ਆਓ ਸਈਓ ਰਲ਼ ਮਿਲ ਕੇ
ਮਿਰਚਾਂ ਵਾਰੋ, ਨਜ਼ਰ ਉਤਾਰੋ
ਪੰਜਾਬ ਦੇ ਨੋਜਵਾਨਾ ਦੀ,
ਕੋਈ ਤਾਂ ਆ ਕੇ ਅਣਖ ਬਚਾਵੋ !
'ਨਾਗਣੀ' 'ਤੇ ਚਿੱਟੇ ਦੀਆਂ ਸਿਫ਼ਤਾਂ
ਗਾ - ਲਿਖ ਕੇ ਜੋ ਬਣਦੇ ਗਾਣੇ
ਉਹ ਗਾਣੇ ਲਿਖਣ ਤੇ ਗਾਉਣ
ਵਾਲਿ਼ਆਂ ਤੇ, ਕੋਈ ਤਾਂ ਨੱਥ ਪਾਵੋ !
ਕੋਈ ਤਾ ਆ ਕੇ ਅਣਖ ਬਚਾਵੋ
ਮਾਵਾਂ ਦੇ ਸੋਹਣੇ ਪੁੱਤਾਂ ਨੂੰ
ਇਹ ਡੰਗ ਮਾਰ ਗਈਆਂ ਨੇ
ਓਹਨਾਂ ਮਾਵਾਂ ਦੇ ਕੋਈ, ਆ ਕੇ ਤੇ,
ਡੂੰਘੇ ਦਿਲ ਦੇ ਜ਼ਖਮ ਪਛਾਣੋ !
ਕੋਈ ਤਾ ਆ ਕੇ ਅਣਖ ਬਚਾਵੋ
'ਚਾਤਿ੍ਕ' ਤੇ 'ਪੂਰਨ' ਦੀ ਕਵਿਤਾ
ਵਿਚਲੇ ਬਾਂਕੇ ਛੈਲ ਸ਼ਬੀਲਿਆਂ ਦੀ,
ਮਿਟਦੀ- ਮਰਦੀ ਜਾਤ ਬਚਾਓ
ਕੋਈ ਤਾਂ ਆ ਕੇ ਅਣਖ ਜਗਾਓ !
ਸੌਂਹਾਂ ਖਾ ਕੇ ਹੰਭਲਾ ਮਾਰੋ,
ਨਸ਼ਿਆਂ ਦੇ ਦਰਿਆ ਵਿੱਚ ਡੁੱਬਦੇ
ਬਾਬੇ ਨਾਨਕ ਵਾਲੇ ਪੰਜ ਆਬ ਨੂੰ
ਕੋਈ ਤਾਂ ਪੂਜਣਯੋਗ ਬਣਾਵੋ !
ਕੋਈ ਤਾ ਆ ਕੇ ਅਣਖ ਬਚਾਵੋ
ਬਰਜਿੰਦਰ ਕੌਰ ਬਿਸਰਾਓ