ, ਡਾ ਮੋਹਨ ਤਿਆਗੀ, ਡਾ ਉਮਿੰਦਰ ਜੌਹਲ, ਡਾ. ਸੁਹਿੰਦਰਬੀਰ ਸਿੰਘ, ਕੁਲਵਿੰਦਰ ਅਤੇ ਸੁਖਵਿੰਦਰ ਕੰਬੋਜ ਨੇ ਹਿੱਸਾ ਲਿਆ। ਕਵੀ ਦਰਬਾਰ ਦਾ ਸੰਚਾਲਨ ਵਿਪਸਾ ਦੀ ਮੀਤ ਪ੍ਰਧਾਨ ਅਮਰਜੀਤ ਪੰਨੂ ਨੇ ਬਾਖ਼ੂਬੀ ਨਿਭਾਇਆ।