ਸਲੀਕਾ ਖੁਸ਼ਹਾਲ ਜ਼ਿੰਦਗੀ ਦਾ
(ਲੇਖ )
ਜੀਵਨ ਇਕ ਯਾਤਰਾ ਹੈ ਤੇ ਹਰ ਵਿਅਕਤੀ ਇਸ ਯਾਤਰਾ ਨੂੰ ਖੁਸ਼ੀਆਂ ਦੇ ਅਹਿਸਾਸ ਨਾਲ ਨਿਭਾਉਣਾ ਚਾਹੁੰਦਾ ਹੈ ਜਿਸ ਲਈ ਉਹ ਯਤਨਸ਼ੀਲ ਵੀ ਰਹਿੰਦਾ ਹੈ।ਆਪਣੇ ਕੀਤੇ ਯਤਨਾਂ ਦੇ ਬਾਵਜੂਦ ਉਸ ਦਾ ਦਿਲ-ਦਿਮਾਗ ਉਦਾਸੀਆਂ ਤੇ ਚਿੰਤਾਵਾਂ ਨਾਲ ਭਰਿਆ ਪਿਆ ਹੈ ਕਿਉਂਕਿ ਉਹ ਭੁੱਲ ਗਿਆ ਹੈ ਕਿ ਖੁਸ਼ੀਆਂ ਦੀ ਗੰਗੋਤਰੀ ਤਾਂ ਉਸ ਦੇ ਅੰਦਰ ਹੀ ਵਹਿ ਰਹੀ ਹੈ ਜਿਸ ਦੀ ਭਾਲ ਵਿਚ ਉਹ ਬਾਹਰ ਦੌੜਿਆ ਫਿਰ ਰਿਹਾ ਹੈ।ਸਿਰਫ ਜ਼ਰੂਰਤ ਹੈ ਉਸ ਨੂੰ ਪਛਾਨਣ ਦੀ।ਹਰ ਵਿਅਕਤੀ ਆਪਣੇ ਵਿਚਾਰਾਂ ਨਾਲ ਸਿਰਜਿਆ ਹੋਇਆ ਹੈ ਜੋ ਉਸ ਦੇ ਸੁਭਾਅ ਅਤੇ ਕਰਮ ਦਾ ਹਿੱਸਾ ਬਣ ਜਾਂਦੇ ਹਨ।ਸਫਲਤਾ ਪ੍ਰਸੰਨਤਾ ਵਿਚੋਂ ਉਪਜਦੀ ਹੈ ਅਤੇ ਪ੍ਰਸੰਨਤਾ ਸਾਡੇ ਵਿਚਾਰਾਂ ਦੀ ਜਣਨੀ ਹੈ ਜੋ ਹਾਂ-ਪੱਖੀ ਵਿਚਾਰਾਂ ਤੋਂ ਹੀ ਪ੍ਰਾਪਤ ਹੁੰਦੀ ਹੈ।ਸਕਾਰਾਤਮਕ ਵਿਚਾਰ ਇਕ ਚੰਗੇ ਦਿਨ ਦਾ ਨਿਰਮਾਣ ਕਰਦੇ ਹਨ, ਇਕ ਚੰਗਾ ਦਿਨ ਚੰਗੇ ਮਹੀਨੇ ਦਾ, ਚੰਗਾ ਮਹੀਨਾ ਇਕ ਚੰਗੇ ਸਾਲ ਦਾ ਅਤੇ ਚੰਗਾ ਸਾਲ ਚੰਗੇ ਜੀਵਨ ਦਾ ਨਿਰਮਾਣ ਕਰਦਾ ਹੈ।ਜੇਕਰ ਖੁਸ਼ਹਾਲ ਜ਼ਿੰਦਗੀ ਬਿਤਾਉਣੀ ਹੈ ਤਾਂ ਜ਼ਿੰਦਗੀ ਦੀ ਪ੍ਰੀਭਾਸ਼ਾ ਦੂਜਿਆਂ ਕੋਲੋਂ ਜਾਣਨ ਦੀ ਕੋਸ਼ਿਸ਼ ਨਾ ਕਰੋ ਬਲਕਿ ਇਸ ਦੀ ਪ੍ਰੀਭਾਸ਼ਾ ਖੁਦ ਲਿਖੋ ਕਿਉਂਕਿ ਇਹ ਤੁਹਾਡੀ ਜ਼ਿੰਦਗੀ ਹੈ ਅਤੇ ਖੁਸ਼ਹਾਲ ਜੀਵਨ ਤੁਸੀਂ ਬਿਤਾਉਣਾ ਹੈ ਕਿਸੇ ਹੋਰ ਨੇ ਨਹੀਂ।ਕਿਸੇ ਸਿਆਣੇ ਨੇ ਸੱਚ ਹੀ ਕਿਹਾ ਹੈ:
“ਦੇਖੋ ਤਾਂ ਖਵਾਬ ਹੈ ਜ਼ਿੰਦਗੀ, ਪੜ੍ਹੋ ਤਾਂ ਕਿਤਾਬ ਹੈ ਜ਼ਿੰਦਗੀ।
ਸੁਣੋ ਤਾਂ ਗਿਆਨ ਹੈ ਜ਼ਿੰਦਗੀ, ਹੱਸਦੇ ਰਹੋ ਤਾਂ ਆਸਾਨ ਹੈ ਜ਼ਿੰਦਗੀ”।
ਜ਼ਿੰਦਗੀ ਤਸਵੀਰ ਵੀ ਹੈ ਅਤੇ ਤਕਦੀਰ ਵੀ।ਫਰਕ ਸਿਰਫ ਰੰਗਾਂ ਦਾ ਹੈ।ਮਨਚਾਹੇ ਰੰਗਾਂ ਨਾਲ ਬਣਾਓ ਤਾਂ ਤਸਵੀਰ ਅਤੇ ਅਣਜਾਣੇ ਰੰਗਾਂ ਨਾਲ ਬਣੇ ਤਾਂ ਤਕਦੀਰ।ਇਸ ਲਈ ਜ਼ਿੰਦਗੀ ਦੀ ਖੂਬਸੂਰਤੀ ਦਾ ਮਜ਼ਾ ਲੈਣ ਲਈ ਇਸ ਦੀਆਂ ਰੇਖਾਵਾਂ ਉਮੀਦ ਨਾਲ ਵਾਹੋ, ਸਬਰ ਨਾਲ ਗਲਤੀਆਂ ਨੂੰ ਮਿਟਾ ਦਿਓ, ਬੁਰਸ਼ ਨੂੰ ਧੀਰਜ ਨਾਲ ਰੰਗਾਂ ਵਿਚ ਡੁਬੋਓ ਤੇ ਪਿਆਰ ਨਾਲ ਰੰਗ ਭਰ ਦਿਓ।
ਜ਼ਿੰਦਗੀ ਦੁੱਖਾਂ-ਸੁਖਾਂ ਦਾ ਸੁਮੇਲ ਹੈ।ਇਸ ਦਾ ਅਸੂਲ ਹੈ ਕਿ ਇਹ ਹਰ ਵਿਅਕਤੀ ਨੂੰ ਚੰਗੇ-ਮਾੜੇ ਦਿਨ ਜ਼ਰੂਰ ਵਿਖਾਉਂਦੀ ਹੈ।ਦੁੱਖਾਂ ਦਾ ਜਵਾਲਾਮੁਖੀ ਹੋਵੇ ਜਾਂ ਸੁਨਾਮੀ ਦੀਆਂ ਲਹਿਰਾਂ, ਆਪਣੇ ਜੀਵਨ ਨੂੰ ਕਦੇ ਵੀ ਟੁੱਟਣ ਨਾ ਦਿਓ।ਜ਼ਿੰਦਗੀ ਨੂੰ ਜਿਊਣਾ ਆਪਣੀ ਸਮਝ, ਆਪਣੀ ਨਜ਼ਰ ਤੇ ਆਪਣੀ ਸਿਆਣਪ ’ਤੇ ਨਿਰਭਰ ਕਰਦਾ ਹੈ।ਦੁਨੀਆਂ ਦੀ ਕੋਈ ਵੀ ਪਰੇਸ਼ਾਨੀ ਤੁਹਾਡੀ ਹਿੰਮਤ ਤੋਂ ਵੱਡੀ ਨਹੀਂ ਹੈ।ਦੁਨੀਆਂ ਦੀਆਂ ਸਾਰੀਆਂ ਸ਼ਕਤੀਆਂ ਤੁਹਾਡੇ ਅੰਦਰ ਮੌਜੂਦ ਹਨ ਪਰ ਮੁਸ਼ਕਿਲ ਇਹ ਹੈ ਕਿ ਅਸੀਂ ਇਨ੍ਹਾਂ ਨੂੰ ਪਛਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ।ਚਿੰਤਨ ਕਰਦੇ ਹੋਏ ਖੁਦ ਨੂੰ ਨਿਖਾਰੋ, ਤਰਾਸ਼ੋ ਅਤੇ ਆਪਣੀਆਂ ਕਮੀਆਂ ਨੂੰ ਦੂਰ ਕਰਦੇ ਹੋਏ ਮੁਸੀਬਤਾਂ ਦਾ ਮੁਕਾਬਲਾ ਕਰੋ।ਮੁਸੀਬਤਾਂ ਨਾਲ ਲੋਹਾ ਲੈ ਕੇ ਹੀ ਵਿਅਕਤੀ ਦਾ ਚਰਿੱਤਰ ਚਮਕਦਾ ਹੈ।ਲੋੜ ਹੈ ਤਾਂ ਕੇਵਲ ਕਾਮਯਾਬੀ ਦੇ ਜਨੂੰਨ ਦੀ।ਹਿੰਮਤ, ਹੌਂਸਲਾ ਅਤੇ ਲਗਨ ਡੂੰਘੀਆਂ ਅਤੇ ਲੰਬੀਆਂ ਵਾਟਾਂ ਨੂੰ ਚੀਰਨ ਦੀ ਤਾਕਤ ਰੱਖਦੇ ਹਨ।ਹਨੇਰੇ ’ਚੋਂ ਰੋਸ਼ਨੀ ਵੇਖਣ ਦੀ ਆਸ ਰੱਖੋਗੇ ਤਾ ਰੋਸ਼ਨੀ ਜ਼ਰੂਰ ਨਜ਼ਰ ਆਵੇਗੀ।ਸਮੁੰਦਰ ਦਾ ਪਾਣੀ ਜਹਾਜ਼ ਨੂੰ ਡੁਬੋ ਨਹੀਂ ਸਕਦਾ ਜਿੰਨੀ ਦੇਰ ਤੱਕ ਪਾਣੀ ਇਸ ਦੇ ਅੰਦਰ ਨਹੀਂ ਜਾਂਦਾ।ਇਸੇ ਤਰ੍ਹਾਂ ਦੁਨੀਆਂ ਦੀ ਸਾਰੀ ਨਕਾਰਾਤਮਕਤਾ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ ਜਿੰਨੀ ਦੋਰ ਤੱਕ ਇਹ ਸਾਡੇ ਅੰਦਰ ਦਾਖਲ ਨਹੀਂ ਹੁੰਦੀ।ਇਸ ਲਈ ਮਾੜੇ ਟ੍ਰਿਸ਼ਟੀਕੋਣ ਨੂੰ ਕਦੇ ਵੀ ਆਪਣੀ ਸੋਚ ਦਾ ਹਿੱਸਾ ਨਾ ਬਣਨ ਦਿਓ।ਮਾੜਾ ਦ੍ਰਿਸ਼ਟੀਕੋਣ ਆਪਣੀ ਨਿਰਾਸ਼ਾਵਾਦੀ ਬਿਰਤੀ ਕਾਰਨ ਜੀਵਨ ਨੂੰ ਨਿਗਲ ਲੈਣ ਵਾਲੇ ਅੰਧਕਾਰ ਨੂੰ ਨਿੱਤ ਡੂੰਘੇ ਤੋਂ ਡੂੰਘਾ ਕਰਦਾ ਜਾਂਦਾ ਹੈ।ਇਸ ਦੇ ਸਿੱਟੇ ਵਜੋਂ ਵਿਅਕਤੀ ਦੇ ਚਾਰੇ ਪਾਸੇ ਉਦਾਸੀ, ਭੈਅ ਅਤੇ ਨਫਰਤ ਵਾਲਾ ਵਾਤਾਵਰਣ ਸਿਰਜਦਾ ਹੈ ਜਦੋਂ ਕਿ ਸਕਾਰਾਤਮਕ ਵਿਚਾਰ ਆਪਣੀ ਉਮੀਦਵਾਨ ਬਿਰਤੀ ਕਾਰਨ ਜੀਵਨ ਸ਼ਕਤੀ ਦਾ ਸੰਚਾਲਕ ਬਣ ਕੇ ਜੀਵਨ ਨੂੰ ਸਫਲ, ਸੁਖਾਵਾਂ, ਸਰਲ ਅਤੇ ਖੁਸ਼ਹਾਲ ਬਣਾਉਂਦੇ ਹਨ।ਸਮੇਂ-ਸਮੇਂ ’ਤੇ ਵਿਚਾਰਾਂ ਦਾ ਮੰਥਨ ਅਤੇ ਲੋੜ ਮੁਤਾਬਕ ਉਨ੍ਹਾਂ ਦੀ ਸ਼ੁੱਧੀ ਜਾਂ ਸੋਧ ਕਰਦੇ ਰਹੋ।ਇਸ ਨਾਲ ਨਵੇਂ ਵਿਚਾਰ ਜਨਮ ਲੈਣਗੇ ਜਿਸ ਦੇ ਸਿੱਟੇ ਵਜੋਂ ਜੀਵਨ ਵਿਚਲੇ ਟੋਢੇ-ਮੇਢੇ ਰਾਹਾਂ ’ਤੇ ਚੱਲਣਾ ਆਸਾਨ ਹੋ ਜਾਂਦਾ ਹੈ ਅਤੇ ਬਹੁਤੀ ਵਾਰ ਮੁਸੀਬਤਾਂ ਦਾ ਹੱਲ ਵੀ ਸਹਿਜੇ ਹੀ ਮਿਲ ਜਾਂਦਾ ਹੈ।ਜ਼ਿੰਦਗੀ ਨੂੰ ਜਬਰਦਸਤ ਤਰੀਕੇ ਨਾਲ ਜਿਊਣ ਦੀ ਸੋਚੋ।ਜ਼ਿੰਦਗੀ ਬਹੁਤ ਖੂਬਸੂਰਤ ਹੋ ਸਕਦੀ ਹੈ ਬਸ਼ਰਤੇ ਇਸ ਨੂੰ ਜਿਊਣ ਦਾ ਸਲੀਕਾ ਸਿੱਖ ਲਿਆ ਜਾਵੇ।ਦੁੱਖ ਦੇ ਸਮੇਂ ਐਵੇਂ ਡੁਸਕਣਾ ਜਾਂ ਹੇਰਵੇ ਵਿਖਾਈ ਜਾਣਾ ਸੱਚੇ ਪਾਂਧੀ ਦਾ ਕਾਰਜ ਨਹੀਂ।ਬੰਦਾ ਅਪੰਗ ਸਰੀਰ ਤੋਂ ਨਹੀਂ ਸੋਚ ਤੋਂ ਹੁੰਦਾ ਹੈ।ਖੁਸ਼ਹਾਲ ਜ਼ਿੰਦਗੀ ਦੇ ਪੱਕੇ ਕੋਈ ਨਿਯਮ ਨਹੀਂ ਹਨ।ਇਹ ਸਮੇਂ ਸਮੇਂ ਦੇ ਹਾਲਾਤ ਅਨੁਸਾਰ ਬਦਲਦੇ ਰਹਿੰਦੇ ਹਨ।ਹੌਂਸਲਾ, ਸੰਘਰਸ਼ ਤੇ ਦ੍ਰਿਸ਼ਟੀਕੋਣ ਜ਼ਿੰਦਗੀ ਦੇ ਮੂਲ-ਮੰਤਰ ਹਨ।ਸਤਰੰਗੀ ਪੀਂਘ ਵਾਂਗ ਜ਼ਿੰਦਗੀ ਦੇ ਹਰ ਰੰਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਜਾਵੇ ਕਿਉਂਕਿ ਜ਼ਿੰਦਗੀ ਤੱਕੜੀ ਦੇ ਪੱਲਿਆਂ ਵਾਂਗ ਸੰਤੁਲਿਤ ਹੀ ਰਾਸ ਆਉਂਦੀ ਹੈ।
ਵੇਦ ਵਿਆਸ ਜੀ ਅਨੁਸਾਰ:
“ ਕਿਸੇ ਤੋਂ ਸਹਾਰਾ ਲਏ ਬਿਨਾ ਕੋਈ ਉੱਪਰ ਨਹੀਂ ਚੜ੍ਹ ਸਕਦਾ।ਹਰ ਕਿਸੇ ਨੂੰ ਜ਼ਿੰਦਗੀ ਵਿਚ ਕਦੇ ਨਾ ਕਦੇ, ਕਿਸੇ ਨਾ ਕਿਸੇ ਦਾ ਸਹਾਰਾ ਲੈਣਾ ਹੀ ਪੈਂਦਾ ਹੈ”।
ਜੋ ਵਿਅਕਤੀ ਹਰ ਕੰਮ ਲਈ ਦੂਜਿਆਂ ਦਾ ਸਹਾਰਾ ਲੱਭਣ ਲੱਗ ਪੈਂਦੇ ਹਨ, ਉਹ ਕਦੇ ਵੀ ਸਫਲਤਾ ਦੀਆਂ ਉਚਾਈਆਂ ਹਾਸਲ ਨਹੀਂ ਕਰ ਸਕਦੇ।ਸਦਾ ਬੇਗਾਨੇ ਖੰਭਾਂ ਦਾ ਸਹਾਰਾ ਲੱਭਣ ਵਾਲੇ ਸਾਰੀ ਉਮਰ ਹਨੇਰਾ ਹੀ ਢੋਂਦੇ ਹਨ।ਆਪਣੀ ਪਰਛਾਈ ਲਈ ਖੁਦ ਧੁੱਪ ਵਿਚ ਖੜੇ ਰਹਿਣਾ ਪੈਂਦਾ ਹੈ।ਦੂਜਿਆਂ ਦੀ ਛਾਂ ਵਿਚ ਖੜੇ ਰਹਿ ਕੇ ਅਸੀਂ ਆਪਣੀ ਪਰਛਾਈ ਖੋਹ ਦਿੰਦੇ ਹਾਂ ਜਿਸ ਕਾਰਨ ਜ਼ਿੰਦਗੀ ਵਿਚ ਬਹੁਤ ਤਕਲੀਫ ਮਿਲਦੀ ਹੈ।ਤੈਰਨਾ ਸਿੱਖਣਾ ਹੈ ਤਾਂ ਪਾਣੀ ਵਿਚ ਉਤਰਨਾ ਹੀ ਹੋਵੇਗਾ।ਕਿਨਾਰੇ ਬੈਠ ਕੇ ਕੋਈ ਗੋਤਾਖੋਰ ਨਹੀਂ ਬਣ ਸਕਦਾ।ਇਸ ਲਈ ਹਰ ਸਮੇਂ ਦੂਜਿਆਂ ’ਤੇ ਨਿਰਭਰ ਨਾ ਰਹੋ।ਆਪਣੇ ਸੁਪਨਿਆਂ ਦੀ ਮੰਜ਼ਿਲ ਪ੍ਰਾਪਤੀ ਲਈ ਪਹਿਲੀ ਪੁਲਾਂਘ ਖੁਦ ਦੇ ਹੌਂਸਲੇ ਨਾਲ ਹੀ ਪੁੱਟਣੀ ਪੈਂਦੀ ਹੈ।ਆਪਣੀ ਸਮਰੱਥਾ ਤੋਂ ਵੱਧ ਦਾ ਬੋਝ ਕਦੇ ਵੀ ਆਪਣੇ ’ਤੇ ਨਾ ਲਓ।ਅਜਿਹੇ ਲੋਕ ਜਲਦੀ ਹੀ ਨਿਰਾਸ਼ ਹੋ ਕੇ ਥੱਕ ਜਾਂਦੇ ਹਨ ਅਤੇ ਕੰਮ-ਕਾਜ ਤੋਂ ਉਦਾਸੀਨ ਹੋ ਜਾਂਦੇ ਹਨ।ਇਨਸਾਨ ਦੇ ਜੀਵਨ ਵਿਚ ਸਮੇਂ ਤੋਂ ਅਨਮੋਲ ਕੋਈ ਹੋਰ ਚੀਜ਼ ਨਹੀਂ ਹੈ।ਇਸ ਦੀ ਕਦਰ ਕਰੋ। ਸਹੀ ਵਕਤ, ਸਹੀ ਮੌਕਿਆਂ ਅਤੇ ਸਹੀ ਹਾਲਾਤਾਂ ਦਾ ਇੰਤਜ਼ਾਰ ਕਰਨਾ ਬੰਦ ਕਰ ਦਿਓ ਕਿਉਂਕਿ ਵਕਤ ਤੇ ਹਾਲਾਤ ਕਦੇ ਵੀ ਸਹੀ ਨਹੀਂ ਹੁੰਦੇ ਬਲਕਿ ਉਨ੍ਹਾਂ ਨੂੰ ਸਹੀ ਬਣਾਉਣਾ ਪੈਂਦਾ ਹੈ, ਆਪਣੀ ਸੋਚ, ਵਿਵਹਾਰ ਅਤੇ ਮਿਹਨਤ ਨਾਲ। ਜੀਵਨ ਦੇ ਹਰ ਪਲ ਦੀ ਸਦਵਰਤੋਂ ਕਰਦੇ ਰਹੋ ਅਤੇ ਇਕ ਪਲ ਵੀ ਵਿਅਰਥ ਨਾ ਗਵਾਇਆ ਜਾਵੇ।ਅਤੀਤ ਬਾਰੇ ਸੋਚ-ਸੋਚ ਕੇ ਦੁਖੀ ਹੋਣ ਦੀ ਬਜਾਏ ਇਸ ਤੋਂ ਸਿੱਖਿਆ ਲੈਂਦੇ ਹੋਏ ਵਰਤਮਾਨ ਨੂੰ ਸਿਹਤਮੰਦ ਬਣਾਉਣ ਦੀ ਕੋਸ਼ਿਸ਼ ਕਰੋ ਤੇ ਇਸ ਦਾ ਆਨੰਦ ਲਓ ਕਿਉਂਕਿ ਵਰਤਮਾਨ ਹੀ ਤੁਹਾਡਾ ਭਵਿੱਖ ਸੁਨਹਿਰੀ ਬਣਾਉਣ ਵਾਲਾ ਹੈ।ਸਿਆਣੇ ਕਹਿੰਦੇ ਹਨ:
“ ਗੁਜ਼ਰੀ ਹੋਈ ਜ਼ਿੰਦਗੀ ਨੂੰ ਕਦੇ ਯਾਦ ਨਾ ਕਰ, ਤਕਦੀਰ ਵਿਚ ਜੋ ਲਿਖਿਆ ਹੈ ਉਸ ਦੀ ਫਰਿਆਦ ਨਾ ਕਰ,
ਜੋ ਹੋਗਾ ਵੋ ਹੋਕਰ ਰਹੇਗਾ, ਤੂੰ ਕੱਲ੍ਹ ਕੀ ਫਿਕਰ ਮੇਂ ਆਜ ਕੀ ਖੁਸ਼ੀ ਤੋ ਬਰਬਾਦ ਨਾ ਕਰ”।
ਪਿਆਰ ਜੀਵਨ ਨੂੰ ਨਵੀਂ ਦਿਸ਼ਾ ਦਿੰਦਾ ਹੈ।ਇਹ ਪ੍ਰੇਰਕ ਬਣ ਕੇ ਜੀਵਨ ਵਿਚ ਨਵੀਆਂ ਉਮੰਗਾਂ ਭਰ ਦਿੰਦਾ ਹੈ।ਜਿਸ ਘਰ ਵਿਚ ਸਾਰੇ ਇਕ-ਦੂਜੇ ਨਾਲ ਪਿਆਰ, ਹਮਦਰਦੀ ਅਤੇ ਸਦਭਾਵਨਾ ਨਾਲ ਰਹਿੰਦੇ ਹੋਣ, ਉੱਥੇ ਸਾਰਾ ਮਾਹੌਲ ਖੁਸ਼ਗਵਾਰ ਤੇ ਹੁਸੀਨ ਰਹਿੰਦਾ ਹੈ।ਸਾਰਿਆਂ ਪ੍ਰਤੀ ਪਿਆਰ, ਸਹਿਯੋਗ ਅਤੇ ਤਰਸ ਦੀ ਭਾਵਨਾ ਰੱਖਣਾ ਹੀ ਤਾਂ ਮਨੁੱਖਤਾ ਦੀ ਪਹਿਚਾਨ ਹੈ।ਇਸ ਲਈ ਨਫਰਤਾਂ ਨੂੰ ਦਿਲਾਂ ’ਚੋਂ ਕੱਢ ਕੇ ਪਿਆਰ-ਮੁਹੱਬਤ ਦੀ ਗੱਲ ਕੀਤੀ ਜਾਵੇ।ਈਰਖਾ ਤੇ ਸਾੜੇ ਨੂੰ ਤਿਆਗ ਕੇ ਇਕ-ਦੂਜੇ ਦੇ ਨੇੜੇ ਆਉਣ ਦਾ ਪ੍ਰਣ ਕੀਤਾ ਜਾਵੇ।ਸਾਡੇ ਬੋਲ ਅਤੇ ਕਰਮ ਅਜਿਹੇ ਹੋਣ ਕਿ ਦੂਜਿਆਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਬਲਕਿ ਦੂਜਿਆਂ ਦੀ ਗੱਲ ਨੂੰ ਵੀ ਤਵੱਜੋ ਦਿੱਤੀ ਜਾਵੇ।ਜਿਸ ਨੂੰ ਤੁਹਾਡੀ ਜ਼ਰੂਰਤ ਨਾ ਹੋਵੇ ਉਸ ਨੂੰ ਜਬਰਨ ਆਪਣਾ ਪ੍ਰੇਮ ਪ੍ਰਦਰਸ਼ਨ ਨਾ ਕਰੋ।ਤੁਹਾਡੇ ਨਾਲ ਤੁਹਾਡੀਆਂ ਭਾਵਨਾਵਾਂ ਵੀ ਕੁਚਲ ਦਿੱਤੀਆਂ ਜਾਣਗੀਆਂ।ਕਿਸੇ ਦੇ ਸਾਹਮਣੇ ਗਿੜਗੜਾਉਣ ਨਾਲ ਨਾ ਤਾਂ ਇੱਜ਼ਤ ਮਿਲਦੀ ਹੈ ਅਤੇ ਨਾ ਹੀ ਮੁਹੱਬਤ।ਆਪਣੇ ਸਨਮਾਨ ਨੂੰ ਜ਼ਿੰਦਾ ਰੱਖੋ।ਆਪਣੀ ਅਸਲ ਪਛਾਣ ਦੀ ਚਮਕ-ਦਮਕ ਕਦੇ ਵੀ ਫਿੱਕੀ ਨਾ ਪੈਣ ਦਿਓ।ਇਨਸਾਨ ਦੀ ਹਾਰ ਉਦੋਂ ਹੁੰਦੀ ਹੈ ਜਦੋਂ ਉਸ ਵਿਚ ਕੋਈ ਦਿਖਾਵਟ ਜਾਂ ਮਿਲਾਵਟ ਸ਼ਾਮਲ ਕਰਕੇ ਨਕਲੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।ਸਮੁੰਦਰ ਜੇਕਰ ਖਾਰਾ ਹੈ ਤਾਂ ਖਾਰਾ ਹੀ ਰਹੇਗਾ।ਇਸ ਵਿਚ ਖੰਡ ਘੋਲ ਕੇ ਮਿੱਠਾ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਇਸ ਵਿਚ ਨੁਕਸਾਨ ਹੀ ਹੋਵੇਗਾ।ਸਿਆਣੇ ਕਹਿੰਦੇ ਹਨ::
“ਨਾ ਕਿਸੀ ਕੇ ਅਭਾਵ ਮੇਂ ਜੀਓ ਨਾ ਕਿਸੀ ਕੇ ਪ੍ਰਭਾਵ ਮੇਂ ਜੀਓ, ਜ਼ਿੰਦਗੀ ਆਪ ਕੀ ਹੈ ਬੱਸ ਅਪਨੇ ਮਸਤ ਸਵਭਾਵ ਮੇਂ ਜੀਓ”।
ਤਿੰਨ ਚੀਜ਼ਾਂ ਨੂੰ ਸਦਾ ਹੀ ਜ਼ਿੰਦਗੀ ਵਿਚ ਮਹੱਤਵ ਦਿਓ: ਪਰਿਵਾਰ, ਰਿਸ਼ਤੇਦਾਰ ਅਤੇ ਮਿੱਤਰ।ਇਹ ਜ਼ਿੰਦਗੀ ਦੀ ਜੜ੍ਹ ਹਨ। ਜ਼ਿੰਦਗੀ ਦੀ ਕਿਤਾਬ ਦੇ ਵਰਕੇ ਸੁਨਹਿਰੀ ਲਿਖਣ ਲਈ ਇਨ੍ਹਾਂ ਤਿੰਨਾਂ ਨੂੰ ਸਦਾ ਮਹੱਤਵ ਦਿਓ।ਪਰਿਵਾਰ ਦੇ ਨਾਲ ਜੁੜੇ ਰਹਿਣ ਨਾਲ ਹੀ ਅਸੀਂ ਜੀਵਨ ਦੀ ਹਰ ਅਵਸਥਾ ਦਾ ਆਨੰਦ ਲੈ ਸਕਦੇ ਹਾਂ ਕਿਉਂਕਿ ਬਾਕੀ ਤਾਂ ਤੁਹਾਨੂੰ ਦੁੱਖ ਦੀ ਘੜੀ ਵਿਚ ਛੱਡ ਸਕਦੇ ਹਨ ਪਰ ਕੇਵਲ ਪਰਿਵਾਰ ਹੀ ਤੁਹਾਨੂੰ ਨਹੀਂ ਛੱਡ ਸਕਦਾ ਜੇਕਰ ਤੁਹਾਡੇ ਆਪਣੇ ਪਰਿਵਾਰ ਨਾਲ ਸੁਖਾਵੇਂ ਸਬੰਧ ਹੋਣ।ਮਨੁੱਖੀ ਰਿਸ਼ਤੇ ਸਮਾਜ ਦਾ ਆਧਾਰ ਬਣਾਉਂਦੇ ਹਨ ਅਤੇ ਇਨ੍ਹਾਂ ਦੀ ਛਾਂ ਹੇਠ ਜ਼ਿੰਦਗੀ ਹੱਸਦੀ-ਖੇਡਦੀ, ਮਹਿਕਾਂ ਵੰਡਦੀ ਪ੍ਰਤੀਤ ਹੁੰਦੀ ਹੈ।ਇਸ ਲਈ ਆਪਸੀ ਆਦਾਨ-ਪ੍ਰਦਾਨ ਦੇ ਜ਼ਰੀਏ ਇਨ੍ਹਾਂ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ।ਇਨ੍ਹਾਂ ਨੂੰ ਟਿਕਾਊ ਅਤੇ ਤਾਜ਼ਾ ਰੱਖਣ ਲਈ ਇੱਕ-ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰੋ।ਦੋਸਤੀ ਇਕ ਅਜਿਹਾ ਰਿਸ਼ਤਾ ਹੈ ਜੋ ਤਿਆਗ, ਪਿਆਰ ਅਤੇ ਵਿਸ਼ਵਾਸ ’ਤੇ ਆਧਾਰਿਤ ਹੁੰਦਾ ਹੈ।ਵਧੀਆ ਦੋਸਤ ਤੁਹਾਡੇ ਹਨੇਰੇ ਰਾਹਾਂ ’ਤੇ ਮੁਹੱਬਤ ਦਾ ਦੀਵਾ ਬਾਲਦੇ ਹੋਏ ਜ਼ਖਮਾਂ ’ਤੇ ਮਲ੍ਹਮ ਲਗਾਉਂਦੇ ਹਨ।ਕਈ ਵਾਰ ਅਜਿਹੇ ਹਾਲਾਤ ਵੀ ਹੋ ਜਾਂਦੇ ਹਨ ਜਦੋਂ ਸਾਕ-ਸਬੰਧੀ ਵੀ ਸਾਥ ਛੱਡ ਜਾਂਦੇ ਹਨ ਤਾਂ ਅਜਿਹੇ ਮੌਕਿਆਂ ’ਤੇ ਵਧੀਆ ਦੋਸਤ ਰਿਸ਼ਤਿਆਂ ਤੋਂ ਵੀ ਵੱਧ ਕੰਮ ਆਉਂਦੇ ਹਨ।
ਤਿੰਨ ਚੀਜ਼ਾਂ ਜੀਵਨ ਵਿਚ ਸੋਚ-ਸਮਝ ਕੇ ਉਠਾਓ: ਕਸਮ, ਕਦਮ ਅਤੇ ਕਲਮ।ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਕਿਸੇ ਗੱਲ ਦਾ ਤਰਕ ਨਾਲ ਉੱਤਰ ਦੇਣ ਦੀ ਥਾਂ ਕਸਮ ਖਾ ਕੇ ਉੱਤਰ ਦਿੰਦੇ ਹਨ ਅਤੇ ਕਈ ਵਾਰ ਗੱਲ-ਗੱਲ ਉੱਤੇ ਕਸਮ ਖਾਂਦੇ ਹਨ ਕਦੇ ਬੱਚਿਆਂ ਦੀ, ਕਦੇ ਕਿਸੇ ਗੁਰੂ ਦੀ ਅਤੇ ਕਦੇ ਕਿਸੇ ਹੋਰ ਅਣਮੁੱਲੀ ਚੀਜ਼ ਦੀ।ਅਜਿਹੇ ਕਸਮ ਖਾਣ ਵਾਲੇ ਲੋਕਾਂ ਦੀ ਸ਼ਖਸੀਅਤ ਪ੍ਰਭਾਵਸ਼ਾਲੀ ਨਹੀਂ ਹੁੰਦੀ ਅਤੇ ਆਤਮ-ਵਿਸ਼ਵਾਸ ਤੋਂ ਸੱਖਣੇ ਹੁੰਦੇ ਹਨ।ਜੇਕਰ ਤੁਸੀਂ ਸੱਚੇ ਹੋ ਤਾਂ ਤਰਕ ਨਾਲ ਗੱਲ ਕਰੋ ਤੇ ਜੇ ਗਲਤ ਹੋ ਤਾਂ ਗਲਤੀ ਮੰਨ ਲੈਣ ਵਿਚ ਵੀ ਕੋਈ ਹਰਜ ਨਹੀਂ।ਜਿਨ੍ਹਾਂ ਨੂੰ ਤੁਹਾਡੇ ’ਤੇ ਵਿਸ਼ਵਾਸ ਨਹੀਂ ਉਹ ਤੁਹਾਡੀ ਕਸਮ ’ਤੇ ਵੀ ਵਿਸ਼ਵਾਸ ਨਹੀਂ ਕਰਨਗੇ।ਕਈ ਵਾਰ ਅਸੀਂ ਭਾਵਨਾਤਮਕ ਹੁੰਦੇ ਹੋਏ ਛੋਟੀਆਂ-ਛੋਟੀਆਂ ਗੱਲਾਂ ’ਤੇ ਤੁਰੰਤ ਆਪਣੇ ਸਬੰਧ ਨਜ਼ਦੀਕੀਆਂ ਨਾਲੋਂ ਤੋੜ ਲੈਂਦੇ ਹਾਂ ਅਤੇ ਅਣਮੁੱਲੀਆਂ ਸਾਝਾਂ ਤੋਂ ਵਾਂਝੇ ਰਹਿ ਜਾਂਦੇ ਹਾਂ।ਇਸ ਲਈ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਲਓ ਅਤੇ ਜੇਕਰ ਚੁੱਕ ਲਿਆ ਤਾਂ ਫਿਰ ਆਪਣੇ ਕਦਮ ਪਿੱਛੇ ਨਾ ਹਟਾਓ।ਕਲਮ ਇਕ ਅਜਿਹਾ ਹਥਿਆਰ ਹੈ ਜੋ ਹੱਸਦਿਆਂ ਨੂੰ ਰੁਆ ਦਿੰਦਾ ਹੈ, ਰੋਂਦਿਆਂ ਨੂੰ ਹਸਾ ਦਿੰਦਾ ਹੈ, ਨਿਰਾਸ਼ ਚਿਹਰਿਆਂ ’ਤੇ ਮੁਸਕਰਾਹਟਾਂ ਲਿਆ ਦਿੰਦਾ ਹੈ ਤੇ ਸੰਗੀਤ ਦੀਆਂ ਧੁਨਾਂ ਵਾਂਗ ਲੋਕਾਂ ਨੂੰ ਝੂਮਣ ਵੀ ਲਾ ਦਿੰਦਾ ਹੈ।ਜਦੋਂ ਕਲਮ ਤਿੱਖੀ ਹੋ ਕੇ ਚੱਲੇ ਤਾਂ ਤੋਪਾਂ ਵਾਂਗ ਫਾਇਰ ਵੀ ਦਾਗਦੀ ਹੈ।ਜ਼ਿੰਦਗੀ ਵਿਚ ਜੇਕਰ ਕਲਮ ਚੁੱਕਣੀ ਪਵੇ ਤਾਂ ਨਿਰਾਸ਼ ਚਿਹਰਿਆਂ ’ਤੇ ਖੁਸ਼ੀਆਂ ਲਿਆਉਣਾ ਇਸ ਦਾ ਮੰਤਵ ਰੱਖੋ।
ਅੱਜ ਮਨੁੱਖ ਦੀ ਸੋਚ ਅਜਿਹੀ ਬਣ ਗਈ ਹੈ ਕਿ ਅਸੀਂ ਹਰ ਕੰਮ ਵਿਚ ਆਪਣਾ ਸਵਾਰਥ ਵੇਖਦੇ ਹਾਂ।ਜੇ ਸਾਨੂੰ ਫਾਇਦਾ ਹੈ ਤਾਂ ਅਸੀਂ ਉਹ ਕੰਮ ਕਰਦੇ ਹਾਂ ਨਹੀਂ ਤਾਂ ਉਹ ਕੰਮ ਕਰਦੇ ਹੀ ਨਹੀਂ।ਹਰ ਚੀਜ਼ ਵਿਚ ਸਵਾਰਥ ਨਾ ਵੇਖੋ।ਕਦੇ ਦੂਜਿਆਂ ਦੇ ਲਈ ਵੀ ਕੰਮ ਕਰੋ।ਇਹ ਸ੍ਰਿਸ਼ਟੀ ਉਪਕਾਰ ਦੀ ਭਾਵਨਾ ਨਾਲ ਚੱਲਦੀ ਹੈ।ਦੁਜਿਆਂ ਲਈ ਕੁਝ ਕਰਨਾ, ਨਿਰਸੁਆਰਥ ਭਾਵਨਾ ਨਾਲ ਕਰਨਾ ਅਤੇ ਹਮੇਸ਼ਾਂ ਕਰਦੇ ਰਹਿਣ ਵਾਲਾ ਵਿਅਕਤੀ ਸਦਾ ਸਦਾਚਾਰੀ ਆਦਰਸ਼ ਜੀਵਨ ਜਿਊਂਦਾ ਹੈ।ਅਜਿਹੇ ਇਨਸਾਨ ਸਾਹਮਣੇ ਦੁਸ਼ਮਣਾਂ ਦੀਆਂ ਸਾਰੀਆਂ ਚਾਲਾਂ ਅਤੇ ਸਾਜਿਸ਼ਾਂ ਬੌਣੀਆਂ ਹੀ ਸਾਬਤ ਹੁੰਦੀਆਂ ਹਨ।ਇਹ ਸੰਸਾਰ ਉਨ੍ਹਾਂ ਲਈ ਸੋਹਣਾ ਅਤੇ ਖੁਸ਼ਗਵਾਰ ਹੁੰਦਾ ਹੈ ਜਿਨ੍ਹਾਂ ਦੀ ਸੋਚ ਵਿਚ ਜੰਨਤ ਹੁੰਦੀ ਹੈ।ਸੱਚਿਆਰਾ ਬਣਨ ਲਈ ਚੰਗੇ ਕਰਮਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।ਸਖਤ ਮਿਹਨਤ ਅਤੇ ਕਿਤਾਬਾਂ ਦੀ ਪੌੜੀ ਹਮੇਸ਼ਾਂ ਆਦਮੀ ਨੂੰ ਉਸ ਦੀ ਮੰਜ਼ਿਲ ਤੱਕ ਲੈ ਜਾਣ ਲਈ ਸਹਾਈ ਹੁੰਦੀ ਹੈ।ਮਿਆਰੀ ਕਿਤਾਬਾਂ ਪੜ੍ਹਨ ਨਾਲ ਦਿਮਾਗ ਦੇ ਦਰਵਾਜ਼ੇ ਖੁਲ੍ਹ ਜਾਂਦੇ ਹਨ ਅਤੇ ਦੂਸਰਿਆਂ ਨੂੰ ਵੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ।ਇਸ ਲਈ ਚੰਗੀਆਂ ਕਿਤਾਬਾਂ ਅਤੇ ਮਿਹਨਤ ਦਾ ਪੱਲਾ ਕਦੇ ਨਾ ਛੱਡੋ।
ਜ਼ਿੰਦਗੀ ਦੀ ਖੇਡ ਨੂੰ ਕੁਸ਼ਲਤਾਪੂਰਵਕ ਅਤੇ ਧਿਆਨ ਨਾਲ ਖੇਡਦੇ ਰਹਿਣ ਨਾਲ ਹੀ ਜਿੱਤ ਪ੍ਰਾਪਤ ਹੁੰਦੀ ਹੈ।ਧਿਆਨ ਭਟਕਣ ’ਤੇ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ।ਹਾਲਾਤ ਕਿਹੋ ਜਿਹੇ ਵੀ ਹੋਣ ਔਖੇ ਜਾਂ ਸੌਖੇ, ਆਪਣੇ ਰਸਤੇ ’ਤੇ ਚਲਦੇ ਰਹਿਣਾ ਹੀ ਧਰਮ ਹੈ।ਆਪਸੀ ਸਹਿਯੋਗ ਸਰਬੋਤਮ ਮਨੁੱਖੀ ਗੁਣ ਹੈ।ਇਸ ਦੀ ਗੈਰ ਮੌਜੂਦਗੀ ਮਨੁੱਖ ਦੀ ਜ਼ਿੰਦਗੀ ਨੂੰ ਕਮਜ਼ੋਰ ਕਰ ਦਿੰਦੀ ਹੈ।ਕਿਸੇ ਵਿਅਕਤੀ ਦੇ ਸਹਿਯੋਗ ਨੂੰ ਤੋਹਫਾ ਮੰਨਣਾ ਚਾਹੀਦਾ ਹੈ ਅਤੇ ਉਸ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ।ਦੂਜਿਆਂ ਦੇ ਦੋਸ਼ਾਂ ਅਤੇ ਆਪਣੇ ਕੀਤੇ ਉਪਕਾਰਾ ਨੂੰ ਭੁੱਲ ਜਾਣਾ ਚੰਗਾ ਹੈ ਪਰ ਦੂਜਿਆਂ ਦੇ ਉਪਕਾਰਾਂ ਨੂੰ ਸਦਾ ਯਾਦ ਰੱਖ ਕੇ ਉਨ੍ਹਾਂ ਦੇ ਸ਼ੁਕਰਗੁਜ਼ਾਰ ਹੋਣਾ ਵਿਅਕਤੀ ਦੇ ਉੱਚ ਆਚਰਣ ਦਾ ਪ੍ਰਤੀਕ ਹੈ।ਅਸਲੀਅਤ ਵਿਚ ਰਹਿ ਕੇ ਲੋਕਾਂ ਕੋਲੋਂ ਸਿੱਖਣ ਦੀ ਆਦਤ ਪਾਈ ਜਾਵੇ ਤਾਂ ਇਹ ਸਾਨੂੰ ਪੂਰਨਤਾ ਦੇ ਨੇੜੇ ਲੈ ਜਾਂਦੀ ਹੈ।ਇਨਸਾਨ ਦੀ ਹਾਰ ਕੇਵਲ ਉਦੋਂ ਹੁੰਦੀ ਹੈ ਜਦੋਂ ਉਹ ਦਿਖਾਵਟ ਜਾਂ ਮਿਲਾਵਟ ਸ਼ਾਮਲ ਕਰ ਕੇ ਨਕਲੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।ਚੰਗੇ ਲੋਕਾਂ ਵਿਚ ਵਿਚਰਾਂਗੇ ਤਾਂ ਸਾਡੇ ਵਿਚਾਰ ਵੀ ਉੱਚੇ ਹੋਣਗੇ।ਚੰਗੀ ਸੋਚ ਜ਼ਿੰਦਗੀ ਵਿਚ ਵਿਅਕਤੀ ਨੂੰ ਅਸਥਿਰ ਹੋਣ ਤੋਂ ਬਚਾਉਂਦੀ ਹੈ।ਦੂਜਿਆਂ ਦੇ ਅਨੁਭਵ ਹੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਵਿਚ ਸਲਾਹੁਣਯੋਗ ਭੂਮਿਕਾ ਨਿਭਾਉਂਦੇ ਹਨ।ਹਰ ਇਕ ਕੋਲੋਂ ਸਿੱਖੋ ਪਰ ਕਿਸੇ ਦੇ ਵੀ ਪਿੱਛੇ ਨਾ ਲੱਗੋ।ਆਪਣੀ ਹੋਈ ਆਲੋਚਨਾ ਨੂੰ ਆਪਣੇ-ਆਪ ਨੂੰ ਸੁਧਾਰਣ ਲਈ ਵਰਤਣਾ ਚਾਹੀਦਾ ਹੈ।ਜ਼ਿੰਦਗੀ ਵਿਚ ਜੋ ਮਰਜ਼ੀ ਹੋ ਜਾਵੇ ਕਦੇ ਵੀ ਆਸ ਤੇ ਵਿਸ਼ਵਾਸ ਦਾ ਦਾਮਨ ਨਾ ਛੱਡੋ।ਆਸ਼ਾ ਜੀਵਨ ਹੈ ਅਤੇ ਮਨੁੱਖੀ ਜੀਵਨ ਵਿਚ ਸ਼ਕਤੀ ਦਾ ਸੰਚਾਰ ਕਰਦੀ ਹੈ।ਜੇਕਰ ਆਸ਼ਾ ਨਾ ਹੁੰਦੀ ਤਾਂ ਇਹ ਦੁਨੀਆਂ ਨੀਰਸ ਅਤੇ ਬੋਝਲ ਹੁੰਦੀ।ਕਿਸੇ ਟੀਚੇ ਦੀ ਪ੍ਰਾਪਤੀ ਦਾ ਸੰਚਾਰ ਵੀ ਆਸ਼ਾ ਨਾਲ ਹੀ ਸੰਭਵ ਹੈ।ਇਸ ਲਈ ਜੀਵਨ ਵਿਚ ਸਦਾ ਆਸ਼ਾਵਾਦੀ ਰਹੋ।ਯਾਦ ਰੱਖੋ ਕਿ ਜ਼ਿੰਦਗੀ ਵਿਚ ਮੁਸ਼ਕਲਾਂ ਕੇਵਲ ਤੁਹਾਨੂੰ ਤਬਾਹ ਕਰਨ ਨਹੀਂ ਆਉਂਦੀਆਂ ਬਲਕਿ ਤੁਹਾਡੇ ਅੰਦਰ ਛਿਪੀਆਂ ਤਾਕਤਾਂ ਦਾ ਅਹਿਸਾਸ ਵੀ ਕਰਵਾਉਂਦੀਆਂ ਹਨ।ਦੁੱਖਾਂ ਨਾਲ ਆਢਾ ਲਾ ਕੇ ਜ਼ਿੰਦਗੀ ਨੂੰ ਸਹਿਜਤਾ ਦੀ ਪਗਡੰਡੀ ਤੋਰਨ ਵਾਲੇ ਲੋਕ ਹੀ ਜ਼ਿੰਦਗੀ ਨੂੰ ਬਹਾਰਾਂ ਵਿਚ ਗੁਜ਼ਾਰਦੇ ਹਨ।ਕਿਸੇ ਨੂੰ ਵੀ ਨਾ ਪਤਾ ਲੱਗਣ ਦਿਓ ਕਿ ਤੁਹਾਨੂੰ ਦਰਦ ਸਹਿਣ ਦੀ ਆਦਤ ਹੈ ਨਹੀਂ ਤਾਂ ਆਪਣੇ ਵੀ ਸੱਟਾਂ ਮਾਰ ਕੇ ਵੇਖਦੇ ਹਨ ਕਿਉਂਕਿ ਹਾਲਾਤ ਮਾੜੇ ਵੇਖ ਕੇ ਤਾਂ ਸਾਹ ਵੀ ਸਾਥ ਛੱਡ ਜਾਂਦੇ ਹਨ।ਚੁੱਪ ਰਹਿਣਾ ਅਤੇ ਘੱਟ ਬੋਲਣਾ ਚੰਗੀ ਗੱਲ ਹੈ ਪਰ ਆਪਣੇ ਉੱਪਰ ਹੋ ਰਹੇ ਜ਼ੁਲਮਾਂ ਵਿਰੁੱਧ ਚੁੱਪ ਰਹਿਣਾ ਗੰਭੀਰ ਅਪਰਾਧ ਹੈ।ਇਸ ਲਈ ਜ਼ਾਲਮਾਂ ਦੇ ਵਿਰੁੱਧ ਆਪਣੇ ਹੱਕ ਲਈ ਬੋਲੋ, ਬੋਲ ਨਹੀਂ ਸਕਦੇ ਤਾਂ ਲਿਖੋ ਪਰ ਚੁੱਪ ਰਹਿ ਕੇ ਹੋ ਰਹੇ ਅੱਤਿਆਚਾਰ ਨੂੰ ਕਦੇ ਵੀ ਬਰਦਾਸ਼ਤ ਨਾ ਕਰੋ।
ਜ਼ਿੰਦਗੀ ਵਿਚ ਕਦੇ ਵੀ ਬੁਰੇ ਦਿਨਾਂ ਦੇ ਰੂਬਰੂ ਹੋ ਜਾਓ ਤਾਂ ਇੰਨਾ ਹੌਂਸਲਾ ਜ਼ਰੂਰ ਰੱਖਣਾ ਕਿ ਦਿਨ ਬੁਰੇ ਹਨ ਜ਼ਿੰਦਗੀ ਨਹੀਂ।ਜ਼ਿੰਦਗੀ ਵਿਚ ਕਦੇ ਵੀ ਸਾਰੇ ਦਰਵਾਜ਼ੇ ਬੰਦ ਨਹੀਂ ਹੁੰਦੇ।ਦ੍ਰਿੜ ਇਰਾਦੇ ਅਤੇ ਮਿਹਨਤ ਦੀ ਚਾਬੀ ਨਾਲ ਹਰ ਜਿੰਦਰਾ ਖੋਲ੍ਹਿਆ ਜਾ ਸਕਦਾ ਹੈ।ਯਾਦ ਰੱਖੋ ਕਿ ਜ਼ਿੰਦਗੀ ਕੇਵਲ ਉਸ ਨੂੰ ਹੀ ਅਜਮਾਉਂਦੀ ਹੈ ਜੋ ਹਰ ਮੋੜ ’ਤੇ ਚੱਲਣਾ ਜਾਣਦਾ ਹੈ।ਕੁਝ ਪਾ ਕੇ ਤਾਂ ਹਰ ਕੋਈ ਮੁਸਕਰਾਉਂਦਾ ਹੈ ਪਰ ਜ਼ਿੰਦਗੀ ਕੇਵਲ ਉਨ੍ਹਾਂ ਦੀ ਹੁੰਦੀ ਹੈ, ਜੋ ਬਹੁਤ ਕੁਝ ਗੁਆ ਕੇ ਵੀ ਮੁਸਕਰਾਉਣਾ ਜਾਣਦਾ ਹੈ।ਜ਼ਿੰਦਗੀ ਦੇ ਰਾਹਾਂ ’ਤੇ ਤੁਰਦਿਆਂ ਕਦੇ ਵੀ ਸਹਿਜਤਾ ਦਾ ਪੱਲਾ ਨਾ ਛੱਡੋ ਕਿਉਂਕਿ ਕਾਹਲ ਨੇ ਤਾਂ ਮਨੁੱਖ ਕੋਲੋਂ ਸਕੂਨ ਖੋਹ ਲਿਆ ਹੈ ਜਿਸ ਕਾਰਨ ਅਜੋਕੇ ਸਮਾਜ ਦਾ ਵਿਹੜਾ ਹਫੜਾ-ਦਫੜੀ ਦਾ ਸ਼ਿਕਾਰ ਹੋ ਗਿਆ ਹੈ।ਉਨ੍ਹਾਂ ਲੋਕਾਂ ਕੋਲੋਂ ਕਦੇ ਨਾ ਡਰੋ ਜੋ ਤੁਹਾਡੇ ਨਾਲ ਬਹਿਸ ਕਰਦੇ ਹਨ ਬਲਕਿ ਕੇਵਲ ਉਨ੍ਹਾਂ ਤੋਂ ਡਰੋ ਜੋ ਤੁਹਾਡੇ ਨਾਲ ਧੋਖਾ ਕਰਦੇ ਹਨ।ਮੂੰਹ ’ਤੇ ਸੱਚ ਬੋਲਣ ਵਾਲੇ ਬਦਤਮੀਜ਼ ਨਹੀਂ ਦਿਲ ਦੇ ਸਾਫ ਹੁੰਦੇ ਹਨ।ਅਜਿਹੇ ਲੋਕਾਂ ਦੀਆਂ ਗੱਲਾਂ ’ਤੇ ਵਿਚਾਰ ਕਰਨ ਨਾਲ ਕੁਝ ਨਵਾਂ ਹੀ ਨਿਕਲ ਕੇ ਆਵੇਗਾ।ਜ਼ਿੰਦਗੀ ਦਾ ਸਹੀ ਮਜ਼ਾ ਲੈਣ ਲਈ ਇਨਸਾਨ ਨੂੰ ਥੋੜ੍ਹਾ ਜਿਹਾ ਮਸਤੀਖੋਰ ਵੀ ਹੋਣਾ ਚਾਹੀਦਾ ਹੈ।ਸਿਆਣੇ ਕਹਿੰਦੇ ਹਨ, “ਜਿਸ ਦੀ ਮਸਤੀ ਜ਼ਿੰਦਾ ਹੈ, ਉਸ ਦੀ ਹਸਤੀ ਜ਼ਿੰਦਾ ਹੈ, ਵਰਨਾ ਇਹ ਸਮਝ ਲਓ ਕਿ ਉਹ ਜਬਰਦਸਤੀ ਜਿੰਦਾ ਹੈ”।ਇਸ ਲਈ ਜ਼ਿੰਦਗੀ ਦਾ ਨਿਰੰਤਰ ਚਿੰਤਨ ਕਰਦੇ ਰਹੋ ਤਾਂ ਹੀ ਮਨ ਦੀਆਂ ਸੁੰਦਰ ਪਰਤਾਂ ’ਚੋਂ ਮਨੋਰੰਜਨ ਦੇ ਸੁਰੀਲੇ ਕਣ ਤੁਹਾਡੀ ਜ਼ਿੰਦਗੀ ਨੂੰ ਆਨੰਦਮਈ ਬਣਾ ਕੇ ਖੁਸ਼ੀਆਂ ਦਾ ਪ੍ਰਵਾਹ ਤੁਹਾਡੇ ਵਿਹੜੇ ਜਾਰੀ ਰੱਖਦੇ ਰਹਿਣਗੇ।ਜਦੋਂ ਅਸੀਂ ਖੁਸ਼ ਅਤੇ ਸੰਤੁਸ਼ਟ ਹੋਵਾਂਗੇ ਤਾਂ ਸਾਰੀ ਕਾਇਨਾਤ ਵੀ ਸਾਨੂੰ ਹੱਸਦੀ-ਮੁਸਕਰਾਉਂਦੀ ਲੱਗੇਗੀ।
ਇਸ ਲਈ ਖੁਸ਼ਗਵਾਰ ਜ਼ਿੰਦਗੀ ਦਾ ਆਨੰਦ ਲੈਣ ਲਈ, ਸਲੀਕੇਦਾਰ ਜ਼ਿੰਦਗੀ ਦਾ ਮੂਲ ਮੰਤਰ ਯਾਦ ਰੱਖੋ :
“ ਮਨ ਮਿਲੇ ਜਿਸ ਨਾਲ, ਰਿਸ਼ਤਾ ਰੱਖੋ ਕੇਵਲ ਉਸੇ ਨਾਲ, ਜੋ ਸੱਚ ’ਤੇ ਵੀ ਰੁੱਸੇ ਉਸ ਨੂੰ ਮਨਾਉਣਾ ਨਹੀਂ
ਜੀਵਨ ਵਿਚ ਤਕਲੀਫਾਂ ਆਉਣ ਘਬਰਾਉਣਾ ਨਹੀਂ, ਜੋ ਸੁਣਦਾ ਨਹੀਂ ਉਸ ਨੂੰ ਸਮਝਾਉਣਾ ਨਹੀਂ”।