ਗ਼ਜ਼ਲ (ਗ਼ਜ਼ਲ )

ਆਤਮਾ ਸਿੰਘ ਚੜਿੱਕ   

Cell: +91 98729 51718
Address: ਚੜਿੱਕ
Moga India
ਆਤਮਾ ਸਿੰਘ ਚੜਿੱਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਸੇ ਵੀ ਵਕਤ ਮੈਨੂੰ ਇਕੱਲਾ ਹੋਣ ਨਹੀਂ ਦਿੰਦਾ 
ਤੇਰਾ ਖਿਆਲ ਤੈਥੋਂ ਜੁਦਾ ਹੋਣ ਨਹੀਂ ਦਿੰਦਾ । 

ਮੇਰੇ ਅਹਿਮ ਦਾ ਹੀ ਪਾਇਆ ਹੈ ਸਾਰਾ ਵਿਘਨ
ਇਹ ਸੁਰਤ ਦਾ ਸ਼ਬਦ ਸੰਗ ਰਾਬਤਾ ਹੋਣ ਨਹੀਂ ਦਿੰਦਾ । 

ਮੋਹ ਭਰੇ ਬੋਲਾਂ ਦਾ ਲਾਇਆ ਇੱਕੋ ਫੈਹਾ 
ਨਫ਼ਰਤੀ ਜ਼ਖ਼ਮਾਂ ਨੂੰ ਗਹਿਰਾ ਹੋਣ ਨਹੀਂ ਦਿੰਦਾ । 

ਸੋਚਾਂ ‘ਚ ਰਹੇ ਸਦਾ ਜਗਦੇ ਅੱਖਰਾਂ ਦੀ ਲੋਅ 
ਇਹਦਾ ਚਾਨਣ ਮਨ ਵਿੱਚ ਹਨੇਰਾ ਹੋਣ ਨਹੀਂ ਦਿੰਦਾ । 

ਪਰਬੀਨ ਹੈ ਹਰ ਕਲਾ’ਚ ਯਾਰੋ ਮੇਰਾ ਰਹਿਬਰ 
ਜੋ ਤਰੇਹ ਅਤੇ ਤਰਿਪਤੀ ‘ਚ ਫ਼ਾਸਲਾ ਹੋਣ ਨਹੀਂ ਦਿੰਦਾ । 

ਭਲਿਆਂ ਦਾ ਤਾਂ ਕਰਦਾ ਵੇਖਿਆ  ਜ਼ਮਾਨਾ ਭਲਾ 
ਅਸ਼ਕੇ! ਜੋ ਬੁਰੇ ਦਾ ਵੀ ਬੁਰਾ ਹੋਣ ਨਹੀਂ ਦਿੰਦਾ । 

ਸੌੜੀ ਸੋਚ , ਸਵਾਰਥ ਅਤੇ ‘ਆਤਮ’ ਗਰੂਰ
ਆਪਣਿਆਂ ਨੂੰ ਵੀ ਆਪਣਾ ਹੋਣ ਨਹੀਂ ਦਿੰਦਾ ।