ਜਦ ਵੀ ਤੇਰੀਆਂ ਆਉੰਦੀਆਂ ਯਾਦਾਂ
ਸਭ ਕੁਝ ਫੇਰ ਭੁਲਾਉੰਦੀਆਂ ਯਾਦਾਂ।
ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ ਗ਼ਮ
ਸੁਪਨਿਆਂ ਵਿੱਚ ਸਜਾਉੰਦੀਆਂ ਯਾਦਾਂ ।
ਹਾਸੇ ਰੋਸੇ ਗਿਲੇ ਤੇ ਸ਼ਿਕਵੇ
ਮੁੜ ਮੁੜ ਮਨ ਵਿੱਚ ਲਿਆਉੰਦੀਆਂ ਯਾਦਾਂ ।
ਮਨ ਮਮਟੀ ਵਿੱਚ ਚੁਪਕੇ ਚੁਪਕੇ
ਬਿਰਹੋਂ ਜਾਗ ਲਗਾਉੰਦੀਆਂ ਯਾਦਾਂ ।
ਪਿਆਰ ਭਰੇ ਕਦੇ ਗੀਤ ਸੀ ਗਾਏ
ਉਹ ਨਗ਼ਮੇ ਗੁਣ ਗੁਣਾਉੰਦੀਆਂ ਯਾਦਾਂ ।
ਪਿਆਰ ਮੁਹੱਬਤ ਵਫਾ ਤੇ ਵਾਹਦੇ
ਸੁਪਨੇ ਬਣ ਨਿਭਾਉੰਦੀਆਂ ਯਾਦਾਂ ।
ਫ਼ਾਸਲੇ ਨੂੰ ਪਰਖਣ ਲਈ ਜ਼ਿੰਦਗੀ
ਗੁੱਝੇ ਭੇਦ ਲੁਕਾਉੰਦੀਆਂ ਯਾਦਾਂ ।
ਜ਼ਮੀਰ ਕਿਵੇਂ ਹੈ ਮਰਦੀ ਜਿਉੰਦੀ
ਸੋਚ ਦਾ ਪੰਧ ਮੁਕਾਉੰਦੀਆਂ ਯਾਦਾਂ ।
ਮਾਨਵਤਾ ਦੀ ਸੋਚ ਤੋਂ ਭਟਕੇ
ਸੱਚ ਮਾਰਗ ਤੇ ਪਾਉੰਦੀਆਂ ਯਾਦਾਂ ।
ਭਟਕ ਗਏ ਸਾਂ ਬਿਖੜੇ ਪੈਂਡੀੰ
ਰਾਹ ਮੁਹੱਬਤ ਲਿਆਉੰਦੀਆਂ ਯਾਦਾਂ ।
ਝੱਲ ਥਪੇੜੇ ਜ਼ਮਾਨੇ ਵਾਲੇ
ਰਹੀਆਂ ਉਮਰ ਹੰਢਉਦੀਆਂ ਯਾਦਾਂ ।
ਪੈ ਕੁਠਾਲ਼ੀ ਢਲ ਕੇ ‘ਕਾਉੰਕੇ’
ਕੁੰਦਨ ਬਣ ਬਣ ਆਉੰਦੀਆਂ ਯਾਦਾਂ ।