ਇਕ ਢਾਡੀ ਅਤੇ ਅਧਿਆਪਕ ਦੀ ਸਵੈ ਜੀਵਨੀ
(ਪੁਸਤਕ ਪੜਚੋਲ )
ਪੁਸਤਕ ----ਇਮਾਨਦਾਰੀ ਦੀ ਇਬਾਰਤ
ਲੇਖਕ ---- ਮਾਸਟਰ ਬੋਹੜ ਸਿੰਘ ਮਲ੍ਹਣ
ਪ੍ਰਕਾਸ਼ਕ –ਨਵਰੰਗ ਪਬਲੀਕੇਸ਼ਨਜ਼ ਸਮਾਣਾ
ਪੰਨੇ ----287 ਮੁੱਲ ---350 ਰੁਪਏ
ਕਹਾਣੀਕਾਰ ,ਢਾਡੀ ਅਤੇ ਸੇਵਾ ਮੁਕਤ ਪ੍ਰਾਇਮਰੀ ਸਕੂਲ ਅਧਿਆਪਕ ਦੀ ਸਵੈਜੀਵਨੀ ਵਿਚ ਜ਼ਿੰਦਗੀ ਬਹੁਤ ਸਾਰੇ ਪੱਖ ਪੜ੍ਹਂਨ ਵਾਲੇ ਹਨ । ਮਾਸਟਰ ਬੋਹੜ ਸਿੰਘ ਮਲ੍ਹਣ ਦਾ ਨਾਂਅ ਸਾਹਿਤਕ ਖੇਤਰ ਵਿਚ ਜਾਣਿਆ ਪਛਾਣਿਆ ਹੈ । ਕਹਾਣੀ ਸੰਗ੍ਰਹਿ ਪਛਤਾਵਾ, ਮਿੰਨੀ ਕਹਾਣੀ ਪੁਸਤਕ ਪਾਣੀ ਦੀ ਘੁਟ ,ਅਮਰ ਰਸ ਕਿੱਸਾ ਤੇ ਨਿਬੰਧ ਪੁਸਤਕ ਮੋਤੀਆਂ ਦੀ ਲੱਪ ਚਾਰ ਪੁਸਤਕਾਂ ਉਸਦੀਆ ਛਪੀਆਂ ਹਨ । ਇਸ ਵਡ ਆਕਾਰੀ ਸਵੈਜੀਵਨੀ ਦੇ ਕੁਲ 54 ਕਾਂਡ ਹਨ । ਹਰੇਕ ਕਾਂਡ ਦਾ ਸਿਰਲੇਖ ਹੈ ।ਇਸ ਵਿਚ ਬਹੁਤੀ ਗਿਣਤੀ ਦੇ ਪ੍ਰਸੰਗ ਲੇਖਕ ਦੀਆਂ ਨਿਜੀ ਜ਼ਿੰਦਗੀ ਦੇ ਹਨ । ਕੁਝ ਭਾਂਗ ਉਸਦੀ ਸਾਹਿਤ ਸਿਰਜਨਾ ਦਾ ਹੈ ਪਰ ਜ਼ਿਆਦਾ ਭਾਂਗ ਲੇਖਕ ਦੀ ਮੁਢਲੀ ਸਿਖਿਆ ,ਵਿਆਹ ਸ਼ਾਦੀ । ਸਾਹਿਤ ਲਿਖਣ ਦਾ ਕੰਮ ਲੇਖਕ ਨੇ ਕਾਫੀ ਚਿਰ ਪਿਛੋਂ ਸ਼ੁਰੂ ਕੀਤਾ ਹੈ । ਬੀਬੀ ਮਹਿੰਦਰ ਕੌਰ ਨਾਲ ਵਿਆਹ ,ਬੱਚੇ ਸ਼ਰੀਕਾ ਕੁੜਮਾਚਾਰੀ, ਰਿਸ਼ਤਿਆਂ ਦੀ ਤਲਾਸ਼ ,ਆਪਣੇ ਪਰਿਵਾਰ ਵਿਚੋਂ ਭੈਣਾ ਭਰਾਵਾ ਨੂੰ ਸਿਖਿਆ ਦੇਣੀ ,ਕੋਰਸ ਕਰਾਉਣੇ, ਨੌਕਰੀ ਤੇ ਲਵਾਉਣਾ ।ਆਪ ਪ੍ਰਾਂਇਮਰੀ ਸਕੂਲ ਅਧਿਆਪਕ ਲਗਣਾ ,ਪਤਨੀ ਮਹਿੰਦਰ ਕੌਰ ਦੀ ਨੌਕਰੀ ,ਦੇ ਝਮੇਲੇ । ਉਸਦੀ ਤੇ ਆਪਣੀ ਬਦਲੀ ਦੇ ਚਕਰ । ਨਵੇਂ ਪੁਰਾਣੇ ਸਕੂਲਾਂ ਵਿਚ ਅਧਿਆਪਕਾਂ ਨਾਲ ਬਿਤਾਏ ਦਿਨਾਂ ਦਾ ਵੇਰਵਾ , ਪਤਨੀ ਦਾ ਰੁਸਣਾ ਮੰਨਣਾ ,ਘਰ ਦੀ ਮਾੜੀ ਆਰਥਿਕਤਾ, ਢਾਡੀ ਤੇ ਕਵੀਸ਼ਰ ਹੋਣ ਕਰਕੇ ਇਲਾਕੇ ਵਿਚ ਬਣੀ ਪੈਂਠ । ਸਿਆਸੀ ਲੋਕਾਂ ਨਾਲ (ਖਾਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁਖ ਮੰਤਰੀ ਪੰਜਾਬ ) ਨੇੜਤਾ ਤੋਂ ਲਾਭ ਲੈਣ ਦਾ ਭਰਵਾਂ ਜ਼ਿਕਰ ਹੈ । ਲੇਖਕ ਨੂੰ ਸਰਦੀ ਦੇ ਦਿਨਾਂ ਵਿਚ ਅਲਰਜੀ ਦੀ ਸ਼ਿਕਾਇਤ ,ਪਤਨੀ ਦਾ ਬਿਮਾਰ ਹੋਣਾ ਉਸਦਾ ਇਲਾਜ ਕਰਾਉਣਾ ਪਤਨੀ ਦੀ ਸੇਵਾਮੁਕਤੀ । ॥ਆਪਣੀ ਸੇਵਾਮੁਕਤੀ ਤੋਂ ਮਿਲੇ ਆਰਥਿਕ ਲਾਭ, ਪੈਸੇ ਪੈਸੇ ਦਾ ਹਿਸਾਬ ਰਖਣਾ, ਕਰਜਾ ਲੈਣਾ ,ਕਰਜਾ ਲਾਹੁਣਾ ਭਰਾਵਾਂ ਨਾਲ ਘਰ ਦੀ ਜ਼ਮੀਂਨ ਤੇ ਜਾਇਦਾਦ ਦੀ ਵੰਡ ,ਪੱਤੀ ਮਿਹਰਾਂ ਵਿਚ ਨਵਾਂ ਸਕੂਲ ਸਥਾਪਿਤ ਕਰਨਾ , ਭੈਣ ਦਾ ਵਿਆਹ ,ਗੁਰਪ੍ਰੀਤ, ਅਮਰਜੀਤ, ਤੇਜ ਸਿੰਘ ਦੇ ਵਿਆਹਾਂ ਦਾ ਜ਼ਿਕਰ । ਰਿਸ਼ਤਿਆਂ ਦੀ ਤਲਾਸ਼ ਕਰਨੀ ਆਦਿ ਬਹੁਤ ਬਾਰੀਕੀਆ ਨਾਲ ਜ਼ਿੰਦਗੀ ਦੇ ਪਲ ਪਲ ਦਾ ਹੁਣ ਤਕ ਦਾ ਬਿਰਤਾਤ ਸਵੈਜੀਵਨੀ ਵਿਚ ਦਰਜ ਹੈ । ਪੁਸਤਕ ਦਾ ਨਾਮਕਰਨ ਪੰਜਾਬੀ ਨਾਵਲਕਾਰ ਤੇ ਸ਼ਬਦਾਂ ਦਾ ਘਾੜੇ ਜ਼ਿੰਦਗੀ ਨਾਲ ਮੁਹਬਤ ਕਰਨ ਵਾਲੇ ਮਹਾਨ ਸ਼ਖਸ ਮਾਲਵੇ ਦੀ ਖੁਸ਼ਬੋ ਓਮ ਪ੍ਰਕਾਸ਼ ਗਾਸੋ ਨੇ ਕੀਤਾ ਹੈ । ਪ੍ਰਸਿਧ ਇਤਿਹਾਸਕਾਰ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਨੇ ਸਿਧੂ ਬਰਾੜਾਂ ਦੀ ਬੰਸਾਵਲੀ ਦੀ ਖੋਜ ਮਈ ਜਾਣਕਾਰੀ ਦਿਤੀ ਹੈ ਕਿਉਂ ਕਿ ਪੁਸਤਕ ਲੇਖਕ ਮਾਸਟਰ ਬੋਹੜ ਸਿੰਘ ਮਲ੍ਹਣ ਸਿਧੂ ਬਰਾੜ ਹੈ ।ਸਿਧੂ ਬਰਾੜਾਂ ਦਾ ਮੁਢ ਸ੍ਰੀ ਕ੍ਰਿਸ਼ਨ ਜੀ ਨਾਲ ਜੁੜਦਾ ਹੈ ।। ਲੇਖਕ ਅਨੁਸਾਰ ਪੁਸਤਕ ਦਾ ਆਕਾਰ ਸੀੰਮਤ ਕਰਨ ਵਿਚ ਪ੍ਰਸਿਧ ਆਲੋਚਕ ਨਿਰੰਜਨ ਬੋਹਾ ਨੇ ਪੂਰਾ ਸਹਿਯੋਗ ਦਿਤਾ ਹੈ ।ਮੁਕਤਸਰ ਸਾਹਿਬ ਦੀ ਨਾਵਲਕਾਰ ਹਰਪਿੰਦਰ ਰਾਣਾ ਨੇ ਸਵੈਜਵਨੀ ਦੇ ਕਈ ਰੌਸ਼ਨ ਪਖਾਂ ਦੀ ਨਿਸ਼ਾਂਨ ਦੇਹੀ ਕੀਤੀ ਹੈ ਤੇ ਇਸ ਵਡੇਰੀ ਪੁਸਤਕ ਵਿਚੋਂ ਬਹੁਤ ਕੁਝ ਹਾਸਲ ਕਰਨ ਦਾ ਵੀ ਜ਼ਿਕਰ ਕੀਤਾ ਹੈ ।ਪੁਸਤਕ ਵਿਚ ਕਈ ਥਾਂਵਾਂ ਤੇ ਬਿਰਤਾਂਤ ਇਸ ਕਦਰ ਜ਼ਿਆਦਾ ਹੋ ਜਾਂਦਾ ਹੈ ਕਿ ਲੇਖਕ ਜਾਣਕਾਰੀ ਦੇ ਦੇ ਲਾਲਚ ਵਿਚ ਸਿਰਲੇਖ ਤੋਂ ਪਾਸੇ ਚਲਾ ਜਾਂਦਾ ਹੈ । ਇਕ ਕਾਂਡ ਵਿਚ ਲੇਖਕ ਲਿਖਦਾ ਹੈ ---ਸਾਂਝੇ ਘਰ ਵਿਚ ਤੀਹ ਸਾਲ ਕਮਾ ਕੇ ਤਨਖਾਂਹ ਸਮੇਂ ਅਡ ਹੋਣ ਤੇ ਸਿਰ ਤੇ ਛਤ ਵੀ ਨਹੀਂ ਸੀ ।(ਪੰਨਾ 207) ਕਿੰਨੀ ਤ੍ਰਾਂਸਦੀ ਹੈ ਲੇਖਕ ਦੇ ਜੀਵਨ ਦੀ ਹੋਰ ਵੀ ਕਈ ਬਿਰਤਾਂਤ ਲਿਖਣ ਸਮੇਂ ਲੇਖਕ ਆਪਣੀ ਇਮਾਨਦਾਰੀ ਤੇ ਸੰਵੇਦਨਸ਼ੀਲਤਾ ਦਾ ਪੱਲਾ ਫੜੀ ਰਖਦਾ ਹੈ । ਲਗਦਾ ਨਹੀਂ ਕਿ ਲੇਖਕ ਨੇ ਕਿਤੇ ਵੀ ਕੋਈ ਬਨਾਵਟੀ ਗਲ ਕੀਤੀ ਹੋਵੇ । ਪੁਸਤਕ ਵਿਚਲੇ ਇਹ ਤਥ ਬਹੁਤ ਬਾਰੀਕੀ ਨਾਲ ਘੋਖ ਕੇ ਓਮ ਪ੍ਰਕਾਸ਼ ਗਾਸੋ ਨੇ ਲੇਖਕ ਦੀ ਜ਼ਿੰਦਗੀ ਨੂੰ ਇਮਾਨਦਾਰੀ ਦੀ ਇਬਾਰਤ ਕਿਹਾ ਹੈ । ਇਸ ਇਬਾਰਤ ਰੂਪੀ ਕਿਤਾਬ ਵਿਚ ਉਹ ਆਪਣੇ ਕੁੜਮਾਂ ਬਾਰੇ ਵੀ ਲਿਖਣ ਤੋਂ ਗੁਰੇਜ਼ ਨਹੀ ਕਰਦਾ ਜਿਂਨ੍ਹਾਂ ਨੇ ਘਰ ਆ ਕੇ ਲੇਖਕ ਨੂੰ ਬੁਰਾ ਭਲਾ ਕਿਹਾ ।ਇਕ ਸਮੇਂ ਤੇ ਲੇਖਕ ਦਾ ਘਰ ਵੀ ਢਾਹੁਣ ਦਾ ਸਚੋ ਸਚ ਜ਼ਿਕਰ ਕੀਤਾ ਹੈ ਤੇ ਰਿਸ਼ਤੇਦਾਰਾਂ ਲਈ ਸ਼ਬਦ ਧਾੜਵੀ ਵਰਤਿਆ ਹੈ ।ਲੇਖਕ ਦੀ ਇਹ ਕਿੰਨੀ ਸੰਵੇਦਨਸ਼ਤਾ ਤੇ ਸਹਿਣਸ਼ੀਲਤਾ ਹੈ । ਇਹ ਜ਼ਿੰਦਗੀ ਦੀ ਅਸਲ ਜਦੋ ਜਹਿਦ ਹੈ ।ਲੇਖਕ ਦੀ ਜ਼ਿੰਦਗੀ ਦਾ ਦਰਪਣ ਹੈ । ਕਿਉਂ ਕਿ ਲੇਖਕ ਉਲਾਰ ਹੋ ਕੇ ਆਪਣੇ ਜ਼ਜ਼ਬਿਆਂ ਦੇ ਵਹਿਣ ਨੂੰ ਰੋਕਦਾ ਨਹੀਂ ਹੈ । ਲੇਖਕ ਦੀ ਇਹ ਗਲਪੀ ਇਮਾਨਦਾਰੀ ਹੈ ।ਉਸਦੀ ਜ਼ਿੰਦਗੀ ਨੂੰ ਗਾਸੋ ਸਾਹਿਬ ਨੇ ਅਲਮਸਤ ਦੀ ਫਕੀਰੀ ਕਿਹਾ ਹੈ । ਇਸ ਫਕੀਰੀ ਵਿਚ ਸੰਵੇਦਨਾ ਹੈ । ਦੂਸਰਿਆ ਦੇ ਕੰਮ ਆਉਣ ਦੀ ਚਾਹਨਾ ਹੈ । ਭਰਾਵਾਂ ਭੈਣਾਂ ਨੂੰ ਆਪਣੇ ਪੈਰਾਂ ਤੇ ਖੜਾਂ ਕਰਨ ਦਾ ਕਰਮਸੀਲਤਾ ਵਾਲਾ ਪੁੰਨ ਹੈ । ਲੇਖਕ ਨੇ ਆਪਣੇ ਚੰਗੇ ਮਾੜੇ ਦਿਨਾਂ ਦਾ ਪਟਾਰਾ ਖੌਲ੍ਹ ਕੇ ਰਖ ਦਿਤਾ ਹੈ । ਉਸਦੀ ਵਾਰਤਕ ਵਿਚ ਸਹਿਜ ਹੈ । ਕਥਾਂ ਰਸ ਹੈ ,ਇਨਸਾਨੀ ਮੁਹਬਤ ਹੈ । ਇਹ ਪੰਜਾਬੀ ਸਾਹਿਤਕ ਅਖਬਾਰਾਂ ਤੇ ਮੈਗਜ਼ੀਨਾਂ ਦਾ ਖਾਸ ਜ਼ਿਕਰ ਕਰਦਾ ਹੈ ਜੋ ਅਜੇ ਵੀ ਉਸਨੂੰ ਛਾਂਪ ਕੇ ਹੌਸਲਾ ਅਫਜ਼ਾਈ ਕਰਦੇ ਆ ਰਹੇ ਹਨ । ਖਾਸ ਕਰਕੇ ਅਜੀਤ ਦੇ ਮੁਖ ਸੰਪਾਦਕ ਸਰਦਾਰ ਬਰਜਿੰਦਰ ਸਿੰਘ ਹਮਦਰਦ ਅੰਮ੍ਰਿਤਾ ਪ੍ਰੀਤਮ ਦੇ ਨਾਗਮਣੀ ਅਕਾਲੀ ਪਤ੍ਰਕਾ , ਗੁਰਬਖਸ਼ ਸਿੰਘ ਦੀ ਪ੍ਰੀਤ ਲੜੀ ,ਗੁਰਮਤਿ ਪ੍ਰਕਾਸ਼ ਤੇ ਹੋਰ ਕਈ ਮਨਪਸੰਦ ਸਾਹਿਤਕਾਰਾਂ –ਪ੍ਰਿਸੀਪਲ ਤੇਜਾ ਸਿੰਘ ,ਪ੍ਰਿਸੀਪਲ ਸਤਿਬੀਰ ਸਿੰਘ, ਪ੍ਰੋ ਪਿਆਰਾ ਸਿੰਘ ਪਦਮ, ਗਿਆਨੀ ਸੰਤ ਸਿੰਘ ਮਸਕੀਨ , ਦਾ ਹਵਾਲਾ ਦੇ ਕੇ ਰੂਹ ਦੀ ਗਲ ਕਰਦਾ ਹੈ (ਪੰਨਾ 270) ਲੇਖਕ ਕੋਲ ਸਾਹਿਤ ਦਾ ਗਹਿਰਾ ਅਧਿਐਂਨ ਹੈ । ਪਰ ਆਪਣੀ ਸਾਹਿਤ ਸਿਰਜਣਾ ਦਾ ਸਿਹਰਾ ਮਰਹੂਮ ਪਤਨੀ ਮਹਿੰਦਰ ਕੌਰ ਨੂੰ ਦਿੰਦਾ ਹੈ ।ਉਹ ਇਸ ਗਲ ਦਾ ਪਛਤਾਵਾ ਵੀ ਕਰਦਾ ਹੈ ਕਿ ਉਹ ਪਤਨੀ ਨਾਲ ਜਿਉਂਦੇ ਜੀਅ ਸਹੀ ਵਿਵਹਾਰ ਨਹੀਂ ਕਰ ਸਕਿਆ ।ਕਿਉਂ ਕਿ ਉਸ ਕੋਲ ਘਰੇਲੂ ਜ਼ਿੰਮੇਵਾਰੀਆ ਐਨੀਆ ਜ਼ਿਆਦਾ ਸਨ ਕਿ ੳਹ ਇਸ ਲਈ ਫੁਰਸਤ ਹੀ ਨਹੀ ਕਢ ਸਕਿਆ । ਕਿਉਂ ? ਇਸ ਦਾ ਪਤਾ ਲਾਉਣ ਲਈ ਕਿਤਾਬ ਦਾ ਦੀਰਘ ਅਧਿਐਨ ਕਰਨਾ ਪਵੇਗਾ । ਸਵੈਜੀਵਨੀ ਵਿਚ ਬਹੁਤ ਕੁਝ ਸਿਖਣ ਲਈ ਵੀ ਮਿਲਦਾ ਹੈ । ਖਾਂਸ ਕਰਕੇ ਪੁਸਤਕ ਦੇ ਆਖਰੀ ਕਾਂਡਾਂ ਵਿਚ ਲੇਖਕ ਨੇ ਆਪਣੀ ਵਸੀਅਤ ਦਾ ਰੰਗ ਭਰਿਆ ਹੈ ਤੇ ਹੁਣ ਆਪਣੀ ਵਲੋਂ ਲੋਕ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕੀਤਾ ਹੈ ।ਇਸ ਪਖ ਤੋਂ ਇਹ ਬਹੁਪਖੀ ਸ਼ਖਸੀਅਤ ਦੀ ਜ਼ਿੰਦਗੀ ਦਾ ਅਕਸ ਪੇਸ਼ ਕਰਦੀ ਸਵੈਜੀਵਨੀ ਹੈ । ਪੁਸਤਕ ਦਾ ਭਰਪੂਰ ਸਵਾਗਤ ਕਰਦੇ ਹੋਏ ਕਾਮਨਾ ਕਰਦੇ ਹਾਂ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਵਸਦਾ ਲੇਖਕ ਤੰਦਰੁਸਤੀ ਭਰਿਆ ਲੰਮਾ ਜੀਵਨ ਜੀਵੇ ।