ਤੁਰਗੇ ਦੁਨੀਆ ਤਾਰਨ ਵਾਲੇ
ਹਰ ਪਾਸੇ ਕੂੜ ਤਮਾਸ਼ਾ
ਤੇਰੇ ਬਾਜੋਂ ਮੇਰੇ ਨਾਨਕ
ਹਰ ਇੱਕ ਦਾ ਖਾਲ਼ੀ ਕਾਸਾ
ਗੋਰਖ ਧੰਦੇ ਖੋਲੇ ਸਭ ਨੇ
ਨਾ ਕੋਈ ਸੱਚ ਦੀ ਤੱਕੜੀ ਤੋਲੇ
ਵਿੱਚ ਬਜ਼ਾਰਾਂ ਇੱਜਤਾਂ ਲੁੱਟਦੇ
ਏਥੇ ਡਰਦਾ ਕੋਈ ਨਾ ਬੋਲੇ
ਚੌਧਰ ਦੇ ਸਭ ਭੁੱਖੇ ਲੋਕੀਂ
ਭਾਈ ਭਾਈਆਂ ਨੂੰ ਮਾਰਨ
ਹੱਥ ਵਿੱਚ ਮਾਲਾ ਚਿੱਟੇ ਚੋਲੇ
ਦੁਨੀਆ ਨੂੰ ਪਏ ਚਾਰਨ
ਮਾਰੀ ਗਈ ਏ ਮੱਤ ਦੁਨੀਆ ਦੀ
ਦੱਸ ਕਿਹੜਾ ਆਣ ਸਵਾਰੇ
ਭੈਣਾਂ ਦੇ ਨਾਲ ਵਿਆਹ ਕਰਵਾਉਂਦੇ
ਸੱਚੀ ਬਾਹਰ ਜਾਣ ਦੇ ਮਾਰੇ
ਇਸ਼ਕ ਚ’ ਅੰਨ੍ਹੀ ਹੋਗੀ ਧੀ ਨੇ
ਜਾਂ ਲਈਆਂ ਭੱਜ ਕੇ ਲਾਵਾਂ
ਬਾਪੂ ਫਿਰੇ ਸਪਰੇਹਾਂ ਲੱਭਦਾ
ਦੱਸ ਕਿਹੜੇ ਖੂਹ ਵਿੱਚ ਜਾਵਾ
ਖੇਤ ਵੇਚ ਕੇ ਕਰਜ਼ਾ ਚੱਕ ਕੇ
ਨੂੰਹ ਨੂੰ ਤੋਰਿਆ ਵਿੱਚ ਕਨੇਡਾ
ਲਾਰਿਆਂ ‘ਚ ਪੁੱਤ ਜ਼ਹਿਰ ਖਾ ਗਿਆ
ਕਿੱਥੋਂ ਜਰਿਆ ਜੇ ਹੁਣ ਠੇਡਾ
ਲੱਗਦਾ ਸਭ ਨਚਾਰ ਹੀ ਬਣਨਗੇ
ਅੱਜ ਕੱਲ੍ਹ ਦੇ ਬਾਲ ਨਿਆਣੇ
ਪੈਸੇ ਪਿੱਛੇ ਪਏ ਇੱਜ਼ਤਾਂ ਰੋਲਣ
ਸ਼ਰਮਾਂ ਕੋਈ ਨਾ ਜਾਣੇ
ਗੁੱਤ ਕਟਾ ਕੇ ਚੁੰਨੀ ਲਾਹ ਕੇ
ਪਾਉਦੀ ਵੰਨ ਸੁਵੰਨੇ ਬਾਣੇ
ਕਿੱਥੋਂ ਦੱਸ ਇਹ ਜੰਮਦੇਂਗੀ
ਯੋਧੇ ਨਲੂਏ ਜਿਹੇ ਨਿਆਣੇ
ਦਿੱਲੀ ਵਿੱਚ ਜਾ ਬਾਪੂ ਅੜਿਆ
ਲੈ ਕਿਸਾਨੀ ਦਾ ਝੰਡਾ
ਚੁੱਪ ਕੀਤਿਆਂ ਹੱਕ ਨਾ ਮਿਲਦੇ
ਫਿਰ ਚੁੱਕਣਾ ਪੈਦਾ ਖੰਡਾ
ਰੋਂਦਿਆਂ ਦੀ ਕੋਈ ਵਾਤ ਨਾ ਪੁੱਛਦਾ
ਜੇ ਜੇਬ ਨਾ ਹੋਵੇ ਧੇਲਾ
ਖਾਲ਼ੀ ਹੱਥ ਸਿਕੰਦਰ ਤੁਰਿਆ
ਦੁਨੀਆ ਚਾਰ ਦਿਨਾਂ ਦਾ ਮੇਲਾ
ਮਿੱਟੀ ਦਾ ਇਹ ਬੁੱਤ ਵੇ ਸੱਜਣਾਂ
ਕੀ ਮਿੱਟੀ ਦੀਆਂ ਵੱਡਿਆਈਆ
ਕੰਗ ਮੁੜ ਉਥੇ ਹੀ ਤੁਰ ਜਾਣਾ
ਕੂੰਜਾਂ ਜਿਹੜੇ ਦੇਸ਼ ਤੋਂ ਆਈਆਂ।