ਗੁਰੂ ਗਰੰਥ ਸਾਹਿਬ ਜੀ ਸਾਰੀ ਮਨੁੱਖਤਾ ਦੇ ਚਾਨਣ-ਮੁਨਾਰੇ ਤਾਂ ਹਨ ਹੀ, ਪਰ ਸਿੱਖਾਂ ਲਈ ਤਾਂ ਗੁਰੂ ਦਾ ਦਰਜਾ ਰੱਖਦੇ ਹਨ।ਸਿੱਖਾਂ ਦੇ ਜੀਵਨ ਦੀ ਧੜਕਣ ਹਨ ਗੁਰੂ ਗਰੰਥ ਸਾਹਿਬ ਜੀ। ਸਿੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਕੋਈ ਕਾਰਜ ਵੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਤੋਂ ਬਿਨਾਂ ਪ੍ਰਵਾਨ ਨਹੀਂ ਚੜ੍ਹਦਾ।ਜਿਸ ਗੁਰੂ ਅੱਗੇ ਸਿੱਖ ਦਾ ਸਿਰ ਸਦਾ ਹੀ ਝੁਕਦਾ ਹੈ, ਉਸ ਬਾਰੇ ਪੂਰਨ ਤੌਰ ਤੇ ਤਾਂ ਸ਼ਾਇਦ ਕਈ ਜਿੰਦੜੀਆਂ ਲਗਾ ਕੇ ਵੀ ਨਾ ਜਾਣਿਆ ਜਾ ਸਕੇ। ਪਰ ਫਿਰ ਵੀ ਹਰ ਮਨੁੱਖ ਨੂੰ ਆਮ ਕਰਕੇ ਅਤੇ ਸਿੱਖ ਨੂੰ ਖਾਸ ਕਰਕੇ ਇਸ ਵਿੱਚ ਦਰਜ ਬਾਣੀ ਦੇ ਵਿਸ਼ੇ ਅਤੇ ਰੂਪਕ ਪੱਖ ਦਾ ਗਿਆਨ ਹੋਣਾ ਬਹੁਤ ਹੀ ਜਰੂਰੀ ਹੈ। ਅਕਾਲ ਪੁਰਖ ਦੀ ਬਖਸ਼ਿਸ ਨਾਲ ਕੋਸ਼ਿਸ਼ ਕਰਦੇ ਹਾਂ, ਕੁਝ ਝਾਤ ਪਾਉਣ ਦੀ।
ਕਿਸੇ ਵੀ ਸਾਹਿਤਿਕ ਕਿਰਤ ਦਾ ਅਧਿਐਨ ਕਰਨ ਸਮੇਂ ਮੁੱਖ ਰੂਪ ਵਿੱਚ ਦੋ ਪੱਖ ਦੇਖੇ ਜਾਂਦੇ ਹਨ1.ਰੂਪਕ ਪੱਖ 2.ਵਿਸਾ ਪੱਖ । ਗੁਰੂ ਗਰੰਥ ਸਾਹਿਬ ਜੀ ਦੇ ਦੋਵੇਂ ਪੱਖ ਇੰਨੇ ਮਜਬੂਤ ਹਨ ਕਿ ਰੂਹ ਵਿਸਮਾਦ ਵਿੱਚ ਆ ਜਾਂਦੀ ਹੈ ਜਿਉਂ ਜਿਉਂ ਗਿਆਨ ਦਾ ਦੀਵਾ ਜਲਦਾ ਹੈ।। ਪ੍ਰਸੰਸਾ ਲਈ ਸ਼ਬਦ ਖਤਮ ਹੋ ਜਾਂਦੇ ਹਨ। ਅਸੀਂ ਇੱਕ ਇੱਕ ਕਰਕੇ ਦੋਵੇਂ ਪੱਖਾਂ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ।
ਸਭ ਤੋਂ ਪਹਿਲਾਂ ਇਸ ਦੀ ਸਿਰਜਣਾ, ਬਣਤਰ ਅਤੇ ਸੰਪਾਦਕੀ ਪੱਖ ਬਾਰੇ ਗੱਲ ਕਰੀਏ।ਇਸ ਵੱਡ ਆਕਾਰੀ ਗਰੰਥ ਦੇ ਕੁੱਲ 1430 ਪੰਨੇ ਹਨ ਜਿਸ ਦੀ ਤਿਆਰੀ ਗੁਰੂ ਅਰਜਨ ਦੇਵ ਜੀ ਨੇ 1601 ਈ.ਵਿੱਚ ਸ਼ੁਰੂ ਕੀਤੀ ਸੀ। ਉਹਨਾਂ ਸਮਿਆਂ ਵਿੱਚ ਛਾਪੇਖਾਨੇ ਨਾ ਹੋਣ ਕਾਰਨ ਸਭ ਕੰਮ ਹੱਥੀਂ ਲਿਖ ਕੇ ਕੀਤਾ ਗਿਆ। ਬੀੜ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਸਨ ।ਅਤੇ ਅੰਮ੍ਰਿਤਸਰ ਵਿੱਚ ਜਿੱਥੇ ਇਸ ਦੇ ਲਿਖਣ ਦਾ ਕਾਰਜ ਹੋਇਆ, ਉਸ ਥਾਂ ਗੁਰਦੁਆਰਾ ਰਾਮਸਰ ਸਾਹਿਬ ਸੁਸ਼ੋਭਿਤ ਹੈ। ਸਤੰਬਰ 1604 ਈਸਵੀ ਵਿੱਚ ਇਹ ਬੀੜ ਸੰਪੂਰਨ ਹੋਈ ਜਿਸ ਨੂੰ ਉਦੋਂ “ਪੋਥੀ ਸਾਹਿਬ” ਹੀ ਕਿਹਾ ਗਿਆ,ਜੋ ਪਿੱਛੋਂ ਆਦਿ ਗਰੰਥ ਕਰਕੇ ਜਾਣਿਆ ਜਾਣ ਲੱਗਾ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕਰਵਾਈ। ਜਿਸ ਨੂੰ ਭਾਈ ਮਨੀ ਸਿੰਘ ਜੀ ਨੇ ਲਿਖਿਆ। ਇਸ ਸੰਪੁਰਨ ਰੂਪ ਨੂੰ 1708 ਈਸਵੀ ਵਿੱਚ ਹਜੂਰ ਸਾਹਿਬ, ਨੰਦੇੜ ਦੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਸੌਂਪੀ ਅਤੇ ਉਦੋਂ ਤੋਂ ਅੱਜ ਤੱਕ ਇਸ ਦਾ ਨਾਂ “ਸ਼੍ਰੀ ਗੁਰੂ ਗਰੰਥ ਸਾਹਿਬ ਜੀ” ਚੱਲਦਾ ਆ ਰਿਹਾ ਹੈ।
ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸਮੇਂ ਹੀ ਇਸ ਬਾਣੀ ਨੂੰ ਇੱਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ । ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ “ਆਸਾ ਹਥਿ, ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ।(ਵਾਰ 1 ਪਉੜੀ 32)” ਕਹਿ ਕੇ ਇਸਾਰਾ ਕਰਦੇ ਹਨ। ਇਹ ਕਿਤਾਬ ਉਹੀ ਸੀ ਜਿਸ ਵਿੱਚ ਗੁਰੂ ਨਾਨਕ ਜੀ ਆਪਣੀ ਬਾਣੀ ਵੀ ਲਿਖਦੇ ਜਾਂਦੇ ਸਨ ਅਤੇ ਵੱਖ-ਵੱਖ ਥਾਵਾਂ ਤੋਂ ਉਹ ਬਾਣੀ ਵੀ ਸ਼ਾਮਲ ਕਰਦੇ ਜਾਂਦੇ ਸਨ, ਜਿਸ ਦਾ ਆਸ਼ਾ ਅਤੇ ਸਿਧਾਂਤ ਗੁਰੂ-ਮੱਤ ਨਾਲ ਮਿਲਦੇ ਸਨ। ਲਹਿਣੇ ਨੂੰ ਗੱਦੀ ਦੇ ਕੇ ਗੁਰੂ ਅੰਗਦ ਬਣਾਉਣ ਸਮੇ ਇਹ ਪੋਥੀ ਵੀ ਨਾਲ ਸੌਂਪੀ ਗਈ।ਇਸੇ ਤਰਾਂ ਗੁਰੂ ਅੰਗਦ ਜੀ ਨੇ ਇਸ ਵਿੱਚ ਆਪਣੀ ਰਚਨਾ ਸ਼ਾਮਲ ਕਰਕੇ ਇਹ ਗੁਰੂ ਅਮਰਦਾਸ ਜੀ ਨੂੰ ਦਿੱਤੀ ਸੀ। ਉੱਥੋਂ ਗੁਰੂ ਰਾਮਦਾਸ ਜੀ ਕੋਲ ਅਤੇ ਫਿਰ ਗੁਰੂ ਅਰਜਨ ਦੇਵ ਜੀ ਕੋਲ ਪੁੱਜੀ। ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਇੱਕ ਤਰਤੀਬ ਦਿੱਤੀ , ਇਸ ਨੂੰ ਇੱਕ ਗਰੰਥ ਦਾ ਰੂਪ ਦਿੱਤਾ । ਇਤਿਹਾਸ ਗਵਾਹ ਹੈ ਕਿ ਜਿਸ ਦਿਨ ਤੋਂ ਇਹ ਗਰੰਥ ਸੰਪੂਰਨ ਹੋਇਆ, ਗੁਰੂ ਅਰਜਨ ਦੇਵ ਜੀ ਨੇ ਪਲੰਘ ਉੱਤੇ ਇਸ ਨੂੰ ਸੁਸ਼ੋਭਿਤ ਕੀਤਾ ਅਤੇ ਆਪ ਭੁੰਜੇ ਸੌਂਦੇ ਰਹੇ।ਫਿਰ ਹਰਿਮੰਦਰ ਸਾਹਿਬ ਵਿੱਚ ਇਸ ਦਾ ਪਹਿਲਾ ਪ੍ਰਕਾਸ਼ ਹੋਇਆ, ਜਿੱਥੇ ਬਾਬਾ ਬੁੱਢਾ ਜੀ ਇਸ ਦੇ ਪਹਿਲੇ ਗ੍ਰੰਥੀ ਬਣੇ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 35 ਬਾਣੀਕਾਰਾਂ ਦੀ ਬਾਣੀ ਸ਼ਾਮਲ ਹੈ, ਜੋ ਵੱਖ ਵੱਖ ਸਮੇਂ ਵਿੱਚ ਹੋਏ ਅਤੇ ਵੱਖ ਵੱਖ ਇਲਾਕਿਆਂ ਅਤੇ ਜਾਤਾਂ ਨਾਲ ਸੰਬੰਧਿਤ ਹਨ।ਇਹਨਾਂ ਸਭ ਵਿੱਚ ਮੁੱਖ ਸਾਂਝ ਵਿਚਾਰਾਂ ਦੀ ਹੀ ਦੇਖੀ ਗਈ ਸੀ। ਜਿਹਨਾਂ ਵਿੱਚ 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ 3 ਗੁਰਸਿੱਖ ਸ਼ਾਮਲ ਹਨ।ਗੁਰੂ ਹਨ- ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰ ਦਾਸ ਜੀ, ਗੁਰੂ ਰਾਮ ਦਾਸ ਜੀ , ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ।ਭਗਤ ਇਹ ਹਨ- ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ,ਭਗਤ ਫਰੀਦ ਜੀ, ਭਗਤ ਧੰਨਾ ਜੀ, ਭਗਤ ਬੇਣੀ ਜੀ, ਭਗਤ ਭੀਖਨ ਜੀ, ਭਗਤ ਸਧਨਾ ਜੀ, ਭਗਤ ਪੀਪਾ ਜੀ, ਭਗਤ ਤ੍ਰਿਲੋਚਨ ਜੀ, ਭਗਤ ਰਾਮਾਨੰਦ ਜੀ, ਭਗਤ ਜੇਦੇਵ ਜੀ, ਭਗਤ ਪਰਮਾਨੰਦ ਜੀ, ਭਗਤ ਸੂਰਦਾਸ ਜੀ, ਭਗਤ ਸੈਣ ਜੀ। 11 ਭੱਟ ਹਨ- ਭੱਟ ਕਲਸਹਾਰ ਜੀ, ਭੱਟ ਜਾਲਪ ਜੀ, ਭੱਟ ਕੀਰਤ ਜੀ, ਭੱਟ ਭਿਖਾ ਜੀ, ਭੱਟ ਸਲ੍ਹ ਜੀ, ਭੱਟ ਭਲ੍ਹ ਜੀ, ਭੱਟ ਨਲ੍ਹ ਜੀ, ਭੱਟ ਬਲ੍ਹ ਜੀ,ਭੱਟ ਗਯੰਦ ਜੀ, ਭੱਟ ਮਥਰਾ ਜੀ, ਭੱਟ ਹਰਿਬੰਸ ਜੀ। ਗੁਰਸਿੱਖ ਹਨ- ਸੁੰਦਰ ਜੀ, ਮਰਦਾਨਾ ਜੀ, ਸੱਤਾ ਤੇ ਬਲਵੰਡ ਜੀ।
ਸ਼ਮੁੱਚੀ ਬਾਣੀ ਨੂੰ ਸਮਝਣ ਲਈ ਵਿਦਵਾਨਾਂ ਨੇ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ ।ਇਹ ਹਿੱਸੇ ਹਨ-
1.ਨਿੱਤਨੇਮ ਦੀਆ ਬਾਣੀਆਂ- ਪੰਨਾ 1 ਤੋਂ 13 ਤੱਕ
2.ਰਾਗ-ਯੁਕਤ ਬਾਣੀ- ਪੰਨਾ 14 ਤੋਂ 1352 ਤੱਕ
3.ਰਾਗ-ਮੁਕਤ ਬਾਣੀ- ਪੰਨਾ 1353 ਤੋਂ 1430 ਤੱਕ
1.ਨਿੱਤਨੇਮ ਦੀਆਂ ਬਾਣੀਆਂ:-ਗੁਰੂ ਗਰਂਥ ਸਾਹਿਬ ਜੀ ਦੇ ਆਰੰਭ ਵਿੱਚ ਗੁਰੂ ਨਾਨਕ ਜੀ ਰਚਿਤ ਬਾਣੀ “ਜਪੁ”ਹੈ ਜਿਸ ਨੂੰ ਅਸੀਂ ਸਤਿਕਾਰ ਨਾਲ ਜਪੁਜੀ ਸਾਹਿਬ ਆਖਦੇ ਹਾਂ। ਇਹ ਹਰ ਗੁਰਸਿੱਖ ਦੇ ਅੰਮ੍ਰਿਤ ਵੇਲੇ ਦੇ ਨਿੱਤਨੇਮ ਦਾ ਹਿੱਸਾ ਹੈ।ਇਸ ਤੋਂ ਬਾਅਦ “ਸੋ ਦਰੁ ਅਤੇ ਸੋ ਪੁਰਖੁ” ਹੈ ਜਿਸ ਨੂੰ ਅਸੀਂ ਰਹਿਰਾਸ ਸਾਹਿਬ ਆਖਦੇ ਹਾਂ ਅਤੇ ਸਾਡੇ ਸ਼ਾਮ ਦਾ ਨਿੱਤਨੇਮ ਹੈ। ਤੀਸਰੀ ਬਾਣੀ ਸੋਹਿਲਾ ਹੈ, ਜਿਹੜੀ ਰਾਤ ਨੂੰ ਸੌਣ ਵੇਲੇ ਪੜ੍ਹੇ ਜਾਣ ਦਾ ਵਿਧਾਨ ਹੈ।
2.ਰਾਗ-ਯੁਕਤ ਬਾਣੀ:- ਗੁਰੂ ਗਰੰਥ ਸਾਹਿਬ ਜੀ ਦੇ ਪੰਨਾ 14 ਤੋਂ 1352 ਤੱਕ ਫੈਲੀ ਹੋਈ ਸਾਰੀ ਬਾਣੀ ਰਾਗਾਂ ਵਿੱਚ ਲਿਖੀ ਹੋਈ ਬਾਣੀ ਹੈ।ਇਸ ਵਿੱਚ ਰਾਗਾਂ ਦੀ ਕੁੱਲ ਗਿਣਤੀ 31 ਹੈ। ਜੋ ਤਰਤੀਬਵਾਰ ਇਸ ਤਰਾਂ ਹਨ-ਸਿਰੀ ਰਾਗ, ਰਾਗ ਮਾਝ, ਰਾਗ ਆਸਾ, ਰਾਗ ਗੁਜਰੀ, ਰਾਗ ਦੇਵਗੰਧਾਰੀ, ਰਾਗ ਬਿਹਾਗੜਾ, ਰਾਗ ਵਡਹੰਸ, ਰਾਗ ਸੋਰਠ, ਰਾਗ ਧਨਾਸਰੀ, ਰਾਗ ਜੈਤਸਰੀ, ਰਾਗ ਟੋਡੀ, ਰਾਗ ਬੈਰਾੜੀ, ਰਾਗ ਤਿਲੰਗ, ਰਾਗ ਸੂਹੀ, ਰਾਗ ਬਿਲਾਵਲ, ਰਾਗ ਗੋਂਡ, ਰਾਗ ਰਾਮਕਲੀ, ਰਾਗ ਮਾਲੀ ਗਉੜਾ, ਰਾਗ ਮਾਰੂ, ਰਾਗ ਤੁਖਾਰੀ, ਰਾਗ ਕੇਦਾਰਾ, ਰਾਗ ਮਲਾਰ, ਰਾਗ ਕਾਨੜਾ, ਰਾਗ ਕਲਿਆਣ, ਰਾਗ ਜੈਜਾਵੰਤੀ ।ਰਾਗ ਜੈਜਾਵੰਤੀ ਤੋਂ ਬਿਨਾ ਬਾਕੀ ਸਾਰੇ 30 ਰਾਗਾਂ ਵਿੱਚ ਬਾਣੀ ਦੀ ਤਰਤੀਬ ਗੁਰੂ ਅਰਜਨ ਦੇਵ ਜੀ ਨੇ ਆਦਿ ਗਰੰਥ ਦੀ ਸੰਪਾਦਨਾ ਵੇਲੇ ਹੀ ਕਰ ਦਿੱਤੀ ਗਈ ਸੀ। ਸਿਰਫ ਜੈਜਾਵੰਤੀ ਰਾਗ ਜਿਸ ਵਿੱਚ ਇਕੱਲੇ ਗੁਰੂ ਤੇਗ ਬਹਾਦਰ ਜੀ ਨੇ ਹੀ ਬਾਣੀ ਰਚੀ ਹੈ, ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕਰਦਿਆਂ ਹੀ ਸ਼ਾਮਲ ਕੀਤਾ ਸੀ।
ਰਾਗਾਂ ਵਿੱਚ ਬਾਣੀ ਦੀ ਤਰਤੀਬ ਇੰਝ ਹੈ- ਸ਼ਬਦ,ਅਸ਼ਟਪਦੀਆਂ,ਛੰਤ, ਵਾਰ ਅਤੇ ਭਗਤਾਂ ਦੇ ਸ਼ਬਦ।
3.ਰਾਗ ਮੁਕਤ ਬਾਣੀ:- ਬਾਣੀ ਦਾ ਤੀਸਰਾ ਹਿੱਸਾ ਜੋ ਪੰਨਾ 1353 ਤੋਂ 1430 ਤੱਕ ਹੈ, ਉਹ ਰਾਗ-ਮੁਕਤ ਬਾਣੀ ਦਾ ਹੈ। ਇਸ ਵਿੱਚ ਸਾਮਲ ਰਚਨਾਵਾਂ ਹਨ- ਸਹਸਕ੍ਰਿਤੀ ਸਲੋਕ, ਗਾਥਾ, ਫੁਨਹੇ, ਚਉਬੋਲੇ, ਸਲੋਕ ਭਗਤ ਕਬੀਰ ਜੀ, ਸਲੋਕ ਫਰੀਦ ਜੀ, ਸਵੱਯੈ ਸ੍ਰੀ ਮੁੱਖਵਾਕ, ਸਵੱਯੈ ਭੱਟਾਂ ਦੇ, ਸਲੋਕ ਵਾਰਾਂ ਤੇ ਵਧੀਕ, ਮੁੰਦਾਵਣੀ ਅਤੇ ਰਾਗਮਾਲਾ ।
ਗੁਰੂ ਗਰੰਥ ਬਾਣੀ ਵਿੱਚ ਦਰਜ ਕਾਵਿ-ਰੂਪ ਅਤੇ ਲੋਕ-ਸੰਗੀਤ:-ਗੁਰਬਾਣੀ ਵਿੱਚ ਬਹੁਤ ਸਾਰੇ ਕਾਵਿ-ਰੂਪ ਵਰਤੇ ਗਏ ਹਨ।ਪ੍ਰਸਿੱਧ ਵਿਦਵਾਨ ਲੇਖਕ ਪਿਆਰਾ ਸਿੰਘ ਪਦਮ ਜੀ ਦੇ ਹਵਾਲੇ ਨਾਲ ਅਸੀਂ ਕਾਵਿ-ਰੂਪਾਂ ਬਾਰੇ ਸੰਖੇਪ ਵਿੱਚ ਜਾਨਣ ਦੀ ਕੋਸ਼ਿਸ਼ ਕਰਦੇ ਹਾਂ-
1.ਅਲਾਹੁਣੀ:- ਮਰ ਚੁੱਕੇ ਪ੍ਰਾਣੀ ਦੀ ਯਾਦ ਵਿੱਚ ਸ਼ਲਾਘਾ ਦੇ ਗੀਤ ਨੂੰ ਅਲਾਹੁਣੀ ਕਿਹਾ ਜਾਂਦਾ ਹੈ।ਇਹ ਵਿਛੜੇ ਪ੍ਰਾਣੀ ਦੀ ਯਾਦ ਵਿੱਚ ਪਾਏ ਵੈਣ ਦਾ ਕਾਵਿਕ ਪ੍ਰਗਟਾਅ ਹੈ। ਗੁਰੂ ਨਾਨਕ ਦੇਵ ਜੀ ਨੇ ਵਡਹੰਸ ਰਾਗ ਵਿੱਚ ਇਸ ਲੋਕ-ਧਾਰਨਾ ਦੇ ਆਧਾਰ ਤੇ ਸੰਸਾਰ ਦੀ ਨਾਸ਼ਮਾਨਤਾ ਦਰਸਾਉਂਦਿਆਂ ਦਰਦਨਾਕ ਜਜਬਿਆਂ ਦਾ ਜਿਕਰ ਇਸ ਬਾਣੀ ਰਾਹੀਂ ਕੀਤਾ ਹੈ। ਜੋ ਅੱਜ ਵੀ ਸਿੱਖਾਂ ਵਿੱਚ ਕਿਸੇ ਪ੍ਰਾਣੀ ਦੇ ਮਰਨ ਉਪਰੰਤ ਪੜ੍ਹੀ ਜਾਂਦੀ ਹੈ।
2. ਆਰਤੀ:- ਆਪਣੇ ਇਸਟ ਦੀ ਪ੍ਰਸੰਸਾ ਅਤੇ ਪੂਜਾ ਲਈ ਆਰਤੀ ਕੀਤੀ ਜਾਂਦੀ ਸੀ। ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸੈਣ ਜੀ, ਭਗਤ ਧੰਨਾ ਜੀ ਨੇ ਆਰਤੀ ਦੇ ਸ਼ਬਦ ਕਹੇ ਹਨ।
3. ਅੰਜੁਲੀ:-ਬੇਨਤੀ ਦੇ ਬੋਲਾਂ ਦਾ ਗੀਤ ਅੰਜੁਲੀ ਕਹਾਉਂਦਾ ਹੈ।ਗੁਰੂ ਗਰੰਥ ਸਾਹਿਬ ਵਿੱਚ ਰਾਗ ਮਾਰੂ ਵਿੱਚ ਅੰਜੁਲੀ ਦਰਜ ਹੈ।ਜੋ ਗੁਰੂ ਅਰਜਨ ਦੇਵ ਜੀ ਦੁਆਰਾ ਰਚੀ ਹੋਈ ਹੈ।
4. ਸਦੁ:- ਪਿੰਡ ਦੇ ਲੋਕਾਂ ਵਲੋਂ ਲੰਮੀ ਹੇਕ ਨਾਲ ਗਾਇਆ ਜਾਣ ਵਾਲਾ ਗੀਤ ਹੈ, ਇਸ ਵਿੱਚ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਉਹਨਾਂ ਦੇ ਵਿਛੋੜੇ ਤੇ ਸਿੱਖਿਆ ਨੂੰ ਰਾਮਕਲੀ ਰਾਗ ਵਿੱਚ ਦਰਜ ਕੀਤਾ ਗਿਆ ਹੈ।
5. ਸੋਹਿਲਾ:- ਸੋਹਿਲਾ ਖੁਸ਼ੀ ਦੇ ਗੀਤ ਨੂੰ ਕਿਹਾ ਜਾਂਦਾ ਹੈ।ਗਉੜੀ ਰਾਗ ਵਿੱਚ ਗੁਰੂੁ ਨਾਨਕ ਜੀ ਦਾ ਇੱਕ ਸ਼ਬਦ ਇਸ ਸਿਰਲੇਖ ਹੇਠ ਦਰਜ ਹੈ।
6. ਕਰਹਲੇ:-ਊਠਵਾਨਾਂ ਦੀ ਇੱਕ ਗੀਤ ਗਾਉਣੀ ਧਾਰਨਾ ਕਰਹਲਾ ਕਹਾਉਂਦੀ ਹੈ। ਕਰਹਲਾ ਦਾ ਸ਼ਬਦਿਕ ਅਰਥ ਊਠ ਹੈ।ਗੁਰੂ ਰਾਮਦਾਸ ਜੀ ਨੇ ਮਾਇਆ ਵਿੱਚ ਭਟਕ ਰਹੇ ਪ੍ਰਾਣੀ ਨੂੰ ਊਠ ਕਿਹਾ ਹੈ ਅਤੇ ਗਉੜੀ ਰਾਗ ਵਿੱਚ ਦੋ ਸ਼ਬਦ ਉਚਾਰੇ ਹਨ।
7. ਕਾਫੀ:-ਸੂਫੀਆਂ ਦਾ ਪ੍ਰਸਿੱਧ ਗਾਇਨ ਜੋ ਕਵਾਲ-ਗਾਇਕ ਗਾਉਂਦੇ ਨੇ, ਕਾਫੀ ਅਖਵਾਉਂਦਾ ਹੈ।ਗੁਰੂ ਨਾਨਕ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਸਾਹਬ ਜੀ ਨੇ ਆਸਾ, ਤਿਲੰਗ, ਸੂਹੀ ਤੇ ਮਾਰੂੁ ਰਾਗ ਵਿੱਚ ਇਸ ਦੀ ਵਰਤੋਂ ਕੀਤੀ ਹੈ।
8. ਘੋੜੀਆਂ:-ਭੈਣਾਂ ਵਲੋਂ ਆਪਣੇ ਵੀਰ ਦੇ ਵਿਆਹ ਸਮੇਂ ਜਦੋਂ ਉਹ ਘੋੜੀ ਤੇ ਚੜ੍ਹਦਾ ਏ, ਗਾਏ ਜਾਣ ਵਾਲੇ ਖੁਸ਼ੀ ਦੇ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ ।ਗੁਰੂ ਰਾਮਦਾਸ ਜੀ ਨੇ ਵਡਹੰਸ ਰਾਗ ਵਿੱਚ ਦੋ ਸਬਦ ਉਚਾਰੇ ਹਨ ।
9. ਚਉਬੋਲੇ;-ਚਉ ਦਾ ੳਰਥ ਹੈ ਚਾਓ, ਉਮੰਗ, ਉਤਸਾਹ ਅਤੇ ਬੋਲੇ ਦਾ ਅਰਥ ਹੈ ਬਚਨ।ਇਸ ਕਰਕੇ ਚਉਬੋਲੇ ਇੱਕ ਤਰਾਂ ਦੇ ਪ੍ਰੇਮ-ਗੀਤ ਰੂਪੀ ਸ਼ਬਦ ਕਹੇ ਜਾ ਸਕਦੇ ਹਨ। ਗੁਰੂ ਅਰਜਨ ਦੇਵ ਜੀ ਦੇ ਇਸ ਰੂਪ ਵਿੱਚ 11 ਸਲੋਕ ਹਨ।
10 ਛੰਤ:-ਛੰਤ, ਛੰਦ ਤੋਂ ਵੱਖਰਾ ਹੁੰਦਾ ਹੈ।ਛੰਦ ਵਿੱਚ ਮਾਤਰਾ,ਅੱਖਰ ਜਾਂ ਗਣਾਂ ਦੀ ਕੋਈ ਪਾਬੰਦੀ ਹੁੰਦੀ ਹੈ।ਜਦ ਕਿ ਛੰਤ ਇੱਕ ਕਾਵਿ-ਰੂਪ ਹੈ ਜਿਸ ਵਿੱਚ ਚਾਰ ਬੰਦ ਹੁੰਦੇ ਹਨ ਜਿਸ ਵਿੱਚ ਪਹਿਲਾਂ ਵਿਛੋੜੇ ਦਾ ਵਰਣਨ ਕਰਕੇ ਫਿਰ ਮਿਲਾਪ ਦੀ ਗੱਲ ਹੁੰਦੀ ਹੈ।ਹੋਰ ਵਿਸੇ ਵੀ ਲਏ ਜਾਂਦੇ ਹਨ।ਗੁਰੂ ਨਾਨਕ ਸਾਹਿਬ, ਗੁਰੁ ਰਾਮਦਾਸ ਜੀ, ਅਤੇ ਗੁਰੂ ਅਰਜਨ ਸਾਹਿਬ ਨੇ ਕਈ ਰਾਗਾਂ ਵਿੱਚ ਇਸ ਦੀ ਵਰਤੋਂ ਕੀਤੀ ਹੈ।
11.ਡਖਣੇ:-ਲਹਿੰਦੀ ਬੋਲੀ ਵਿੱਚ ‘ਦ’ ਨੂੰ ‘ਡ’ਬੋਲਿਆ ਜਾਂਦਾ ਹੈ।ਇਸ ਤਰਾਂ ਮੁਲਤਾਨ ਸਾਹੀਵਾਲ ਦੇ ਇਲਾਕੇ ਦੀ ਬੋਲੀ ਵਿੱਚ ਲਿਖੇ ਸਲੋਕ ਡਖਣਾ ਕਹਾਉਂਦੇ ਹਨ।ਗੁਰੂ ਅਰਜਨ ਸਾਹਿਬ ਨੇ ਮਾਰੂ ਰਾਗ ਵਿੱਚ ਡਖਣੇ ਸਿਰਲੇਖ ਹੇਠ ਸਬਦ ਲਿਖੇ ।ਸਿਰੀ ਰਾਗ ਵਿੱਚ ਵੀ ਪੰਜ ਸਬਦ ਹਨ।
12. ਥਿਤੀ:-15 ਥਿਤੀਆਂ ਰਾਹੀਂ ਕੋਈ ਖਾਸ ਵੀਚਾਰ ਦੇਣ ਵਾਲਾ ਕਾਵਿ-ਰੂਪ ਥਿਤੀ ਅਖਵਾੳਂਦਾ ਹੈ।ਗੁਰੂ ਨਾਨਕ ਸਾਹਿਬ ਨੇ ਇਸ ਸਿਰਲੇਖ ਹੇਠ ਬਿਲਾਵਲ ਰਾਗ ਵਿੱਚ ਤੇ ਭਗਤ ਕਬੀਰ ਜੀ ਨੇ ਗਉੜੀ ਰਾਗ ਵਿੱਚ ‘ਥਿਤੀ’ ਬਾਣੀ ਦੀ ਰਚਨਾ ਕੀਤੀ ਹੈ।
13.ਦਿਨ-ਰੈਣਿ:- ਇਸ ਕਾਵਿ-ਰੂਪ ਵਿੱਚ ਹਰ ਸਮੇਂ ਸ਼ੁਭ ਸਿੱਖਿਆ ਆਦਿ ਨੂੰ ਧਾਰਨ ਕਰਨ ਦੀ ਤਾਕੀਦ ਕੀਤੀ ਜਾਂਦੀ ਹੈ।ਮਾਝ ਰਾਗ ਵਿੱਚ ਗੁਰੂ ਅਰਜਨ ਸਾਹਿਬ ਨੇ ਇਸ ਸਿਰਲੇਖ ਹੇਠ ਕੀਤੀ ਰਚਨਾ ਵਿੱਚ ਜੀਵ ਨੂੰ ਹਰ ਸਮੇਂ ਰੱਬੀ ਯਾਦ ਵਿੱਚ ਜੁੜੇ ਰਹਿਣ ਦਾ ਉਪਦੇਸ਼ ਦਿੱਤਾ ਹੈ।
14. ਪਹਿਰੇ:-ਰਾਤ ਦੇ ਚਾਰ ਪਹਿਰਾਂ ਦੇ ਆਧਾਰ ਤੇ ਹਰੇਕ ਪਹਿਰ ਰਾਹੀਂ ਕੋਈ ਖਾਸ ਵੀਚਾਰ ਦੇਣ ਵਾਲੇ ਕਾਵਿ-ਰੂਪ ਨੂੰ ਪਹਿਰੇ ਕਿਹਾ ਜਾਂਦਾ ਹੈ।ਜੀਵਨ ਦੀਆਂ ਚਾਰ ਅਵਸਥਾਵਾਂ - ਮਾਤ-ਗਰਭ, ਬਚਪਨ, ਜੁਆਨੀ, ਬੁਢੇਪਾ ਜਾਂ ਮੌਤ ਦੱਸ ਕੇ ਜੀਵਨ ਨੂੰ ਸਫਲ ਹੋਣ ਲਈ ਸਿੱਖਿਆ ਦਿੱਤੀ ਜਾਂਦੀ ਹੈ। ਸਿਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਪਹਿਰੇ ਬਾਣੀ ਦੀ ਰਚਨਾ ਕੀਤੀ ਹੈ।
15. ਪੱਟੀ:-ਵਰਣਮਾਲਾ ਦੇ ਹਰੇਕ ਅੱਖਰ ਰਾਹੀਂ ਸ਼ੁਭ ਉਪਦੇਸ਼ ਦੇਣ ਲਈ ਰਚੀ ਬਾਣੀ ਪੱਟੀ ਅਖਵਾਉਂਦੀ ਹੈ।ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਤੇ ਗੁਰੂ ਅਮਰਦਾਸ ਜੀ ਨੇ ਇਸ ਦੀ ਵਰਤੋਂ ਕੀਤੀ ਹੈ।
16.ਬਾਰਹ ਮਾਹਾ:-ਬਾਰਾਂ ਮਹੀਨਿਆਂ ਵਿੱਚੋਂ ਹਰੇਕ ਮਹੀਨੇ ਅਤੇ ਉਸ ਦੇ ਮੌਸਮੀ ਪ੍ਰਭਾਵ ਨੂੰ ਆਧਾਰ ਬਣਾ ਕੇ ਸੰਬੰਧਿਤ ਵਿਸ਼ੇ ਨੂੰ ਬਾਖੂਬੀ ਉਜਾਗਰ ਕਰਨ ਵਾਲਾ ਕਾਵਿ-ਰੂਪ ਬਾਰਹ-ਮਾਹਾ ਕਹਾਉਂਦਾ ਹੈ। ਗੁਰੂ ਨਾਨਕ ਸਾਹਿਬ ਨੇ ਤੁਖਾਰੀ ਰਾਗ ਵਿੱਚ ਅਤੇ ਗੁਰੂ ਅਰਜਨ ਸਾਹਿਬ ਨੇ ਮਾਝ ਰਾਗ ਵਿੱਚ ਬਾਰਹ ਮਾਹਾ ਦੀ ਰਚਨਾ ਕੀਤੀ ਹੈ।
17. ਬਾਵਨ ਅੱਖਰੀ:-ਸੰਸਕ੍ਰਿਤ ਦੇ ਬਵੰਜਾ ਅੱਖਰਾਂ ਦੇ ਆਧਾਰ ਤੇ ਸ਼ੁਭ ਉਪਦੇਸ਼ ਦੇਣ ਲਈ ਰਚੀ ਗਈ ਰਚਨਾ ਬਾਵਨ ਅੱਖਰੀ ਅਖਵਾਉਂਦੀ ਹੈ।ਗੁਰੂ ਅਰਜਨ ਸਾਹਿਬ ਜੀ ਨੇ ਅਤੇ ਭਗਤ ਕਬੀਰ ਜੀ ਨੇ ਗਉੜੀ ਰਾਗ ਵਿੱਚ ਇਸ ਦੀ ਵਰਤੋਂ ਕੀਤੀ ਹੈ।
18.ਬਿਰਹੜੇ:- ਵਿਯੋਗ ਦਾ ਵਿਸਾ ਲੈ ਕੇ ਕੀਤੀ ਗਈ ਰਚਨਾ ਦਾ ਨਾਂ ਬਿਰਹੜੇ ਹੈ। ਆਸਾ ਰਾਗ ਵਿੱਚ ਗੁਰੂ ਅਰਜਨ ਜੀ ਨੇ ਤਿੰਨ ਛੰਦਾਂ ਦੀ ਰਚਨਾ ਕੀਤੀ ਹੈ ਪਰ ਇਹਨਾਂ ਨੂੰ ਛੰਤਾਂ ਕੀ ਜਤਿ ਤੇ ਗਾਉਣ ਦਾ ਆਦੇਸ ਹੈ।
19.ਮੰਗਲ :-ਵਿਆਹ ਸ਼ਾਦੀ ਆਦਿ ਖੁਸ਼ੀ ਦੇ ਸਮੇਂ ਗਾਏ ਗੀਤ ਮੰਗਲ ਹੁੰਦੇ ਹਨ। ਬਿਲਾਵਲ ਰਾਗ ਵਿੱਚ ਗੁਰੂ ਰਾਮਦਾਸ ਜੀ ਨੇ ਮਿਲਾਪ ਦਾ ਆਨੰਦ ਪ੍ਰਗਟਾਉਂਦਿਆਂ ਮੰਗਲ ਲਿਖੇ ਹਨ।
20 ਰੁਤੀ;-ਸਾਲ ਦੀਆਂ ਛੇ ਰੁੱਤਾਂ ਦੇ ਮੌਸਮੀ ਪ੍ਰਭਾਵ ਨੂੰ ਆਧਾਰ ਬਣਾ ਕੇ ਲਿਖੀ ਗਈ ਰਚਨਾ ਨੂੰ ਰੁਤੀ ਕਿਹਾ ਜਾਂਦਾ ਹੈ ।ਰਾਮਕਲੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਨੇ ਰੁਤੀ ਲਿਖੀ ਹੈ ।
21.ਵਣਜਾਰਾ:-ਪੁਰਾਣੇ ਸਮੇਂ ਵਾਪਾਰੀ ਸੌਦਾ ਲੱਦ ਕੇ ਵੇਚਣ ਲਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦੇ ਹੋਏ ਗੀਤ ਗਾਉਂਦੇ ਸਫਰ ਕਰਦੇ ਸਨ। ਇਸੇ ਤਰਜ ਨੂੰ ਲੈ ਕੇ ਗੁਰੂ ਰਾਮਦਾਸ ਜੀ ਨੇ ਇਸ ਬਾਣੀਿ ਦੀ ਰਚਨਾ ਕੀਤੀ ਹੈ ਜਿਸ ਵਿੱਚ ਜੀਵ-ਵਾਪਾਰੀ ਨੂੰ ਪ੍ਰਭੂ- ਨਾਮ ਦਾ ਸੌਦਾ ਵਿਹਾਜਣ ਦੀ ਪ੍ਰੇਰਨਾ ਹੈ।
22.ਵਾਰ:-ਯੁੱਧ-ਕਥਾ ਨੂੰ ਪਉੜੀ ਵਿੱਚ ਗਾਇਨ ਕਰਨ ਦੀ ਪੇਸ਼ਕਾਰੀ ਵਾਰ ਕਹਾਉਂਦੀ ਹੈ।ਉਸ ਸਮੇਂ ਪ੍ਰਸਿੱਧ ਇਸ ਕਾਵਿ-ਰੂਪ ਵਿੱਚ ਕਿਸੇ ਯੋਧੇ ਦੀ ਸੂਰਬੀਰਤਾ ਦਾ ਵਰਣਨ ਹੁੰਦਾ ਸੀ। ਗੁਰੂ ਗਰੰਥ ਸਾਹਿਬ ਵਿੱਚ ਕੁੱਲ 22 ਵਾਰਾਂ ਲਿਖੀਆਂ ਮਿਲਦੀਆਂ ਹਨ। ਇਹਨਾਂ ਦਾ ਵੇਰਵਾ ਇਸ ਤਰਾਂ ਹੈ।
1. ਗੁਰੂ ਨਾਨਕ ਦੇਵ ਜੀ- ਰਾਗ ਮਾਝ ,ਰਾਗ ਆਸਾ ਅਤੇ ਰਾਗ ਮਲਾਰ ਵਿੱਚ = 3 ਵਾਰਾਂ
2. ਗੁਰੂ ਅਮਰਦਾਸ ਜੀ- ਰਾਗ ਗੁਜਰੀ,ਰਾਗ ਸੂਹੀ,ਰਾਗ ਰਾਮਕਲੀ ਅਤੇ ਰਾਗ ਮਾਰੁ ਵਿੱਚ= 4 ਵਾਰਾਂ
3. ਗੁਰੂ ਰਾਮਦਾਸ ਜੀ-ਰਾਗ ਸਿਰੀਰਾਗ,ਰਾਗ ਗਉੜੀ,ਰਾਗ ਬਿਹਾਗੜਾ,ਰਾਗ ਵਡਹੰਸ,ਰਾਗ ਸੋਰਠਿ,
ਰਾਗ ਬਿਲਾਵਲ, ਰਾਗ ਸਾਰੰਗ ਅਤੇ ਰਾਗ ਕਾਨੜਾ ਵਿੱਚ= 8 ਵਾਰਾਂ
4. ਗੁਰੂ ਅਰਜਨ ਜੀ- ਰਾਗ ਗਉੜੀ,ਰਾਗ ਗੁਜਰੀ,ਰਾਗ ਜੇਤਸਰੀ,ਰਾਗ ਰਾਮਕਲੀ,
ਰਾਗ ਮਾਰੂ ਅਤੇ ਰਾਗ ਬਸੰਤ ਵਿੱਚ =6 ਵਾਰਾਂ
5. ਸੱਤਾ ਅਤੇ ਬਲਵੰਡ-ਰਾਗ ਰਾਮਕਲੀ ਵਿੱਚ =1 ਵਾਰ
ਇਨਾਂ ਵਾਰਾਂ ਵਿੱਚੋ ਨੌ ਵਾਰਾਂ ਉੱਪਰਪ੍ਰਾਚੀਨ ਵਾਰਾਂ ਦੀਆਂ ਧੁਨਾਂ ਅਨੁਸਾਰ ਗਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਉਹ ਇਹ ਹਨ-
1. ਵਾਰ ਮਾਝ-ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਦੀ ਧੁਨਿ।
2. ਵਾਰ ਗਉੜੀ-ਰਾਇ ਕਮਾਲਦੀ ਮੌਜਦੀ ਕੀ ਵਾਰ ਕੀ ਧੁਨਿ।
3. ਵਾਰ ਆਸਾ-ਟੁੰਡੇ ੳਸਰਾਜੇ ਕੀ ਧੁਨਿ।
4. ਵਾਰ ਗੁਜਰੀ-ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨਿ
5. ਵਾਰ ਵਡਹੰਸ- ਲਲਾਂ ਬਹਿਲੀਮਾਂ ਕੀ ਧੁਨਿ।
6. ਵਾਰ ਰਾਮਕਲੀ-ਜੋਧੈ ਵੀਰੈ ਪੂਰਬਾਣੀ ਕੀ ਧੁਨਿ।
7. ਵਾਰ ਸਾਰੰਗ-ਰਾਇ ਮਹਮੇ ਹਸਨੇ ਕੀ ਧੁਨਿ।
8. ਵਾਰ ਮਲਾਰ-ਰਾਣੈ ਕੈਲਾਸ਼ ਤਥਾ ਮਾਲਦੇ ਕੀ ਧੁਨਿ।
9. ਵਾਰ ਕਾਨੜਾ-ਮੂਸੇ ਕੀ ਵਾਰ ਕੀ ਧੁਨਿ।
ਇਹਨਾਂ ਸੂਚਨਾਵਾਂ ਤੋਂ ਗੁਰੂ ਸਾਹਿਬ ਦੀ ਲੋਕ-ਸੰਗੀਤ ਵਿੱਚ ਰੁਚੀ ਪਤਾ ਲੱਗਦੀ ਹੈ।
23. ਵਾਰ ਸਤ:- ਸੱਤ ਦਿਨਾਂ ਦੇ ਆਧਾਰ ਤੇ ਸ਼ੁਭ ਉਪਦੇਸ਼ ਪ੍ਰਗਟ ਕਰਨ ਲਈ ‘ਵਾਰ ਸਤ’ ਜਾਂ ‘ਸਤ ਵਾਰ’ ਦੀ ਰਚਨਾ ਹੁੰਦੀ ਸੀ।ਗਉੜੀ ਰਾਗ ਵਿੱਚ ਕਬੀਰ ਜੀ ਨੇ ਅਤੇ ਬਿਲਾਵਲ ਰਾਗ ਵਿੱਚ ਗੁਰੂ ਅਮਰਦਾਸ ਜੀ ਨੇ ਵਾਰ ਸਤ ਦੀ ਰਚਨਾ ਕੀਤੀ ਹੈ।
ਸੰਪਾਦਕੀ ਜੁਗਤਾਂ:-ਗੁਰੂ ਅਰਜਨ ਦੇਵ ਜੀ ਨੂੰ ਇੱਕ ਵਿਲੱਖਣ ਅਤੇ ਉੱਤਮ ਸੰਪਾਦਕ ਹੋਣ ਦਾ ਮਾਣ ਹਾਸਲ ਹੈ। ਉਹਨਾਂ ਨੇ ਸਾਰੀ ਬਾਣੀ ਨੂੰ ਤਰਤੀਬ ਦਿੱਤੀ ਹੈ। ਗੁਰੂ ਸਾਹਿਬਾਨ ਦੀ ਲਿਖਤ ਨਾਲ ਲਿਖਿਆ ਸਬਦ “ਮਹਲਾ” ਉਸ ਸ਼ਬਦ ਦੇ ਕਰਤੇ ਬਾਰੇ ਜਾਣਕਾਰੀ ਦਿੰਦਾ ਹੈ। ਜਿਵੇਂ ਗਉੜੀ ਮਹਲਾ 1 ਤੋਂ ਭਾਵ ਹੈ ਕਿ ਇਹ ਪਹਿਲੀ ਪਾਤਸਾਹੀ ਗੁਰੂ ਨਾਨਕ ਦੇਵ ਜੀ ਦਾ ਗਉੜੀ ਰਾਗ ਵਿੱਚ ਲਿਖਿਆ ਸ਼ਬਦ ਹੈ। ਇਸੇ ਤਰਾਂ ਮਹਲਾ 2 , ਮਹਲਾ 3 , ਮਹਲਾ 4 ,ਮਹਲਾ 5 , ਮਹਲਾ 9 ਕ੍ਰਮਵਾਰ ਦੂਜੇ, ਤੀਜੇ, ਚੌਥੇ. ਪੰਜਵੇਂ ਅਤੇ ਨੌਵੇਂ ਗੁਰੂ ਦਾ ਲਖਾਇਕ ਹੈ। ਕਿਉਕਿ ਸਾਰੀ ਬਾਣੀ ਰਾਗਾਂ ਵਿੱਚ ਹੈ, ਇਸ ਲਈ ਰਾਗ ਦਾ ਨਾਂ ਤਾਂ ਹੈ ਹੀ, ਉਸ ਦੇ ਨਾਲ ਘਰ ਵੀ ਲਿਖਿਆ ਗਿਆ ਹੈ, ਜੋ ਘਰ 1 ਤੋਂ ਘਰ 17 ਤੱਕ ਹੈ। ਇਸੇ ਤਰਾਂ ਪੜਤਾਲ, ਪਹਿਰਿਆਂ ਕੇ ਘਰ ਗਾਵਣਾ, ਯਾਨੜੀਏ ਕੇ ਘਰ ਗਾਵਣਾ ਆਦਿ ਸੰਕੇਤ ਰਾਗ ਅਤੇ ਗਾਇਨ ਵਿਧੀ ਨਾਲ ਸੰਬੰਧਿਤ ਹਨ। ਭਗਤ ਬਾਣੀ ਨੂੰ ਤਰਤੀਬ ਦਿੰਦੇ ਹੋਏ ਉਸ ਤੇ ਸਿਰਲੇਖ ਗੁਰੂ ਅਰਜਨ ਜੀ ਨੇ ਆਪ ਦਿੱਤੇ ਹਨ ਜਿਵੇਂ ਬਾਣੀ ਭਗਤ ਕਬੀਰ ਜੀ ਕੀ ਆਦਿ। ਗੁਰੂ ਜੀ ਨੇ ਗਾਉਣ ਸ਼ੈਲੀ ਦੀਆਂ ਬਾਰੀਕੀਆਂ ਭਗਤ ਬਾਣੀ ਉੱਤੇ ਵੀ ਖੁਦ ਦਰਜ ਕੀਤੀਆਂ ਹਨ। ਗੁਰੂ ਗਰੰਥ ਸਾਹਿਬ ਜੀ ਤੋਂ ਬਾਹਰ ਜੋ ਵੀ ਭਗਤ ਬਾਣੀ ਹੈ, ਕਿਸੇ ਤੇ ਵੀ ਗਾਉਣ ਦੇ ਸੰਕੇਤ ਦਰਜ ਨਹੀਂ।
ਸਾਰੀ ਬਾਣੀ ਦੀ ਇੱਕ ਖਾਸ ਤਰਤੀਬ ਹੈ ਜਿਵੇਂ ਹਰੇਕ ਰਾਗ ਵਿੱਚ ਪਹਿਲਾਂ ਗੁਰੂ ਨਾਨਕ ਜੀ ਦੀ ਬਾਣੀ, ਫਿਰ ਗੁਰੂ ਅੰਗਦ ਜੀ ਦੀ….ਆਦਿ ਫਿਰ ਅਸ਼ਟਪਦੀਆਂ , ਵਾਰਾਂ ਅਖੀਰ ਤੇ ਰੱਖੀਆਂ ਗਈਆਂ ਹਨ । ਭਗਤਾਂ ਦੀ ਬਾਣੀ ਹਰ ਰਾਗ ਦੇ ਅਖੀਰ ਤੇ ਦਰਜ ਹੈ। ਕਿਸੇ ਕਿਰਤ ਨੂੰ ਬਿਲਕੁਲ ਵੀ ਨਹੀਂ ਬਦਲਿਆ ਗਿਆ। ( ਅੱਜ ਕੱਲ੍ਹ ਦੇ ਸੰਪਾਦਕਾਂ ਤੋਂ ਉਲਟ )। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਹਰ ਮੈਗਜੀਨ /ਅਖਬਾਰ ਤੇ ਇਹ ਵਿਸ਼ੇਸ਼ ਨੋਟ ਦਿੱਤਾ ਹੁੰਦਾ ਹੈ ਕਿ ਸੰਪਾਦਕ ਦਾ ਲੇਖਕ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜਰੂਰੀ ਨਹੀਂ ਅਤੇ ਲੇਖਕ ਆਪਣੇ ਵਿਚਾਰਾਂ ਲਈ ਆਪ ਜਿੰਮੇਵਾਰ ਹੈ। ਪਰ ਧੰਨ ਹਨ ਪੰਚਮ ਪਾਤਸਾਹ, ਉਹਨਾਂ ਸਾਰੀਆਂ ਰਚਨਾਵਾਂ ਦੀ ਜਿੰਮੇਵਾਰੀ ਆਪ ਉਠਾਈ ਹੈ। ਹਾਂ, ਜਿੱਥੇ ਕਿਤੇ ਉਹਨਾਂ ਨੂੰ ਲੱਗਿਆ ਕਿ ਇਹ ਸ਼ਬਦ ਭੁਲੇਖਾ ਨਾ ਪਾਵੇ, ਉਹਨਾਂ ਉਸੇ ਅੰਦਾਜ ਵਿੱਚ ਆਪਣਾ ਸ਼ਬਦ/ਸਲੋਕ ਨਾਲ ਦਰਜ ਕਰ ਦਿੱਤਾ। ਜਿਵੇਂ ਭਗਤ ਕਬੀਰ ਜੀ ਅਤੇ ਫਰੀਦ ਜੀ ਦੇ ਸਲੋਕਾਂ ਵਿੱਚ ਕਈ ਸਲੋਕ ਉਹਨਾਂ ਦੇ ਆਪਣੇ ਜਾਂ ਪਹਿਲੇ ਗੁਰੂ ਸਾਹਿਬਾਨ ਦੇ ਵੀ ਹਨ। ਇੱਕ ਖਾਸ ਉਪਕਾਰ ਜੋ ਗੁਰੂ ਅਰਜਨ ਦੇਵ ਜੀ ਨੇ ਹੋਰ ਕੀਤਾ, ਉਹ ਇਹ ਕਿ ਇਸ ਵਿੱਚ ਰਲੇਵਾਂਂ ਨਾ ਹੋ ਸਕੇ, ਇਸ ਦਾ ਵੀ ਪੱਕਾ ਪ੍ਰਬੰਧ ਕਰ ਦਿੱਤਾ। ਕਿਉਂਕਿ ਉਸੇ ਸਮੇਂ ਕੱਚੀਿ ਬਾਣੀ ਲਿਖੀ ਜਾਣੀ ਸ਼ੁਰੂ ਹੋ ਗਈ ਸੀ, ਇਸ ਲਈ ਗੁਰੂ ਜੀ ਨੇ ਹਰ ਸ਼ਬਦ ਦੇ ਅੰਤ ਤੇ ਸ਼ਬਦਾਂ ਦੀ ਕੁੱਲ ਗਿਣਤੀ ਨਾਲ ਲਿਖ ਦਿੱਤੀ ਹੈ। ਕੁਝ ਸੂਚਨਾਵਾਂ ਨਾਲ ਦੇ ਕੇ ਵੀ ਸਪਸ਼ਟ ਕੀਤਾ ਗਿਆ ਹੈ। ਕੁਝ ਉਦਾਹਰਣਾਂ ਦੇਖਦੇ ਹਾਂ-
“ਗਉੜੀ ਗੁਆਰੇਰੀ ਮਹਲਾ 4 ਚਉਥਾ” ਵਿੱਚ ਸ਼ਬਦ ਚਉਥਾ ਇਸ ਗੱਲ ਦਾ ਸੰਕੇਤ ਹੈ ਕਿ ਇਸ ਨੂੰ ਚਾਰ ਨਹੀਂ ਪੜ੍ਹਨਾ ਸਗੋਂ ਚਉਥਾ ਉਚਾਰਣ ਕਰਨਾ ਹੈ।
ਕਿਤੇ ਕਿਤੇ ਰਹਾਉ ਦੂਜਾ, ਰਹਾਉ ਤੀਜਾ ਆਦਿ ਵਿੱਚ ਦੂਜਾ ਤੀਜਾ ਸ਼ਬਦ ਹੀ ਲਿਖੇ ਹਨ, ਅੰਕ ਨਹੀਂ ਵਰਤੇ ਗਏ।
“ਸਤ ਚਉਪਦੇ ਮਹਲੇ ਚਉਥੇ ਕੇ” ਲਿਖ ਕੇ ਮੋਹਰ ਲਗਾ ਦਿੱਤੀ ਗਈ ਹੈ ਕਿ ਇੱਥੇ ਤੱਕ ਗੁਰੂ ਰਾਮ ਦਾਸ ਜੀ ਦੇ ਲਿਖੇ ਸੱਤ ਚਉਪਦੇ ਹਨ।
ਗੁ੍ਰੁਰੂ ਸਾਹਿਬ ਨੂੰ ਮਿਲੀਆਂ ਵਾਰਾਂ ਨਿਰਸੰਦੇਹ ਸਲੋਕਾਂ ਤੋਂ ਬਿਨਾਂ ਸਨ, ਕਿਉਂਕਿ ਵਾਰ ਦੀ ਰਚਨਾ ਹੀ ਐਸੀ ਹੈ ਕਿ ਇਸ ਵਿੱਚ ਦੂਜਾ ਛੰਦ ਨਹੀਂ ਸਮਾ ਸਕਦਾ। ਗੁਰੂ ਸਾਹਿਬ ਨੇ ਵਿਚਾਰਾਂ ਦੀ ਸਾਂਝ ਰੱਖਣ ਵਾਲੇ ਸਲੋਕ ਆਪਣਾ ਸੰਪਾਦਕੀ ਹੱਕ ਵਰਤਦੇ ਹੋਏ ਦਰਜ ਕਰ ਦਿੱਤੇ ਪਰ ਨਾਲ ਹੀ ਲਿਖ ਵੀ ਦਿੱਤਾ -ਵਾਰ ਸਲੋਕਾਂ ਨਾਲ ਤਾਂ ਕਿ ਕੋਈ ਭੁਲੇਖਾ ਨਾ ਰਹੇ।
ਸ਼ਬਦ ਜੋੜ ਅਤੇ ਮੰਗਲ ਵੀ ਲਿਖਿਆ ਗਿਆ ਹੈ। ਹਰ ਰਾਗ ਦੇ ਆਰੰਭ ਸਮੇਂ ਮੰਗਲ ਵਜੋਂ ਪੂਰਾ ਮੂਲ ਮੰਤਰ ਜਾਂ ਉਸ ਦਾ ਸੰਖੇਪ ਰੂਪ- ੴ ਸਤਿਗੁਰ ਪ੍ਰਸਾਦਿ ਜਾਂ ੴ ਸਤਿਨਾਮੁ ਗੁਰਪ੍ਰਸਾਦਿ ਜਾਂ ੴ ਸਤਿਨਾਮੁ ਕਰਤਾ ਪੁਰਖ ਗੁਰਪ੍ਰਸਾਦਿ ਮੰਗਲ ਦੇ ਰੂਪ ਵਿੱਚ ਵਰਤਿਆ ਗਿਆ ਹੈ। ਅਤੇ ਸ਼ਬਦਾਂ ਦੇ ਜੋੜ ਨੂੰ ਅਖੀਰ ਤੇ ਲਿਖ ਦਿੱਤਾ ਗਿਆ ਹੈ। ਸ਼ਬਦ ਜੋੜ ਦੀ ਇੱਕ ਉਦਾਹਰਣ ਦੇਖਦੇ ਹਾਂ। ਸਿਰੀ ਰਾਗੁ ਵਿੱਚ ਮਹਲਾ ਪਹਿਲਾ ਦੇ 33 ਸ਼ਬਦ ਹਨ ਜਿਨਾਂ ਵਿਚੋਂ ਬਹੁਤੇ 4 ਪਦਿਆਂ ਦੇ ਹਨ। ਅੰਤ ਤੇ ਜੋੜ ਹੈ।।4।।33।। ਇੱਥੇ 4 ਬੰਦ ਦੀ ਆਖਰੀ ਇਕਾਈ ਦਾ ਸੂਚਕ ਹੈ ਜਦਕਿ 33 ਸ਼ਬਦਾਂ ਦਾ ਸੂਚਕ ਹੈ।ਇਸੇ ਹੀ ਰਾਗ ਵਿੱਚ ਮਹਲਾ 3 ਦੇ 31 ਅਤੇ ਮਹਲਾ 4 ਦੇ 6 ਸ਼ਬਦ ਹਨ। ਇਨਾਂ ਸਾਰੇ ਪਦਿਆਂ ਦੀ ਗਿਣਤੀ ਅਖੀਰ ਤੇ ਇਸ ਤਰਾਂ ਦਿੱਤੀ ਹੈ।।33।।31।।6।।70।। ਅਖੀਰਲਾ 70 ਪਹਿਲਾਂ ਆਏ 33, 31 ਅਤੇ 6 ਦਾ ਜੋੜ ਹੈ। ਇਸੈ ਤਰਾਂ ਹਰ ਬਾਣੀ ਦੇ ਅੰਤ ਤੇ ਗਿਣਤੀ ਦਰਜ ਕੀਤੀ ਗਈ ਹੈ। ਇਸ ਤਰਾਂ ਮਿਲਾਵਟ ਹੋਣ ਦੀ ਕੋਈ ਸੰਭਾਵਨਾ ਹੀ ਨਹੀਂ ਰਹਿੰਦੀ।
ਤਤਕਰਾ ਅਤੇ ਅੰਤਿਕਾ :-ਕਿਸੇ ਵੀ ਗਰੰਥ ਦਾ ਤਤਕਰਾ ਵੀ ਮਹੱਤਵਪੂਰਨ ਹੁੰਦਾ ਹੈ ਕਿਉਕਿ ਉਸੇ ਤੋਂ ਕੋਈ ਵੀ ਲਿਖਤ ਲੱਭੀ ਜਾ ਸਕਦੀ ਹੈ। ਗੁਰੂ ਗਰੰਥ ਸਾਹਿਬ ਵਿੱਚ ਤਤਕਰਾ ਰਾਗਾਂ ਦਾ ਤਾਂ ਲਿਖਿਆ ਹੀ ਗਿਆ ਹੈ ਪਰ ਨਾਲ ਹੀ ਤਤਕਰੇ ਵਿੱਚ ਸ਼ਬਦ ਦੀਆਂ ਪਹਿਲੀਆਂ ਸਤਰਾਂ ਵੀ ਲਿਖ ਦਿੱਤੀਆਂ ਗਈਆਂ ਹਨ। ਜੋ ਸਲੋਕ ਤਰਤੀਬ ਦਿੱਤੇ ਜਾਣ ਸਮੇਂ ਵਾਰਾਂ ਜਾਂ ਪਉੜੀਆਂ ਨਾਲ ਪਾਏ ਜਾਣੋ ਰਹਿ ਗਏ, ਉੁਹ ਸਾਰੇ “ਸਲੋਕ,ਵਾਰਾਂ ਤੇ ਵਧੀਕ” ਸਿਰਲੇਖ ਹੇਠ ਅਖੀਰ ਤੇ ਦਰਜ ਕਰ ਦਿੱਤੇ ਗਏ ਹਨ। ਇਸ ਅੰਤਿਕਾ ਵਿੱਚ ਹੀ ਮੁੰਦਾਵਣੀ ਅਤੇ ਸਲੋਕ “ਤੇਰਾ ਕੀਤਾ ਜਾਤੋ ਨਾਹੀ..” ਲਿਖ ਕੇ ਪਰਮਾਤਮਾ ਦਾ ਧੰਨਵਾਦ ਕੀਤਾ ਗਿਆ ਹੈ। ਅਖੀਰ ਤੇ ਰਾਗ ਮਾਲਾ ਦਰਜ ਹੈ, ਜਿਸ ਦੇ ਕਰਤੇ ਬਾਰੇ ਅਤੇ ਗੁਰੂ ਲਿਖਤ ਹੋਣ ਬਾਰੇ ਪੰਥ ਵਿੱਚ ਵਿਵਾਦ ਜਾਰੀ ਹੈ।
ਇਹ ਸਨ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦੇ ਰੂਪਕ ਪੱਖ ਬਾਰੇ ,ਤਰਤੀਬ ਬਾਰੇ ਅਤੇ ਸੰਪਾਦਕੀ ਜੁਗਤਾਂ ਬਾਰੇ ਕੁਝ ਝਲਕਾਂ। ਇਸ ਵਿੱਚ ਅਜੇ ਬਹੁਤ ਕੁਝ ਲਿਖਣੋਂ ਰਹਿ ਗਿਆ ਹੋ ਸਕਦਾ ਹੈ, ਪਰ ਇੰਨੇ ਕੁ ਨਾਲ ਸਾਨੂੰ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਤਾਂ ਹੁੰਦੇ ਹਨ।