ਹੋਰਾਂ ਦੇ ਘਰ ਅੱਗਾਂ ਲਾਈ ਜਾਂਦੇ ਹੋ,
ਅੱਗਾਂ ਲੱਗੀਆਂ ਤੱਕ ਮੁਸਕਾਈ ਜਾਂਦੇ ਹੋ।
ਮਾਇਆ ਨਾਗਣ ਹੈ, ਦਾ ਢੰਡੋਰਾ ਪਿੱਟ ਕੇ,
ਆਪਣੀ ਜੇਬ ’ਚ ਇਸ ਨੂੰ ਪਾਈ ਜਾਂਦੇ ਹੋ।
ਢਿੱਡੋਂ ਭੁੱਖੇ ਕਾਮੇ ਵੀ ਤਾਂ ਬੰਦੇ ਨੇ,
ਖਾ ਖਾ ਆਪਣੇ ਪੇਟ ਵਧਾਈ ਜਾਂਦੇ ਹੋ।
ਇਹ ਕੁੜੀਆਂ ਨੂੰ ਬੇਇੱਜ਼ਤ ਹੀ ਕਰਦੇ ਨੇ,
ਫਿਰ ਵੀ ਲੱਚਰ ਗਾਣੇ ਗਾਈ ਜਾਂਦੇ ਹੋ।
ਆਪਣੇ ਬੱਚਿਆਂ ਨੂੰ ਮਾਂ-ਬੋਲੀ ਨਾ ਪੜ੍ਹਾ ਕੇ,
ਮਾਂ-ਬੋਲੀ ਨਾਲ ਦਗਾ ਕਮਾਈ ਜਾਂਦੇ ਹੋ।
ਭਾਵੇਂ ਪੜ੍ਹਦੇ ਹੋ ਰੋਜ਼ ਗੁਰੂ ਦੀ ਬਾਣੀ,
ਫਿਰ ਵੀ ਹੱਕ ਪਰਾਇਆ ਖਾਈ ਜਾਂਦੇ ਹੋ।
ਵਾਅਦੇ ਪੂਰੇ ਕਰਨ ਲਈ ਧਨ ਤਾਂ ਹੈ ਨ੍ਹੀ,
ਕਾਹਤੋਂ ਹਰ ਇਕ ਨੂੰ ਭਰਮਾਈ ਜਾਂਦੇ ਹੋ?