ਬੁਣਿਆ ਜੋ ਜਾਲ ਤੇਰਾ ਉੱਠੇ ਹੈ ਸਵਾਲ ਕਿੰਨੇ
ਚਲੇ ਨੇ ਖੰਜਰ ਕਿੰਨੇ ਬਣਗੇ ਹਨ ਢਾਲ ਕਿੰਨੇ
ਅੰਬਰ ਨੇ ਬਾਤ ਪਾਈ ਧਰਤੀ ਨੇ ਉਤਰ ਦਿਤਾ
ਗਿਣਤੀ ਨਹੀਂ ਨਰਕ ਕਿੰਨੇ ਬੰਦੇ ਬੇਹਾਲ ਕਿੰਨੇ
ਤੂੰ ਵੀ ਨਹੀਂ ਹੋਠ ਖੋਲੇ ਮੈਂ ਵੀ ਨਹੀਂ ਕੁੱਝ ਬੋਲਿਆ
ਉੱਠੇ ਨੇ ਸਭ ਦੇ ਅੰਦਰ ਖਵਰੇ ਉਬਾਲ ਕਿੰਨੇ
ਖੁਸ਼ੀ ਦੇ ਗੀਤ ਸੱਜਣਾ ਗਾਵਾਂ ਤਾ ਮੈ ਕਿਵੇਂ ਗਾਵਾਂ
ਦੁੱਖਾਂ ਦੇ ਪਹਾੜ ਕਿੰਨੇ ਗਮੀਆਂ ਦੇ ਖਾਲ ਕਿੰਨੇ
ਜੁਗਨੂੰ ਦੀ ਚੌਖਟ ਉੱਤੇ ਰੌਸ਼ਨ ਆਫਤਾਬ ਵੇਖ ਕੇ
ਜਗਦੇ ਨੇ ਦੀਪਕ ਕਿੰਨੇ ਬਣਦੇ ਮਸ਼ਾਲ ਕਿੰਨੇ
ਕੀ ਹੈ ਘਰਾਂ ਦੀ ਗਿਣਤੀ ਕੀ ਹੈ ਸਿਰਾਂ ਦਾ ਲੇਖਾ
ਟੁੱਟੇ ਨੇ ਦਿਲ ਕਿੰਨੇ ਹੋਏ ਬਦਹਾਲ ਕਿੰਨੇ
ਕਿ ਸ਼ਬਦ ਹੁਣ ਤੀਰ ਬਣਗੇ ਕਵਿਤਾ ਬਾਗੀ ਹੋਗੀ
ਲੰਗੜਾ ਕਾਨੂੰਨ ਬਣਿਆ ਕਿ ਮੁਨਸਿਫ ਨਿਢਾਲ ਕਿੰਨੇ
ਹਵਾ ਖਾਮੋਸ਼ ਹੋ ਗਈ ਹੈ ਝਖੜ ਦਾ ਖਤਰਾ ਵਧਿਆ
ਵਡੇ ਕੱਦ ਵਾਲੇ ਬਾਸੀ ਡਿਗਦੇ ਚੌਫਾਲ ਕਿੰਨੇ