ਪ੍ਰੀਤ ਮਨਪ੍ਰੀਤ ਨਾਲ਼ ਬੈਠਕ ਬਹੁਤ ਹੀ ਰੌਚਕ ਰਹੀ (ਖ਼ਬਰਸਾਰ)


ਬਰੈਂਪਟਨ) ਇੱਕ ਲੰਮੇਂ ਅਰਸੇ ਬਾਅਦ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਮੀਟਿੰਗ ਮਿਲ਼ ਬੈਠ ਕੇ ਹੋਈ ਜਿਸ ਵਿੱਚ ਵੈਨਕੂਵਰ ਇਲਾਕੇ ਦੇ ਸ਼ਾਇਰ ਪ੍ਰੀਤ ਮਨਪ੍ਰੀਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੀਤ ਦੀ ਜਾਣ-ਪਛਾਣ ਕਰਵਾਉਂਦਿਆਂ ਪਰਮਜੀਤ ਦਿਓਲ ਨੇ ਦੱਸਿਆ ਕਿ ਬੇਸ਼ੱਕ ਪ੍ਰੀਤ ਲੰਮੇਂ ਅਰਸੇ ਤੋਂ ਸ਼ਾਇਰੀ ਕਰ ਰਿਹਾ ਹੈ ਪਰ ਪਿਛਲੇ ਕੁਝ ਹੀ ਸਮੇਂ ਗ਼ਜ਼ਲ ਲਿਖਣੀ ਸ਼ੁਰੂ ਕਰਕੇ ਉਸਨੇ ਬਹੁਤ ਤੇਜ਼ੀ ਨਾਲ਼ ਇਸ ਵਿੱਚ ਮੁਹਾਰਤ ਹਾਸਿਲ ਕੀਤੀ ਹੈ। ਪ੍ਰੀਤ ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਲਈ ਵਰਦਾਨ ਵਰਗੀ ਗੱਲ ਹੈ ਕਿ ਉਨ੍ਹਾਂ ਨੂੰ ਜਸਵਿੰਦਰ, ਕ੍ਰਿਸ਼ਨ ਭਨੋਟ ਵਰਗੇ ਉਸਤਾਦ ਗ਼ਜ਼ਲ-ਗੋਆਂ ਦੇ ਨਾਲ਼ ਨਾਲ਼ ਰਾਜਵੰਤ ਰਾਜ ਅਤੇ ਦਵਿੰਦਰ ਗੌਤਮ ਵਰਗੇ ਸੁਲਝੇ ਹੋਏ ਗ਼ਜ਼ਲ-ਗੋਆਂ ਨਾਲ਼ ਮਿਲ਼ ਬੈਠ ਕੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ ਜਿਸ ਨਾਲ਼ ਉਨ੍ਹਾਂ ਅੰਦਰਲੀ ਕਲਾ ਨੂੰ ਹੋਰ ਲਿਸ਼ਕਣ ਦਾ ਮੌਕਾ ਮਿਲਦਾ ਹੈ। ਭੁਪਿੰਦਰ ਦੁਲੈ ਨੇ ਕਿਹਾ ਕਿ ਬੇਸ਼ੱਕ ਪ੍ਰੀਤ ਨੇ ਹਾਲ ਹੀ ਵਿੱਚ ਗ਼ਜ਼ਲ ਲਿਖਣੀ ਸ਼ੁਰੂ ਕੀਤੀ ਹੈ ਪਰ ਉਸਦਾ ਅੰਦਾਜ਼ ਅਤੇ ਕਾਫ਼ੀਆ-ਚੋਣ ਅਤੇ ਨਿਭਾਅ ਉਸਦੀ ਵਿਲੱਖਣ ਪਛਾਣ ਬਣਾਉਂਦੇ ਹਨ।


ਇਸ ਮੌਕੇ ਬੋਲਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਇਸ ਸਮੇਂ ਕੈਨੇਡਾ ਵਿੱਚ  ਰਚਿਆ ਜਾ ਰਿਹਾ ਹਰ ਵਿਧਾ ਦਾ ਸਾਹਿਤ ਕਿਸੇ ਵੀ ਤਰ੍ਹਾਂ ਮੁੱਖ-ਧਾਰਾ ਦਸੇ ਪੰਜਾਬੀ ਸਾਹਿਤ ਤੋਂ ਘੱਟ ਨਹੀਂ ਸਗੋਂ ਕਈ ਗੁਣਾਂ `ਚ ਅੱਗੇ ਹੈ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਪੰਜਾਬੀ ਬੈਠੈ ਸਾਡੇ ਬੁੱਧੀ-ਜੀਵੀ ਜਾਂ ਤਾਂ ਆਪਣੇ ਸੌੜੇ ਹਿਤਾਂ ਅਤੇ ਦੋਸਤੀਆਂ ਦੇ ਨਿਭਾਅ ਖਾਤਿਰ ਅਤੇ ਜਾਂ ਫਿਟਰ ਆਪਣੀ ਅਣਗਹਿਲੀ ਸਦਕਾ ਨਵਾਂ ਕੁਝ ਪੜ੍ਹਨ ਤੋਂ ਗੁਰੇਜ਼ ਕਰਦੇ ਹੋਏ ਆਪਣਾ ਧਿਆਨ ਜਾਂ ਤਾਂ ਪੁਰਾਣੇ ਲੇਖਿਕਾਂ `ਤੇ ਹੀ ਕੇਂਦਰਿਤ ਕਰ ਰਹੇ ਹਨ ਅਤੇ ਜਾਂ ਫਿਰ ਕੁਝ ਲੋਕਾਂ ਨੂੰ ਹੀ ਉਭਾਰ ਰਹੇ ਹਨ। ਉਨ੍ਹਾਂ ਕਿਹਾ ਕਿ ਊਨੀਵਰਸਿਟੀਆਂ ਨਾਲ਼ ਸਬੰਧਤ ਇਨ੍ਹਾਂ ਬੁੱਧੀਜੀਵੀਆਂ ਦਾ ਪੱਖ-ਪਾਤੀ ਰਵੱਈਆ ਪੰਜਾਬੀ ਸਾਹਿਤ ਦੀ ਪਿੱਠ ਵਿੱਚ ਮਾਰੀ ਜਾ ਰਹੀ ਛੁਰੀ ਸਾਬਤ ਹੋਵੇਗਾ ਅਤੇ ਪੰਜਾਬੀ ਪਾਠਕ ਸਾਹਿਤ ਤੋਂ ਹੋਰ ਵੀ ਦੂਰ ਹੋਣਗੇ। ਉਨ੍ਹਾਂ ਕਿਹਾ ਕਿ ਇਸਦੇ ਬਦਲ ਵਿੱਚ ਸਾਨੂੰ ਖੁਦ ਉਪਰਾਲੇ ਕਰਕੇ ਕੈਨੇਡਾ ਵਿੱਚ ਰਚੇ ਜਾ ਰਹੇ ਮਿਆਰੀ ਸਾਹਿਤ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਇਸਦੀ ਹਮਾਇਤ ਵਿੱਚ ਬੋਲਦਿਆਂ ਸੁਰਜੀਤ ਕੌਰ ਨੇ ਕਿਹਾ ਕਿ ਸਾਨੂੰ ਆਪਣੇ ਵਿੱਚ ਹੀ ਅਜਿਹੇ ਆਲੋਚਕ ਵੀ ਪੈਦਾ ਕਰਨ ਦੀ ਲੋੜ ਹੈ ਜੋ ਨਿਰਪੱਖ ਹੋ ਕੇ ਸਹਿਤ ਦਾ ਮੁਲੰਕਨ ਕਰ ਸਕਣ।

ਮੀਟਿੰਗ ਦੇ ਅਖੀਰ ਵਿੱਚ ਹਾਜ਼ਰ ਕਵੀਆਂ ਵੱਲੋਂ ਆਪਣਾ ਕਲਾਮ ਪੇਸ਼ ਕੀਤਾ ਗਿਆ ਜਿਸ ਵਿੱਚ ਪਿਆਰਾ ਸਿੰਘ ਕੁੱਦੋਵਾਲ, ਗਿਆਨ ਸਿੰਘ ਦਰਦੀ, ਜਗੀਰ ਸਿੰਘ ਕਾਹਲੋਂ, ਪ੍ਰਤੀਕ, ਭੁਪਿੰਦਰ ਦੁਲੈ, ਕੁਲਵਿੰਦਰ ਖਹਿਰਾ ਅਤੇ ਪਰਮਜੀਤ ਦਿਓਲ ਨੇ ਆਪੋ-ਆਪਣਾ ਕਲਾਮ ਪੇਸ਼ ਕੀਤਾ। ਕਵਿੱਤਰੀ ਅਤੇ ਗਾਇਕਾ ਰਣਜੀਤ ਕੌਰ ਵੱਲੋਂ ਹਾਲ ਹੀ ਵਿੱਚ ਰੀਕੌਰਡ ਕਰਵਾਏ ਗਏ ਆਪਣੇ ਗੀਤ ਨਾਲ਼ ਹਾਜ਼ਰੀ ਲਵਾਈ ਗਈ ਜਦਕਿ ਰਿੰਟੂ ਭਾਟੀਆ ਨੇ ਆਪਣੇ ਖ਼ੂਬਸੂਰਤ ਤਰੰਨਮ ਵਿੱਚ ਕਾਲਮ ਪੇਸ਼ ਕੀਤਾ। ਮੀਟਿੰਗ ਵਿੱਚ ਜਰਨੈਲ ਸਿੰਘ ਕਹਾਣੀਕਾਰ, ਮਨਮੋਹਨ ਗੁਲਾਟੀ, ਪਰਵਿੰਦਰ ਗੋਗੀ, ਜਸਵਿੰਦਰ ਸਿੰਘ, ਦਰਸ਼ਨ ਸਿੰਘ ਦਰਸ਼ਨ, ਗੁਰਦਿਆਲ ਬੱਲ, ਬਲਦੇਵ ਦੂਹੜੇ, ਬਲਤੇਜ ਸਿੰਘ, ਅਤੇ ਕਮਲਜੀਤ ਨੱਤ ਵੀ ਸ਼ਾਮਲ ਸਨ। 

ਸੰਤ ਸਿੰਘ ਸੇਖੋਂ ਹਾਲ ਵਿੱਚ ਹੋਈ ਇਸ ਮੀਟਿੰਗ ਵਿੱਚ ਜਿੱਥੇ ਜਗਮੋਹਨ ਸੇਖੋਂ ਜੀ ਵੱਲੋਂ ਸਭ ਦਾ ਸਵਾਗਤ ਕੀਤਾ ਗਿਆ ਓਥੇ ਮਹਿਮਾਨ-ਨਿਵਾਜ਼ੀ ਵੀ ਕੀਤੀ ਗਈ।