ਕਿਸੇ ਵੀ ਵਕਤ ਮੈਨੂੰ ਇਕੱਲਾ ਹੋਣ ਨਹੀਂ ਦਿੰਦਾ
ਤੇਰਾ ਖਿਆਲ ਤੈਥੋਂ ਜੁਦਾ ਹੋਣ ਨਹੀਂ ਦਿੰਦਾ ।
ਮੇਰੇ ਅਹਿਮ ਦਾ ਹੀ ਪਾਇਆ ਹੈ ਸਾਰਾ ਵਿਘਨ
ਇਹ ਸੁਰਤ ਦਾ ਸ਼ਬਦ ਸੰਗ ਰਾਬਤਾ ਹੋਣ ਨਹੀਂ ਦਿੰਦਾ ।
ਮੋਹ ਭਰੇ ਬੋਲਾਂ ਦਾ ਲਾਇਆ ਇੱਕੋ ਫੈਹਾ
ਨਫ਼ਰਤੀ ਜ਼ਖ਼ਮਾਂ ਨੂੰ ਗਹਿਰਾ ਹੋਣ ਨਹੀਂ ਦਿੰਦਾ ।
ਸੋਚਾਂ ‘ਚ ਰਹੇ ਸਦਾ ਜਗਦੇ ਅੱਖਰਾਂ ਦੀ ਲੋਅ
ਇਹਦਾ ਚਾਨਣ ਮਨ ਵਿੱਚ ਹਨੇਰਾ ਹੋਣ ਨਹੀਂ ਦਿੰਦਾ ।
ਪਰਬੀਨ ਹੈ ਹਰ ਕਲਾ’ਚ ਯਾਰੋ ਮੇਰਾ ਰਹਿਬਰ
ਜੋ ਤਰੇਹ ਅਤੇ ਤਰਿਪਤੀ ‘ਚ ਫ਼ਾਸਲਾ ਹੋਣ ਨਹੀਂ ਦਿੰਦਾ ।
ਭਲਿਆਂ ਦਾ ਤਾਂ ਕਰਦਾ ਵੇਖਿਆ ਜ਼ਮਾਨਾ ਭਲਾ
ਅਸ਼ਕੇ! ਜੋ ਬੁਰੇ ਦਾ ਵੀ ਬੁਰਾ ਹੋਣ ਨਹੀਂ ਦਿੰਦਾ ।
ਸੌੜੀ ਸੋਚ , ਸਵਾਰਥ ਅਤੇ ‘ਆਤਮ’ ਗਰੂਰ
ਆਪਣਿਆਂ ਨੂੰ ਵੀ ਆਪਣਾ ਹੋਣ ਨਹੀਂ ਦਿੰਦਾ ।