ਮਿੰਨੀ ਕਹਾਣੀ ਸਮਾਗਮ ‘ਜੁਗਨੂੰਆਂ ਦੇ ਅੰਗ ਸੰਗ’ ਆਯੋਜਿਤ (ਖ਼ਬਰਸਾਰ)


ਮੌੜ ਮੰਡੀ:- ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ ਵਲੋਂ ਅਦਾਰਾ ਤ੍ਰੈਮਾਸਿਕ ‘ਮਿੰਨੀ’ ਅਤੇ ਲੇਖਕ ਮੰਚ ਮੌੜ ਦੇ ਸਹਿਯੋਗ ਨਾਲ ਸੂਬਾ ਪੱਧਰੀ ਮਿੰਨੀ ਕਹਾਣੀ ਸਮਾਗਮ ‘ਜੁਗਨੂੰਆਂ ਦੇ ਅੰਗ ਸੰਗ’ ਸਰਕਾਰੀ ਸੈਕੰਡਰੀ ਸਕੂਲ (ਕੰਨਿਆ) ਮੌੜ ਵਿਖੇ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਕਰਨੈਲ ਸਿੰਘ, ਸਾਬਕਾ ਪ੍ਰਧਾਨ ਨਗਰ ਕੌਸਲ, ਡਾ. ਸ਼ਿਆਮ ਸੁੰਦਰ ਦੀਪਤੀ, ਨਿਰੰਜਣ ਬੋਹਾ ਤੇ ਸੁਖਦੇਵ ਸਿੰਘ ਮਾਨ ਸ਼ਾਮਿਲ ਹੋਏ। ਸਮਾਗਮ ਦੇ ਪਹਿਲੇ ਸ਼ੈਸ਼ਨ ਵਿੱਚ ਸਭ ਤੋਂ ਪਹਿਲਾ ਹਾਜ਼ਿਰ ਲੇਖਕਾਂ ਵਲੋਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਜ਼ਲੀ ਭੇਂਟ ਕੀਤੀ ਗਈ। ਲੇਖਕ ਮੰਚ ਮੌੜ ਵੱਲੋਂ ਭੁਪਿੰਦਰ ਸਿੰਘ ਮਾਨ ਨੇ ਬਾਹਰੋਂ ਆਏ ਲੇਖਕਾਂ ਨੂੰ ਜੀ ਆਇਆ ਨੂੰ ਕਿਹਾ।


 ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਦੇ ਕੋ ਕਨਵੀਨਰ ਜਗਦੀਸ਼ ਰਾਏ ਕੁਲਰੀਆਂ ਨੇ ਪ੍ਰੋਗਰਾਮ ਦੀ ਰੂਪਰੇਖਾ ਸਾਂਝੀ ਕਰਦਿਆ ਮਿੰਨੀ ਕਹਾਣੀ ਲੇਖਕ ਮੰਚ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਡਾ. ਦੀਪਤੀ ਨੇ ਤ੍ਰੈਮਾਸਿਕ ਮਿੰਨੀ ਦੇ 33 ਸਾਲਾਂ ਦੇ ਸਫ਼ਰ ਅਤੇ ਮਿੰਨੀ ਕਹਾਣੀ ਵਿਧਾ ਦੇ ਪੰਜ ਦਹਾਕਿਆਂ ਦੇ ਸਫ਼ਰ ਬਾਰੇ ਗੱਲਬਾਤ ਕਰਦਿਆ ਕਿਹਾ ਕਿ ਅਜੋਕੀ ਮਿੰਨੀ ਕਹਾਣੀ ਨੇ ਪਾਠਕਾਂ ਦੇ ਨਾਲ ਨਾਲ ਸਾਹਿਤਕ ਵਿਦਵਾਨਾਂ ਦਾ ਧਿਆਨ ਵੀ ਆਪਣੇ ਵਲ ਖਿੱਚਿਆ ਹੈ ਤੇ ਇਹ ਕਿਸੇ ਵੀ ਭਾਸ਼ਾ ਵਿਚ ਲਿਖੀ ਜਾ ਰਹੀ ਮਿੰਨੀ ਕਹਾਣੀ ਤੋਂ ਕਿਸੇ ਵੀ ਤਰਾਂ ਪਿੱਛੇ ਨਹੀਂ। ਉਨਾਂ ਲੇਖਕਾਂ ਨੂੰ ਇਸ ਦੇ ਸਿਰਜਣਾ ਕਰਨ ਵੇਲੇ ਸੁਚੇਤ ਹੋਣ ਨੂੰ ਵੀ ਕਿਹਾ। ਉਨਾਂ ਵਿਸ਼ੇਸ਼ ਤੌਰ ਤੇ ਮੰਚ ਵੱਲੋਂ ਸ਼ੁਰੂ ਕੀਤੀ ਗ਼ੌਰਤਲਬ ਮਿੰਨੀ ਕਹਾਣੀਆਂ ਦੀ ਪੁਸਤਕ ਲੜੀ ਬਾਰੇ ਚਰਚਾ ਕੀਤੀ। ਨਗਰ ਕੌਸਲ ਮੌੜ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਨੇ ਕਿਹਾ ਕਿ ਸਮਾਜ ਨੂੰ ਚੇਤੰਨ ਕਰਨ ਵਿਚ ਲੇਖਕਾਂ ਦਾ ਵੱਡਾ ਰੋਲ ਹੈ ਅਤੇ ਇਨਾਂ ਦੀ ਘਾਲਣਾ ਅੱਗੇ ਸਿਰ ਝੁਕਦਾ ਹੈ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਵਲੋਂ ਤ੍ਰੈਮਾਸਿਕ ‘ਮਿੰਨੀ’ ਦਾ 131ਵਾਂ ਅੰਕ, ਡਾ. ਦੀਪਤੀ ਦੀਆਂ ਪੁਸਤਕਾਂ ‘ਕਰੋਨਾ ਨੇ ਕੀਤਾ ਬੇਨਕਾਬ’, ‘ਕੁਦਰਤ ਦਾ ਹਾਣੀ_ਭਗਤ ਪੂਰਨ ਸਿੰਘ’ ਤੇ ‘ਇੱਕੋ ਜਿਹੇ ਦੋ ਕੱਪ’, ਹਰਭਜਨ ਸਿੰਘ ਖੇਮਕਰਨੀ  ਦਾ ਮਿੰਨੀ ਕਹਾਣੀ ਸੰਗ੍ਰਹਿ ‘ਨਜ਼ਰ ਤੇ ਨਜ਼ਰ’, ਮਨਜਿੰਦਰ ਸਿੰਘ ਸਰਾਂ ਦਾ ਕਹਾਣੀ ਸੰਗ੍ਰਹਿ ‘ਚੰਗੇਰੀ ਜੀਵਨ ਨਿਰਬਾਹ ਸਿਖਲਾਈ’ ਅਤੇ ਮੰਗਤ ਕੁਲਜਿੰਦ ਵੱਲੋਂ ਸੰਪਾਦਿਤ ਕੀਤੇ ਜਾਂਦੇ ਮੈਗਜ਼ੀਨ ‘ਸ਼ਬਦ ਤਿ੍ਰੰਜਣ’ ਦੇ ਨਵੇਂ ਅੰਕ ਨੂੰ ਲੋਕ ਅਰਪਣ ਕੀਤਾ ਗਿਆ। ਇਸ ਤੋਂ ਮਗਰੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪਟਿਆਲਾ ਵੱਲੋਂ ਮਿੰਨੀ ਦੇ ਪ੍ਰਸਿੱਧ ਲੇਖਕ ਨਿਰੰਜਣ ਬੋਹਾ ਨੂੰ ‘ 21ਵੇਂ ਮਾਨ ਕੌਰ ਯਾਦਗਾਰੀ ਮਿੰਨੀ ਕਹਾਣੀ ਸਨਮਾਨ’ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਦੀ ਰਸਮ ਪ੍ਰਧਾਨਗੀ ਮੰਡਲ ਦੇ ਨਾਲ ਡਾ. ਹਰਪ੍ਰੀਤ ਸਿੰਘ ਰਾਣਾ, ਨਵਰੋਜ਼ ਸਿੰਘ ਤੇ ਰਘਬੀਰ ਸਿੰਘ ਮਹਿਮੀ ਨੇ ਨਿਭਾਈ। ਦਵਿੰਦਰ ਪਟਿਆਲਵੀ ਵੱਲੋਂ ਬੋਹਾ ਬਾਰੇ ਸੁਖਦੇਵ ਸਿੰਘ ਸ਼ਾਂਤ ਦਾ ਲਿਖਿਆ ਪਰਚਾ ਪੜਿਆ। ਇਸ ਤੋਂ ਬਾਅਦ ਸਮਾਗਮ ਦਾ ਦੂਜਾ ਸ਼ੈਸ਼ਨ ‘ਜੁਗਨੂੰਆਂ ਦੇ ਅੰਗ ਸੰਗ’ ਸ਼ੁਰੂ ਹੋਇਆ, ਜਿਸ ਵਿਚ ਵੱਖ ਵੱਖ ਥਾਵਾਂ ਤੋਂ ਪਹੁੰਚੇ ਲੇਖਕਾਂ ਜਿੰਨਾਂ ਵਿਚ ਹਰਪ੍ਰੀਤ ਸਿੰਘ ਰਾਣਾ ਨੇ ‘ਪਿਆਰ’, ਅਮਰਜੀਤ ਕੌਰ ਹਰੜ ਨੇ ‘ਕਿਰਦਾਰ’, ਸੁਖਦਰਸ਼ਨ ਗਰਗ  ਨੇ ‘ਜੱਗੋਂ ਤੇਰਵੀਂ’, ਰਾਜਦੇਵ ਕੌਰ ਸਿਧੂ  ਨੇ ‘ਨਾਸੂਰ’, ਸੁਖਦੇਵ ਸਿੰਘ ਔਲਖ ਨੇ ‘ਸਿੱਖ ਦਾ ਘਰ’ , ਦਵਿੰਦਰ ਪਟਿਆਲਵੀ ਨੇ ‘ਚੇਤਨਾ’, ਡਾ. ਸ਼ਿਆਮ ਸੁੰਦਰ ਦੀਪਤੀ ਨੇ ‘ਬਾਰਡਰ ਅੰਦਰ ਬਾਰਡਰ’, ਕੁਲਵਿੰਦਰ ਕੌਸ਼ਲ ਨੇ ‘ਵਿਰਾਸਤ’, ਬੂਟਾ ਖਾਨ ਸੁੱਖੀ ਨੇ ‘ਸਾਢੇ ਛੇ ਬੈਂਡ’, ਰਘਬੀਰ ਸਿੰਘ ਮਹਿਮੀ ਨੇ ‘ਸਿਰ ਦਾ ਤਾਜ’, ਵੀਰਪਾਲ ਕੌਰ ਨੇ ‘ਆਬਰਸ਼ਨ ਕਿੱਟ’, ਪਰਦੀਪ ਮਹਿਤਾ ਨੇ ‘ਕਾਨੂੰਨ’, ਅਮਰਜੀਤ ਸਿੰਘ ਮਾਨ ਨੇ ‘ਡੱਡੂ ਨਿਗਲਿਆ ਗਿਆ’, ਗੁਰਮੀਤ ਰਾਮਪੁਰੀ ਨੇ ‘ਮਾਂ ਬੋਲੀ ਦਾ ਰਿਸ਼ਤਾ’, ਸੁਖਵਿੰਦਰ ਸਿੰਘ ਸਹੋਤਾ ‘ਅਸੀਂ ਭਗਤ ਸਿੰਘ ਨੂੰ ਜਾਣਦੇ ਹਾਂ’, ਸੁਰਿੰਦਰ ਪਾਲ ਕਾਲਾਂਵਾਲੀ ਨੇ ‘ਹੱਥ’ ਤੇ ਮਨਜਿੰਦਰ ਸਿੰਘ ਸਰਾਂ ਨੇ ‘ਸਾਹਮਣੇ ਰੱਬ ਸੁੱਤਾ ਪਿਆ ਸੀ’ ਨਾਮੀਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ। ਪੜੀਆਂ ਗਈਆਂ ਮਿੰਨੀ ਕਹਾਣੀਆਂ ਤੇ ਆਲੋਚਕ ਨਿਰੰਜਣ ਬੋਹਾ ਅਤੇ ਡਾ. ਨਾਇਬ ਸਿੰਘ ਮੰਡੇਰ ਨੇ  ਗੱਲ ਕਰਦਿਆਂ ਪੰਜਾਬੀ ਮਿੰਨੀ ਕਹਾਣੀ ਦੇ ਵਿਧਾਨਕ ਢਾਂਚੇ ਨੂੰ ਉਭਾਰਿਆ।ਉਨਾਂ ਕਿਹਾ ਕਿ ਲੇਖਕ ਨੂੰ ਅੰਦਰ ਝਾਤ ਮਾਰਨ ਦੀ ਜਰੂਰਤ ਹੈ ਅਤੇ ਆਪਣੇ ਨੇੜੇ ਤੇੜੇ ਵਾਪਰਦੀਆਂ ਘਟਨਾਵਾਂ ਨੂੰ ਧਿਆਨ ਨਾਲ ਵਾਚਣਾ ਚਾਹੀਦਾ ਹੈ। ਖਾਸ ਕਰਕੇ ਮਿੰਨੀ ਕਹਾਣੀ ਲੇਖਕਾਂ ਨੂੰ ਇਸ ਵਿਧਾ ਨਾਲ ਗੰਭੀਰਤਾ ਨਾਲ ਜੁੜਣਾ ਚਾਹੀਦਾ ਹੈ ਅਤੇ ਮਿੰਨੀ ਕਹਾਣੀ ਦੇ ਦੂਜੀਆਂ ਵਿਧਾ ਨਾਲੋਂ ਫ਼ਰਕ ਨੂੰ ਸਮਝਣਾ ਚਾਹੀਦਾ ਹੈ। ਇਸ ਵਿਚਾਰ ਚਰਚਾ ਵਿਚ ਊਸ਼ਾ ਦੀਪਤੀ, ਸੁਖਦੇਵ ਸਿੰਘ ਮਾਨ, ਜਗਦੀਸ਼ ਕੁਲਰੀਆਂ, ਸੁਰਿੰਦਰ ਕੁਮਾਰ ਗੁਪਤਾ, ਰਣਜੀਤ ਸਿੰਘ, ਪ੍ਰੀਤ ਮੌੜ, ਬਲਕਰਨ ਸਿੰਘ ਤੇ ਪ੍ਰੀਤ ਸਿੱਧੂ ਨੇ ਵੀ ਵਿਚਾਰ ਰੱਖੇ। ਅੰਤ ਵਿਚ ਪਰਦੀਪ ਮਹਿਤਾ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ। 

ਜਗਦੀਸ਼ ਰਾਏ ਕੁਲਰੀਆਂ
ਜਗਦੀਸ਼ ਰਾਏ ਕੁਲਰੀਆਂ