ਲਾਇਲਾਜ ਬਿਮਾਰੀ (ਮਿੰਨੀ ਕਹਾਣੀ)

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਿਰਧ ਆਸ਼ਰਮ  ਦੇ ਪ੍ਰਬੰਧਕਾਂ ਵੱਲੋਂ ਬਜ਼ੁਰਗਾਂ ਦੀ ਜਾਂਚ ਵਾਸਤੇ ਆਸ਼ਰਮ ਵਿੱਚ ਮੈਡੀਕਲ ਜਾਂਚ ਕੈਂਪ ਲਗਵਾਇਆ ਗਿਆ ਸੀ। ਇੱਕ ਬਜ਼ੁਰਗ ਮਾਤਾ ਨੂੰ ਡਾਕਟਰ ਨੇ ਜਾਂਚ ਕਰਨ ਉਪਰੰਤ ਦੱਸਿਆ ਕਿ ਮਾਤਾ ਜੀ ਬਾਕੀ ਸਾਰਿਆਂ ਨਾਲੋਂ ਤੁਸੀਂ ਹੀ ਇੱਕ ਅਜਿਹੇ ਹੋ ਜਿਨ੍ਹਾਂ ਨੂੰ ਕੋਈ ਵੀ ਰੋਗ ਨਹੀਂ ਹੈ।
               ਪਰ ਪੁੱਤ ਡਾਕਟਰ ਸਾਹਿਬ ਤੁਹਾਡੇ ਕੋਲ ਕੋਈ ਅਜਿਹੀ ਦਵਾਈ ਬੂਟੀ ਹੈ ਜਿਸ ਨਾਲ ਮੇਰੀ ਲਾਇਲਾਜ ਬਿਮਾਰੀ ਨੂੰ ਅਰਾਮ ਮਿਲ ਸਕੇ।
          ਹਾਂ ਜੀ ਦੱਸੋ,ਪਰ ਮੈਨੂੰ ਤਾਂ ਤੁਹਾਡੇ ਚ ਕੋਈ ਮਰਜ਼ ਨਜ਼ਰ ਨਹੀਂ ਆਈ।
            ਵੇ ਪੁੱਤ ਤੂੰ ਮੈਨੂੰ ਕੋਈ ਅਜਿਹੀ ਦਵਾਈ ਬੂਟੀ ਦੇ- ਦੇ ਜੀਹਦੇ ਨਾਲ ਮੈਨੂੰ ਮੇਰੇ ਨੂੰਹ- ਪੁੱਤ ਦੀ ਉੱਕਾ ਵੀ ਯਾਦ ਨਾਂ ਆਵੇ।