ਬਹਾਨੇਬਾਜ ਡਮਰੂ (ਬਾਲ ਕਹਾਣੀ)
(ਕਹਾਣੀ)
ਚੰਪਕ ਵਣ ਵਿੱਚ ਡਮਰੂ ਨਾਂ ਦਾ ਇੱਕ ਖ਼ਰਗੋਸ਼ ਦਾ ਬੱਚਾ ਰਹਿੰਦਾ ਸੀ।ਉਹ ਆਪਣੇ ਮੰਮੀ-ਪਾਪਾ ਦਾ ਲਾਡਲਾ ਪੁੱਤਰ ਸੀ।ਹਮੇਸ਼ਾ ਖੇਡਦੇ ਰਹਿਣ ਅਤੇ ਸ਼ਰਾਰਤਾਂ ਕਰਨ ਦੀ ਆਦਤ ਉਸ ਦੇ ਬਾਲਪਣ ਦੇ ਨਾਲ ਹੀ ਵਧਦੀ ਜਾ ਰਹੀ ਸੀ।ਉਸ ਨੂੰ ਸਕੂਲ ਵਿੱਚ ਦਾਖਲ ਹੋਇਆਂ ਵੀ ਛੇ ਮਹੀਨੇ ਹੋ ਗਏ ਸਨ।ਪੜ੍ਹਾਈ ਵਿੱਚ ਉਸਦਾ ਮਨ ਉੱਕਾ ਹੀ ਨਹੀਂ ਲਗਦਾ ਸੀ।ਇੱਕ ਦਿਨ ਉਹ ਸਕੂਲ ਗਿਆ।ਉਸਦੀ ਮੈਡਮ ਸੁੰਦਰੋ ਹਿਰਨੀ ਜਮਾਤ ਵਿੱਚ ਪੜ੍ਹਾ ਰਹੀ ਸੀ।ਉਹ ਚੁਪਚਾਪ ਜਾ ਕੇ ਜਮਾਤ ਵਿੱਚ ਬੈਠ ਗਿਆ।ਹਾਜ਼ਰੀ ਲਗਾਉਣ ਤੋਂ ਬਾਅਦ ਸੁੰਦਰੋ ਹਿਰਨੀ ਨੇ ਸਭ ਜਾਨਵਰ ਬੱਚਿਆਂ ਨੂੰ ਆਪਣੇ-ਆਪਣੇ ਹੌਮਵਰਕ ਦੀਆ ਕਾਪੀਆਂ ਦਿਖਾਉਣ ਲਈ ਆਖਿਆ।ਸਭ ਜਾਨਵਰ ਬੱਚਿਆਂ ਨੇ ਵਾਰੀ-ਵਾਰੀ ਆਪਣਾ ਘਰੋਂ ਕਰ ਕੇ ਲਿਆਂਦਾ ਹੌਮਵਰਕ ਸੁੰਦਰੋ ਹਿਰਨੀ ਨੂੰ ਵਿਖਾ ਕੇ ਕਾਪੀਆਂ ਉੱਤੇ ਮੈਡਮ ਦੇ ਦਸਤਖ਼ਤ ਕਰਵਾ ਲਏ।ਜਦੋਂ ਡਮਰੂ ਖ਼ਰਗੋਸ਼ ਦੀ ਵਾਰੀ ਆਈ ਤਾਂ ਉਸ ਨੇ ਹੌਮਵਰਕ ਨਹੀਂ ਕੀਤਾ ਸੀ।ਮੈਡਮ ਦੇ ਪੁੱਛਣ ’ਤੇ ਉਹ ਬੋਲਿਆ ਕਿ ਮੈਡਮ ਜੀ, ਕੱਲ੍ਹ ਮੇਰੀ ਮੰਮੀ ਬੀਮਾਰ ਹੋ ਗਈ ਸੀ।ਮੈਂ ਉਸ ਨੂੰ ਦਵਾਈ ਦਿਵਾਉਣ ਵਾਸਤੇ ਗੰਜੇ ਭਾਲੂ ਡਾਕਟਰ ਕੋਲ ਲੈ ਕੇ ਗਿਆ ਸੀ।ਉੱਥੇ ਮਰੀਜਾਂ ਦੀ ਜਿਆਦਾ ਭੀੜ ਹੋਣ ਕਰਕੇ ਦੇਰ ਹੋ ਗਈ।ਇਸ ਲਈ ਮੈਂ ਹੌਮਵਰਕ ਨਹੀਂ ਕਰ ਸਕਿਆ।ਸੁੰਦਰੋ ਮੈਡਮ ਨੇ ਉਹਦੀ ਗੱਲ ਦਾ ਸੱਚ ਮੰਨ ਕੇ ਉਹਨੂੰ ਬੈਠ ਜਾਣ ਲਈ ਕਿਹਾ ਤੇ ਅੱਗੇ ਤੋਂ ਤਾਕੀਦ ਕੀਤੀ ਕਿ ਕੱਲ੍ਹ ਨੂੰ ਆਪਣਾ ਹੌਮ ਵਰਕ ਪੂਰਾ ਕਰ ਕੇ ਲਿਆਵੇ।
ਦੂਸਰੇ ਦਿਨ ਵੀ ਡਮਰੂ ਖ਼ਰਗੋਸ਼ ਨੇ ਹੌਮਵਰਕ ਨਾ ਕੀਤਾ।ਉਸਨੇ ਬਹਾਨਾ ਲਗਾਇਆ ਕਿ ਮੈਡਮ ਜੀ ਕੱਲ੍ਹ ਮੇਰਾ ਬੜੀ ਜੋਰ ਦੀ ਸਿਰ ਦਰਦ ਕਰ ਰਿਹਾ ਸੀ ਇਸ ਲਈ ਮੈਂ ਦਵਾਈ ਲੈ ਕੇ ਸੌਂ ਗਿਆ।ਮੈਂ ਹੌਮਵਰਕ ਨਹੀਂ ਕਰ ਸਕਿਆ।ਸੁੰਦਰੀ ਹਿਰਨੀ ਨੇ ਉਸ ਦੀ ਗੱਲ ਦਾ ਸੱਚ ਮੰਨ ਕੇ ਫਿਰ ਬੈਠ ਜਾਣ ਲਈ ਕਿਹਾ ਤੇ ਕੱਲ੍ਹ ਨੂੰ ਅਗਲਾ ਪਿਛਲਾ ਸਾਰਾ ਹੌਮਵਰਕ ਕਰ ਕੇ ਆਉਣ ਲਈ ਕਿਹਾ।ਬਹਾਨੇਬਾਜ ਡਮਰੂ ਨੂੰ ਹੌਮਵਰਕ ਨਾ ਕਰਨ ਦੀ ਆਦਤ ਹੋ ਗਈ।ਕੋਈ ਨਾ ਕੋਈ ਬਹਾਨਾ ਮਾਰ ਕੇ ਮੈਡਮ ਕੋਲੋਂ ਛੁਟਕਾਰਾ ਤਾਂ ਮਿਲ ਹੀ ਜਾਂਦਾ ਹੈ।ਹੁਣ ਤੀਜੇ ਦਿਨ ਵੀ ਡਮਰੂ ਹੌਮਵਰਕ ਨਾ ਕਰ ਕੇ ਆਇਆ।ਉਸ ਨੇ ਬਹਾਨਾ ਲਗਾਇਆ ਕਿ ਮੇਰੇ ਪਿਤਾ ਜੀ ਦੇ ਪੈਰ ’ਤੇ ਚੋਟ ਲੱਗ ਗਈ ਸੀ।ਪਿਤਾ ਜੀ ਨੂੰ ਪੱਟੀ ਕਰਵਾਉਣ ਵਾਸਤੇ ਗੰਜੇ ਭਾਲੂ ਡਾਕਟਰ ਕੋਲ ਲੈ ਕੇ ਗਿਆ ਸੀ।ਹੁਣ ਸੁੰਦਰੀ ਮੈਡਮ ਨੂੰ ਉਸ ਦੀਆਂ ਬਹਾਨੇਬਾਜੀਆਂ ’ਤੇ ਸ਼ੱਕ ਹੋ ਗਿਆ।ਇਸ ਲਈ ਉਸ ਨੇ ਡਮਰੂ ਨੂੰ ਕਿਹਾ ਕਿ ਤੂੰ ਮੈਨੂੰ ਆਪਣੇ ਮੰਮੀ ਜਾਂ ਪਾਪਾ ਦਾ ਮੋਬਾਈਲ ਨੰਬਰ ਲਿਖਵਾ ਦੇ।ਮੈਂ ਫ਼ੋਨ ’ਤੇ ਗੱਲ ਕਰ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਣਾ ਚਾਹੁੰਦੀ ਹਾਂ।ਫ਼ੋਨ ਨੰਬਰ ਦੇਣ ਲਈ ਡਮਰੂ ਖ਼ਰਗੋਸ਼ ਟਾਲਮਟੋਲ ਕਰਨ ਲੱਗ ਪਿਆ। ਉਸ ਨੇ ਕਿਹਾ ਕਿ ਮੈਡਮ ਜੀ ਮੈਨੂੰ ਫ਼ੋਨ ਨੰਬਰ ਜਬਾਨੀ ਯਾਦ ਨਹੀਂ ਹੈ।ਇਸ ਲਈ ਕੱਲ੍ਹ ਨੂੰ ਘਰੋਂ ਲਿਖ ਕੇ ਲਿਆ ਦੇਵਾਂਗਾ।ਡਮਰੂ ਦੀ ਘਬਰਾਈ ਅਵਾਜ ਵੇਖ ਕੇ ਸੁੰਦਰੀ ਮੈਡਮ ਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ ਕਿ ਡਮਰੂ ਜ਼ਰੂਰ ਝੂਠ ਬੋਲ ਰਿਹਾ ਹੈ।ਉਸ ਨੇ ਡਮਰੂ ਨੂੰ ਬਾਹੋਂ ਫੜ੍ਹ ਕੇ ਖੜ੍ਹਾ ਕਰ ਲਿਆ ਤੇ ਡਮਰੂ ਨੂੰ ਆਪਣੀ ਸਕੂਟਰੀ ’ਤੇ ਬਿਠਾ ਕੇ ਡਮਰੂ ਦੇ ਘਰ ਪੁੱਜ ਗਈ।ਉਸ ਨੇ ਡਮਰੂ ਦੇ ਘਰੋਂ ਪਤਾ ਕੀਤਾ ਤਾਂ ਸਭ ਰਾਜ ਖੁੱਲ੍ਹ ਗਿਆ।ਡਮਰੂ ਦੀ ਮੰਮੀ ਨੇ ਮੈਡਮ ਨੂੰ ਦੱਸਿਆ ਕਿ ਨਾ ਤਾਂ ਪਰਸੋਂ ਮੈਨੂੰ ਬੁਖਾਰ ਸੀ।ਨਾ ਹੀ ਡਮਰੂ ਦਾ ਸਿਰ ਦਰਦ ਕੀਤਾ ਤੇ ਨਾ ਹੀ ਇਸ ਦੇ ਪਿਤਾ ਜੀ ਦੇ ਪੈਰ ’ਤੇ ਚੋਟ ਲੱਗੀ ਸੀ।ਸਗੋਂ ਸਕੂਲੋਂ ਆ ਕੇ ਤਾਂ ਇਹ ਆਪਣੇ ਅਵਾਰਾ ਦੋਸਤਾਂ ਨਾਲ ਖੇਡਣ ਚਲਾ ਜਾਂਦਾ ਹੈ।ਇਸ ਲਈ ਇਹ ਹੌਮਵਰਕ ਨਹੀਂ ਕਰ ਪਾਉਂਦਾ।ਨਾਲ ਹੀ ਡਮਰੂ ਦੀ ਮੰਮੀ ਨੇ ਝੂਠ ਬੋਲਣ ਕਰਕੇ ਇੱਕ ਥੱਪੜ ਡਮਰੂ ਦੇ ਕੰਨ ’ਤੇ ਜੜ ਦਿੱਤਾ।ਡਮਰੂ ਦੀ ਚੀਕ ਨਿਕਲ ਗਈ।ਇਉਂ ਹੀ ਦੋ-ਤਿੰਨ ਹੋਰ ਥੱਪੜ-ਮੁੱਕੇ ਉਸ ਦੇ ਵੱਜੇ।ਸੱਚਾਈ ਪਤਾ ਕਰਨ ਤੋਂ ਬਾਅਦ ਸੁੰਦਰੀ ਮੈਡਮ ਉਸ ਨੂੰ ਉਸ ਦੀ ਮੰਮੀ ਤੋਂ ਛੁਡਵਾ ਕੇ ਆਪਣੇ ਨਾਲ ਸਕੂਲ ਲੈ ਆਈ।ਸਕੂਲ ਵਿੱਚ ਆ ਕੇ ਉਸ ਨੇ ਸਾਰੇ ਜਾਨਵਰ ਬੱਚਿਆਂ ਅੱਗੇ ਡਮਰੂ ਨੂੰ ਖੜ੍ਹਾ ਕਰ ਦਿੱਤਾ।ਸਾਰੀ ਜਮਾਤ ਨੂੰ ਉਸ ਦੀ ਕਰਤੂਤ ਦੱਸੀ ਤੇ ਫਿਰ ਬਸਤਾ ਉਸ ਦੇ ਹੱਥਾਂ ਵਿੱਚ ਪਕੜਾ ਕੇ ਕਿਹਾ ਕਿ ਸਭ ਜਾਣ ਗਏ ਹਨ ਕਿ ਡਮਰੂ ਝੂਠਾ ਅਤੇ ਮੱਕਾਰ ਹੈ।ਇਹ ਪੜ੍ਹਾਈ ਦੇ ਕਾਬਲ ਨਹੀਂ ਹੈ।ਇਸ ਨੂੰ ਆਪਣੇ ਅਵਾਰਾ ਦੋਸਤਾਂ ਨਾਲ ਖੇਡਣਾ ਚੰਗਾ ਲਗਦਾ ਹੈ।ਇਸ ਲਈ ਇਸ ਦਾ ਦਾਖਲਾ ਰੱਦ ਕਰਕੇ ਇਸ ਨੂੰ ਘਰ ਵਾਪਸ ਭੇਜਿਆ ਜਾਂਦਾ ਹੈ।ਇਸ ਤਰ੍ਹਾਂ ਦੇ ਵਿਗੜੇ ਅਤੇ ਝੂਠੇ ਬੱਚਿਆਂ ਲਈ ਸਾਡੇ ਸਕੂਲ ਵਿੱਚ ਕੋਈ ਜਗ੍ਹਾ ਨਹੀਂ ਹੈ।ਸੁਣ ਕੇ ਡਮਰੂ ਨੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ।ਉਸ ਦਾ ਰੋਣਾ ਸੁਣ ਕੇ ਨਿੱਕੀ ਗਲਹਿਰੀ ਨੂੰ ਤਰਸ ਆ ਗਿਆ।ਉਸ ਨੇ ਡਮਰੂ ਦੀ ਵਕਾਲਤ ਕਰਦਿਆਂ ਸੁੰਦਰੋ ਹਿਰਨੀ ਮੈਡਮ ਨੂੰ ਬੇਨਤੀ ਕੀਤੀ ਕਿ ਮੈਡਮ ਜੀ , ਇਸ ਨੂੰ ਇੱਕ ਵਾਰੀ ਮਾਫ਼ ਕਰਕੇ ਸੁਧਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।ਦੁਬਾਰਾ ਅਜਿਹੀ ਗਲਤੀ ਕਰੇ ਤਾਂ ਬੇਸ਼ੱਕ ਮਾਫ਼ ਨਾ ਕੀਤਾ ਜਾਵੇ।ਨਿੱਕੀ ਗਲਹਿਰੀ ਦੀ ਸਲਾਹ ਸਭ ਨੂੰ ਪਸੰਦ ਆ ਗਈ।ਸਾਰੀ ਜਮਾਤ ਨੇ ਨਿੱਕੀ ਗਲਹਿਰੀ ਦੇ ਸਮਰੱਥਨ ਵਿੱਚ ਬੇਨਤੀ ਕਰ ਕੇ ਮੈਡਮ ਜੀ ਨੂੰ ਮਾਫ਼ ਕਰਨ ਲਈ ਮਨਾ ਲਿਆ।ਮੈਡਮ ਦੇ ਕਹਿਣ ’ਤੇ ਡਮਰੂ ਨੇ ਆਪਣੇ ਮੰਮੀ-ਪਾਪਾ ਦਾ ਮੋਬਾਈਲ ਨੰਬਰ ਵੀ ਮੈਡਮ ਨੂੰ ਲਿਖਵਾ ਦਿੱਤਾ।
ਇਸ ਘਟਨਾ ਦਾ ਡਮਰੂ ਦੀ ਜ਼ਿੰਦਗੀ ’ਤੇ ਕਰਾਂਤੀਕਾਰੀ ਅਸਰ ਹੋਇਆ।ਉਹ ਹਰ ਰੋਜ਼ ਘਰੋਂ ਹੌਮਵਰਕ ਕਰਕੇ ਅਤੇ ਸਬਕ ਯਾਦ ਕਰਕੇ ਆਉਣ ਲੱਗ ਪਿਆ।ਜਦੋਂ ਸਕੂਲ ਦੀ ਸਲਾਨਾ ਪਰੀਖਿਆ ਦਾ ਨਤੀਜਾ ਨਿਕਲਿਆ ਤਾਂ ਡਮਰੂ ਦਾ ਨਾਂ ਹੁਸ਼ਿਆਰ ਬੱਚਿਆਂ ਦੀ ਲਿਸਟ ਵਿੱਚ ਸ਼ਾਮਲ ਸੀ।