ਸਭ ਰੰਗ

  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੱਚੇ ਆਨੰਦ ਦੀ ਪ੍ਰਾਪਤੀ ਲਈ ਅਸਲੀਅਤ ’ਚ ਰਹਿਣਾ ਸਿੱਖੋ / ਕੈਲਾਸ਼ ਚੰਦਰ ਸ਼ਰਮਾ (ਲੇਖ )
  •    ਬੱਚੇ - ਧਰਤੀ ਦੇ ਫ਼ੁੱਲ / ਮਨਬੀਰ ਕੌਰ (ਲੇਖ )
  •    ਮਨੁੱਖੀ ਜੀਵਨ ਦਾ ਅਨਿੱਖੜਵਾ ਅੰਗ- ਘੜਾ / ਸ਼ੰਕਰ ਮਹਿਰਾ (ਲੇਖ )
  •    ਦਰਸਨਿ ਪਰਸਿਐ ਗੁਰੂ ਕੈ / ਜਸਵਿੰਦਰ ਸਿੰਘ ਰੁਪਾਲ (ਲੇਖ )
  •    ਇਕ ਢਾਡੀ ਅਤੇ ਅਧਿਆਪਕ ਦੀ ਸਵੈ ਜੀਵਨੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਕਲਾਤਮਿਕ ਫਿਲਮਾਂ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ / ਵਰਿੰਦਰ ਅਜ਼ਾਦ (ਲੇਖ )
  •    ਖੁੰਢੀਆਂ ਛੁਰੀਆਂ ਦੇ ਰਾਹਾਂ ’ਤੇ : ਹਰਬੀਰ ਸਿੰਘ ਭੰਵਰ / ਜਰਨੈਲ ਸਿੰਘ ਸੇਖਾ (ਲੇਖ )
  •    ਸ਼੍ਰੋਮਣੀ ਸਾਹਿਤਕਾਰ ਪੁਰਸਕਾਰ’ ਲੇਖ ਲੜੀ (ਸਾਹਿਤਕ ਪ੍ਰਦੂਸ਼ਨ} / ਮਿੱਤਰ ਸੈਨ ਮੀਤ (ਲੇਖ )
  • ਮਨੁੱਖੀ ਜੀਵਨ ਦਾ ਅਨਿੱਖੜਵਾ ਅੰਗ- ਘੜਾ (ਲੇਖ )

    ਸ਼ੰਕਰ ਮਹਿਰਾ   

    Email: mehrashankar777@gmail.com
    Cell: +91 98884 05411
    Address:
    India
    ਸ਼ੰਕਰ ਮਹਿਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮਿੱਟੀ ਤੇ ਮਨੁੱਖ ਦਾ ਰਿਸ਼ਤਾ ਬੜਾ ਗੂੜ੍ਹਾ ਰਿਹਾ ਹੈ। ਸ਼ਾਸਤਰਾਂ ਦੇ ਅਨੁਸਾਰ ਮਨੁੱਖ ਮਿੱਟੀ ਵਿੱਚੋਂ ਪੈਦਾ ਹੁੰਦਾ ਹੈ, ਮਿੱਟੀ ਵਿੱਚ ਖੇਡਦਾ, ਵਿਗਸਦਾ ਹੈ ਅਤੇ ਅੰਤ ਮਿੱਟੀ ਵਿੱਚ ਹੀ ਸਮਾ ਜਾਂਦਾ ਹੈ। ਫ਼ਰੀਦ ਜੀ ਨੇ ਇਹਨਾਂ ਸਤਰਾਂ ਵਿੱਚ , ਮਿੱਟੀ ਦੀ ਮਹਾਨਤਾ ਨੂੰ ਕਿੰਨੇ ਸੁੰਦਰ ਸ਼ਬਦਾਂ ਵਿੱਚ ਪੇਸ਼ ਕੀਤਾ ਹੈ :
     
    ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ  ।।
    ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ।।
     
    ਮੁੱਢ ਕਦੀਮਾਂ ਤੋਂ ਹੀ ਚੀਕਣੀ ਮਿੱਟੀ ਨੂੰ ਗੁੰਨ੍ਹ ਕੇ ਮਿੱਟੀ ਕਲਾ ਦਾ ਕੰਮ ਕਰਨ ਵਾਲੀ ਘੁਮਿਆਰ ਜਾਤੀ ਦੀ ਕਾਰਜ ਕੁਸ਼ਲਤਾ ਦਾ ਚੰਗਾ ਪ੍ਰਭਾਵ ਰਿਹਾ ਹੈ I ਲੋਕ ਨਿਸਚੇ ਅਨੁਸਾਰ ਘੁਮਿਆਰ ਚੱਕ ਤੇ ਓਦੋਂ ਤੋਂ ਹੀ ਭਾਂਡੇ ਘੜਦਾ ਰਿਹਾ , ਜਦੋਂ ਤੋਂ ਵਿਸ਼ਵਕਰਮਾ ਨੇ ਉਸਨੂੰ ਭਾਂਡੇ ਘੜਣ ਲਈ ਚੱਕ ਬਣਾ ਕੇ ਦਿੱਤਾ I ਘੁਮਿਆਰ ਕੇਵਲ ਭਾਂਡੇ ਹੀ ਨਹੀਂ ਘੜਦਾ, ਸਗੋਂ ਉਹਨਾਂ ਨੂੰ ਕਈ ਰੂਪਾਂ ਅਤੇ ਸ਼ੈੱਲੀਆਂ ਵਿੱਚ ਸਿਰਜਦਾ ਹੈ I ਉਸ ਵਿੱਚ ਕਲਾ ਅਤੇ ਸੁਹਜ ਰਚਾਉਂਦਾ ਹੈ I  ਸਾਡੀਆਂ ਪੁਰਾਣੀਆਂ ਪੀੜੀਆਂ ਦੇ ਲੋਕਾਂ ਦੇ ਘੁਮਿਆਰ ਜਾਤੀ ਦੇ ਲੋਕਾਂ ਨਾਲ ਚੰਗੇ ਆਤਮਿਕ ਰਿਸ਼ਤੇ ਹੋਇਆ ਕਰਦੇ ਸਨ ਕਿਓਂਕਿ ਪੱਕੀ ਹੋਈ ਮਿੱਟੀ ਦੇ ਬਰਤਨਾਂ ਦਾ ਪ੍ਰਯੋਗ ਘਰਾਂ ਵਿੱਚ ਆਮ ਸੀ I ਮਿੱਟੀ ਦੇ ਬਰਤਨਾਂ ਦੀ ਹਰ ਪਾਸੇ ਪ੍ਰਧਾਨਤਾ ਹੁੰਦੀ ਸੀ।
    ਸਿੰਧੂ ਘਾਟੀ ਦੀ ਸੱਭਿਅਤਾ ਦੀ ਖੁਦਾਈ ਵਿੱਚੋਂ ਮਿਲੇ ਅਵਸ਼ੇਸ਼ਾਂ ਵਿੱਚ ਮਿੱਟੀ ਦੇ ਭਾਂਡਿਆਂ ਦਾ ਮਿਲਣਾ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਅੱਜ ਤੋਂ ਪੰਜ ਹਜ਼ਾਰ ਵਰ੍ਹੇ ਪਹਿਲਾਂ ਵੀ ਮਿੱਟੀ ਦੇ ਇਹਨਾਂ ਬਰਤਨਾਂ ਦੀ ਘਰਾਂ ਵਿੱਚ ਸਰਦਾਰੀ ਸੀ। ਮਿੱਟੀ ਦੇ ਭਾਂਡਿਆਂ ਵਿੱਚੋਂ ਚਾਟੀ, ਤੌੜੀ, ਕਾੜ੍ਹਨੀ, ਰਿੜਕਣਾ ,ਕੁੱਜਾ, ਤਪਲਾ, ਪੰਜਾਬੀਆਂ ਦੇ ਨਿੱਤ ਵਰਤੋਂ ਦੇ ਭਾਂਡੇ ਰਹੇ ਹਨ । ਘੁਮਿਆਰ ਵੱਲੋਂ ਘੜੇ ਜਾਂਦੇ ਵੱਖ-ਵੱਖ ਕਿਸਮ ਦੇ ਭਾਂਡੇ ਵੱਖ-ਵੱਖ ਕੰਮਾਂ ਲਈ ਵਰਤੇ ਜਾਂਦੇ ਸਨ, ਜਿਵੇਂ ਕੁੱਜਾ ਦਹੀਂ ਜਮਾਉਣ ਲਈ, ਚਾਟੀ ਜਾਂ ਰਿੜਕਣਾ ਦੁੱਧ ਰਿੜਕਣ ਲਈ, ਕਾੜ੍ਹਨੀ (ਤੌੜੀ) ਦੁੱਧ ਕਾੜ੍ਹਨ ਲਈ, ਤਪਲਾ ਦਾਲ਼ ਜਾਂ ਸਾਗ ਬਣਾਉਣ ਲਈ।
    ਦੁੱਧ ਗਰਮ ਕਰਨ ਲਈ ਵੀ ਹਾਰੇ ਵਿੱਚ ਕਾੜ੍ਹਨੀ ਹੀ ਵਰਤੀ ਜਾਂਦੀ ਸੀ। ਦੁੱਧ ਸਵੇਰ ਤੋਂ ਸ਼ਾਮ ਤਕ ਹਾਰੇ ਵਿੱਚ ਪਿਆ ਕੜ੍ਹਦਾ ਰਹਿੰਦਾ ਸੀ। ਸ਼ਾਮ ਤਕ ਕੜ੍ਹ-ਕੜ੍ਹ ਕੇ ਦੁੱਧ ਆਪਣਾ ਰੰਗ ਬਦਲ ਲੈਂਦਾ ਸੀ ਅਤੇ ਘਰ ਦੇ ਸਾਰੇ ਵੱਡੇ-ਛੋਟੇ ਇਹੀ ਦੁੱਧ ਪੀਂਦੇ ਸਨ। ਇਹੀ ਦੁੱਧ ਸ਼ਾਮ ਨੂੰ ਰਿੜਕਣੇ ਵਿੱਚ ਜਮਾਇਆ ਜਾਂਦਾ ਸੀ । ਦੁੱਧ ਰਿੜਕਣ ਲਈ ਮਿੱਟੀ ਦੀਆਂ ਚਾਟੀਆਂ ਹੁੰਦੀਆਂ ਸਨ । ਸਾਗ ਬਣਾਉਣ ਲਈ ਵੀ ਮਿੱਟੀ ਦੀ ਤੌੜੀ ਦੀ ਵਰਤੋਂ ਕੀਤੀ ਜਾਂਦੀ ਸੀ । ਮੱਟ, ਮਿੱਟੀ ਦਾ ਭਾਂਡਾ, ਜੋ ਪਹਿਲਾਂ ਆਟਾ ਜਾਂ ਗੁੜ ਪਾ ਕੇ ਰੱਖਣ ਲਈ ਵਰਤਿਆ ਜਾਂਦਾ ਸੀ, ਵੀ ਘੜੇ ਦੇ ਰੂਪ ਵਰਗਾ ਹੀ ਹੁੰਦਾ ਹੈ ਪਰ ਅਕਾਰ ਪੱਖੋਂ ਘੜੇ ਨਾਲੋਂ ਚੌੜਾ ਤੇ ਥੋੜ੍ਹਾ ਵੱਡਾ ਹੁੰਦਾ ਹੈ। ਮਿੱਟੀ ਦੇ ਚੁੱਲ੍ਹੇ ’ਤੇ ਤਪਲੇ ਦੇ ਵਿੱਚ ਖਿਚੜੀ ਰਿੱਝਦੀ ਰਹਿੰਦੀ। ਤਪਲਾ, ਵੀ ਮਿੱਟੀ ਦਾ ਭਾਂਡਾ ਹੁੰਦਾ ਹੈ। ਇਹ ਮੱਟ ਤੇ ਘੜੇ ਦੇ ਵਿਚਕਾਰਲੇ ਆਕਾਰ ਦਾ ਹੁੰਦਾ ਹੈ। ਬਹੁਤਾ ਨਿੱਕ-ਸੁੱਕ ਜਿਵੇਂ ਦਾਲ਼ਾਂ, ਮਸਾਲੇ, ਆਚਾਰ, ਅਨਾਜ ਅਤੇ ਰੂੰ ਵਗ਼ੈਰਾ ਘੜਿਆਂ ਜਾਂ ਕੁੱਜਿਆਂ ਵਿੱਚ ਹੀ ਸਾਂਭਿਆ ਜਾਂਦਾ ਸੀ, ਜਿਸ ਦਾ ਸਬੂਤ ਸਾਨੂੰ ਇਸ ਲੋਕ-ਬੋਲੀ ਤੋਂ ਮਿਲਦਾ ਹੈ:
     
    ਇੱਕ ਘੜੇ ਵਿੱਚ ਮੋਠ-ਬਾਜਰਾ, ਇੱਕ ਘੜੇ ਵਿੱਚ ਰੂੰ। 
    ਵੇ ਥੋੜ੍ਹੀ-ਥੋੜ੍ਹੀ ਮੈਂ ਵਿਗੜੀ, ਬਹੁਤਾ ਵਿਗੜ ਗਿਆ ਤੂੰ।
     
    ਮਿੱਟੀ ਦੇ ਇਹਨਾਂ ਬਰਤਨਾਂ ਵਿੱਚ ਘੜੇ ਦੀ ਸਰਦਾਰੀ ਰਹੀ ਹੈ । ਘੜੇ ਦਾ ਉਪਯੋਗ ਮੁੱਖ ਤੌਰ ਤੇ ਪਾਣੀ ਰੱਖਣ ਲਈ ਕੀਤਾ ਜਾਂਦਾ ਰਿਹਾ ਹੈ । ਪਾਣੀ ਮਨੁੱਖ ਦੀ ਮੁੱਢਲੀ ਲੋੜ ਹੋਣ ਕਾਰਨ ਪਾਣੀ ਸਾਂਭਣ ਵਾਲ਼ਾ ‘ਘੜਾ’ ਪੰਜਾਬੀ ਜਨ-ਜੀਵਨ ਦੇ ਸਭ ਤੋਂ ਨੇੜੇ ਦਾ ਸਾਥੀ ਰਿਹਾ ਹੈ। ਘੜੇ ਤੋਂ ਬਿਨਾਂ ਮਟਕਾ, ਮੱਟੀ, ਝਾਰੀ, ਘੜੋਲੀ ਵੀ ਪਾਣੀ ਸਾਂਭਣ ਵਾਲ਼ੇ ਬਰਤਨ ਰਹੇ ਹਨ। ਪੁਰਾਣੇ ਸਮਿਆਂ ਵਿੱਚ ਜਦੋਂ ਖੂਹ ਵੀ ਟਾਂਵਾ ਹੀ ਹੁੰਦਾ ਸੀ ਤਾਂ ਲੋਕ ਤਲਾਬਾਂ ਤੋਂ ਪਾਣੀ ਭਰਦੇ ਸਨ। ਉਦੋਂ ਘੜੇ ਦੀ ਵਰਤੋਂ ਨਾਲ ਪਾਣੀ ਸਾਫ਼ ਕੀਤਾ ਜਾਂਦਾ ਸੀ। ਫਿਰ ਖੂਹ ਲੱਗੇ ਤਾਂ ਪਾਣੀ ਭਰ ਕੇ ਲਿਆਉਣ ਲਈ ਘੜਿਆਂ ਦੀ ਵਰਤੋਂ ਹੋਣ ਲੱਗੀ। ਘਰਾਂ ਦੀਆਂ ਔਰਤਾਂ, ਕੁੜੀਆਂ, ਘੜੇ ਲੈ ਕੇ ਖੂਹਾਂ ਤੋਂ ਪਾਣੀ ਲੈਣ ਲਈ ਜਾਂਦੀਆਂ । ਘੜਾ ਸਾਡੇ ਸੱਭਿਆਚਾਰ, ਲੋਕ ਗੀਤਾਂ, ਬੋਲੀਆਂ ਦਾ ਸ਼ਿੰਗਾਰ ਬਣ ਗਿਆ।
     
    ਘੋੜਾ ਆਰ ਸੋਹਣੀਏ, ਘੋੜਾ ਪਾਰ ਸੋਹਣੀਏ, 
    ਘੜਾ ਚੁੱਕ ਲੈ, ਦੰਦਾਂ ਦੇ ਭਾਰ ਸੋਹਣੀਏ।
    ਲੋਕਾਂ ਦੀਆਂ ਕੁੜੀਆਂ ਤਾਂ ਦੋ-ਦੋ ਘੜੇ ਚੁੱਕਦੀਆਂ, 
    ਘੜਾ ਕਿਉਂ ਡੋਲਦਾ ਨੀਂ, ਮੇਰਾ ਮਾਹੀ ਬੰਗਲੇ ਵਿੱਚ ਬੋਲਦਾ ਨੀਂ।
     
    ਘੜਾ ਅੱਜ ਵੀ ਸਾਡੇ ਸੱਭਿਆਚਾਰ ਤੇ ਵਿਰਸੇ ਦਾ ਅਨਿੱਖੜਵਾਂ ਅੰਗ ਹੈ। ਸਾਡੇ ਧਾਰਮਿਕ ਗ੍ਰੰਥਾਂ, ਮਿਥਿਹਾਸ ਤੇ ਲੋਕ ਗੀਤਾਂ ਦਾ ਸ਼ਿੰਗਾਰ ਹੈ । ਘੜਾ ਸੋਹਣੀ ਮਹੀਵਾਲ ਦੇ ਕਿੱਸੇ ਦਾ ਤਾ ਸਾਕਸ਼ੀ ਵੀ ਰਿਹਾ ਹੈ । । ਸੋਹਣੀ ਨੇ ਚਨਾਬ ਵਿੱਚ ਡੁੱਬਦੇ ਸਮੇਂ ਘੜੇ ਨਾਲ ਕਿੰਨਾ ਭਾਵਪੂਰਤ ਤੇ ਜਜ਼ਬਾਤੀ ਸੰਵਾਦ ਰਚਾਇਆ :  
    ਮੈਨੂੰ ਪਾਰ ਲੰਘਾ ਦੇ ਵੇ   ਘੜਿਆ ਮਿੰਨਤਾਂ ਤੇਰੀਆਂ ਕਰਦੀ।
     
    ਲੋਕ ਸੰਗੀਤ ਵਿੱਚ ਘੜੇ ਦੀ ਵਰਤੋਂ ਸਾਜ ਦੇ ਤੌਰ ਤੇ ਵੀ ਕੀਤੀ ਜਾਂਦੀ ਰਹੀ ਹੈ ਬਹੁਤ ਸਾਰੇ ਪੰਜਾਬੀ ਗੀਤ ਵਿੱਚ ਵੀ ਘੜੇ ਦੀ ਤੂਤੀ ਬੋਲਦੀ ਰਹੀ ਹੈ।
    ਘੜਾ ਵੱਜਦਾ, ਘੜੋਲੀ ਵੱਜਦੀ,  
    ਕਿਤੇ ਗਾਗਰ ਵੱਜਦੀ ਸੁਣ ਮੁੰਡਿਆ, 
    ਸਹੁਰਾ ਲੜਦਾ, ਨਾਲੇ ਸੱਸ ਲੜਦੀ,  
    ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ।
     
    ਘੜਾ ਪੰਜਾਬੀ ਅਖੌਤਾਂ ’ਚ ਵੀ ਆਪਣਾ ਸਥਾਨ ਬਣਾ ਗਿਆ ਹੈ। ਅਖੇ 
    ਘੜੇ ਨੂੰ ਹੱਥ ਲਾਇਆ, ਸਾਰਾ ਟੱਬਰ ਤਿਹਾਇਆ । 
     
    ਘੜਾ ਮਨੁੱਖੀ ਜੀਵਨ ਦੀ ਵੀ ਤਰਜਮਾਨੀ ਕਰਦਾ ਹੈ ।
    ਇਸੇ ਸੰਦਰਭ ਵਿੱਚ ਇੱਕ ਮਿੱਤਰ ਦੀ ਸਾਂਝੀ ਕੀਤੀ ਹੋਈ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ।
    ਕਹਿੰਦੇ ਹਨ , ਹਰ ਬੱਚਾ ਜਨਮ ਵੇਲੇ ਆਪਣੇ ਨਾਲ ਦੋ ਘੜੇ ਲੈ ਕੇ ਜੰਮਦਾ । ਇਹ ਘੜੇ ਵੱਡੇ ਛੋਟੇ ਹੋ ਸਕਦੇ ਹਨ । ਅੱਡ ਅੱਡ ਸ਼ਕਲਾਂ ਦੇ ਹੋ ਸਕਦੇ ਹਨ ਪਰ ਹੁੰਦੇ ਸਾਰਿਆਂ ਕੋਲ ਦੋ ਹੀ ਹਨ । ਇਕ ਘੜਾ ਭਰਿਆ ਹੋਇਆ ਮਿਲਦਾ ਤੇ ਦੂਜਾ ਖਾਲ਼ੀ । ਹਰ ਮਨੁੱਖ ਨੇ ਖਾਲੀ ਘੜੇ ਨੂੰ ਭਰਨਾ ਹੁੰਦਾ ਤੇ ਭਰੇ ਹੋਏ ਨੂੰ ਖ਼ਰਚਣਾ ਹੁੰਦਾ । ਸਮਾਂ ਬੀਤਣ ਦੇ ਨਾਲ ਨਾਲ ਪਹਿਲਾ ਘੜਾ ਖਾਲੀ ਹੁੰਦਾ ਜਾਂਦਾ ਅਤੇ ਇੱਕ ਦਿਨ ਟੁੱਟ ਜਾਂਦਾ  । ਪਰ ਦੂਜਾ ਘੜਾ ਜਾਣ ਵੇਲੇ ਨਾਲ ਲੈ ਕੇ ਜਾਣਾ ਪੈਂਦਾ । ਹੁਣ ਤੁਸੀਂ ਪੁਛੋਂਗੇ ਕਿ ਇਹਨਾਂ ਘੜਿਆਂ ਚ ਕੀ ਹੁੰਦਾ ? ਪਹਿਲਾਂ ਘੜਾ ਉਮਰ ਦਾ ਹੁੰਦਾ । ਇਹ ਬੱਚੇ ਦੇ ਜਨਮ ਵੇਲੇ ਭਰਿਆ ਹੋਇਆ ਹੁੰਦਾ ਤੇ ਇਹ ਉਮਰ ਵਾਲਾ ਘੜਾ ਬੁੱਢੇ  ਬੰਦੇ ਕੋਲ ਖਾਲ਼ੀ ਹੋਣ ਵਾਲਾ ਹੁੰਦਾ । ਦੂਜਾ ਘੜਾ ਹੈ ਜ਼ਿੰਦਗੀ ਦੇ ਤਜਰਬਿਆਂ ਦਾ, ਸਿਆਣਪ ਦਾ ,ਆਪਣੀ ਕਰਨੀ ਦਾ। ਪਾਪਾਂ ਦਾ ਜਾਂ ਭਲੇ ਦਾ । ਬੱਚੇ ਦਾ ਘੜਾ ਬਿਲਕੁਲ ਖਾਲ਼ੀ ਤੇ ਪਵਿੱਤਰ ਹੁੰਦਾ ਪਰ ਜਿਉਂ ਜਿਉਂ ਬੰਦੇ ਦੀ ਆਪਣੀ ਉਮਰ ਵਾਲਾ ਘੜਾ ਖਾਲੀ ਹੁੰਦਾ ਜਾਂਦਾ ਤੇ ਉਵੇਂ ਦੀ ਹਰ ਮਨੁੱਖ ਉਮਰ ਨੂੰ ਖ਼ਰਚ ਕੇ ਆਪਣੇ ਖਾਲੀ ਘੜੇ ਚ ਹਰ ਰੋਜ਼ ਕੁੱਝ ਨ ਕੁੱਝ ਪਾਉਦਾ ਤੁਰਿਆ ਜਾਂਦਾ । ਕਈਆਂ ਦਾ ਘੜਾ ਪਾਪਾਂ ਨਾਲ ਭਰ ਜਾਂਦਾ । ਤਾਹੀਓਂ ਕਹਾਵਤ ਬਣੀ ਕਿ ਪਾਪਾਂ ਵਾਲਾ ਘੜਾ ਭਰ ਕੇ ਡੁੱਬਦਾ । ਕਈ ਇਸ ਘੜੇ ਨੂੰ ਗ਼ੁੱਸੇ,ਨਫ਼ਰਤ, ਈਰਖਾ, ਸਾੜਾ ਤੇ ਲੋਭ ਲਾਲਚ ਨਾਲ ਹੀ ਭਰੀ ਜਾ ਰਹੇ ਹਨ । ਜਿੱਥੇ ਅਸੀ ਹਰ ਸਾਲ ਆਪਣੇ ਜਨਮ ਦਿਨ ਮਨਾ ਕੇ ਖੁਸ਼ ਹੁੰਦੇ ਹਾਂ ਉੱਥੇ ਸਾਨੂੰ ਇਸ ਗੱਲ ਦਾ ਅਹਿਸਾਸ ਵੀ ਹੋਣਾ ਚਾਹੀਦਾ ਕਿ ਸਾਡੀ ਉਮਰ ਹਰ ਰੋਜ਼ ਘਟਦੀ ਜਾ ਰਹੀ ਹੈ ।ਇੱਥੇ ਇਹ ਗੱਲ ਸੋਚਣੀ ਬਣਦੀ ਹੈ , ਕਿ  ਅਸੀ ਇਸ ਉਮਰ ਵੱਟੇ ਆਪਣੇ ਖਾਲੀ ਘੜੇ ਅੰਦਰ ਕੁਝ ਪਾ ਰਹੇ ਹਾਂ ਜਾਂ ਇਹ ਖਾਲੀ ਹੀ ਖੜਕ ਰਿਹਾ ?  ਹਰ ਮਨੁੱਖ ਅਜ਼ਾਦ ਹੈ ! ਇਸ ਘੜੇ ਚ ਤੁਸੀਂ ਕੀ ਪਾ ਕੇ ਲੈ ਕੇ ਜਾਵੋਗੇ ਇਹ ਤੁਹਾਡੇ ਤੇ ਨਿਰਭਰ ਹੈ ।
     
    ਘੜੇ ਦੇ ਰੂਪ ਵਿੱਚ ਮਨੁੱਖੀ ਸ਼ਰੀਰ ਦੀ ਨਾਸ਼ਵਾਨਤਾ ਨੂੰ ਪ੍ਰਗਟ ਕਰਦਾ , ਸੁਰਜੀਤ ਬਿੰਦਰੱਖੀਏ ਦਾ ਇੱਕ ਗੀਤ ਵੀ ਹੈ :
    ਵੇ ਮੈਂ ਤਿੜਕੇ ਘੜੇ ਦਾ ਪਾਣੀ ,
    ਮੈਂ ਕੱਲ ਤੱਕ ਨਹੀਂ ਰਹਿਣਾ ।
     
    ਲੋਕ ਕਹਾਣੀਆਂ ’ਚ ਘੜੇ ਦਾ ਅਹਿਮ ਸਥਾਨ ਹੈ। ਪਿਆਸੇ ਕਾਂ ਦੀ ਕਹਾਣੀ ਹੋਵੇ ਜਾਂ ਦੱਬਿਆ ਹੋਇਆ ਖ਼ਜ਼ਾਨਾ ਲੱਭਣ ਦੀ,ਘੜਾ ਹਰ ਥਾਂ ਸ਼ੁਮਾਰ ਹੈ। 
    ਦੁੱਲ੍ਹਾ ਭੱਟੀ ਕਹਾਣੀ ’ਚ ਦੁੱਲ੍ਹੇ  ਨੂੰ ਜਵਾਨੀ ਵੇਲੇ ਸ਼ਰਾਰਤੀ ਸੁਭਾਅ ਦਾ ਦਰਸਾਇਆ ਗਿਆ ਜੋ ਕਿ ਪਾਣੀ ਭਰ ਕੇ ਆਉਂਦੀਆਂ ਤੀਵੀਆਂ, ਮੁਟਿਆਰਾਂ ਦੇ ਘੜੇ ਗੁਲੇਲ ਨਾਲ ਭੰਨ ਦਿੰਦਾ ਸੀ ।
    ਬਾਲ ਅਵਸਥਾ ਵਿੱਚ ਸ੍ਰੀ ਕ੍ਰਿਸ਼ਨ ਮੱਖਣ ਲੈ ਕੇ ਜਾਂਦੀਆਂ ਗੋਪੀਆਂ ਦੇ ਘੜੇ ਭੰਨ ਦਿੰਦੇ ਸਨ ਅਤੇ ਆਪਣੇ ਮਿੱਤਰਾ ਨਾਲ ਮਿਲ ਕੇ ਮੱਖਣ ਚੋਰੀ ਕਰਕੇ ਖਾਣ ਦੀਆਂ ਬਾਲ ਲੀਲਾਵਾਂ ਕਰਦੇ ਸਨ ।
    ਸਿੱਖ ਇਤਿਹਾਸ ਵਿੱਚ ਵੀ ਦਸਵੇਂ ਪਾਤਸ਼ਾਹ ਬਾਲ ਅਵਸਥਾ ਵਿੱਚ ਨਿਸ਼ਾਨੇ ਸਿੱਖਣ ਲਈ ਔਰਤਾਂ ਦੇ ਘੜੇ ਭੰਨ ਦਿੰਦੇ ਸਨ, ਜਿਨ੍ਹਾਂ ਦੇ ਉਲਾਂਭੇ ਉਹ ਮਾਤਾ ਗੁਜਰੀ ਜੀ ਕੋਲ ਦਿੰਦੀਆਂ ਸਨ।
    ਸਾਗਰ ਮੰਥਨ ਦੌਰਾਨ ਦੇਵਤਿਆਂ ਅਤੇ ਦੈਤਾਂ ਵਿਚਲੇ ਸੰਘਰਸ਼ ਦਾ ਗਵਾਹ ਵੀ ਅੰਮ੍ਰਿਤ ਕਲਸ਼ ਰਿਹਾ,ਜਿਸ ਨੂੰ ਪ੍ਰਾਪਤ ਕਰਨ ਦੌਰਾਨ ਉਸ ਵਿਚਲਾ ਅੰਮ੍ਰਿਤ ਰੂਪੀ ਪਾਣੀ ਭਾਰਤ ਦੇ ਕਈ ਹਿੱਸਿਆਂ ਵਿੱਚ ਡਿੱਗਿਆ ਜਿੱਥੇ ਕਈ ਤੀਰਥ ਅਸਥਾਨ ਵਸੇ ਅਤੇ ਪਵਿੱਤਰ ਨਦੀਆਂ ਵਗੀਆਂ।
    ਘੜਾ ਮਾਨਵ ਜਾਤੀ ਦੇ ਹਰ ਮੰਗਲਮਈ ਕਾਰਜ ਜਾਂ ਦੁਖਦ ਸਮਿਆਂ ਵਿਚ ਸਹਾਈ ਰਿਹਾ ਹੈ।
    ਬੱਚੇ ਦੇ ਜਨਮ ਸਮੇਂ ਜੱਚਾ-ਬੱਚਾ ਦੀ ਖ਼ੈਰ ਸਲਾਮਤੀ ਲਈ ਉਸ ਦੇ ਸਿਰਹਾਣੇ ਪਾਣੀ ਦਾ ਘੜਾ ਰੱਖਿਆ ਜਾਂਦਾ ਹੈ।
    ਵਿਆਹ ਸਮੇਂ ‘ਘੜੋਲੀ ਭਰਨਾ’ ਇੱਕ ਵਿਆਹ ਦੀ ਰਸਮ ਹੈ। । ਕੁੜੀ ਦੇ ਵਿਆਹ ਸਮੇਂ ਭੂਆ ਕੁੜੀ ਵਾਸਤੇ ਸਰਵਣ ਮੱਟ ਲਿਆਉਂਦੀ ਸੀ।
    ਧਾਰਮਿਕ ਸਮਾਗਮਾਂ ਵਿੱਚ ਪਾਣੀ ਦਾ ਘੜਾ (ਕੁੰਭ) ਰੱਖਣਾ ਇੱਕ ਧਾਰਮਿਕ ਵਿਸ਼ਵਾਸ ਹੈ।
    ਜਦੋਂ ਘਰ ਦਾ ਜੀਅ ਕਿਸੇ ਖਾਸ ਜਾਂ ਸ਼ੁਭ ਕੰਮ ਲਈ ਬਾਹਰ ਜਾਂਦਾ ਹੈ ਤਾਂ ਕੰਜਕ ਜਾਂ ਭੈਣ ਦਰਾਂ ’ਤੇ ਪਾਣੀ ਦਾ ਭਰਿਆ ਘੜਾ ਲੈ ਕੇ ਖੜ੍ਹੀ ਹੋ ਜਾਂਦੀ ਹੈ, ਜਿਸ ਨੂੰ ਕੁੰਭ ਕਰਨਾ ਕਿਹਾ ਜਾਂਦਾ ਹੈ।
    ਕੇਵਲ ਜਨਮ ਸਮੇਂ ਹੀ ਨਹੀਂ ,ਅੰਤਿਮ ਸਮੇਂ ਵਿੱਚ ਵੀ ਘੜਾ ਮਨੁੱਖ ਦਾ ਸਾਥੀ ਰਿਹਾ ਹੈ ।
    ਮਨੁੱਖ ਦੇ ਅੰਤਿਮ ਸਸਕਾਰ ਸਮੇਂ  ‘ਘੜਾ ਭੰਨਣ’ ਦੀ ਰਸਮ ਕੀਤੀ ਜਾਂਦੀ ਹੈ । ਅੰਤਿਮ ਸੰਸਕਾਰ ਤੋਂ ਪਹਿਲਾਂ ਪੁੱਤਰ ਮੋਢੇ ’ਤੇ ਪਾਣੀ ਦਾ ਸੁਰਾਖ਼ ਕੀਤਾ ਹੋਇਆ ਘੜਾ ਚੁੱਕ ਕੇ ਪਰਿਕਰਮਾ ਕਰਦਿਆਂ ਪਿੱਠ ਵੱਲ ਨੂੰ ਘੜਾ ਜ਼ਮੀਨ ’ਤੇ ਸੁੱਟ ਦਿੰਦਾ ਹੈ। ਮ੍ਰਿਤਕ ਵਿਅਕਤੀ ਦੇ ਸਿਰ ਕੋਲ ਪਾਣੀ ਦਾ ਭਰਿਆ ਘੜਾ ਭੰਨਿਆ ਜਾਂਦਾ ਹੈ।
    ਜਿਉਂ ਜਿਉਂ ਸਮਾਂ ਬਦਲਿਆ ਸਾਡੀ ਜੀਵਨ ਸ਼ੈੱਲੀ , ਸਾਡੇ ਕਾਰ ਵਿਹਾਰ ਅਤੇ ਵਰਤੋਂ ਵਿੱਚ ਆਉਣ ਵਾਲੀਆਂ ਚੀਜਾਂ ਵੀ ਬਦਲਦੀਆਂ ਗਈਆਂ । ਸਮਾਂ ਅਜਿਹਾ ਬਦਲਿਆ ਅਤੇ ਪੁਰਾਤਨ ਚੀਜਾਂ ਦੀ ਥਾਂ ਨਵੀਆਂ ਚੀਜਾਂ ਨੇ ਲੈ ਲਈ । ਆਧੁਨਿਕ ਘਰਾਂ ਵਿੱਚ ਫਰਿੱਜਾਂ-ਕੈਂਪਰਾਂ ਵਿੱਚ ਪਾਣੀ ਹੋ ਸਕਦਾ ਹੈ ਪਰ ਘੜਿਆਂ ਦੀ ਅਣਹੋਂਦ ਹੈ। ‘ਚੁੱਲ੍ਹੇ ਅੱਗ ਨਾ ਘੜੇ ਵਿੱਚ ਪਾਣੀ’ ਦੀ ਕਹਾਵਤ ਵਾਂਗ ਕਦੇ ਘੜਾ ਵਸਦੇ-ਰਸਦੇ ਘਰਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ ਪਰ ਜਿਉਂ-ਜਿਉਂ ਅਸੀਂ ਆਧੁਨਿਕ ਹੋ ਰਹੇ ਹਾਂ ਕੁਦਰਤੀ ਜੀਵਨ ਤੋਂ ਦੂਰ ਹੋ ਕੇ ਬੀਮਾਰੀਆਂ ਸਹੇੜ ਰਹੇ ਹਾਂ। ਹੁਣ ਘਰ ਆਏ ਮਹਿਮਾਨ ਨੂੰ ਵੀ ਫਰਿੱਜ ਵਿੱਚੋਂ ਕੱਢ ਕੇ ਪਾਣੀ ਦਾ ਗਿਲਾਸ ਦੇ ਦਿੱਤਾ ਜਾਂਦਾ ਹੈ। ਘੜਿਆਂ ਦੀ ਬੁੱਕਤ ਬਿਲਕੁਲ ਘਟ ਗਈ ਹੈ, ਪਰ ਇਹ ਪੂਰੀ ਤਰਾਂ ਖਤਮ ਨਹੀਂ ਹੋਈ । ਆਧੁਨਿਕ ਸਮੇਂ ਵਿੱਚ ਘੜਿਆਂ ਦੇ ਰੂਪ ਵਿੱਚ ਥੋੜਾ ਬਦਲਾਵ ਕਰਕੇ , ਉਹਨਾਂ ਤੇ ਟੂਟੀ ਲਗਾ ਕੇ ਘੜਿਆਂ ਦੀ ਵਰਤੋਂ ਕੈਂਪਰ ਵਜੋਂ ਕੀਤੀ ਜਾਣ ਲੱਗੀ ਹੈ ।