ਸਭ ਰੰਗ

  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗੁਰੂ ਨਾਨਕ ਤਪੋਸਥਾਨ, ਮੰਚੂਖਾ, ਅਰੁਣਾਚਲ ਪ੍ਰਦੇਸ਼ ਦੀ ਵਿਸ਼ੇਸ਼ ਯਾਤ੍ਰਾ / ਦਲਵਿੰਦਰ ਸਿੰਘ ਗਰੇਵਾਲ (ਲੇਖ )
  •    ਪੰਜਾਬੀ ਦੇ ਕੁੱਝ ਠੇਠ ਲਫ਼ਜ਼ ਜੋ ਅਲੋਪ ਹੋ ਗਏ ਹਨ / ਗੁਰਮੀਤ ਸਿੰਘ ਵੇਰਕਾ (ਲੇਖ )
  •    ਬੌਧਿਕਤਾ ਤੇ ਸਿਰਜਨਾ ਦਾ ਕਰਮਸ਼ੀਲ ਸਫਰ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਰਿਸ਼ਤਿਆਂ ਦੀ ਮਰਿਆਦਾ ਅਤੇ ਸਮਾਜਿਕ ਬਰਾਬਰੀ ਹੀ ਦੀਵਾਲੀ ਹੈ / ਸੰਜੀਵ ਝਾਂਜੀ (ਲੇਖ )
  •    ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ / ਬ੍ਰਹਮਜਗਦੀਸ਼ ਸਿੰਘ (ਪੁਸਤਕ ਪੜਚੋਲ )
  •    ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਵਿਚ -ਭਾਸ਼ਾ ਵਿਭਾਗ ਨੇ -ਨਹੀਂ ਨਿਭਾਈ ਆਪਣੀ ਜਿੰਮੇਵਾਰੀ / ਮਿੱਤਰ ਸੈਨ ਮੀਤ (ਲੇਖ )
  • ਧਰਮੀ ਮਾਪੇ (ਕਿਸ਼ਤ-1) (ਨਾਵਲ )

    ਡਾ. ਚਰਨਜੀਤ    

    Email: naturaltalent2008@yahoo.com
    Cell: +91 79731 21742
    Address: #880 Sector 9
    Karnal Haryana India
    ਡਾ. ਚਰਨਜੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਧਰਮੀ ਮਾਪੇ


     

    ਡਾ. ਚਰਨਜੀਤ ਬਹੁ ਵਿਧਾਵੀ ਰਚਨਾਕਾਰ ਹਨ। ਉਨ੍ਹਾਂ ਨੇ ਇਕ ਦਰਜਨ ਦੇ ਕਰੀਬ ਪੁਸਤਕਾਂ ਲਿਖੀਆਂ ਹਨ। ਜਿੰਨ੍ਹਾਂ ਵਿਚੋਂ ਦੋ ਕਹਾਣੀ ਸੰਗਿਹਾਂ ਨੂੰ ਹਰਿਆਣਾ ਸਾਹਿਤ ਅਕਾਡਮੀ ਵੱਲੋਂ ਸਟੇਟ ਐਵਾਰਡਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।ਲੋਕ ਗੀਤਾਂ ਅਤੇ ਲੋਕ ਬੋਲੀਆਂ ਵਿਚ ਆਪ ਦੀ ਮੁਹਾਰਤ ਦਾ ਕੋਈ ਜਵਾਬ ਨਹੀਂ।`ਧਰਮੀ ਮਾਪੇ ਉਨ੍ਹਾਂ ਦਾ ਪਹਿਲਾ ਨਾਵਲ ਹੈ ਜਿਸ ਦਾ ਕਥਾਨਕ ਅਣ ਚਾਹੀਆਂ ਬੱਚੀਆਂ ਦੀ ਹੂਕ ਬਣਦਾ ਹੈ। ਆਪਣੇ ਸੰਪਾਦਕੀ ਵਿਚ ਉਹ ਆਪ ਹੀ ਲਿਖਦੇ ਹਨ ਕਿ ਵਰਤਮਾਨ ਵਿਚ ਅਜਹਿਾ ਨਹੀਂ ਵਾਪਰਦਾ ਪਰ ਇਕ ਲੇਖਕ ਦੇ ਹਿਰਦੇ ਦੀ ਕੋਮਲਤਾ ਹੀ ਹੈ ਕਿ ਉਨ੍ਹਾਂ ਨੇ ਅਣ ਚਾਹੀਆਂ ਬੱਚੀਆਂ ਦਾ ਦਰਦ ਮਹਿਸੂਸਿਆ ਅਤੇ ਉਸ ਦੀ ਹੂਕ ਨੂੰ ਪਾਠਕਾਂ ਤਕ ਪਹੁੰਚਾਇਆ। ਅਸੀਂ ਉਨ੍ਹਾਂ ਦਾ ਨਾਵਲ ਲੜੀਵਾਰ ਪ੍ਰਕਾਸ਼ਿਤ ਕਰ ਕੇ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ।


    1.

     

    ਤੁਸੀਂ ਜੋ ਅੱਜ ਇੱਕ ਕਾਮਯਾਬ ਔਰਤ ਦੀ ਇੰਟਰਵਿਯੂ ਲੈਣ ਆਉਦੇਂ ਹੋ---ਮੇਰੀ ਪ੍ਰਸਿੱਧੀ ਦੇ ਚਰਚੇ ਸੁਣ ਸੁਣ ਕੇ ਮੈਨੂੰ ਨਿਹਾਰਨ ਆਉਂਦੇ ਹੋ---ਮੇਰੇ ਦਰਸ਼ਨ ਕਰਨ ਆਉਂਦੇ ਹੋੋ---ਮੇਰੀ ਦੂਰ ਦੂਰ ਤੱਕ ਹੁੰਦੀ ਵਡਿਆਈ ਤੋਂ ਪ੍ਰਭਾਵਿਤ ਹੋ ਕੇ ਮੈਨੂੰ ਇਨਾਮਾਂ ਇਕਰਾਮਾਂ ਨਾਲ ਨਿਵਾਜਣ ਦੀ ਪੇਸ਼ਕਸ਼ ਕਰਦੇ ਹੋੋ--- ਮੇਰੀ ਅੱਜ ਨੂੰ ਜਾਣਨ ਦੇ ਨਾਲ ਨਾਲ ਮੇਰੇ ਅਤੀਤ ਵੱਲ ਵੀ ਝਾਤੀ ਮਾਰਨ ਦੀ ਕੋਸ਼ਿਸ਼ ਕਰੋੋ---

    ਇਹ ਜੋ ਬਿਨਾਂ ਨਾ ਦੀ ਔਰਤ ਰਾਜ ਮਾਤਾ ਦੇ ਨਾ ਨਾਲ ਮਸ਼ਹੂਰ ਹੋਈ ਅੱਜ ਇਲਾਕੇ ਵਿੱਚ ਜਾਣਿਆ ਪਛਾਣਿਆ ਹਸਤਾਖਰ ਬਣ ਚੁੱਕੀ ਐ---ਇਹਦਾ ਅਤੀਤ ਐਨਾ ਦੁਖਾਵਾਂ ਹੈ---ਐਨਾ ਦੁਖਾਵਾਂ---ਐਨਾ ਦੁੱਖਾਂ ਭਰਿਆ---ਕਿ ਕੋਈ ਜਿਗਰੇ ਵਾਲਾ ਵੀ ਸੁਣ ਕੇ ਕਮਲਾ ਹੋ ਜਾਵੇ---

    ਤੇ ਤੁਸੀਂ ਜੋ ਦੂਰ ਦੂਰ ਦੇ ਸਕੂਲਾਂ ਦੇ ਬੱਚਿਆਂ ਦਾ ਟਰਿੱਪ ਬਣਾ ਕੇ ਮੈਨੂੰ ਮਿਲਾਉਣ ਲਿਆਉਂਦੇ ਹੋੋ---ਮੇਰੀ ਪ੍ਰਸੰਸਾ ਦੇ ਕਸੀਦੇ ਪੜ੍ਹਦੇ ਹੋ---ਸੌ ਸਾਲ ਦੇ ਬਜ਼ੁਰਗਾਂ ਤੋਂ ਲੈ ਕੇ ਪੰਜ ਸਾਲ ਦੇ ਬੱਚੇ ਤੱਕ ਮੇਰੇ ਪੈਰ ਛੂੰਹਦੇ ਹੋੋ---ਰੋਜ਼ ਰੋਜ਼ ਰੇਡੀਓ ਉੱਤੇ ਮੇਰੀ ਅਛਾਈ ਦੀਆਂ ਖ਼ਬਰਾਂ ਦਿੰਦੇ ਹੋੋ---ਰੋਜ਼ ਮੈਨੂੰ ਅਖ਼ਬਾਰਾਂ ਦੀਆਂ ਸੁਰਖੀਆਂ ਬਣਾਉਂਦੇ ਹੋੋ---ਤੇ ਹਰ ਪਾਸੇ ਰਾਜ ਮਾਤਾ, ਰਾਜ ਮਾਤਾ ਦੀ ਜੈ ਜੈ ਕਾਰ ਕਰਦੇ ਹੋੋ---ਕਦੇ ਇਹ ਵੀ ਸੋਚਿਐ ਕਿ ਮੈਂ ਜ਼ਿਦਗੀ ਚ ਕਦੇ ਭਰ ਕੇ ਸਾਹ ਵੀ ਨੀ ਲਿਆ---ਕਦੇ ਕੋਈ ਪਲ ਜੀਅ ਕੇ ਈ ਨੀ ਭੋਗਿਆ।

    ਤੁਸੀਂ ਔਰਤ ਨੂੰ ਸਤੀ ਸਾਵਿੱਤਰੀ ਦੇ ਰੂਪ ਵਿੱਚ, ਸੀਤਾ ਦੇ ਰੂਪ ਵਿੱਚ, ਸਤੀਆਂ ਦੇ ਰੂਪ ਵਿੱਚ ਤੇ ਆਗਿਆਕਾਰ ਗੋਲੀ ਬਾਂਦੀ ਦੇ ਰੂਪ ਵਿੱਚ ਦੇਖਣ ਦੇ ਆਦੀ ਹੋੋ---ਔਰਤ ਦਾ ਚੰਡੀ ਦਾ ਰੂਪ ਤੁਹਾਨੂੰ ਗਵਾਰਾ ਨਹੀਂ ਪਰ ਸ਼ੁਕਰ ਐ ਕਿ ਮੇਰੀ ਪ੍ਰਸੰਸਾ ਕਰਨ ਵਿੱਚ ਤੁਸੀਂ ਕੋਈ ਕਸਰ ਨਹੀਂ ਛੱਡੀੋ---

    ਤੇ ਹੇ ਮੇਰੇ ਪ੍ਰਸੰਸਕੋੋ---ਮੈਨੂੰ ਬਣਦਾ ਤਣਦਾ ਮਾਣ ਆਦਰ ਦੇਣ ਵਾਲਿਓ---ਆਓ---ਮੈਂ ਤੁਹਾਨੂੰ ਆਪਣੇ ਮਾਂ ਦੇ ਪੇਟ ਤੋਂ ਸ਼ੁਰੂ ਕੀਤੇ ਸਫਰ ਤੋਂ ਲੈ ਕੇ ਰਾਜ ਮਾਤਾ ਬਣਨ ਤੱਕ ਦੇ ਸ਼ਫਰ ਦੀਆਂ ਦੁਸ਼ਵਾਰੀਆਂ ਤੋਂ ਵਾਕਫ਼ ਕਰਾਵਾਂ---ਆਓ---ਧਿਆਨ ਨਾਲ ਸੁਣੋ---ਇਸ ਸਫ਼ਰ ਨੂੰ ਲਿਖਣ ਲਈ ਕਿਸੇ ਸਿਆਹੀ ਦੀ ਕਿਸੇ ਕਲਮ ਦੀ ਲੋੜ ਨਹੀਂ ਹੈ---ਸਗੋਂ

    ਇਸ ਸਫਰ ਨੂੰ ਸੁਣ ਕੇ ਮੇਰੇ ਵਰਗੀਆਂ ਲੱਖਾਂ ਕਰੋੜਾਂ ਔਰਤਾ ਪ੍ਰਤੀ ਸੋਚ ਬਦਲਣ ਦੀ ਲੋੜ ਐ---ਲਿਖ ਕੇ ਕੀ ਕਰੋਗੇ?

    ਸੁਣੋ---ਸੁਣ ਕੇ ਵਿਚਾਰ ਕਰੋ---ਚਿੰਤਨ ਮਨਨ ਕਰੋ ਤੇ ਔਰਤ ਨੂੰ ਦੋ ਪੈਰਾਂ ਤੇ ਖੜ੍ਹੇ ਹੋਣ ਜੋਕਰੀ ਥਾਂ ਬਖਸ਼ੋ---ਉਹਨੂੰਨਿੱਸਲ ਕੇ ਬਹਿਣ ਜੋਗੀ ਮੋਕਲੀ ਥਾਂ ਬੇਸੱਕ ਨਾ ਦਿਓ ਪਰ ਦੋ ਪੈਰ ਧਰਨ ਜੋਗਰੀ---ਸਿਰਫ ਦੋ ਪੈਰ ਪੱਕੇ ਪੈਰੀ ਟਿਕਾਉਣ ਜੋਕਰੀ ਥਾਂਜਰੂਰ ਦਿਓ---

    ਮੈਂ ਤੇ ਮੇਰੇ ਵਰਗੀਆਂ ਦੂਸਰੀਆਂ ਔਰਤਾ ਤੁਹਾਡੇ ਕੋਲੋ ਮੁਰੱਬੇ ਨਹੀਂ ਮੰਗਦੀਆਂ---ਸਿਰਫ ਦੋ ਪੈਰ ਮੋਕਲੀ ਤਰ੍ਹਾਂ ਟਿਕਾਉਣ ਲਈ ਜਗ੍ਹਾਂ ਮੰਗਦੀਆਂ ਨੇ---ਦੋਸਤੋ! ਔਰਤ ਕਦੇ ਕੁੱਝ ਐਸਾ ਨਹੀਂ ਮੰਗਦੀ ਜਿਹਦੀ ਉਹ ਅਧਿਕਾਰੀ ਨਾ ਹੋਵੇ---ਉਹ ਤਾ ਬੱਸ ਚੁਟਕੀ ਭਰ ਪਿਆਰ ਤੇ ਥੋੜੀ ਜਿਹੀ ਸਪੇਸ ਮੰਗਦੀ ਐ---ਐਨੀ ਕੁ---ਬੱਸ ਐਨੀ ਕੁ---ਲਓ ਫੇਰ ਮੇਰੀ ਜੀਵਨ ਗਾਥਾ ਸੁਣੋ---ਕੰਨ ਮੇਰੇ ਵੰਨੀ ਕਰ ਕੇ---

    ਮੈਂ ਕੋਈ ਵਾਰਦਾਤ ਨਹੀਂ ਜੋ ਕਿਤੇ ਵੀ---ਮੌਕੇ ਬੇ ਮੌਕੇ---ਵਕਤ ਬੇਵਕਤ---ਬੈਠਦਿਆਂ ਉਠਦਿਆਂ---ਖਾਂਦਿਆਂ ਪੀਂਦਿਆਂ---ਤੁਰਦਿਆਂ ਫਿਰਦਿਆਂ---ਬੋਲਦਿਆਂ ਚਾਲਦਿਆਂ---ਚਾਹਿਆਂ ਅਣਚਾਹਿਆਂ ਕਦੇ ਵੀ ਵਾਪਰ ਜਾਵਾਂ।

    ਤੇ ਮੈਂ ਕੋਈ ਖਬਰ ਵੀ ਨਹੀਂ ਜੋ ਅਖਬਾਰਾਂ ਦੀ ਸੁਰਖੀ ਬਣ ਕੇ ਥੋਡੇ ਲਈ ਚੰੁਜ ਚਰਚਾ ਦਾ ਵਿਸ਼ਾ ਬਣਾਂ---ਤੇ ਤੁਸੀਂ ਹੱਥ ਚ ਅਖਬਾਰ ਲਹਿਰਾਉਂਦੇ ਹੋਏ--- ਬਹਿਸ ਮੁਬਾਹਸੇ ਕਰਦਿਆਂ---ਮੈਨੂੰ ਬਿਨ੍ਹਾਂ ਮਤਲਬ ਮਾਂ ਭੈਣ ਦੀਆਂ ਗਾਲ੍ਹਾਂ ਕੱਢ ਕੇ ਆਪਣੀ ਸਮਝ ਦਾ ਵਖਾਲਾ ਪਾਉਂਦੇ ਫਿਰੋ---ਖ਼ਬਰ ਦੇ ਅਤੀਤ ਵਰਤਮਾਨ ਅਤੇ ਭਵਿੱਖ ਦੀਆਂ ਤੰਦਾਂ ਜੋੜਦੇ ਹੋਏ ਖ਼ਬਰ ਨੀ ਕਿਥੋਂ ਦੇ ਕਿਥੋਂ ਪਹੰੁਚ ਜਾਓ---ਤੇ ਸਾਰੀ ਐਨਰਜੀ ਮੈਨੂੰ ਪੜ੍ਹਦਿਆਂ ਪੜਚੋਲਦਿਆਂ ਈ ਖਤਮ ਕਰ ਦਿਓ---ਕੋਈ ਦੁਨਿਆਵੀ ਫਰਜ ਨਿਭਾਓ ਨੀ ਨਾ---ਮੇਰੇ ਉੱਤੇ ਬਹਿਸ ਮੁਬਾਹਸਾ ਕਰਦਿਆਂ ਮੈਨੂੰ ਸਰ੍ਹਾਉਂਦਿਆਂ ਨਿੰਦਦਿਆਂ---ਅਖ਼ਬਾਰ ਨੂੰ ਮੇਜ ਉੱਤੇ ਪਟਕਦਿਆਂ ਐਨਾ ਖਸਤਾ ਹਾਲ ਕਰ ਦਿਓ ਕਿ ਆਥਣ ਤੱਕ ਇਹ ਹੱਥ ਪੂੰਝਣ ਜੋਗੀ ਵੀ ਨਾ ਰਹੇ

    ਮੈਂ ਕੋਈ ਮੌਸਮ ਵੀ ਨਹੀਂ---ਜਿਸ ਨੂੰ ਲੈ ਕੇ ਤੁਸੀਂ ਕਦੇ ਵੀ ਸੰਤੁਸਟ ਨਹੀਂ ਹੋ ਸਕਦੇ---ਸਰਦੀ ਦਾ ਮੌਸਮ ਆਵੇ ਤੁਸੀਂ ਤਾ ਦੁਖੀ---ਗਰਮੀ ਆਵੇ ਤੁਸੀਂ ਤਾ ਪ੍ਰੇਸ਼ਾਨ---ਬਰਸਾਤ ਆਵੇ ਤੁਸੀਂ ਫੇਰ ਤੜਪਦੇ ਦੇ ਤੜਪਦੇ---ਪਤਝੜ ਤੋਂ ਤਾ ਤੁਸੀਂ ਖੈਰ ਦੁਖੀ ਹੋਣਾ ਹੀ ਹੁੰਦਾ ਐ---ਹਰ ਬੀਮਾਰੀ ਦਾ ਸਿਹਰਾ ਮੌਸਮ ਸਿਰ---ਤੁਸੀਂ ਆਪਣੀ ਕਰਤੂਤ ਨਹੀਂ ਵੇਂਹਦੇ---ਕੁਦਰਤ ਨਾਲ ਛੇੜ ਛਾੜ ਤੁਸੀਂ ਕਰੋ---ਦਰਖਤ ਤੁਸੀਂ ਵੱਢ ਵੱਢ ਸਿੱਟੋ---ਪ੍ਰਦੂਸ਼ਨ ਤੁਸੀਂ ਫੈਲਾਓ---ਫੈ਼ਕਟਰੀਆਂ ਦਾ ਧੂੰਆਂ ਤੇ ਜੰਗਲਾਂ ਦੀ ਅੰਧਾਧੁੰਦ ਕਟਾਈ---ਖਾਦਾਂ ਤੇ ਕੀੜੇ ਮਾਰ ਦੁਆਈਆਂ ਦੀ ਬੇਹੱਦ ਵਰਤੋਂ ਤੁਸੀਂ ਕਰੋ ਤੇ ਬੀਮਾਰੀਆਂ ਦਾ ਸਿਹਰਾ ਮੌਸਮ ਸਿਰ---ਭਾਂਡਾ ਮੌਸਮ ਸਿਰ ਭੰਨ ਕੇ ਤੁਸੀਂ ਸੁਰਖਰੂ ਹੋ ਜਾਓ---

    ਦਾਨਸ਼ਮੰਦ ਅਦੀਬੋ! ਮੈਂ ਕੋਈ ਭਰੂਣ ਵੀ ਨਹੀਂ ਹਾਂ---ਜਿਸਨੂੰ ਤੁਸੀਂ ਬੜੀ ਬੇਰਹਿਮੀ ਅਤੇ ਨਿਰਦੈਤਾ ਨਾਲ ਜੰਮਣੋ ਪਹਿਲਾਂ ਈ ਕੋਹ ਸੁੱਟਿਆ---ਤੇ ਫੇਰ ਮੈਨੂੰ ਕੋਹ ਤੇ ਵੀ ਤੁਹਾਡੀ ਸੰਤੁਸ਼ਟੀ ਨਹੀਂ ਹੋਈ---ਤੁਸੀਂ ਮੈਨੂੰ ਕਾਵਾਂ ਕੁੱਤਿਆਂ ਬਿੱਲਿਆਂ ਦੇ ਖਾਣ ਲਈ ਰੂੜੀਆਂ ਜਾਂ ਝਾੜੀਆਂ ਵਿੱਚ ਸਿੱਟ ਦਿੱਤਾ---ਤੁਸੀਂ ਇੱਧਰ ਉੱਧਰ ਦੇਖਿਆ ਟੋਹਿਆ ਭਾਂਪਿਆ---ਤੇ ਜਦੋਂ ਥੋਨੂੰ ਤਸੱਲੀ ਹੋ ਗਈ ਕਿ ਉਰੇ ਕੋਈ ਨੀ ਦੇਖਦਾ ਤਾ ਤੁਸੀਂ ਮੈਨੂੰ ਲਫਾਫੇ `ਚ ਪਾਈ ਨੂੰ ਬੜੀ ਬੇਕਿਰਕੀ ਨਾਲ ਵਗਾਹ ਮਾਰਿਆ---ਉਂਜ ਤੁਸੀਂ ਅਧਿਆਤਮਕ ਜੀਵ ਹੋ---ਜਿਹੜੇ ਅੰਦਰ ਮਸਜਿਦ ਗੁਰਦੁਆਰੇ ਜਾ ਕੇ, ਸੰਤਾ ਮਹਾਤਮਾ ਦੇ ਸਤਸੰਗ ਸੁਣ ਕੇ ਆਖਦੇ ਹੋ ਕਿ ਉਹ ਪ੍ਰਮਾਤਮਾ ਸਭ ਥਾਂ ਹੈ ਸਰਵਵਿਆਪਕ ਹੈ---ਤੁਸੀਂ ਜਾਣਦੇ ਵੀ ਹੋ ਕਿ ਉਹ ਪ੍ਰਮਾਤਮਾ (ਜੇ ਹੈ ਤਾ) ਸਰਵ ਵਿਆਪਕ ਹੈ---ਤੁਹਾਡੇ ਅੰਦਰ ਬਾਹਰ ਹੈ---ਉਹ ਤੁਹਾਡੀ ਹਰ ਹਰਕਤ ਦੇਖ ਰਿਹਾ ਹੈ---ਪਰ ਮੈਨੂੰ ਕੋਹਦਿਆਂ---ਮੈਨੂੰ ਕੁੱਤਿਆਂ ਬਿੱਲਿਆਂ ਮੁਹਰੇ ਸੁੱਟਿਦਿਆਂ ਤੁਸੀਂ ਕਬੂਤਰ ਵਾਂਗ ਅੱਖਾਂ ਬੰਦ ਕਰ ਲੈਂਦੇ ਹੋ---ਉਸ ਕਬੂਤਰ ਵਾਂਗ ਜਿਹੜਾ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦਾ ਹੈ ਅਤੇ ਸੋਚਦਾ ਹੈ ਕਿ ਹੁਣ ਮੈਂ ਬਿੱਲੀ ਨੂੰ ਦਿਸ ਹੀ ਨਹੀਂ ਰਿਹਾ---ਤੁਸੀਂ ਵੀ ਉਸ ਘੜੀ---ਇਹੀ---ਤੁਸੀਂ ਮਕਾਰ ਹੋ---ਤੁਸੀਂ ਝੂਠੇ---ਤੁਸੀਂ ਰੱਬ ਨਾਲ ਵੀ ਠੱਗੀ ਕਰਦੇ ਹੋ---

    ਨਾਂ ਹੀ ਮੈਂ ਕੋਈ ਜਾਦੂ ਦੀ ਛੜੀ ਹਾਂ---ਜਿਸ ਨੂੰ ਘੁਮਾਉਂਦਿਆਂ ਸਾਰ ਤੁਸੀਂ ਮਨ ਇੱਛਿਤ ਫਲ ਪ੍ਰਾਪਤ ਕਰ ਲਓ---

    ਤੇ ਭਾਈ ! ਮੈਂ ਕੋਈ ਜਾਇਦਾਦ ਵੀ ਨਹੀਂ ਹਾਂ---ਜਿਹੜੀ ਸਿਰਫ਼ ਮਰਦਾਂ ਦੇ ਨਾਂ ਹੀ ਹੰੁਦੀ ਹੈ ---ਮਰਦਾਂ ਦੀ ਮਾਲਕੀ---ਤੇ ਜਿਸ ਪਿੱਛੇ ਹਮੇਸ਼ਾ ਖੂਨ ਖਰਾਬੇ ਹੰੁਦੇ ਆਏ ਨੇ---ਇਥੋਂ ਤੱਕ ਕਿ ਇਹਦੇ ਪਿੱਛੇ ਭਾਈ ਭਾਈ ਦਾ, ਬਾਪ ਪੁੱਤ ਦਾ, ਪੁੱਤ ਮਾਪਿਆਂ ਦਾ ਕਤਲ ਕਰਨੋਂ ਵੀ ਗੁਰੇਜ਼ ਨਹੀਂ ਕਰਦਾ---ਇਹ ਪਿਆਰ ਵਿੱਚ ਫੁੱਟ ਪਾਉਣ ਲਈ ਹਮੇਸ਼ਾ ਤਤਪਰ ਤੇ ਤਿਆਰ ਬਰ ਤਿਆਰ ਰਹਿੰਦੀ ਐ--- ਨਾਂ ਹੀ ਮੈਂ ਪਰਛਾਈਂ ਹਾਂ---ਪਰਛਾਈਂ ਦਾ ਆਪਣਾ ਕੋਈ ਵਜ਼ੂਦ ਨਹੀਂ ਹੰੁਦਾ ਇਹਦੇ ਲਈ ਕੁੱਝ ਸਥੂਲ ਚਾਹੀਦਾ ਹੁੰਦਾ ਹੈ ---ਕੋਈ ਹੋਂਦ---ਪਰ ਮੇਰੇ ਕੋਲ ਕੋਈ ਹੋਂਦ ਕੋਈ ਵਜ਼ੂਦ ਨਹੀਂ ਹੈ ਜਿਸ ਦੇ ਮਗਰ ਮਗਰ ਤੁਰਦੀ ਮੈਂ ਇਤਰਾਉਂਦੀ ਫਿਰਾਂ---

    ਮੈਂ ਕੋਈ ਗ੍ਰੰਥ ਪੋਥੀ ਵੀ ਨਹੀਂ ਹਾਂ---ਜਿਹੜੀ ਤੁਹਾਨੂੰ ਸਿੱਧੇ ਰਾਹ ਪਾ ਸਕਾਂ---ਜਿਹਦੀ ਮੱਤ ਤੇ ਚੱਲ ਨੇ ਤੁਸੀਂ ਭਦਰ ਪੁਰਸ਼ ਬਣ ਸਕੋ---ਬੁੱਧੀਜੀਵੀ, ਅਕਲਮੰਦ ਬਣ ਸਕੋ---ਚੰਗੇ ਇਨਸਾਨ।

    ਤੇ ਨਾਂ ਹੀ ਮੈ ਤਕਦੀਰ ਹਾਂ---ਜਿਸਨੂੰ ਹਰ ਹਾਲ ਚ ਤੁਸੀਂ ਕੋਸਦੇ ਹੀ ਰਹੋ---ਕਿੰਨੇ ਵੀ ਚੰਗੇ ਦਿਨ ਕੱਟ ਰਹੋ ਹੋਵੋ ਪਰ ਤਕਦੀਰ ਨੂੰ ਲੈ ਕੇ ਕਦੇ ਸੰਤੁਸ਼ਟ ਨਾਂ ਹੋਵੋ---

    ਅਕਲਾਂ ਵਾਲਿਓ---ਕਲਮਾਂ ਵਾਲਿਓ---ਦੁਨੀਆਂ ਵਾਲਿਓ---ਸੁੱਤੀਆਂ ਤੇ ਜਾਗਦੀਆਂ---ਜਿੰਦਾ ਤੇ ਮਰੀਆਂ ਜ਼ਮੀਰਾਂ ਵਾਲਿਓ---ਮੈਂ ਇੱਕ ਔਰਤ ਹਾਂ---ਇੱਕ ਉਹ ਔਰਤ---ਜੋ ਥੋਡੀ ਮਾਂ ਭੈਣ ਪਤਨੀ ਬੇਟੀ---ਕੋਈ ਵੀ ਹੋ ਸਕਦੀ ਹਾਂ ---ਸ਼ੁਭਚਿੰਤਕ ਵੀ ਹੋ ਸਕਦੀ ਹਾਂ।

    ਮੈਂ ਤਮਾਤ ਔਰਤ ਦੀ ਤਰਜਮਾਨੀ ਕਰਦੀ ਇੱਕ ਐਸੀ ਔਰਤ ਹਾਂ ਜਿਸ ਦੀ ਦੁੱਖ ਭਰੀ ਕਹਾਣੀ ਸਿਰਫ਼ ਕਿਸੇ ਇੱਕ ਔਰਤ ਦੀ ਕਹਾਣੀ ਨਹੀਂ---ਕੇਵਲ ਤੇ ਕੇਵਲ ਮੇਰੀ ਕਹਾਣੀ ਨਹੀਂ ਬਲਕਿ ਮੇਰੇ ਵਰਗੀਆਂ ਲੱਖਾਂ ਕਰੋੜਾਂ ਔਰਤਾ ਦੀ ਹੱਡਬੀਤੀ ਹੈ ---ਥੋੜੀ ਬਹੁਤੀ ਵੱਧ ਘੱਟ ਮਾਤਰਾ ਵਿੱਚ ਇਹ ਸਮੁੱਚੀ ਔਰਤ ਜਾਤ ਦੀ ਕਹਾਣੀ ਹੈ।

    ਇਹ ਗੱਲ ਵੱਖਰੀ ਹੈ ਕਿ ਸਮਾਜਕ ਬੰਧਨਾਂ `ਚ ਜਕੜੀ ਹੋਈ---ਗੁਲਾਮੀ ਦੀਆਂ ਜ਼ੰਜੀਰਾਂ `ਚ ਬੰਨ੍ਹੀ ਹੋਈ ਔਰਤ ਆਪਣੀ ਹੱਡਬੀਤੀ ਸੁਣਾ ਕੇ ਆਪਣਾ ਢਿੱਡ ਨੰਗਾ ਨਹੀਂ ਕਰਨਾ ਚਾਹੁੰਦੀ

    ਮੈਂ ਵੀ ਕਿਹੜਾ ਕਰਨਾ ਚਾਹੰੁਦੀ ਸਾਂ---ਪਰ ਸਬਰ ਦੀ ਇੰਤਹਾ ਹੋ ਚੁੱਕਣ ਤੋਂ ਬਾਦ---ਸਬਰ ਦਾ ਪਿਆਲਾ ਨੱਕੋ ਨੱਕ ਭਰ ਜਾਣ ਤੋਂ ਬਾਦ---ਪਾਣੀ ਸਿਰੋਂ ਉੱਚਾ ਹੋ ਜਾਣ ਬਾਦ---ਤਕਦੀਰ ਦੇ ਸਾਰੇ ਬੂਹੇ ਬਾਰੀਆਂ ਬੰਦ ਹੋ ਜਾਣ ਦੀ ਸੂਰਤ ਵਿੱਚ---ਜ਼ਿੰਦਗ਼ੀ `ਚ ਬੇਅੰਤ ਝੱਖੜ ਝੱਲੇ ਸਹਿ ਜਾਣ ਮਗਰੋਂ---ਮੈਂ ਆਪਣੀ, ਨਾ ਸੱਚ ਔਰਤ ਦੀ ਕਥਾ ਕਹਾਣੀ ਤੁਹਾਨੂੰ ਸੁਣਾਉਣ ਦੀ ਹਿੰਮਤ ਕਰ ਰੀ ਹਾਂ। ਉਮਰ ਦੇ ਅਠਾਈ ਵਰ੍ਹੇ---ਅਠਾਈ ਸਦੀਆਂ ਵਰਗੇ ਬੀਤੇ ਨੇ---ਤੇ ਹੁਣ ਮੇਰੀ ਉਮਰ ਠਹਿਰ ਗਈ ਐ ---ਪਤਾ ਨੀ ਕੱਲੀ ਉਮਰ ਠਹਿਰੀ ਐ ਜਾਂ ਉਮਰ ਦੇ ਵਰੇ੍ਹ ਵੀ ਥਾਏਂ ਖਲੋਅ ਗਏ ਨੇ---ਇਹ ਤਾ ਮੈਂ ਨਹੀਂ ਜਾਣਦੀ---ਪਰ ਸੱਚ ਦੱਸਦੀ ਹਾਂ---ਦਾਅਵੇ ਨਾਲ ਕਹਿ ਸਕਦੀ ਹਾਂ ਕਿ ਸਮਾਂ ਖਲੋਅ ਗਿਆ ਹੋਇਐ ---ਜਿਵੇਂ ਥਾਏਂ ਗੱਡਿਆ ਗਿਆ ਹੋਵੇ---ਇੱਕ ਲੱਤ ਦੇ ਭਾਰ---ਮੈਨੂੰ ਗਹੁ ਨਾਲ ਟਿਕਟਿਕੀ ਲਾ ਕੇ ਨਿਹਾਰਦਾ ਹੋਇਆ---ਮੇਰੀ ਹਾਲਤ ਦੇਖ ਕੇ ਅਵਾਕ ਦਾ ਅਵਾਕ---ਉਂਜ ਕਦੇ ਕਦਾਈਂ ਪੁੱਛਦਾ ਵੀ ਹੈ ਕਿ ਮੈਂ ਤੇਰੇ ਲਾਮ੍ਹ ਲਾਮ੍ਹ ਦੀ ਲੰਘ ਗਿਆ---ਹੇ ਨਾਰੀ---ਹੇ ਦੇਵੀ---ਹੇ ਜਗਤ ਜਨਨੀ---ਹੇ ਪ੍ਰਿਥਾ---ਤੂੰ ਈ ਮੈਨੂੰ ਛੂਹ ਲੈਣ ਦੀ ਹਿੰਮਤ ਕਰ ਲੈਂਦੀ---ਮੈਨੂੰ ਯਾਦ ਦਵਾ ਦਿੰਦੀ ਕਿ ਵੇ ਰੁੜ ਜਾਣਿਆ ਮੈਂ ਵੀ ਤਾ ਇੱਥੇ ਹਾਂ---ਇਸੇ ਮਾਤ ਲੋਕ `ਚ---ਮੇਰਾ ਧਿਆਨ ਆਪਣੇ ਵੱਲ ਮੌੜ ਲੈਂਦੀ---ਪਰ ਸਮਾਂ ਕੀ ਜਾਣੇ ਕਿ ਉਸ ਨੂੰ ਛੂਹ ਲੈਣ ਦੀ ਤਾਕਤ ਔਰਤ ਵਿੱਚ ਨਹੀਂ ਹੈ---ਇਹ ਸਮਾਂ---ਵਕਤ---ਉਮਰ ਦੇ ਵਰ੍ਹੇ ਉਹ ਦੇ ਕੋਲ ਕੋਲ ਦੀ ਹੀ ਲੰਘ ਜਾਂਦੇ ਨੇ---ਥੋੜੀ ਵਿੱਥ ਰੱਖ ਕੇ---ਥੋੜਾ ਫ਼ਾਸਲਾ ਰੱਖ ਕੇ---ਮੇਰੇ ਵਰਗੀ ਔਰਤ ਉਮਰ ਦੇ ਵਰ੍ਹਿਆਂ ਨੂੰ ਚੱਜ ਨਾਲ ਹੰਢਾਅ ਈ ਨੀ ਸਕਦੀ---ਉਮਰ ਦੇ ਵਰ੍ਹਿਆਂ ਨੂੰ ਹੰਢਾਉਣ ਲਈ ਔਰਤ ਨੂੰ ਸੱਚੀਂ ਮਿਚੀਂ ਬਹਾਦਰ ਬਣਨਾ ਪੈਂਦਾ ਹੈ---ਸਾਰੀਆਂ ਜ਼ੰਜੀਰਾਂ ਤੋੜਨੀਆਂ ਪੈਂਦੀਆਂ ਨੇ---ਪਰ ਔਰਤ ਦਾ ਜ਼ੰਜੀਰਾਂ ਤੋਂ ਆਜ਼ਾਦ ਹੋਣਾ ਸਮਾਜ ਨੂੰ ਕਦੋਂ ਗਵਾਰਾ ਹੋਇਐ?

    ਔਰਤ ਇਹਨਾਂ ਸਮਾਜਕ ਬੰਧਨਾਂ ਤੋਂ ਬਾਗੀ ਹੋ ਕੇ ਜ਼ਿੰਦਗ਼ੀ ਦੇ ਵਰ੍ਹੇ ਹੰਢਾਅ ਸਕਦੀ ਐ---ਪਰ ਬਾਗੀ ਹੋਣਾ ਹਰ ਔਰਤ ਦੇ ਵਸ ਦੀ ਗਲ ਨਹੀਂ---ਬਾਗੀ ਹੋਣਾ ਮਾਅਨੇ---ਮਾਅਨੇ---ਮਾਅਨੇ ਸਾਰੀ ਕਾਇਨਾਤ ਨੂੰ ਆਪਣੇ ਵਿਰੁੱਧ ਕਰ ਲੈਣਾ।

    ਅਖ਼ਬਾਰਾਂ ਦੀਆਂ ਖ਼ਬਰਾਂ ਦੀ ਗੱਲ ਹੋਰ ਐ---ਨੇਤਾਵਾਂ ਅਤੇ ਰਸੂਖਦਾਰ ਲੋਕਾਂ ਦੇ ਭਾਸ਼ਣਾਂ ਜਾਂ ਵਾਅਦਿਆਂ ਦੀ ਗੱਲ ਹੋਰ ਐ---ਸਰਕਾਰੀ ਘੋਸ਼ਣਾਮਾਂ ਦੀ ਬਾਤ ਹੋਰ ਐ---ਪਰ ਅਸਲ ਵਿੱਚ ਔਰਤ ਦੀ ਸਮਾਜ ਵਿੱਚ ਦੁਜੈਲੀ ਥਾਂ ਹੈ---ਮੁੱਢੋਂ ਸੁੱਢੋਂ ਹੀ ਦੁਜੈਲੀ ਰਹੀ ਐ---

    ਮਿਥਿਹਾਸ ਪੜ੍ਹ ਕੇ ਦੇਖ ਲਓ---ਹਿਸਟਰੀ ਪੜ੍ਹ ਕੇ ਦੇਖ ਲਓ---ਔਰਤ ਗੁਲਾਮ ਰਹੀਂ ਐ ---ਦੁਜੈਲੀ ਥਾਂ---ਦੇਵਤਿਆਂ ਤੇ ਰਾਕਸ਼ਾਂ ਨੇ ਜਦੋਂ ਸਮੁੰਦਰ ਰਿੜਕ ਕੇ ਚੌਦਾਂ ਰਤਨ ਕੱਢੇ ਤਾ ਇਹਨਾਂ ਵਿੱਚ ‘ਪੁੱਤਰ` ਰਤਨ ਵੀ ਸੀ---ਹੈਰਾਨੀ ਦੀ ਗੱਲ ਇਹ ਕਿ ਪੁੱਤਰ ਪੈਦਾ ਕਰਨ ਵਾਲੀ ਧੀ ਨਹੀਂ ਸੀ---ਧੀ ਬਿਨ੍ਹਾਂ ਪੁੱਤਰ ਦੀ ਪ੍ਰਾਪਤੀ?? ਤੇ ਪਾਰਵਤੀ ਨੇ ਪਿੰਡੇ ਨੂੰ ਮਲੇ ਵੱਟਣੇ ਦੀਆਂ ਬੱਤੀਆਂ ਉਤਾਰ ਉਤਾਰ ਕੇ ਵੀ ਪੁੱਤਰ ਹੀ ਬਣਾਇਆ---ਧੀ ਨਾ ਬਣਾਈ---ਮਹਾਂਭਾਰਤ ਵੇਦ ਸਿਮਰਤੀਆਂ ਕੋਈ ਵੀ ਗ੍ਰੰਥ ਪੜ੍ਹ ਲਓ---ਔਰਤ ਦੀ ਦੁਰਗਤੀ ਹੀ ਹੋਈ ਹੈ---ਕੀ ਸੀਤਾ ਕੀ ਦਰੋਪਤੀ ਤੇ ਲੱਖਾਂ ਈ ਹੋਰ---

    ਫੇਰ ਤੁਸੀਂ ਪੜ੍ਹੇ ਲਿਖੇ ਹੋ---ਸਤੀ ਪ੍ਰਥਾ ਔਰਤ ਲਈ ਹੀ ਬਣਾਈ ਗਈ---ਮਰਦ ਲਈ ਨਹੀਂ---ਸਮੇਂ ਦੇ ਪ੍ਰਬੁੱਧ ਲੋਕਾਂ ਨੇ ਔਰਤ ਦੇ ਸਤੀ ਹੋਣ ਨੂੰ ਐਨਾ ਸੇ੍ਰਸ਼ਟ ਦੱਸਿਆ ਕਿ ਮੈਂ ਉਹਨਾਂ ਦੁਆਰਾ ਦਖਾਏ ਗਏ ਸਬਜ਼ ਬਾਗਾਂ ਦੇ ਲਾਲਚ ਵਿੱਚ ਫਸ ਗਈ---ਮੈਨੂੰ ਔਰਤ ਨੂੰ ਸਤੀ ਹੋਣ ਲਈ---ਮੇਰਾ ਮਨੋਬਲ ਬਣਾਈ ਰੱਖਣ ਲਈ ਸਵਰਗ ਲੋਕ ਦੀ ਪ੍ਰਾਪਤੀ ਦਾ ਲਾਲਚ ਦਿੱਤਾ ਗਿਆ---ਤੇ ਮੈਂ ਰਮਲੀ ਕਮਲੀ ਮਰਦ ਦੀਆਂ ਮਨ ਲੁਭਾਵਣੀਆਂ ਗੱਲਾਂ ਵਿੱਚ ਆ ਗਈ---

    ਤੇ ਅੱਜ ਵੀ ਮੈਨੂੰ ਕਰਮਾਂ ਮਾਰੀ ਨੂੰ ਲੈ ਕੇ ਬੜੀਆਂ ਸਕੀਮਾਂ ਘੜੀਆਂ ਜਾ ਰਹੀਆਂ ਨੇ---ਬੜੇ ਢੰਡੋਰਾ ਪਿੱਟੇ ਜਾ ਰਹੇ ਨੇ ਔਰਤ ਦੀ ਆਜ਼ਾਦੀ ਲਈ---ਬੇਟੀ ਬਚਾਓ ਬੇਟੀ ਪੜ੍ਹਾਓ ਵਰਗੇ ਮਨ ਲੁਭਾਊ ਨਾਅਰੇ---ਨੇਤਾਵਾਂ ਦੇ ਵੋਟ ਬੈਂਕ ਦਾ ਜੁਗਾੜ---ਕੋਈ ਨੰਨ੍ਹੀ ਛਾਂ ਦੇ ਨਾਂ ਹੇਠ ਕਰੋੜਾਂ ਹੜੱਪ ਕਰ ਰਹੀ ਐ---ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਰਹੀ ਐ---ਜੀਹਦੇ ਪੈਰ ਨਾ ਫਟੀ ਬਿਆਈ ਉਹ ਕੀ ਜਾਣੇ ਪੀੜ ਪਰਾਈ---

    ਸ਼ਾਤਰ ਲੋਕ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਦੇ ਨਾਂ ਹੇਠ ਆਪਣੀਆਂ ਆਉਣ ਵਾਲੀਆਂ ਸੱਤ ਪੁਸ਼ਤਾ ਦੀ ਰੋਟੀ ਦਾ ਜੁਗਾੜ ਕਰ ਰਹੇ ਨੇ---ਕੋਈ ਨਾਰੀ ਸਸ਼ਕਤੀਕਰਨ ਦੇ ਨਾਂ ਹੇਠ ਆਪਣਾ ਘਰ ਪੂਰਾ ਕਰ ਰਿਹੈ---

    ਪਰ ਅਸਲ ਤਸਵੀਰ---ਨਾਰੀ ਦੀ ਅਸਲ ਦਸ਼ਾ ਕੁੱਝ ਹੋਰ ਹੀ ਐ---ਮੇਰੀ ਜੀਵਨ ਗਾਥਾ ਸੁਣ ਕੇ ਤੁਸੀਂ??ਅਨੁਮਾਨ ਲਾ ਲੈਣਾ ਕਿ ਨਾਰੀ ਕਿੰਨੀ ਕੁ ਆਜ਼ਾਦ ਹੈ ਤੇ ਕਿੰਨੀ ਕੁ ਸਸ਼ਕਤ---ਕਿੰਨੀ ਕੁ ਸਵੈ ਨਿਰਭਰ ਹੈ---ਤੇ ਕਿੰਨੀ ਕੁ ਮਰਦ ਦੀਆਂ ਨਜ਼ਰਾਂ ਵਿੱਚ ਸਤਿਕਾਰਯੋਗ ਜੀਵ---ਮੈਨੂੰ ਉਮਰ ਦੇ ਅਠਾਈ ਸਾਲ ਆਪਣੇ ਕੋਲੋਂ ਦੀ ਲੰਘਦਿਆਂ ਹੋਇਆਂ ਦੇਖਦੀ ਨੂੰ ਅਠਾਈ ਸਾਲ ਹੋ ਗਏ ਨੇ---ਪਰ ਮੈਂ ਦੱਸਿਆ ਹੈ ਨਾ---ਕਿ ਅਠਾਈ ਵਰ੍ਹਿਆਂ ਤੋਂ ਬਾਦ ਸਮਾਂ ਮੇਰੇ ਸਾਹਮਣੇ ਇੱਕ ਲੱਤ ਦੇ ਭਾਰ ਖਲੋਅ ਕੇ ਮੇਰੇ ਨਾਲ ਹੋਈਆਂ ਬੀਤੀਆਂ ਲਈ ਪਛਤਾਵਾ ਕਰ ਰਿਹਾ ਹੈ---ਇੱਕੋ ਥਾਵੇਂ ਖਲੋਤਾ ਹੋਇਆ---ਅਡੋਲ ਅਹਿੱਲ--- ਜ਼ਿੰਦਗੀ ਦੇ ਪਹਿਲੇ ਪੰਜ ਵਰ੍ਹੇ ਤਾ ਮੈਨੂੰ ਯਾਦ ਨਹੀਂ ਕਿ ਚੰਗੇ ਬੀਤੇ ਜਾਂ ਮਾੜੇ---ਪਰ ਇਹਨਾਂ ਪੰਜਾ ਵਰ੍ਹਿਆਂ ਵਿੱਚ ਪੰਜ ਵਰੇ੍ਹ ਮੈਂ ਜ਼ਰੂਰ ਬੀਤ ਗਈ---ਛੇਵੇਂ ਵਰ੍ਹੇ ਤੋਂ ਮੈਨੂੰ ਥੋੜੀ ਥੋੜੀ ਹੋਸ਼ ਐ---ਸੋ ਮੈਂ ਆਪਣੀ ਜੀਵਨ ਗਾਥਾ ਛੇਵੇਂ ਵਰ੍ਹੇ ਤੋਂ ਹੀ ਸ਼ੁਰੂ ਕਰ ਸਕਾਂਗੀ---ਦੱਸ ਸਕਾਂਗੀ।

    ਗੱਲ ਸੁਣਨ ਸੁਣਾਉਣ ਤੋਂ ਪਹਿਲਾਂ ਆਪਾਂ ਇੱਕ ਦੂਜੇ ਨਾਲ ਕੁੱਝ ਵਾਅਦੇ ਕਰਦੇ ਹਾਂ---ਕੁੱਝ ਸ਼ਰਤਾ ਤੈਅ ਕਰਦੇ ਹਾਂ---ਤੇ ਕੁੱਝ ਕੌਲ` ਕਰਾਰ ਵੀ ਕਰਦੇ ਹਾਂ---ਮਿੱਤਰੋ ਇਹ ਵਾਅਦੇ ਹੋਣੇ ਲਾਜ਼ਮੀ ਨੇ---

    ਫੇਰ ਆਪਾਂ ਇਹ ਵਾਅਦਾ ਕਿਸੇ ਗੀਤਾ ਉੱਤੇ ਹੱਥ ਧਰ ਕੇ ਨਹੀਂ ਕਰਨਾ---ਕਿਉਂਕਿ ਤੁਸੀਂ ਜਾਣਦੇ ਹੀ ਹੋ ਕਿ ਰੋਜ਼ ਗੀਤਾ ਉੱਤੇ ਹੱਥ ਰੱਖ ਕੇ ਸੱਚ ਬੋਲਣ ਦੀ ਬਜਾਇ ਨੜ੍ਹਿਨਵੇ ਪ੍ਰਤੀਸ਼ਤ ਲੋਕ ਝੂਠ ਬੋਲਦੇ ਨੇ---ਸੋ ਆਪਾਂ ਗੀਤਾ ਉੱਤੇ ਹੱਥ ਧਰ ਕੇ ਵਾਅਦਾ ਕਰਨ ਦੀ ਬਜਾਇ ਆਪਣੀ ਜ਼ਮੀਰ ਉੱਤੇ ਹੱਥ ਧਰ ਕੇ ਵਾਅਦਾ ਕਰਨਾ ਹੈ---

    ਮੈਂ ਵਾਅਦਾ ਕਰਾਂਗੀ ਕਿ ਮੈਂ ਆਪਣੀ ਜੀਵਨ ਗਾਥਾ ਜਾਂ ਕਹਿ ਲਓ ਔਰਤ ਦੀ ਜੀਵਨ ਗਾਥਾ ਬਿਲਕੁਲ ਸੱਚ ਸੁਣਾਵਾਂਗੀ---ਕੋਈ ਐਸੀ ਘਟਨਾ ਨਹੀਂ ਬਿਆਨ ਕਰਾਂਗੀ ਜਿਸ ਵਿੱਚ ਰਤੀ ਭਰ ਵੀ ਝੂਠ ਹੋਵੇ---ਜਿਸ ਨੂੰ ਸੁਣ ਕੇ ਥੋਨੂੰ ਲੱਗੇ ਕਿ ਮੈਂ ਐਵੇਂ ਔਰਤ ਨੂੰ ਵਿਚਾਰੀ ਦੱਸ ਕੇ ਤੁਹਾਡੀ ਹਮਦਰਦੀ ਬਟੋਰਨਾ ਚਾਹੰੁਦੀ ਹਾਂ---

    ਤੇ ਤੁਸੀਂ ਮੇਰੇ ਨਾਲ ਵਾਅਦਾ ਕਰੋਗੇ ਕਿ ਮੇਰੀ ਕਥਾ ਤਹੱਮਲ ਨਾਲ---ਰੇਚਕੀ ਨਾਲ---ਸਬਰ ਨਾਲ ਸੁਣੋਗੇ---ਪੂਰੇ ਧਿਆਨ ਨਾਲ---ਪੂਰੀ ਤਵੱਜੋ ਮੇਰੀ ਕਥਾ ਨੂੰ ਦਿਓਗੇ---ਦੂਜਾ ਮੇਰੇ ਉੱਤੇ ਭਰੋਸਾ ਕਰੋਗੇ ਕਿ ਮੈਂ ਜੋ ਕਹਿ ਰਹੀ ਹਾਂ ਸੱਚ ਕਹਿ ਰਹੀ ਹਾਂ---ਠੀਕ?

    ਹੁਣ ਮੈਂ ਤਾ ਕਿਸੇ ਧਾਰਮਿਕ ਗ੍ਰੰਥ ਪੋਥੀ ਤੇ ਹੱਥ ਧਰ ਕੇ ਵਾਅਦਾ ਕਰਨ ਦੀ ਬਜਾਇ ਆਪਣੀ ਜ਼ਮੀਰ ਉੱਤੇ ਹੱਥ ਰੱਖ ਕੇ ਸਹੁੰ ਖਾ ਰਹੀ ਹਾਂ---ਸੋ ਜੋ ਵੀ ਦੱਸਾਂਗੀ ਸੱਚ ਦੱਸਾਗੀ---ਮੈਂ ਇੱਕ ਗੱਲ ਹੋਰ ਦੱਸ ਦਿਆ ਕਿ ਮੈਂ ਆਪਣੇ ਜੰਮਣ ਤੋਂ ਪਹਿਲਾਂ ਤੋਂ ਲੈ ਕੇ ਰਾਜ ਮਾਤਾ ਬਣਨ ਤੱਕ ਦਾ ਸਫ਼ਰ ਸਿਰਫ਼ ਦੱਸਾਂਗੀ ਹੀ ਨਹੀਂ---ਸਗੋਂ ਮੈਨੂੰ ਇਹ ਦੋਬਾਰਾ ਜੀਣਾ ਹੀ ਪਵੇਗਾ---ਉਫ!

    ਮੇਰੇ ਲਈ ਇੱਕੋ ਵਾਰੀ ਇਹ ਜੀਵਨ ਜੀਣਾ ਨਰਕ ਭੋਗਣ ਬਰਾਬਰ ਸੀ---ਤੇ ਦੁਬਾਰਾ ਜੀਣ ਦੇ ਖਿਆਲ ਤੋਂ ਹੀ ਬੰਦਾ ਤ੍ਰਹਿ ਜਾਂਦਾ ਹੈ ਪਰ ਤੁਹਾਨੂੰ ਇਹ ਜੀਵਨ ਕਥਾ ਸੁਣਾਉਣੀ ਜ਼ਰੂਰੀ ਹੈ---ਹੋ ਸਕਦਾ ਹੈ ਤੁਹਾਡਾ ਔਰਤ ਪ੍ਰਤੀ ਨਜ਼ਰੀਆ ਬਦਲ ਜਾਵੇ---ਉਹਦੇ ਪ੍ਰਤੀ ਤੁਹਾਡੇ ਮਨ ਵਿੱਚ ਕੋਈ ਸੰਵੇਦਨਾ ਜਾਗ ਪਵੇ---ਉਹਦੇ ਪ੍ਰਤੀਤੁਹਾਡੀ ਸੋਚ ਵਿੱਚ ਕੋਈ ਬਦਲਾਓ ਹੀ ਆ ਜਾਵੇ---ਮੇਰਾ ਮਕਸਦ ਸਿਰਫ਼ ਇਹੀ ਹੈ-

    2

    ਉਮਰ ਦਾ ਛੇਵਾਂ ਵਰ੍ਹਾਂ---ਖੇਲ੍ਹਣ ਮਾਲ੍ਹਣ ਦੀ ਉਮਰ---ਉਮਰ ਦਾ ਬਾਦਸ਼ਾਹ ਦੌਰ---ਨਾ ਫਿ਼ਕਰ ਨਾ ਫ਼ਾਕਾ---ਪਰ ਮੇਰੇ ਕਰਮਾਂ `ਚ ਇਹ ਬਾਦਸ਼ਾਹੀ ਦੌਰ?

    ਕੋਈ ਜਿਹੜੀ ਸਾਰੀ ਦੁਨੀਆਂ ਦੇ ਜੀਅ ਜੰਤਾ ਦੀ ਕਿਸਮਤ ਲਿਖਣ ਵਾਲੀ ਬਿੱਧ ਮਾਤਾ ਸੁਣੀਂਦੀ ਐ ਨਾਅ---ਵਿਧਾਤਾ---ਉਹ ਮੇਰੀ ਕਿਸਮਤ `ਚ ਇਹ ਬਾਦਸ਼ਾਹ ਉਮਰ ਪਾਉਣੀ ਦੀ ਭੁੱਲ ਗਈ---ਇਹ ਬੇਫਿ਼ਕਰੀ ਦੇ ਵਰ੍ਹੇ ਲਿਖਣੇ ਦੀ ਭੁੱਲ ਗਈ---

    ਉਹ ਸਿਰਫ਼ ਮੇਰੀ ਕਿਸਮਤ `ਚ ਹੀ ਇਹ ਲਿਖਣੇ ਹੀ ਭੁੱਲੀ---ਉਹ ਤਕਰੀਬਨ ਬਹੁਤੀਆਂ ਕੁੜੀਆਂ ਦੀ ਕਿਸਮਤ `ਚ ਚੰਗਾ ਚੰਗਾ ਲਿਖਣਾ ਭੁੱਲ ਜਾਂਦੀ ਐ---ਪਤਾ ਨੀ ਕੁੜੀਆਂ ਦੀ ਕਿਸਮਤ ਲਿਖਿਣ ਵੇਲੇ ਉਹਨੂੰ ਕਿਉਂ ਵਿਸਰ ਜਾਂਦਾ ਐ ਸਭ ਕੁੱਝ---

    ਉਮਰ ਦਾ ਛੇਵਾਂ ਵਰ੍ਹਾਂ---ਮੇਰੀ ਅਖਾਉਤੀ ਮਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ---ਮੈਂ ਮਾਂ ਨੂੰ ਮਮਤਾ ਦੀ ਮੂਰਤ ਕਹਿਣ ਦੀ ਬਜਾਏ ਅਖਾਉਤੀ ਮਾਂ ਕਿਉਂ ਕਹਿ ਰਹੀ ਹਾਂ---ਇਹ ਤੁਸੀਂ ਮੇਰੀ ਕਥਾ ਸੁਣ ਕੇ ਖੁਦ ਹੀ ਜਾਣ ਜਾਉਗੇ---

    ਮੇਰੀਆਂ ਦੋਵੇਂ ਵੱਡੀਆਂ ਭੈਣਾਂ, ਬੀਰਾ ਤੇ ਬਾਪੂ ਮਾਂ ਦੇ ਇਸ ਦੌਰੇ ਲਈ ਮੈਨੂੰ ਦੋਸ਼ੀ ਠਹਿਰਾਉਣ ਲੱਗੇ---ਮੈਨੂੰ ਸਮਝ ਨਾ ਲਗਦੀ ਕਿ ਸਾਰਾ ਟੱਬਰ ਮੈਨੂੰ ਕਿਉਂ ਕੋਸਦਾ ਰਹਿੰਦੈ---ਬਾਪੂ ਤੇ ਬੀਰਾ ਆਉਂਦੇ ਜਾਂਦੇ ਕਦੇੇ ਮੈਨੂੰ ਧੱਕਾ ਦੇ ਜਾਣ---ਕਦੇ ਥੱਪੜ ਮਾਰ ਜਾਣ---

    ਵੱਡੀ ਭੈਣ ਅੱਕੀ ਤਾ ਮੈਨੂੰ ਮੁੱਢੋਂ ਦੀ ਬੱਜ ਮਾਰੀ ਕਹਿ ਕੇ ਬੁਲਾਉਂਦੀ ਹੁੰਦੀ ਸੀ---ਪਰ ਹੁਣ ਤਾ ਘਰ ਦੇ ਬਾਕੀ ਜੀਅ ਵੀ ਮੈਨੂੰ ਲੰਗੜੀ ਕਹਿ ਕੇ ਤ੍ਰਿਸਕਾਰਨ ਲੱਗ ਪਏ---ਦੂਜੇ ਨੰਬਰ ਵਾਲੀ ਭੈਣ ਗੁਜਰੀ ਅਕਸਰ ਆਖਦੀ,

    ‘‘ਲੰਗੜੀ ਜਿਹੀ---ਮਰੀ ਵੀ ਨੀ---ਮਾਂ ਨੂੰ ਖਾ ਗਈ---ਬੱਜ ਮਾਰੀ---ਕਿਸੇ ਨੇ ਵਿਆਹੁਣੀ ਵੀ ਨੀ---ਹੋਰ ਬਾਪੂ ਲਈ ਮੁਸੀਬਤ---``

    ਮੈਨੂੰ ਉਦੋਂ ਡਾਂਟ ਡਪਟ ਦਾ ਕਾਰਣ ਸਮਝ ਨਹੀਂ ਸੀ ਆਉਂਦਾ---ਬੱਸ ਐਨਾ ਕੁ ਮਸਲਾ ਸਮਝ ਆਉਂਦਾ ਸੀ ਕਿ ਮਾਂ ਮੇਰੇ ਕਰਕੇ ਬੀਮਾਰ ਹੋਈ ਐ---ਕਦੇ ਕਦੇ ਜਦੋਂ ਮੇਰੀ ਕੋਈ ਭੈਣ ਮੇਰੇ ਵੱਲ ਥੱਪੜ ਉਘਾਰਦੀ ਤਾ ਮੈਂ ਸਹਿਮ ਜਾਂਦੀ---ਮੈਂ ਸੋਚਦੀ ਕਿ ਮੈਂ ਤਾ ਕੋਈ ਇੱਲਤ ਵੀ ਨੀ ਕੀਤੀ---ਮੈਂ ਤਾ ਅੱਛੇ ਬੱਚਿਆਂ ਵਾਂਗ ਚੁੱਪ ਚਾਪ ਬੈਠੀ ਹਾਂ।

    ਉਂਜ ਮਾਂ ਦੇ ਠੀਕ ਹੁੰਦਿਆਂ ਵੀ ਮੈਂ ਸਾਰੇ ਟੱਬਰ ਦੇ ਤ੍ਰਿਸਕਾਰ ਦਾ ਪਾਤਰ ਬਣੀ ਰਹਿੰਦੀ ਸਾਂ---ਪਰ ਮਾਂ ਦੇ ਬੀਮਾਰ ਹੋਣ ਤੋਂ ਬਾਦ ਤਾ ਮੈਂ ਉੱਕਾ ਨਹਿਸ਼ ਮਨਹੂਸ਼ ਘੋਸ਼ਿਤ ਹੋ ਗਈ---ਮਾਂ ਦੀ ਬੀਮਾਰੀ?? ਨਮਿੱਤ ਬਣ ਗਈ---ਜ਼ਰੀਆ ਬਣ ਗਈ।

    ਉੱਦੋਂ ਮੇਰੀ ਉਮਰ ਐਨੀ ਛੋਟੀ ਸੀ ਕਿ ਮੈਨੂੰ ਇਸ ਸਾਰੇ ਕਾਰੇ ਵਰਤਾਰੇ ਦੀ ਉੱਕਾ ਸਮਝ ਨਾ ਲਗਦੀ---ਮੈਨੂੰ ਪਤਾ ਨਾ ਲਗਦਾ ਕਿ ਸਾਰੇ ਜਣੇ ਮੈਨੂੰ ਕਿਉਂ ਨਫ਼ਰਤ ਕਰਦੇ ਹਨ।

    ਬੀਰਾ ਤੇ ਬਾਪੂ ਮੈਨੂੰ ਕਦੇ ਕਦੇ ਡੰਗਰਾਂ ਵਾਲੇ ਬਾੜੇ `ਚ ਛੱਡ ਆਉਂਦੇ---ਸਾਡੇ ਘਰ ਪੰਜ ਛੇ ਮੱਝਾਂ ਕੱਟੀਆਂ ਬੱਛੀਆਂ---ਬੋਤੀ ਤੇ ਹੋਰ ਪਸ਼ੂ ਹੁੰਦੇ ਸਨ---ਮੈਨੂੰ ਇਹ ਗੱਲ ਬਾਦ `ਚ ਸਮਝ ਆਈ ਕਿ ਉਹ ਮੈਨੂੰ ਉੱਥੇ ਕਿਉਂ ਛੱਡ ਆਉਂਦੇ ਸਨ---ਪਤਾ ਕਿਉਂ?ਤਾ ਜੋ ਕੋਈ ਪਸ਼ੂ ਮੈਨੂੰ ਪੈਰਾਂ ਹੇਠ ਦਰੜ ਦੇਵੇ---

    ਇੱਕ ਦਿਨ ਬਾਪੂ ਆਪੇ ਕੂ ਪਿਆ---ਅਖੇ ਇਸ ਲੰਗੜੀ ਨੂੰ ਤਾ ਕਿਸੇ ਕੱਟਰੂ ਬੱਛਰੂ ਨੇ ਵੀ ਨਾ ਦਰੜਿਆ---ਕਾਲੇ ਕਾਂ ਖਾ ਕੇ ਜੰਮੀ ਐ ਨਿਰਭਾਗ---ਲੰਬੀ ਉਮਰ ਲਖਾਅ ਕੇ ਲਿਆਈ ਐ ਬਦਕਾਰ---

    ਮੈਂ ਥੋੜੀ ਵੱਡੀ ਹੋਈ ਤਾ ਸੋਚਦੀ ਕਿ ਕਾਸ਼! ਕੋਈ ਪਸ਼ੂ ਮੈਨੂੰ ਪੈਰਾਂ ਹੇਠ ਦਰੜ ਕੇ ਮਾਰ ਦੀ ਦਿੰਦਾ---ਜਾਨ ਛੁਟਦੀ---ਮੈਨੂੰ ਹਾਅ ਨਰਕ ਤਾ ਨਾ ਭੋਗਣਾ ਪੈਂਦਾ---ਪਰ ਮਰਨਾ ਕਿਹੜਾ ਬੰਦੇ ਦੇ ਆਪਣੇ ਹੱਥ ਐ?

    ਮੈਂ ਬਹੁਤ ਬਾਦ `ਚ ਜਦੋਂ ਨਰਕ ਵਰਗੇ ਦਿਹਾੜੇ ਭੋਗ ਰਹੀ ਸਾ---ਤਾ ਮੈਂ ਕੋਸ਼ਿਸ਼ ਕੀਤੀ ਸੀ ਮਰਨ ਦੀ---ਪਰ ਕਾਮਯਾਬੀ ਨਾ ਮਿਲੀ---ਕਿਉਂਕਿ ਨਰਕ ਜੁ ਭੋਗਣਾ ਸੀ---ਅਠਾਈ ਸਾਲ---ਇੱਕ ਅਰਸਾ ਹੰੁਦੇ ਨੇ ਅਠਾਈ ਸਾਲ---

    ਲੇਕਿਨ ਜੇ ਮੈਂ ਉਦੋਂ ਦੀ ਮਰ ਜਾਂਦੀ---ਛੇਆਂ ਸੱਤਾ ਵਰ੍ਹਿਆਂ ਦੀ ਉਮਰੇ ਈ---ਤਾ ਫੇਰ ਥੋਨੂੰ ਤਮਾਮ ਔਰਤਾ ਦੀ ਕਥਾ ਕੌਣ ਸੁਣਾਉਂਦਾ? ਸਾਰਾ ਟੱਬਰ ਰੋਟੀ ਖਾ ਲੈਂਦਾ---ਮਾਂ ਦੇ ਮੂੰਹ `ਚ ਵੀ ਵੱਡੀ ਭੈਣ ਬੁਰਕੀਆਂ ਪਾ ਦਿੰਦੀ---ਮਾਂ ਦਾ ਅੱਧਾ ਸਰੀਰ ਸੁੰਨ ਹੋ ਗਿਆ ਸੀ---ਉਹਦਾ ਸੱਜਾ ਪਾਸਾ ਮਾਰਿਆ ਗਿਆ ਸੀ---ਤੇ ਜ਼ੁਬਾਨ ਵੀ ਤੁਤਲਾਅ ਗਈ ਸੀ---ਉਹ ਬੜੀ ਮੁਸ਼ਕਲ ਨਾਲ ਬੋਲਦੀ---ਉਸ ਵੀ ਅੱਧਾ ਪਚੱਧਾ---ਮੇਰੀ ਰੋਟੀ ਕਿਸੇ ਨੂੰ ਯਾਦ ਈ ਨਾ ਹੁੰਦੀ---ਫੇਰ ਮਾਂ ਇਸ਼ਾਰੇ ਈ ਇਸ਼ਾਰੇ ਨਾਲ ਭੈਣ ਨੂੰ ਕਹਿੰਦੀ ਕਿ ਉਹ ਮੈਨੂੰ ਵੀ ਰੋਟੀ ਦੇ ਦੇਵੇ---ਪਰ ਭੈਣ ਘੇਸਲ ਮਾਰ ਜਾਂਦੀ---ਜਿਵੇਂ ਉਸ ਨੂੰ ਕੁੱਝ ਸਮਝ ਹੀ ਨਾ ਆਇਆ ਹੋਵੇ---ਮਾਂ ਮੈਨੂੰ ਨੇੜੇ ਆਉਂਣ ਲਈ ਇਸ਼ਾਰਾ ਕਰਦੀ ਪਰ ਭੈਣ ਉਸ ਨੂੰ ਬੁਰੀ ਤਰ੍ਹਾਂ ਟੁੱਟ ਕੇ ਪੈਂਦੀ,

    ‘‘ਆਹੀ ਮਨਹੂਸ ਤੇਰੀ ਇਸ ਦੁਰਦਸ਼ਾ ਦਾ ਕਾਰਨ ਐ---ਤੂੰ ਅਜੇ ਵੀ ਇਹਦੀ ਫਿ਼ਕਰ ਕਰਦੀ ਐਂ---ਇਹਨੂੰ ਲਾਡ ਲਡਾਉਂਨੀ ਐ---ਇਹ ਬੇਭਾਗ ਹੀ ਤੈਨੂੰ ਖਾ ਗਈ---ਡੈਣ ਕਿਤੋਂ ਦੀ---ਐਦੂੰ ਤਾ ਆਪੇ ਮਰ ਖਪ ਜਾਂਦੀ---

    ਸੁਣ ਕੇ ਮਾਂ ਸਿਰਫ਼ ਮੇਰੇ ਵੱਲ ਤਰਸ ਭਰੀ ਨਿਗਾਹ ਨਾਲ ਦੇਖਦੀ---ਫੇਰ ਮੇਰੀ ਭੈਣ ਰੋਟੀ ਦੀ ਥਾਲੀ ਮੇਰੇ ਵੱਲ ਐਂ ਸਰਕਾਉਂਦੀ ਜਿਵੇਂ ਅਵਾਰਾ ਕੁੱਤੇ ਨੂੰ ਰੋਟੀ ਪਾਈਦੀ ਐ---ਮੈਂ ਭੁੱਖੀ ਹੋਣ ਦੇ ਬਾਵਜੂਦ ਡੱਡਰੀਆਂ ਅੱਖਾਂ ਨਾਲ ਸਾਰਿਆਂ ਨੂੰ ਤੱਕਦੀ ਹੋਈ ਰੋਟੀ ਖਾਦੀ ਨਹੀਂ ਸਾਂ---ਬਲਕਿ ਬੁਰਕੀਆਂ ਮੂੰਹ `ਚ ਤੰੁਨਦੀ ਸਾਂ

    ਬਾਪੂ ਥਾਲੀ ਨੂੰ ਠੁੱਡ ਮਾਰਦਾ ਹੋਇਆ ਐਨੀ ਜੋਰ ਦੀ ਮੇਰੀ ਗਿੱਚੀ `ਚ ਧੱਫਾ ਮਾਰਦਾ ਕਿ ਕਿੰਨੀਓ ਦੇਰ ਮੈਨੂੰ ਭਰ ਕੇ ਸਾਹ ਨਾ ਆਉਂਦਾ---ਪੀੜ ਨਾਲ ਮੈਂ ਇਕੱਠੀ ਹੋ ਜਾਂਦੀ। ਬਾਪੂ ਗਰਜਦਾ,

    ‘‘ਇਹਨੂੰ ਕਾਲੇ ਮੂੰਹ ਆਲੀ ਨੂੰ ਕਿਸੇ ਦਿਨ ਭਾਜੀ `ਚ ਨੀਲਾ ਥੋਥਾ ਪਾ ਕੇ ਖਵਾ ਦਿਓ---ਐਂ ਨੀ ਇਹ ਮਰਦੀ---ਢੱਠੇ ਮੰਗਣਾਂ ਪਲਦੀ ਜਾ ਰਹੀ ਐ---ਅੰਨ ਪਾੜ---ਦੇਖ ਕਿਵੇਂ ਹਾਭੜੀ ਐ---`` ਬਾਪੂ ਹੋਰ ਵੀ ਅਵਾ ਤਵਾ ਬੋਲਦਾ---ਮੈਨੂੰ ਇਹ ਸਮਝ ਨਾ ਲਗਦੀ ਕਿ ਮੈਨੂੰ ਕਿਸ ਕਸੂਰ ਦੀ ਸਜ਼ਾ ਮਿਲ ਰਹੀ ਹੈ---ਮੈਂ ਤਾ ਕੋਈ ਨੁਕਸਾਨ ਈ ਨੀ ਕੀਤਾ---ਕੋਈ ਗਲਤੀ ਵੀ ਨੀ ਕੀਤੀ---ਫੇਰ????

    ਕਦੇ ਕਦੇ ਮੈਂ ਘਰਦਿਆਂ ਦਾ ਦਿਲ ਜਿੱਤਣ ਲਈ ਆਪਣੇ ਕੱਦ ਨਾਲੋਂ ਵੀ ਵੱਡਾ ਝਾੜੂ ਲੈ ਕੇ ਵਿਹੜੇ `ਚ ਮਾਰਨ ਲਗਦੀ ਜਾਂ ਦਲਾਨ ਬੁਹਾਰਨ ਲਗਦੀ---ਕਦੇ ਭਾਰੀ ਭਰਕਮ ਨਲਕਾ ਗੇੜ ਕੇ ਕੱਟਰੂਆਂ ਬੱਛਰੂਆਂ ਨੂੰ ਪਾਣੀ ਪਲਾਉਣ ਲੱਗ ਜਾਂਦੀ---

    ਮੇਰੀ ਇੱਕ ਲੱਤ ਸੁੱਕੀ ਹੋਈ ਅਤੇ ਛੋਟੀ ਐ---ਮੈਂ ਸੱਜਾ ਹੱਥ ਪੱਟ `ਤੇ ਰੱਖ ਕੇ ਤੁਰਦੀ ਹਾਂ---ਝਾੜੂ ਮਾਰਦਿਆਂ ਮੈਂ ਕਿੰਨੀ ਵੀ ਔਖੀ ਹੰੁਦੀ---ਪਰ ਮੈਂ ਘਰਦਿਆਂ ਨੂੰ ਖੁਸ਼ ਕਰਨ ਲਈ ਮੂੰਹ ਤੇ ਸ਼ਿਕਨ ਨਾ ਲਿਆਉਂਦੀ---ਉਧਰੋਂ ਬੀਰਾ ਭੁੜਕਦਾ,

    ‘‘ਨੀ ਟੰੁਡੀਏ---ਡੁੱਡੀਏ---ਕਾਹਨੂੰ ਘੱਟਾ ਉਡਾ ਉਡਾ ਕੇ ਸਾਹ ਘੁੱਟਣਾ ਲਾਇਐ---ਆਈ ਬੜੀ ਕਮੇਰੀ---`` ਮੈਂ ਸਹਿਮ ਕੇ ਝਾੜੂ ਥਾਏਂ ਰੱਖ ਦਿੰਦੀ---ਤੇ ਮੈਂ ਉਡਦੇ ਘੱਟੇ ਨੂੰ ਲੱਭਦੀ---ਪਰ ਇਹ ਮੈਨੂੰ ਕਿਧਰੇ ਵੀ ਦਿਸਦਾ ਨਾ---ਮੈਂ ਬੀਰੇ ਨੂੰ ਕੁਝ ਨਾ ਆਖਦੀ।

    ਘਰ `ਚ ਹੁੰਦੀ ਮੇਰੀ ਨਿਰਾਦਰੀ ਤੇ ਪੜਤਾੜਨਾ ਦੀ ਇੰਤਹਾ ਦੱਸਦਿਆਂ ਮੈਨੂੰ ਹੁਣ ਕੋਈ ਦੁਖ ਮਹਿਸੂਸ ਨਹੀਂ ਹੰੁਦਾ---ਕਿਉਂਕਿ ਜਿੰਦਗੀ ਦੇ ਅਠਾਈ ਸਾਲਾਂ `ਚ ਮੈਂ ਐਨਾ ਨਰਕ ਭੋਗ ਲਿਐ---ਐਨੇ ਧੱਕੇ ਧੋੜੇ ਖਾ ਲਏ ਨੇ ਕਿ ਇਹ ਦੁੱਖ ਮੈਨੂੰ ਹੁਣ ਕੋਈ ਬਹੁਤੇ ਦੁਖਦਾਈ ਨਹੀਂ ਲਗਦੇ---

    ਮੈਨੂੰ ਯਾਦ ਹੈ---ਇੱਕ ਦਿਨ ਮੇਰੇ ਬੀਰੇ ਨੇ ਲੁਕਣ ਛਿਪੀ ਦੀ ਖੇਡ੍ਹ ਖੇਡਦਿਆਂ ਮੈਨੂੰ ਮਾਂ ਦੇ ਸੰਦੂਕ `ਚ ਬੰਦ ਕਰ ਦਿੱਤਾ---ਇਹ ਤਾ ਭਲਾ ਹੋਵੇ ਚੂਹਿਆਂ ਦਾ---ਜਿਹਨਾਂ ਨੇ ਸੰਦੂਕ ਦੇ ਇੱਕ ਕੋਨੇ `ਚ ਐਨਾ ਕੁ ਛੇਦ ਕੀਤਾ ਹੋਇਆ ਸੀ ਕਿ ਇਹਦੇ ਕੋਲ ਮੂੰਹ ਲਾ ਕੇ ਮੈਨੂੰ ਸਾਹ ਆਉਂਦਾ ਰਿਹਾ ਤੇ ਮਾਸਾ ਕੁ ਰੌਸ਼ਨੀ ਦੀ ਕਿਰਨ ਵੀ---

    ਆਥਣੇ ਪਤਾ ਨੀ ਕਿਵੇਂ ਬੀਰੇ ਦੇ ਮਨ `ਚ ਮਿਹਰ ਪਈ---ਜਾਂ ਉਹਨੂੰ ਲੱਗਿਆ ਹੋਣਾ ਕਿ ਮੈਂ ਮਰ ਖਪ ਗਈ ਹੋਵਾਗੀ---ਉਹਨੇ ਸੰਦੂਕ ਦਾ ਢੱਕਣ ਖੋਲ੍ਹਿਆ---ਮੈਨੂੰ ਜਿੰਦਾ ਦੇਖ ਕੇ ਪਤਾ ਨੀ ਉਹਦੇ ਮਨ `ਚ ਕੀ ਉੱਥਲ ਪੁੱਥਲ ਹੋਈ---

    ਮੈਂ ਬਹੁਤ ਲਾਚਾਰ ਹੋ ਕੇ ਹੱਥ ਉਹਦੇ ਵੱਲ ਵਧਾਇਆ---ਉਸ ਨੇ ਐਨੀ ਬੇਰਹਿਮੀ ਨਾਲ ਮੇਰਾ ਹੱਥ ਖਿੱਚ ਕੇ ਮੈਨੂੰ ਬਾਹਰ ਧਰੂਹਿਆ ਕਿ ਕਿੰਨੇ ਈ ਦਿਨ ਮੇਰੀ ਬਾਂਹ ਦਰਦ ਕਰਦੀ ਰਹੀ---

    ਤੁਸੀਂ ਆਖਣਾ ਚਾਹੋਗੇ ਕਿ ਮੈਂ ਅੰਦਰੋਂ ਸੰਦੂਕ ਖੜਕਾਇਆ ਕਿਉਂ ਨਹੀਂ? ਜਦੋਂ ਮੈਂ ਤੁਹਾਨੂੰ ਸਾਰੀ ਕਥਾ ਸੁਣਾ ਦਿਆਂਗੀ---ਉਦੋਂ ਤੁਸੀਂ ਸਮਝ ਜਾਓਗੇ ਕਿ ਮੈਂ ਐਨੀ ਹਿੰਮਤ ਕਿਵੇਂ ਜੁਟਾਉਂਦੀ---ਨਾਲੇ ਕੀ ਪਤਾ ਘਰ ਦੇ ਬਾਕੀ ਜੀਅ ਵੀ ਬੀਰੇ ਨਾਲ ਰਜ਼ਾਮੰਦ ਹੋਣ---ਮੈਨੂੰ ਘਰ `ਚ ਕੌਣ ਜ਼ਿੰਦਾ ਦੇਖ ਕੇ ਖੁਸ਼ ਸੀ?

    ਉ਼ਂਜ ਗੱਲ ਇਹ ਨਹੀਂ ਕਿ ਮੇਰਾ ਬਾਪੂ ਮੇਰੀਆਂ ਵੱਡੀਆਂ ਭੈਣਾਂ ਨੂੰ ਕੋਈ ਬਹੁਤਾ ਈ ਲਾਡ ਲਡਾਉਂਦਾ ਸੀ---ਉਹ ਸਿਰਫ਼ ਬੀਰੇ ਨੂੰ ਪਿਆਰ ਕਰਦਾ ਸੀ---ਭੈਣਾਂ ਨੂੰ ਤਾ ਉਹ ਮੇਰੇ ਜਿੰਨੀ ਹੀ ਨਫ਼ਰਤ ਕਰਦਾ ਸੀ---ਪਰ ਮੇਰੇ ਅਤੇ ਮੇਰੀਆਂ ਭੈਣਾਂ `ਚ ਇਹ ਅੰਤਰ ਸੀ ਕਿ ਇੱਕ ਤਾ ਉਹ ਵੱਡੀਆਂ ਸਨ--- ਦੂਸਰਾ ਮੇਰੇ ਵਾਂਗ ਬੱਜ ਮਾਰੀਆਂ ਨਹੀਂ ਸਨ---ਜੇ ਬਾਪੂ ਉਹਨਾਂ ਨੂੰ ਗਾਲ੍ਹਾਂ ਕੱਢਦਾ ਤਾ ਉਹ ਫੁਰਤੀ ਨਾਲ ਉਰ੍ਹਾਂ ਪਰ੍ਹਾਂ ਟਿਭ ਜਾਂਦੀਆਂ---ਪਰ ਮੈਂ ਤਾ ਬੱਜ ਮਾਰੀ ਹੋਣ ਸਦਕਾ ਤੁਰਦੀ ਵੀ ਹੌਲੀ ਹੌਲੀ ਸਾਂ---

      3

    ਮਾਂ ਹੁਣ ਮੰਜੇ ਜੋਗੀ ਹੋ ਕੇ ਰਹਿ ਗਈ ਸੀ---ਮਾਂ ਦੀ ਦੇਖ ਭਾਲ ਹੁਣ ਮੇਰੇ ਜਿਵੇਂ ਆ ਪਈ---ਮੈਂ ਸਕੂਲੇ ਜਾਣ ਤੋਂ ਪਹਿਲਾਂ ਮਾਂ ਨੂੰ ਨਵ੍ਹਾਉਂਦੀ ਤੇ ਨਿੱਤ ਕਰਮ ਕਰਵਾਉਂਦੀ---ਮਾਲਸ਼ ਕਰਦੀ---ਸਕੂਲੋਂ ਆ ਕੇ ਫੇਰ ਮਾਂ ਦੀ ਦਵਾਈ ਦਾ ਔਹੜ ਪੌਹੜ ਕਰਦੀ।ਮੇਰੇ ਸਕੂਲ ਜਾਣ ਦੀ ਗੱਲ ਵੀ ਸੁਣ ਲਓ---ਅਪਾਹਜ ਤੇ ਪੜ੍ਹਾਈ ਵਿੱਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਥੋੜਾ ਬਹੁਤਾ ਵਜ਼ੀਫ਼ਾ ਮਿਲ ਜਾਂਦਾ ਸੀ---ਸੋ ਮੈਨੂੰ ਵੀ ਵਜ਼ੀਫ਼ਾ ਮਿਲਦਾ ਸੀ---ਮੇਰੀਆਂ ਭੈਣਾਂ ਨੂੰ ਮੇਰੇ ਮਾਪਿਆਂ ਨੇ ਸਕੂਲ ਨਹੀਂ ਸੀ ਭੇਜਿਆ---ਕਿਉਂਕਿ ਉਹਨਾਂ ਤੋਂ ਕਿਸੇ ਵਜ਼ੀਫ਼ੇ ਦਾ ਲਾਲਚ ਨਹੀਂ ਸੀ---ਉਲਟਾ ਰੈੱਡ ਕਰਾਸ ਦੇ ਨਾਂ ਤੇ ਫ਼ੀਸ ਕਰਨੀ ਪੈਂਦੀ ਸੀ---ਫੇਰ ਘਰ ਦਾ ਕੰਮ ਵੀ ਬਾਧਿਤ ਹੁੰਦਾ ਸੀ---ਪਰ ਮੇਰੀ ਤਾ ਫ਼ੀਸ ਵੀ ਮਾਫ਼ ਸੀ ਉਪਰੋਂ ਵਜ਼ੀਫ਼ਾ ਵੀ ਮਿਲਦਾ ਸੀ।

    ਨਾਲੇ ਇੱਕ ਗੱਲ ਹੋਰ---ਮੈਨੂੰ ਮੇਰੇ ਧਰਮੀ ਮਾਪੇ ਅੱਖਾਂ ਤੋਂ ਦੂਰ ਵੀ ਰੱਖਣਾ ਚਾਹੰੁਦੇ ਸਨ---ਸੋ ਮੈਨੂੰ ਸਕੂਲ ਭੇਜ ਕੇ ਪੰਜ ਸੱਤ ਘੰਟੇ ਤਾ ਮੈਂ ਉਹਨਾਂ ਦੀਆਂ ਨਜ਼ਰਾਂ ਤੋਂ ਦੂਰ ਰਹਿੰਦੀ ਹੀ ਸਾਂ---ਏਸ ਕਰਕੇ ਮੈਨੂੰ ਸਕੂਲੇ ਭੇਜਿਆ ਗਿਆ---।

    ਉਂਜ ਤਾ ਮੇਰੀਆਂ ਭੈਣਾਂ ਵੀ ਮਾਂ ਦੀ ਸੇਵਾ ਕਰਦੀਆਂ---ਪਰ ਬਹੁਤੀ ਜ਼ਿੰਮੇਵਾਰੀ ਮੇਰੀ ਹੀ ਹੁੰਦੀ---ਹੁਣ ਮਾਂ ਵੀ ਮੈਨੂੰ ਦੁਲਾਰਨ ਲੱਗ ਪਈ---ਪਤਾ ਨੀ ਮੇਰੀ ਸੇਵਾ ਤੋਂ ਖੁਸ਼ ਹੋ ਕੇ ਤੇ ਪਤਾ ਨੀ ਆਪਣੀ ਬੀਮਾਰੀ ਤੋਂ ਦੁਖੀ ਹੋ ਕੇ।

    ਹੁਣ ਉਹ ਮੇਰਾ ਹੱਥ ਫੜ ਕੇ ਕੁੱਝ ਬੋਲਣਾ ਚਾਹੰੁਦੀ ਪਰ ਉਹਦੀ ਜ਼ੁਬਾਨ ਥਥਲਾਅ ਜਾਂਦੀ---ਬੱਸ ਉਹ ਗੁਣ ਗੁਣ ਕਰਦੀ ਹੀ ਰਹਿ ਜਾਂਦੀ---ਫੇਰ ਆਪੇ ਉੱਚੀ ਉੱਚੀ ਰੋਣ ਲੱਗ ਪੈਂਦੀ---ਮੈਂ ਬੜੀ ਮੁਸ਼ਕਲ ਨਾਲ ਉਸ ਨੂੰ ਚੁੱਪ ਕਰਾਉਂਦੀ।

    ਏਵੇਂ ਦੀ ਰੁਕਦੇ ਤੁਰਦੇ---ਕਦੇ ਤੇਜ ਕਦੇ ਮੱਠੀ ਚਾਲ---ਦਿਹਾੜੇ ਟੁੱਟਦੇ ਗਏ---ਮੈਂ ਹੁਣ ਪੰਜਵੀਂ ਜਮਾਤ ਜ਼ਿਲ੍ਹੇ ਵਿੱਚ ਪਹਿਲੇ ਨੰਬਰ ਤੇ ਪਾਸ ਕਰ ਲਈ ਸੀ---ਬਾਪੂ ਮੈਨੂੰ ਗਹਾਂ ਪੜ੍ਹਾਉਣਾ ਨਹੀਂ ਸੀ ਚਾਹੁੰਦਾ ਪਰ ਹੈਡਮਾਸਟਰ ਜੀ ਨੇ ਬਾਪੂ ਨੂੰ ਸਮਝਾਇਆ ਕਿ ਗੁੱਡੀ ਨੂੰ ਪੰਜਵੀਂ ਤੋਂ ਬਾਦ ਵਜੀਫ਼ਾ ਵੱਧ ਮਿਲੂਗਾ।

    ਵਜੀਫ਼ੇ ਦੇ ਲਾਲਚ ਵਿੱਚ ਬਾਪੂ ਨੇ ਮੈਨੂੰ ਛੇਵੀਂ ਜਮਾਤ ਵਿੱਚ ਦਾਖਲ ਕਰਵਾ ਦਿੱਤਾ---ਹੈਡਮਾਸਟਰ ਮੈਨੂੰ ਬਹੁਤ ਪਿਆਰ ਕਰਦਾ ਸੀ---ਮੇਰੀ ਪੜ੍ਹਾਈ ਵਿੱਚ ਰੁਚੀ ਤੇ ਮਿਹਨਤ ਸਦਕਾ ਉਹ ਮੈਨੂੰ ਹਮੇਸ਼ਾ ਹੱਲਾ ਸ਼ੇਰੀ ਦਿੰਦਾ।

    ਹੈਡਮਾਸਟਰ ਜੀ ਨੇ ਮੈਨੂੰ ਬੈਸਾਖੀਆਂ ਵੀ ਸਰਕਾਰ ਕੋਲੋਂ ਮੁਫ਼ਤ ਮੁਹੱਈਆ ਕਰਵਾ ਦਿੱਤੀਆਂ---ਪਰ ਬੀਰੇ ਤੇ ਬਾਪੂ ਨੂੰ ਮੇਰਾ ਬੈਸਾਖੀਆਂ ਨਾਲ ਤੁਰਨਾ ਚੰਗਾ ਨਹੀਂ ਸੀ ਲੱਗਦਾ---ਸ਼ਾਇਦ ਇਹ ਬੈਸਾਖੀਆਂ ਉਨ੍ਹਾਂ ਨੂੰ ਮੇਰੇ ਅਪਾਹਜ ਹੋਣ ਦਾ ਵਧੇਰੇ ਅਹਿਸਾਸ ਕਰਾਉਂਦੀਆਂ ਹੋਣ---ਇੱਕ ਦਿਨ ਬੀਰੇ ਨੇ ਇਹ ਬੈਸਾਖੀਆਂ ਚੱਕ ਕੇ ਚੁੱਲੇ੍ਹ `ਚ ਡਾਹ ਦਿੱਤੀਆਂ।

    ਜਿਸ ਦਿਨ ਹੈਡਮਾਸਟਰ ਨੇ ਮੈਨੂੰ ਪੁੱਛਿਆ ਕਿ ਮੈਂ ਬੈਸਾਖੀਆਂ ਨਾਲ ਕਿਉਂ ਨੀ ਤੁਰਦੀ ਤਾ ਪਤਾ ਨੀ ਕਿਵੇਂ ਮੇਰੀ ਜ਼ੁਬਾਨ ਚੋਂ ਸੱਚ ਕਿਰ ਗਿਆ,

    ‘‘ਮਾਸਟਰ ਜੀ! ਬੀਰਾ ਤੇ ਬਾਪੂ ਗੁੱਸੇ ਹੁੰਦੇ ਨੇ---ਅਖੇ ਪਹਿਲਾਂ ਈ ਸ਼ਕਲ ਸੂਰਤ ਬਥੇਰੀ ਸੋਹਣੀ ਐ---ਬੈਸਾਖੀਆਂ ਨਾਲ ਹੋਰ ਚਾਰ ਚੰਨ ਲੱਗ ਜਾਣਗੇ---ਤਾ ਕਰਕੇ---``

    ਬੋਲਦੀ ਬੋਲਦੀ ਮੈਂ ਸੁਚੇਤ ਹੋ ਗਈ---ਮੈਂ ਆਪਣੇ ਕਹੇ ਉੱਤੇ ਪਛਤਾਉਣ ਲੱਗ ਪਈ---ਇਹ ਮੈਂ ਕੀ ਕਹਿ ਬੈਠੀ---ਜੇ ਕਿਤੇ ਬਾਪੂ ਨੂੰ ਪਤਾ ਲੱਗ ਗਿਆ ਫੇਰ? ਮੈਂ ਕਈ ਦਿਨ ਪ੍ਰਮਾਤਮਾ ਨੂੰ ਅਰਦਾਸਾਂ ਕਰਦੀ ਰਹੀ ਕਿ ਇਹ ਗੱਲ ਬਾਪੂ ਤੱਕ ਨਾ ਅੱਪੜੇ---ਸ਼ਾਇਦ ਕਿਸੇ ਪ੍ਰਮਾਤਮਾਂ ਨਾਂ ਦੀ ਹਸਤੀ ਨੇ ਮੇਰੀ ਸੁਣ ਲਈ।

    ਜਿੰਨੀ ਮੈਂ ਪੜ੍ਹਨ ਵਿੱਚ ਹੁਸ਼ਿਆਰ ਸਾਂ---ਬੀਰਾ ਉਨਾਂ ਹੀ ਨਾਲਾਇਕ---ਕੁੱਝ ਮਾਂ ਬਾਪ ਦੇ ਲਾਡ ਪਿਆਰ ਨੇ ਉਹਨੂੰ ਨਾਲਾਇਕ ਬਣਾਉਣ ਵਿੱਚ ਯੋਗਦਾਨ ਪਾਇਆ। ਬੀਰਾ ਏਸ ਕਰਕੇ ਮੇਰੇ ਨਾਲ ਬਹੁਤ ਖਾਰ ਖਾਂਦਾ---ਉਹਨੂੰ ਮੇਰਾ ਪੜ੍ਹਾਈ ਵਿੱਚ ਹੁਸ਼ਿਆਰ ਹੋਣਾ ਕੰਡੇ ਵਾਂਗ ਚੁਭਦਾ---ਹਮੇਸ਼ਾ ਮੇਰੇ ਪੜ੍ਹਾਈ `ਚ ਅੱਵਲ ਰਹਿਣ ਤੇ ਕੁੜ੍ਹਦਾ---ਉਹਨੂੰ ਚਿੜ ਮੱਚਦੀ।

    ਉਹ ਮੈਨੂੰ ਹੋਰ ਵੀ ਪੜਤਾੜਤ ਕਰਦਾ---ਮੇਰੀ ਕਮਜ਼ੋਰ ਲੱਤ ਉੱਤੇ ਸੋਟੀ ਮਾਰਦਾ---ਕਦੇ ਕੋਈ ਪੱਥਰ ਵਗਾਹ ਮਾਰਦਾ ਤੇ ਆਖਦਾ,

    ‘‘ਢਹਿਣ `ਜੀ---ਲੰਗੜੀ ਪਿੰਗੜੀ---ਹਰ ਸਾਲ ਅੱਬਲ ਰਹੂ---ਸਾਰੀ ਡਿਸਟਿਕ `ਚ ਪਹਿਲੇ ਨੰਬਰ ਤੇ ਆਉਂਦੀ ਨੂੰ ਸ਼ਰਮ ਨੀ ਆਈ---ਲੰਗੜਦੀਨੀ ਜੀ---ਐਂ ਦੱਸ ਬਈ ਪਰਚੇ ਤੂੰ ਆਪ ਦਿੰਨੀ ਐਂ ਜਾਂ ਰੱਬ ਕੀਲ ਰੱਖਿਐ ਪਰਚੇ ਦੇਣ ਨੂੰ---ਹਰ ਸਾਲ ਫਸਟ---ਹਰ ਸਾਲ ਫਸਟ---ਬੰਦਾ ਥੋੜੀ ਤਾ ਸ਼ਰਮ ਕਰੇ---``

    ਮੈਂ ਚੁੱਪ---ਭਲਾਂ ਬੋਲਦੀ ਵੀ ਤਾ ਕੀਹਦੇ ਆਸਰੇ? ਬਾਪੂ ਹਮੇਸ਼ਾ ਇੱਕ ਕਹਾਣੀ ਸੁਣਾਉਂਦਾ ਹੁੰਦਾ ਸੀ ਕਿ ਮੁੰਡੇ ਤਾ ਗਮਲਿਆਂ ਦੇ ਬੂਟੇ ਹੁੰਦੇ ਨੇ ਤੇ ਕੁੜੀਆਂ ਪਹਾੜੀ ਕਿੱਕਰਾਂ---ਨਾ ਪਾਣੀ ਦੀ ਲੋੜ ਨਾ ਖਾਦ ਖੁਰਾਕ ਦੀ---ਪਰਵਰਿਸ ਤਾ ਮੁੰਡਿਆਂ ਦੀ ਕਰਨੀ ਪੈਂਦੀ ਐ---ਕੁੜੀਆਂ ਦਾ ਕੀ ਐ ਜੰਗਲੀ ਬੇਲਾਂ ਦੀ ਤਰ੍ਹਾਂ ਬਿਨ੍ਹਾਂ ਦੇਖਭਾਲ ਦੇ ਵੀ ਵਧਦੀਆਂ ਫੁੱਲਦੀਆਂ ਰਹਿੰਦੀਆਂ ਨੇ---

    ਇਹ ਤਾ ਮੁੰਡਿਆਂ ਨੂੰ ਈ ਗਮਲਿਆਂ ਦੇ ਬੂਟਿਆਂ ਮੰਗਣਾਂ ਸਾਂਭ ਸੰਭਾਲ ਦੀ ਲੋੜ ਹੁੰਦੀ ਐ---ਖਾਦ ਖੁਰਾਕ ਦੀ---

    ਅਸੀਂ ਤਿੰਨੋਂ ਭੈਣਾਂ ਨੇ ਕਦੇ ਦੇਸੀ ਘਿਓ ਦਾ ਸੁਆਦ ਵੀ ਨੀ ਦੇਖਿਆ ਹੋਣਾ ਚੱਜ ਨਾਲ---ਬੀਰੇ ਲਈ ਹਮੇਸ਼ਾ ਘਿਓ ਗੱਚ ਪੰਜੀਰੀ ਰਲਦੀ---ਮੇਵਿਆਂ ਵਾਲੀ---ਸਾਡੇ ਲਈ ਮਾਂ ਕਦੇ ਕਦਾਈਂ ਦਸੌਰੀ ਘਿਓ ਦੀ ਸੱਕਰ ਭੁੱਜੀ ਜਿਹੀ ਰਲਾ ਦਿੰਦੀ।

    ਬੀਰੇ ਲਈ ਰਲਾਈ ਪੰਜੀਰੀ ਨੂੰ ਆਲੇ `ਚ ਰੱਖ ਕੇ ਤੇ ਜਿੰਦਾ ਲਾ ਕੇ ਚਾਬੀ ਬਾਪੂ ਜੇਬ ਵਿੱਚ ਰੱਖਦਾ। ਉਨ੍ਹਾਂ ਦਿਨਾਂ ਦੀ ਈ ਗੱਲ ਐ---ਮੇਰੀਆਂ ਭੈਣਾਂ ਨੇ ਇੱਕ ਦਿਨ ਸਿਰ ਦੇ ਵਾਲਾਂ ਦੀ ਸੂਈ ਨਾਲ ਆਲੇ ਨੂੰ ਲੱਗੀ ਜਰਖਲੀ ਜਿਹੀ ਜਿੰਦੀ ਖੋਲ ਕੇ ਪੰਜੀਰੀ ਖਾ ਲਈ ਤੇ ਜਿੰਦੀ ਉਵੇਂ ਈ ਅੜਾ ਦਿੱਤੀ।

    ਜਦੋਂ ਬਾਪੂ ਨੇ ਜਿੰਦੀ ਟੁੱਟੀ ਹੋਈ ਦੇਖੀ ਤਾ ਉਹ ਅੱਗ ਬਬੂਲਾ ਹੋ ਗਿਆ---ਮੇਰੀਆਂ ਭੈਣਾਂ ਨੇ ਬਾਪੂ ਹੱਥ ਘੋਟਣਾ ਫੜਿਆ ਦੇਖ ਕੇ ਡਰਦੀਆਂ ਮਾਰੀਆਂ ਨੇ ਫਟਾਕ ਆਖ ਦਿੱਤਾ,

    ‘‘ਬਾਪੂ ਆਹ ਲੰਗੜੀ ਦੀ ਕਰਤੂਤ ਐ ਸਾਰੀ---ਇਹੀ ਫਿਰਦੀ ਸੀ ਆਲੇ ਦੇ ਆਸੇ ਪਾਸੇ ਚੱਕਰ ਕੱਟਦੀ``

    ਬਾਪੂ ਨੇ ਮੇਰੀ ਭੈਣ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਦੀ ਘੋਟਣਾ ਮੇਰੀ ਪਿੱਠ `ਚ ਮਾਰਿਆ ਤੇ ਮੈਨੂੰ ਗੰਦੀਆਂ ਗਾਲ੍ਹਾਂ ਕੱਢੀਆਂ।

    ਮੈਂ ਪੀੜ ਨਾਲ ਇਕੱਠੀ ਹੋ ਗਈ---ਮੇਰਾ ਸਾਹ ਈ ਸੂਤਿਆ ਗਿਆ---ਮੈਂ ਬਾਪੂ ਦੇ ਪੈਰੀਂ ਡਿੱਗ ਪਈ---ਬਾਪੂ ਦੋ ਕਦਮ ਪਿੱਛੇ ਹਟ ਗਿਆ---ਮੈਂ ਪਿੱਛਾ ਮਰੇ ਕੁੱਤੇ ਵਾਂਗ ਲੱਤਾ ਘੜੀਸਦੀ ਬਾਪੂ ਦੇ ਪੈਰਾਂ ਵੱਲ ਵਧੀ---ਬਾਪੂ ਨੇ ਦੋਬਾਰਾ ਘੋਟਣਾ ਮੇਰੀ ਪਿੱਠ ਅਤੇ ਕਮਜ਼ੋਰ ਲੱਤ `ਤੇ ਮਾਰਿਆ---ਮੈਂ ਪੀੜ ਨਾ ਸਹਾਰਦੀ ਹੋਈ ਬੇਹੋਸ਼ ਹੋ ਗਈ---ਥਾਏਂ ਢੇਰੀ ਜਿਹੀ ਹੋ ਗਈ---ਮੇਰੀਆਂ ਭੈਣਾਂ ਭੱਜੀਆਂ ਭੱਜੀਆਂ ਆਈਆਂ---ਸ਼ਾਇਦ ਉਹਨਾਂ ਨੂੰ ਆਪਣੇ ਝੂਠ ਉੱਤੇ ਪਛਤਾਵਾ ਹੋ ਰਿਹਾ ਸੀ---ਉਨ੍ਹਾਂ ਨੂੰ ਇਹ ਉਮੀਦ ਨਹੀਂ ਸੀ ਕਿ ਬਾਪੂ ਮੈਨੂੰ ਐਨੀ ਬੇਰਹਿਮੀ ਨਾਲ ਮਾਰੂਗਾ---ਉਹ ਮੇਰੇ ਉੱਤੇ ਡਿੱਗ ਪਈਆ---ਵੱਡੀ ਭੈਣ ਬਾਪੂ ਦੀਆਂ ਲੇਲੜ੍ਹੀਆਂ ਕੱਢਦੀ ਹੋਈ ਬੋਲੀ,

    “ਬਾਪੂ ਨਾ ਮਾਰ ਬਚਾਰੀ ਨੂੰ---ਇਹ ਤਾ ਸੈਂਤ ਮਰ ਈ ਗਈ ਐਂ---"

    ਮੈਨੂੰ ਕੋਈ ਹੋਸ਼ ਨਹੀਂ ਕਿ ਅੱਗੇ ਕੀ ਕੀ ਵਾਪਰਿਆ---ਮੇਰੀ ਕਮਜ਼ੋਰ ਲੱਤ ਦੀ ਹੱਡੀ ਟੁੱਟ ਗਈ ਸੀੀ---ਮੈਨੂੰ ਜਦੋਂ ਹੋਸ਼ ਆਈ ਤਾ ਪਿੰਡ ਦਾ ਚੌਕੀਦਾਰ ਮੇਰੀ ਲੱਤ ਦੀੀ ਹੱਡੀ ਜੋੜ ਕੇ ਫੱਟੀਆਂ ਬੰਨ੍ਹ ਰਿਹਾ ਸੀ---ਮੈਂ ਹਜੇ ਵੀ ਡਰੀ ਸਹਿਮੀ ਜਿਹੀ ਆਪਣੀਆਂ ਭੈਣਾਂ ਵੱਲ ਤੱਕ ਰਹੀ ਸਾਂ---ਸ਼ਾਇਦ ਕਹਿਣਾ ਚਾਹੰੁਦੀ ਸਾਂ ਕਿ ਦੇਖ ਲਓ ਥੋਡੇ ਝੂਠ ਨੇ ਮੇਰੇ ਨਾਲ ਹਾਅ ਕੁਸ ਕਰਾਇਐ---ਪਰ ਮੈਂ ਬੋਲ ਤਾ ਸਕਦੀ ਹੀ ਨਹੀਂ ਸਾਂ---ਅਣਚਾਹੀ ਤੀਸਰੀ ਧੀ---ਉਹ ਵੀ ਬੱਜ ਮਾਰੀ---

    “ਬਿਸਨ ਸਿਆਂ---ਹੱਡੀ ਜਮ੍ਹਾਂ ਟੁੱਟ ਗੀ---ਇੱਕ ਤਾ ਲੱਤ ਪਹਿਲਾਂ ਈ ਕਮਜ਼ੋਰ ਐ---ਦੂਜਾ ਟੁੱਟੀ ਵੀ ਦੋ ਥਾਵਾਂ ਤੋਂ ਪਈ ਐ---ਹੱਡੀ ਜੁੜਨ ਨੂੰ ਟੈਮ ਲੱਗੂ---ਮੈਂ ਆਪਦੇ ਕੰਨੀਓ ਠੀਕ ਜੋੜ `ਤੀ---ਬਾਕੀ ਫੱਟੀਆਂ ਖੋਲ੍ਹਣ ਤੇ ਪਤਾ ਚੱਲੂ---" ਚੌਕੀਦਾਰ ਫੱਟੀਆਂ ਨੂੰ ਸੈੱਟ ਕਰਦਾ ਹੋਇਆ ਬੋਲਿਆ---ਪਲ ਕੁ ਰੁਕ ਕੇ ਉਹ ਮੈਨੂੰ ਮੁਖਾਤਬ ਹੋਇਆ,

    “ਭੂਤਨੀ ਜੀਏ ਟਲਦੀ ਨੀ ਪੰਗੇ ਲੈਣੋ---ਤੈਨੂੰ ਕੀ ਲੋੜ `ਤੀ ਡੇਕ ਤੇ ਚੜ੍ਹਨ ਦੀ---ਆਵਦਾ ਅੱਧਾ ਅਧੂਰਾ ਸਰੀਰ ਨੀ ਦੀਂਹਦਾ ਤੈਨੂੰ---ਟਪੂਸੀਆਂ ਮਾਰਨੋਂ ਬਾਜ ਨੀ ਆਉਂਦੀ---ਚੜ੍ਹਦੀ ਐ ਡੇਕ ਉੱਤੇ---ਤੈਨੂੰ ਹੁਣ ਪਤਾ ਚੱਲਣੈ ਜਦ ਸਿੱਧੀ ਸਪਾਟ ਲੇਟਣਾ ਪਿਆ---ਨਾਲੋਂ ਸੁਣ---ਹਿੱਲੀ ਨਾਂ, ਪਈ ਰਹੀਂ---ਲੱਤ ਟਕਾਅ ਕੇ---ਨਹੀਂ ਤਾ ਬਿੰਗੀ ਟੇਢੀ ਜੁੜ ਜੂਗੀ---ਪਹਿਲਾਂ ਏ ਚਾਰ ਚੰਨ ਲੱਗੇ ਹੋਏ ਨੇ---ਹੋਰ ਨੁਕਸ ਪਵਾ ਲੇਂਗੀ---"

    ਅੱਗੇ ਚੌਕੀਦਾਰ ਨੇ ਕੀ ਕੀ ਕਿਹਾ---ਮੈਨੂੰ ਕੁੱਝ ਨੀ ਪਤਾ---ਮੈਂ ਤਾ ਬਾਹਰ ਆਰੀ ਨਾਲ ਵੱਢੇ ਹੋਏ ਡੇਕ ਦੇ ਮੋਟੇ ਟਾਹਣੇ ਨੂੰ ਧਰਤੀ ਤੇ ਚੌਫਾਲ ਪਿਆਂ ਦੇਖਣ ਲੱਗ ਗਈ---ਮੇਰੇ ਬੋਝ ਨਾਲ ਟੁੱਟੇ ਟਾਹਣੇ ਅਤੇ ਆਰੀ ਨਾਲ ਵੱਢੇ ਟਾਹਣੇ `ਚ ਅੰਤਰ ਸਾਫ਼ ਨਜ਼ਰ ਆ ਰਿਹਾ ਸੀ।ਤੇ ਫੇਰ ਪਤਾ ਨੀ ਅਵੇਸਲੇ ਈ ਮੈਥੋਂ ਕਿਵੇਂ ਚੌਕੀਦਾਰ ਦੀ ਬਾਂਹ ਫੜ ਕੇ ਕਹਿ ਹੋ ਗਿਆ,

    “ਤਾਇਆ---ਡੇਕ ਦਾ ਡਾਹਣਾ---ਡੇਕ ਦਾ---ਡੇਕ ਦਾ ਡਾਹਣਾ ਤਾ ਆਰੀ ਨਾਲ ਚੀਰਿਆ ਹੋਇਐ---ਦੇਖ---ਇਹ---ਉਹ---ਇਹ---ਤਾਇਆ ਮੈਂ ਤਾ ਡੇਕ `ਤੇ ਚੜ੍ਹੀ ਈ ਨੀ---ਤਾਇਆ ਮੈਂ ਐਨੀ ਉੱਚੀ ਡੇਕ ਤੇ ਕਿਵੇਂ---?"

    ਮੈਂ ਚੌਕੀਦਾਰ ਦਾ ਫੜਿਆ ਗੁੱਟ ਝੰਜੋੜਿਆ---ਉਹਦੀ ਤਵੱਜੋ ਆਰੀ ਨਾਲ ਚੀਰੇ ਟਾਹਣੇ ਵੱਲ ਦੁਆਉਣ ਲਈ ਅੱਖਾਂ ਹੀ ਅੱਖਾਂ ਨਾਲ ਕਈ ਸੁਆਲ ਉਹਦੇ ਅੱਗੇ ਬਖੇਰੇ ਤੇ ਫੇਰ ਇਕਦਮ ਬੇਹਿਸ ਜਿਹੀ ਹੋ ਗਈ---ਸ਼ੁਕਰ ਐ ਉਸ ਵੇਲੇ ਬਾਪੂ ਅੰਦਰ ਗਿਆ ਹੋਇਆ ਸੀ---ਜੇ ਕਿਤੇ ਲਵੇ ਲੌਣੇ ਈ ਖੜ੍ਹਾ ਹੁੰਦਾ ਤਾ?? ਮੈਂ ਅੰਜਾਮ ਤੋਂ ਤ੍ਰਹਿ ਗਈ---ਡਰ ਗਈ---ਪਰ ਖੈਰ---ਬਚਾਅ ਹੋ ਗਿਆ।

    ਚੌਕੀਦਾਰ ਤਾਇਆ ਮੂੰਹ `ਚ ਉਂਗਲ ਪਾਈ ਹੈਰਾਨੀ ਨਾਲ ਆਰੀ ਨਾਲ ਕੱਟੇ ਟਾਹਣੇ ਨੂੰ ਨਿਹਾਰ ਰਿਹਾ ਸੀ---ਉਹ ਕਦੇ ਟਹਾਣੇ ਨੂੰ ਦੇਖੇ ਤੇ ਕਦੇ ਦਰਖ਼ਤ ਨੂੰ---ਜਿਥੋਂ ਟਾਹਣਾ ਕੱਟਿਆ ਗਿਆ ਸੀ।

    ਫੇਰ ਉਸ ਨੇ ਫੁਰਤੀ ਨਾਲ ਨਿਗਾਹ ਇੱਧਰ ਉਧਰ ਘੁੰਮਾਈ---ਮੈਨੂੰ ਨੀ ਪਤਾ ਉਹਦੀਆਂ ਨਜ਼ਰਾਂ ਕਿਸ ਚੀਜ਼ ਨੂੰ ਭਾਲ ਰਹੀਆਂ ਸਨ---ਤੇ ਸ਼ਾਇਦ ਉਸ ਨੂੰ ਉਹ ਚੀਜ਼ ਨਜ਼ਰੀਂ ਪੈ ਗਈ ਸੀ---ਕਿਉਂਕਿ ਉਹ ਫੁਰਤੀ ਨਾਲ ਉੱਧਰ ਨੂੰ ਭੱਜਿਆ ਜਿੱਥੇ ਉਹਨੂੰ ਇਹ ਚੀਜ ਲੱਭ ਗਈ ਸੀ। ਉਹਦੀਆਂ ਅੱਖਾਂ ਵਿੱਚ ਇੱਕ ਅਜੀਬ ਚਮਕ ਸੀ---ਜਿਵੇਂ ਉਸ ਨੇ ਕੋਈ ਭੇਤ ਲੱਭ ਲਿਆ ਹੋਵੇ---ਉਹਨੇ ਹਾਰੇ ਉੱਤੇ ਧਰੀ ਹੋਈ ਆਰੀ ਚੱਕਦਿਆਂ ਬਾਪੂ ਨੂੰ ਕਿਹਾ,

    “ਬਿਸਨ ਸਿਆਂ---ਬਿਸਨਿਆਂ---ਆਹ ਆਰੀ---ਤੇ ਆਹ ਟਹਿਣਾ---ਆਂ---ਆਂ" ਟਹਿਣਾ ਸ਼ਬਦ ਨੂੰ ਉਹਨੇ ਲੇਮਿਆਰ ਕੇ ਬਾਪੂ ਵੱਲ ਤੱਕਿਆ---ਸ਼ਾਇਦ ਬਾਪੂ ਦੇ ਅੜਬ ਸੁਭਾਅ ਤੋਂ ਡਰ ਕੇ ਉਹਦੀ ਜੁਬਾਨ ਠਾਕੀ ਗਈ ਸੀ। ਬਾਪੂ ਨੂੰ ਉਮੀਦ ਨਹੀਂ ਸੀ ਕਿ ਚੌਕੀਦਾਰ ਇਹੋ ਜਿਹੀ ਹਰਕਤ ਕਰੇਗਾ---ਉਹ ਤੱਟ ਫੱਟ ਗੱਲ ਸਾਂਭਦਿਆਂ ਬੋਲਿਆ,

    “ਉਇ ਭਾਈ ਜਾਨ---ਆਹ ਪਾਗਲ ਐ ਕੁੜੀ ਸਾਡੀ---ਜਿਹੜਾ ਟਾਹਣਾ ਕੱਟ ਰਹੀ ਸੀ ਨਾਅ---ਮੂਰਖਣੀ ਉਸੇ ਤੇ ਬੈਠੀ ਸੀ---ਮਹਾਂਮੂਰਖ ਤਾ ਹੈਗੀਓ ਐ---ਨਾਲੇ ਇਹਨੂੰ ਲੋੜ ਈ ਕੀ ਪਈ `ਤੀ ਡੇਕ ਦਾ ਟਾਹਣਾ ਕੱਟਣ ਦੀ---ਪਰ ਮੂਰਖਾਂ ਦੇ ਸਿਰਾਂ ਤੇ ਕੋਈ ਸਿੰਗ ਹੁੰਦੇ ਨੇ---?"

    ਕਿਸੇ ਵੀ ਤਰ੍ਹਾਂ ਦੇ ਅੰਜਾਮ ਤੋਂ ਡਰਦੀ ਮਾਰੀ ਮੈਂ ਬਾਪੂ ਦੇ ਹਾਵ ਭਾਵ ਤਾੜ ਰਹੀ ਸਾਂ---ਮੈਂ ਝੱਟ ਬਾਪੂ ਦੀ ਹਾਂ `ਚ ਹਾਂ ਮਿਲਾਈ,

    “ਤਾਇਆ---ਮੈਨੂੰ ਪਤੀ ਓ ਨੀ ਲੱਗਿਆ---ਬਈ ਮੈਂ ਉਸੇ ਡਾਹਣੇ ਤੇ ਬੈਠੀ ਆਂ---ਜਿਹੜੇ ਨੂੰ ਬੱਢਣ ਲੱਗੀ ਆਂ---"

    ਤਾਇਆ ਮੇਰੀਆਂ ਅੱਖਾਂ ਦੀ ਲਾਚਾਰੀ ਦੇਖ ਕੇ ਹੱਥ ਮਲਦਾ ਬੂਹਿੳਂ ਬਾਹਰ ਹੋ ਗਿਆ---ਉਂਜ ਉਹ ਸੋਚ ਰਿਹਾ ਸੀ---ਬਈ ਐਨੇ ਜੋਗੀ ਤੂੰ ਹੈਂ ਨੀ ਲੰਗੜੀਏ---। ਜਾਂਦਾ ਜਾਂਦਾ ਉਹ ਬੁੜਬੁੜਾਇਆ,

    “ਬੀਬੋ! ਤੂੰ ਸਿੱਧਾ ਤਾ ਤੁਰ ਨੀ ਸਕਦੀ---ਐਨੀ ਉੱਚੀ ਡੇਕ ਤੇ ਕਿਵੇਂ ਚੜ੍ਹ ਗਈ? ਇਹ ਕੋਈ ਚਾਲਾ ਐ---ਚਾਲਾ---"

    ਅਜੇ ਤਾਇਆ ਦਸ ਕਦਮ ਹੀ ਚੱਲਿਆ ਸੀ---ਪਤਾ ਨੀ ਕਿੱਧਰੋਂ ਕਾਲੇ ਮੂੰਹ ਵਾਲੀ ਸਾਡੀ ਗੁਆਂਢਣ ਸ਼ਾਂਤੀ ਖਾਲੀ ਟੋਕਰਾ ਸਿਰੋਂ ਲਾਹੁੰਦੀ ਹੋਈ ਬੋਲੀ,

    “ਬੇ ਕੀ ਗੱਲ ਐ ਚੌਕੀਦਾਰ---ਅੱਜ ਏਧਰ ਕਿਵੇਂ---?---ਕਹਿੰਦੇ ਚੌਕੀਦਾਰ ਤਾ ਮੱਥੇ ਲੱਗਿਆ ਬਲਾਈਂ ਮਾੜਾ ਹੁੰਦੈ---"

    “ਨਾ ਤੂੰ ਜਿਹੜੀ ਖਾਲੀ ਟੋਕਰਾ ਲਈਂ ਸਿੱਧਾ ਮੱਥੇ `ਚ ਇੱਟ ਮਾਂਗ ਵੱਜੀ ਐਂ---ਉਹ ਨੀ ਦੀਂਹਦਾ ਤੈਨੂੰ---"

    ਸਾਡੇ ਘਰ ਵੱਲ ਮੁੜਦਿਆਂ ਤਾਏ ਨੇ ਮੋੜਮਾਂ ਜਵਾਬ ਦਿੱਤਾ---ਖਿਸਿਆਨੀ ਜਹੀ ਹਾਸੀ ਹਸਦੀ ਸਾਂਤੀ ਮੇਰੇ ਬਾਪੂ ਨੂੰ ਮੁਖ਼ਾਤਬ ਹੋਈ,

    “ਬੇ ਬਿਸਨਿਆਂ! ਨਾਲੇ ਤੂੰ ਕਾਹਤੋਂ ਸਵੇਰੇ ਕਾਹਲੀ-ਕਾਹਲੀ ਡੇਕ ਦਾ ਡਹਿਣਾ ਬੱਢਣ ਡਿਹਾ ਸੀਗ੍ਹਾ---ਅੱਗੇ ਗਰਮੀਆਂ ਆਉਂਦੀਆਂ ਨੇ---ਛਾਉਂ ਸੰਘਣੀ ਹੁੰਦੀ ਡੇਕ ਦੀ---"

    ਬਾਪੂ ਸੰੁਨ---ਬੱਢ ਕੰਨ ਜੇ ਲਹੂ ਆਵੇ ਤਾ---ਮੈਂ ਫੇਰ ਗੱਲ ਸੰਭਾਲੀ, “ਤਾਈ ਉਹ ਤਾ ਮੈ ਸੀਗ੍ਹੀ---ਡਾਹਣਾ ਬੱਢਦੀ---ਬਾਪੂ ਤਾ ਮੈਨੂੰ ਰੋਕਦਾ ਸੀ---ਮੈਂ ਈ ਬੱਸ---ਮੈਂ ਊਈਂ---"

    ਮੇਰੀ ਗੱਲ ਸੁਣ ਕੇ ਸਾਂਤੀ ਤਾਈ ਸਕਤੇ `ਚ ਆ ਗਈ---ਉਹਦੀਆਂ ਅੱਖਾਂ ਐਨਾ ਵੱਡਾ ਧੋਖਾ ਕਿਵੇਂ ਖਾ ਸਕਦੀਆਂ ਸਨ---ਉਹਦੀਆਂ ਸ਼ਾਤਰ ਨਜ਼ਰਾਂ ਨੇ ਬਾਪੂ ਨੂੰ ਟਾਹਣਾ ਵੱਢਦਿਆਂ ਦੇਖਿਆ ਸੀ।

    ਮੇਰੀਆਂ ਭੈਣਾਂ ਵੀ ਸਚਾਈ ਖੁੱਲ੍ਹਣ ਤੇ ਡਰ ਗਈਆਂ---ਪੰਜੀਰੀ ਵਾਲਾ ਝੂਠ ਬੋਲ ਕੇ ਉਹ ਬਹੁਤ ਪਛਤਾਈਆਂ ਸਨ---ਬਾਤ ਦਾ ਬਤੰਗੜ ਬਣ ਗਿਆ ਸੀ---ਤਾਈ ਸਾਂਤੀ ਤਾ ਚੁਗਲਖੋਰ ਔਰਤ ਐ---ਲਾਵਾ ਸਲਗਾਵੀਆਂ ਲਾਉਣ `ਚ ਮਾਹਰ ਐ ਪੂਰੀ---ਇਹ ਹੁਣ ਪਤਾ ਨੀ ਕੀ ਗੁਲ ਖਿਲਾਊਗੀ---ਮੇਰੀ ਭੈਣ ਬੋਲੀ,

    “ਚਲ ਤਾਈ---ਤੂੰ ਕਾਹਤੋਂ ਖਾਲੀ ਟੋਕਰਾ ਬੜ੍ਹਕਾਉਂਦੀ ਸਾਡੇ ਘਰੇ ਆ ਵੜੀ ਐਂ---ਤੂੰ ਆਵਦਾ ਕੰਮ ਦੇਖ---ਉਈਂ ਸਾਰਾ ਦਿਨ ਗਾਵਾਂ ਦੀਆਂ ਮੱਝਾਂ ਹੇਠ ਤੇ ਮੱਝਾਂ ਦੀਆਂ ਗਾਵਾਂ ਹੇਠ ਕਰਦੀ ਰਹਿਨੀ ਐਂ---"

    ਤਾਈ ਛਿੱਧੀ ਜਿਹੀ ਪੈ ਗਈ---ਉਹ ਘੁੰਡ ਥੋਹੜਾ ਹੇਠਾਂ ਸਰਕਾਉਂਦੀ ਚੌਕੀਦਾਰ ਦੇ ਮਗਰ ਮਗਰ ਬਾਹਰ ਤੁਰ ਗਈ---ਪਰ ਮੈਂ ਦੇਖ ਰਹੀ ਸਾਂ ਕਿ ਉਹ ਦੋਵੇਂ ਜਣੇ ਕਿੰਨੀ ਹੀ ਦੇਰ ਸਾਹਮਣੇ ਮਸੀਤ ਦੀ ਕੰਧ ਕੋਲ ਖੜ੍ਹੇ ਗੱਲਾਂ ਕਰਦੇ ਰਹੇ---ਬਾਰ ਬਾਰ ਉਹ ਸਾਡੇ ਘਰ ਕੰਨੀ ਝਾਕਦੇ ਤੇ ਫੇਰ ਘੁਸਰ ਮੁਸਰ ਕਰਦੇ।

    ਪਤਾ ਨੀ ਮੇਰੇ ਬੇਕਸੂਰ ਹੋਣ ਸਦਕਾ ਅੰਦਰੋਂ ਗਿਲਾਨੀ ਮਹਿਸੂਸ ਕਰਦਿਆਂ ਮੇਰੀਆਂ ਭੈਣਾਂ ਨੇ ਇੱਕ ਮਹੀਨਾ ਮੇਰੀ ਸੇਵਾ ਕੀਤੀ---ਭੈਣਾਂ ਵੱਲੋਂ ਇੱਕ ਚੂੰਢੀ ਭਰ ਪਿਆਰ ਮਿਲਣ ਸਦਕਾ ਮੈਂ ਕਿੰਨੀ ਖੁਸ਼ ਸਾਂ---ਤੁਹਾਨੂੰ ਦੱਸ ਨੀ ਸਕਦੀ---ਮੇਰੇ ਵਰਗਾ ਜੀਵ---ਜਿਸਨੂੰ ਪਿਆਰ ਦੇ ਅਰਥ ਈ ਨਹੀਂ ਸਨ ਪਤਾ---ਭੈਣਾਂ ਵੱਲੋਂ ਕੀਤੀ ਇਸ ਸੇਵਾ ਸਦਕਾ ਅੰਬਰਾਂ `ਚ ਉਡਦੀ ਫਿਰਦੀ ਸਾਂ---

    ਪਰ ਜਿਉਂ ਜਿਉਂ ਦਿਨ ਬੀਤ ਦੇ ਜਾਂਦੇ---ਮੇਰੇ ਕਾਲਜੇ `ਚ ਹੌਲ ਉੱਠਦੇ---ਮੈਂ ਰੱਬ ਅੱਗੇ ਦੁਆ ਕਰਦੀ ਕਿ ਹੇ ਦਾਤਿਆ---ਮੇਰੀ ਲੱਤ ਕਦੇ ਠੀਕ ਈ ਨਾ ਹੋਵੇ---ਤੇ ਮੇਰੀਆਂ ਭੈਣਾਂ ਏਸੇ ਮੋਹ ਨਾਲ ਮੇਰੀ ਸੇਵਾ ਕਰਦੀਆਂ ਰਹਿਣ---ਇਹੀ ਭੈਣਾਂ ਕਦੇ ਮੈਨੂੰ ਰੋਟੀ ਨਹੀਂ ਸਨ ਦਿੰਦੀਆਂ ਖਾਣ ਨੂੰ---ਮੈਂ ਰੋਟੀ ਲਈ ਤਰਸਦੀ ਰਹਿੰਦੀ ਸਾਂ---ਹੁਣ ਆਹ ਦਿਨ ਨੇ ਕਿ ਮੇਰੀਆਂ ਭੈਣਾਂ ਮੈਨੂੰ ਰੋਟੀ ਪਾ ਕੇ ਦਿੰਦੀਆਂ ਨੇ ਤੇ ਮੈਂ ਨਾਂਹ ਕਰ ਦਿੰਦੀ ਹਾਂ---ਸੋਚਦੀ ਸਾਂ ਕਿ ਬਹੁਤਾ ਅੰਨ ਖਾਵਾਂਗੀ ਤਾ ਜੰਗਲ ਪਾਣੀ ਦੀ ਹਾਜਤ ਹੋਵੇਗੀ---ਮੇਰੀਆਂ ਭੈਣਾਂ ਨੂੰ ਮੇਰਾ ਗੰਦ ਘੱਟ ਤੋਂ ਘੱਟ ਚੱਕਣਾ ਪਵੇ---ਸੋ ਮੈਂ ਮੁਸ਼ਕਲ ਨਾਲ ਅਠ-ਪਹਿਰ ਰੋਟੀ ਖਾਂਦੀ ਸਾਂ---ਪਾਣੀ ਵੀ ਸੋਚ ਕੇ ਪੀਂਦੀ।

    ਇੱਕ ਦਿਨ ਮੇਰੀ ਵੱਡੀ ਭੈਣ ਮੈਨੂੰ ਗੋਦੀ `ਚ ਲੈ ਕੇ ਰੋ ਪਈ---ਮੈਂ ਹੈਰਾਨ ਪ੍ਰੇਸ਼ਾਨ---ਇਹ ਕੀ ਚਮਤਕਾਰ ਹੋ ਰਿਹੈ---ਮੈਨੂੰ ਯਕੀਨ ਈ ਨਾ ਆਵੇ---ਰੋਂਦੀ ਰੋਂਦੀ ਉਹ ਬੋਲੀ, “ਲੰਗੜੀਏ! ਸਾਨੂੰ ਮਾਫ਼ ਕਰ ਦੇ---ਉੱਦਣ ਆਲੇ ਚੋਂ ਪੰਜੀਰੀ ਚੋਰੀ ਕਰਕੇ ਅਸੀਂ ਖਾਧੀ ਸੀ---ਤੇ ਤੇਰਾ ਨਾਂ ਝੂਠਾ ਈ ਲਾ `ਤਾ---ਪਰ ਸਾਨੂੰ ਸੱਚੀ ਨਹੀਂ ਸੀ ਪਤਾ---ਬਈ ਬਾਪੂ ਤੈਨੂੰ ਐਨੀ ਬੇਰਹਿਮੀ ਨਾਲ ਮਾਰੂਗਾ---ਮਾਫ---"

    “ਭੈਣੇ ਕੋਈ ਨੀ---ਮੈਂ ਤਾ ਭੁੱਲ ਭੁਲਾ ਏ ਗਈ---ਸਭ ਕੁਸ ਭੁੱਲ ਗਈ---"ਮੈਨੂੰ ਨਾ ਬੋਲਣ ਲਈ ਸ਼ਬਦ ਔੜ ਰਹੇ ਸਨ ਤੇ ਨਾ ਮੇਰੀ ਜੁਬਾਨ ਸਾਥ ਦੇ ਰਹੀ ਸੀ---ਮੈਨੂੰ ਉਸ ਦਿਨ ਭੈਣ ਚੰਗੀ ਚੰਗੀ ਲੱਗੀ ਸੀ---

    4

    ਸਾਲ ਤੋਂ ਉਪਰ ਹੋ ਗਿਆ ਸੀ ਇਸ ਘਟਨਾ ਨੂੰ ਵਾਪਰਿਆਂ---ਪਰ ਅਜੇ ਤੱਕ ਮੇਰੀ ਲੱਤ `ਚ ਪੂਰੀ ਜਾਨ ਨਹੀਂ ਸੀ ਆਈ---ਸ਼ਾਇਦ ਇਹਦਾ ਕਾਰਨ ਇਹ ਸੀ ਕਿ ਚੌਕੀਦਾਰ ਕੋਈ ਤਜ਼ਰਬੇਕਾਰ ਬੰਦਾ ਨਹੀਂ ਸੀ---ਉਹ ਤਾ ਬੱਸ ਪਿੰਡ ਦੇ ਰਹੇ ਖੁਹੇ ਬੰਦਿਆਂ ਦੀਆਂ ਟੁੱਟੀਆਂ ਭੱਜੀਆਂ ਲੱਤਾ ਬਾਹਾਂ ਜੋੜਦਾ ਸੀ---ਮੇਰੀ ਲੱਤ ਵੀ ਉਸ ਨੇ ਕੁੱਝ ਐਸ ਤਰ੍ਹਾਂ ਜੋੜੀ ਕਿ ਹੁਣ ਇਹ ਪਹਿਲਾਂ ਨਾਲੋਂ ਵੀ ਬੇਢਬੀ ਹੋ ਗਈ ਸੀ।

    ਪਹਿਲਾਂ ਤਾ ਮੈਂ ਇਸ ਕੱਜ ਮਾਰੀ ਲੱਤ ਉੱਤੇ ਹੱਥ ਧਰ ਕੇ ਚੰਗਾ ਤੁਰ ਫਿਰ ਲੈਂਦੀ ਸਾਂ ਪਰ ਹੁਣ ਇਹ ਲੱਤ ਕਮਾਨ ਵਾਂਗ ਟੇਢੀ ਹੋ ਕੇ ਝੋਲ ਮਾਰਨ ਲੱਗ ਪਈ ਸੀ---ਇਹਦੀ ਤਾਕਤ ਵੀ ਘਟ ਗਈ ਸੀ।

    ਮੈਂ ਲੱਤ ਟੁੱਟਣ ਦੇ ਬਾਵਜੂਦ ਫੇਰ ਅੱਠਵੀਂ ਚੋਂ ਡਿਸਟ੍ਰਿਕਟ ਪੱਧਰ ਤੇ ਫ਼ਸਟ ਆਈ---ਬੀਰਾ ਮੇਰੇ ਨਾਲ ਬਹੁਤ ਖਫ਼ਾ ਸੀ---ਉਹ ਮੇਰੇ ਨਾਲੋਂ ਇੱਕ ਸਾਲ ਵੱਡਾ ਸੀ ਪਰ ਛੇਵੀਂ ਚੋਂ ਉਹ ਐਤਕੀਂ ਤੀਸਰੀ ਬਾਰ ਫੇਲ੍ਹ ਹੋ ਗਿਆ ਸੀ---ਬਾਪੂ ਦੇ ਲਾਡ ਪਿਆਰ ਨੇ ਉਸ ਨੂੰ ਬਹੁਤ ਵਿਗਾੜ ਦਿੱਤਾ ਸੀ---

    ਇੱਥੇ ਵਿਚੋਂ ਗੱਲ ਰੋਕ ਕੇ ਮੈਂ ਥੋਨੂੰ ਦੱਸ ਦਿਆਂ ਕਿ ਪਹਿਲੇ ਪੇਪਰ ਵਾਲੇ ਦਿਨ ਮੈਂ ਹੈਡਮਾਸਟਰ ਜੀ ਨੂੰ ਰੋਦਿਆਂ ਰੋਦਿਆਂ ਕਿਹਾ ਸੀ ਕਿ ਮਾਸਟਰ ਜੀ, ਮੈਨੂੰ ਪੇਪਰ `ਚ ਆਏ ਸਾਰੇ ਸਵਾਲਾਂ ਦਾ ਉੱਤਰ ਆਉਂਦਾ ਹੈ ਪਰ ਮੈਂ ਗਲਤ ਉੱਤਰ ਲਿਖਾਂਗੀ---ਉਹ ਮੇਰੀ ਗੱਲ ਸੁਣ ਕੇ ਹੈਰਾਨ ਹੋ ਗਿਆ ਸੀ---ਉਹ ਹੱਕਾ ਬੱਕਾ ਮੇਰੇ ਵੱਲ ਤੱਕ ਰਿਹਾ ਸੀ---ਜਿਵੇਂ ਪੁੱਛ ਰਿਹਾ ਹੋਵੇ ਕਿ ਤੂੰ ਪਾਗਲ ਹੋ ਗਈ ਐਂ---??

    ਮੈਂ ਆਪੇ ਜਵਾਬ ਦਿੱਤਾ ਸੀ ਕਿ ਮਾਸਟਰ ਜੀ, ਜੇ ਮੈਂ ਚੰਗੇ ਨੰਬਰਾਂ `ਚ ਪਾਸ ਹੋ ਗਈ ਤਾ ਬੀਰਾ ਮੇਰੇ ਨਾਲ ਖਫ਼ਾ ਹੋ ਜਾਵੇਗਾ ਤੇ ਮੇਰੇ ਨਾਲ ਬੁਰੀ ਕਰੇਗਾ---ਇਹ ਉੱਤਰ ਮਾਸਟਰ ਜੀ ਦੀ ਸੰਤੁਸ਼ਟੀ ਨਾ ਕਰਾ ਸਕਿਆ---ਫੇਰ ਮੈਂ ਉਸ ਨੂੰ ਖੋਲ੍ਹ ਕੇ ਸਮਝਾਇਆ ਕਿ ਬੀਰਾ ਉਸ ਨਾਲ ਕਿਉਂ ਗੁੱਸੇ ਹੋਵੇਗਾ---ਉਸ ਦੀਆਂ ਅੱਖਾਂ ਚੋਂ ਹੰਝੂ ਪਰਲ ਪਰਲ ਵਗ ਰਹੇ ਸਨ---ਮੈਂ ਉਦੋਂ ਬਹੁਤ ਵੱਡੀ ਨਹੀਂ ਸਾਂ---ਮੈਨੂੰ ਮਾਸਟਰ ਜੀ ਨੇ ਜੋ ਕਿਹਾ ਉਹ ਮੈਨੂੰ ਸਮਝ ਬੇਸ਼ੱਕ ਨਾ ਆਇਆ ਪਰ ਮੈਂ ਉਸ ਦੀਆਂ ਅੱਖਾਂ `ਚ ਆਏ ਅੱਥਰੂ ਨਾ ਦੇਖ ਸਕੀ---ਉਸ ਨੇ ਕਿਹਾ, “ਬੇਟਾ---ਮੈਂ ਤੇਰੀ ਗੱਲ ਨਾਲ ਸਹਿਮਤ ਹਾਂ---ਪਰ ਤੂੰ ਮੇਰੇ ਕਹਿਣ ਤੇ ਪੇਪਰ ਸਹੀ ਕਰੇਂਗੀ---ਕੋਈ ਨਾ ਜੇ ਉਹ ਤੈਨੂੰ ਮਾਰੇਗਾ ਤਾ ਤੂੰ ਮੇਰੇ ਇਹਨਾਂ ਹੰਝੂਆਂ ਲਈ ਸਭ ਸਹਿ ਲਈਂ---ਪਰ ਗੁੱਡੋ ਪਰਚਾ ਠੀਕ ਕਰੀਂ---ਉੱਤਰ ਸਹੀ ਲਿਖੀਂ---"

    ਮੈਂ ਪੰਘਰ ਗਈ ਸਾਂ---ਤੁਹਾਨੂੰ ਦੱਸਿਆ ਈ ਐ ਕਿ ਇੱਕ ਚੁਟਕੀ ਭਰ ਪਿਆਰ ਨੂੰ ਤਰਸਦੀ ਮੈਂ ਉਹਦੀ ਗੱਲ ਕਿਵੇਂ ਨਾ ਮੰਨਦੀ---ਫੇਰ ਤਿੰਨ ਘੰਟੇ ਹੈਡਮਾਸਟਰ ਜੀ ਮੇਰੇ ਕੋਲ ਖੜ੍ਹੇ ਰਹੇ---ਦੇਖਦੇ ਰਹੇ ਕਿ ਮੈਂ ਪ੍ਰਸ਼ਨਾਂ ਦੇ ਉੱਤਰ ਠੀਕ ਲਿਖ ਰਹੀ ਹਾਂ ਜਾਂ ਨਹੀਂ---ਐਸੇ ਲੋਕਾਂ ਦੀ ਬਦੌਲਤ ਸ਼ਾਇਦ ਇਹ ਪ੍ਰਿਥਵੀ ਟਿਕੀ ਹੋਈ ਐ---

    ਬਾਪੂ ਬੇਬੇ ਨੂੰ ਬੀਰੇ ਤੋਂ ਬਿਨ੍ਹਾਂ ਦੁਨੀਆਂ ਵਿੱਚ ਕੁੱਝ ਨਜ਼ਰ ਹੀ ਨਹੀਂ ਸੀ ਆਉਂਦਾ ---ਮਾਂ ਬੇਸ਼ੱਕ ਅੱਧੀ ਅਧੂਰੀ ਮੰਜੇ `ਚ ਪਈ ਸੀ ਪਰ ਉਹਦੀਆਂ ਨਜ਼ਰਾਂ ਵੀ ਬੀਰੇ ਦੁਆਲੇ ਹੀ ਘੁੰਮਦੀਆਂ---ਉਹ ਇਸ਼ਾਰੇ ਨਾਲ ਬੀਰੇ ਨੂੰ ਕੋਲ ਬਲਾ ਕੇ ਲਾਡ ਲਡਾਉਂਦੀ---ਪਰ ਬੀਰਾ ਉਹਦੇ ਨੇੜੇ ਜਾਣ ਤੋਂ ਟਲਦਾ ਰਹਿੰਦਾ---ਹਮੇਸ਼ਾ ਆਖਦਾ ਕਿ ਹੁਣ ਬੇਬੇ ਚੋਂ ਮੁਸ਼ਕ ਮਾਰਦੈ---ਪਤਾ ਨੀ ਕਿੰਨੇ ਕਿੰਨੇ ਦਿਨ ਨਹਾਉਂਦੀ ਨੀ---ਫੇਰ ਉਹ ਮੈਨੂੰ ਆਖਦਾ,

    “ਤੂੰ ਲੰਗੜੀਏ---ਬੇਬੇ ਨੂੰ ਰੋਜ ਨਮ੍ਹਾਇਆ ਕਰ---ਬੈਠੀ ਰਹਿੰਨੀ ਐਂ ਬਿਹਲੀ---ਰੋਟੀਆਂ ਪਾੜਦੀ ਰਹਿੰਨੀ ਐਂ---"

    “ਬੀਰੇ---ਬੀਰੇ---ਮੇਰੀ ਹਾਅ ਲੱਤ ਹੁਣ ਬਲਾਈਂ ਕਮਜ਼ੋਰ ਹੋ ਗੀ---ਹੁਣ ਮੈਥੋਂ ਚੰਗੀ ਤਰ੍ਹਾਂ ਖੜ੍ਹ ਕੇ ਬੇਬੇ ਨਮ੍ਹਾਂ ਨੀ ਹੁੰਦੀ---ਨਾਲੇ ਬੀਬੀ ਨੂੰ `ਧਰੰਗ ਕਰਕੇ ਸਾਂਭਣਾ ਬੀ ਪੈਂਦੈ---"

    “ਬੇਬੇ ਨੂੰ ਨਮ੍ਹਾਉਣ ਬਖਤ ਤੇਰੀ ਟੰਗ ਕਮਜ਼ੋਰ ਹੋ ਗੀ ਐ---ਡਿਸਟਿਕ `ਚ ਫਸਟ ਆਉਂਦੀ ਦੀ ਤੇਰੀ ਲੱਤ ਕਮਜ਼ੋਰ ਨੀ ਹੁੰਦੀ---ਲੰਗੜੀ ਜੀ---ਗੱਲਾਂ ਮਾਰਦੀ ਐ ਮਠਾਰ ਮਠਾਰ ਕੇ---"

    ਮੈਂ ਚੁੱਪ ਕਰ ਜਾਂਦੀ---ਮੈਂ ਸੋਚਦੀ ਕਿ ਤੇਰੀ ਗੱਲ ਦਾ ਆਪਸ `ਚ ਕੋਈ ਤਾਲ ਮੇਲ ਤਾ ਬੈਠਿਆ ਨੀ---ਇਹ ਤਾ ਤੇਰੇ ਅੰਦਰ ਦਾ ਸਾੜਾ ਬੋਲਦੈ---ਫੇਰ ਮੈਂ ਆਪੇ ਛਿੱਥੀ ਜਿਹੀ ਪਈ ਆਖਦੀ,

    “ਚੰਗਾ---ਬੀਰੇ---ਮੈਂ ਬੇਬੇ ਨੂੰ ਨਮ੍ਹਾ ਦਿਆ ਕਰੂੰ---ਰੋਜ਼---ਲੈ ਹੁਣੇ ਨਮ੍ਹਾਉਂਨੀ ਆਂ---ਦੇਖਦਾ ਜਾ ਕੇਰਾਂ---"

    ਮੈਂ ਛੋਹਲੀ ਛੋਹਲੀ ਉਠਦਿਆਂ ਬੀਰੇ ਦੀ ਹਮਦਰਦੀ ਜਿੱਤਣ ਲਈ ਮਾਂ ਕੋਲ ਗਈ---ਅੱਧੀ ਅਧੂਰੀ ਲੰਗੜੀ ਅੱਧੀ ਅਧੂਰੀ ਬੇਬੇ ਨੂੰ ਅੱਧੇ ਸਰੀਰ ਦਾ ਸਹਾਰਾ ਦੇ ਕੇ ਗੁਸਲਖਾਨੇ ਤੱਕ ਲੈ ਕੇ ਗਈ---ਉੱਥੇ ਪੀੜ੍ਹੀ ਉੱਤੇ ਮਾਂ ਨੂੰ ਗਠੜੀ ਵਾਂਗ ਢੇਰੀ ਕੀਤਾ ਤੇ ਨਮ੍ਹਾਉਂਣ ਲੱਗ ਪਈ---ਮਾਂ ਨੂੰ ਰਗੜ ਰਗੜ ਕੇ ਨੁਹਾਇਆ---ਤੇ ਫੇਰ ਲਾਠੀ ਦਾ ਅੜ੍ਹੋਕਾ ਲਾ ਕੇ ਮਾਂ ਨੂੰ ਧਰੂੰਹਦੀ ਹੋਈ ਮੰਜੇ ਤੱਕ ਲੈ ਗਈ।

    ਬੀਰਾ ਅਕਸਰ ਮੇਰੀਆਂ ਸਕੂਲ ਦੇ ਕੰਮ ਦੀਆਂ ਕਾਪੀਆਂ ਫਾੜ ਦਿੰਦਾ---ਪੈੱਨ ਤੋੜ ਦਿੰਦਾ---ਮੈਂ ਦੋਬਾਰਾ ਹੋਮ ਵਰਕ ਕਰਦੀ---ਪਰ ਸ਼ਿਕਾਇਤ ਨਾ ਕਦੇ ਕਰਦੀ।

    ਬੀਰੇ ਨੂੰ ਸਕੂਲੋਂ ਕੱਢ ਦਿੱਤਾ ਗਿਆ ਪਰ ਉਸ ਨੇ ਘਰੇ ਕਿਸੇ ਨੂੰ ਭਿਣਕ ਨਾ ਲੱਗਣ ਦਿੱਤੀ---ਰੋਜ਼ ਸਵੇਰੇ ਪਹਿਲਾਂ ਵਾਂਗ ਤਿਆਰ ਹੋ ਕੇ ਸਕੂਲ ਚਲਿਆ ਜਾਇਆ ਕਰੇ---ਸਕੂਲ ਦੇ ਪਿੱਛੇ ਬਣੇ ਮੰਦਿਰ ਦੇ ਥੜੇ ਤੇ ਬੈਠ ਕੇ ਛੁੱਟੀ ਹੋਣ ਤੇ ਘਰੇ ਆ ਜਾਇਆ ਕਰੇ---ਇੱਕ ਦਿਨ ਡਾਕੀਆ ਇੱਕ ਚਿੱਠੀ ਘਰੇ ਸਿੱਟ ਗਿਆ---ਨਿੱਕੀ ਭੈਣ ਨੇ ਚਿੱਠੀ ਚੱਕੀ ਤੇ ਮੇਰੇ ਕੋਲ ਲਿਆਈ,

    “ਦੇਖੀਂ ਤਾ ਭਲਾ ਲੰਗੜੀਏ---ਆਹ ਚਿੱਠੀ ਕਿੱਥੋਂ ਆਈ ਐ---"

    ਭੈਣਾਂ ਅਨਪੜ੍ਹ ਸਨ---ਬਾਪੂ ਨੇ ਮੈਨੂੰ ਤਾ ਵਜੀਫ਼ੇ ਦੇ ਲਾਲਚ ਸਦਕਾ ਸਕੂਲੇ ਲਾ ਦਿੱਤਾ ਸੀ ਪਰ ਭੈਣਾਂ ਨੂੰ ਪੜ੍ਹਨ ਨਾ ਲਾਇਆ---ਮੈਂ ਲਿਫ਼ਾਫਾ ਦੇਖਿਆ---ਇਹ ਬੀਰੇ ਦੇ ਸਕੂਲੋਂ ਆਇਆ ਸੀ---ਡੀਲਾਈਟ ਮਾਡਲ ਕਾਨਵੈਂਟ ਸਕੂਲ ਤੋਂ---ਚਿੱਠੀ ਪੜ੍ਹ ਕੇ ਮੈਂ ਹੱਕੀ ਬੱਕੀ ਰਹਿ ਗਈ---ਸਕੂਲ ਦੇ ਪ੍ਰਿੰਸੀਪਲ ਨੇ ਬੀਰੇ ਦੀਆਂ ਸਾਰੀਆਂ ਕਰਤੂਤਾ ਲਿਖੀਆਂ ਹੋਈਆਂ ਸਨ---ਸਕੂਲ ਚੋਂ ਕਈ ਸਾਰੀਆਂ ਚੀਜ਼ਾਂ ਚੋਰੀ ਕਰਨ ਤੋਂ ਲੈ ਕੇ ਕਿਸੇ ਕੁੜੀ ਨਾਲ ਅਸ਼ਲੀਲ ਹਰਕਤਾ ਕਰਨ ਤੱਕ ਦੀ ਸਾਰੀ ਗਾਥਾ ਬਿਆਨ ਕੀਤੀ ਹੋਈ ਸੀ---ਬੀਰੇ ਵੱਲੋਂ ਕੁੜੀਆਂ ਨੂੰ ਲਿਖੇ ਗੰਦੇ ਮੰਦੇ “ਲਵ ਲੈਟਰਜ਼" ਦੀਆਂ ਫੋਟੋ ਕਾਪੀਆਂ ਵੀ ਨਾਲ ਨੱਥੀ ਕੀਤੀਆਂ ਹੋਈਆਂ ਸਨ---ਬੀਰੇ ਦਾ ਨਾਂ ਸਕੂਲੋਂ ਕੱਟ ਦਿੱਤਾ ਗਿਆ ਸੀ---ਬਾਪੂ ਨੂੰ ਸਕੂਲੇ ਸੱਦਿਆ ਸੀ---ਸੁਣ ਕੇ ਭੈਣ ਸਿਰ ਫੜ ਕੇ ਬੈਠ ਗਈ ਸੀ---ਮੈਨੂੰ ਆਖਣ ਲੱਗੀ,

    “ਲੰਗੜੀਏ ਆਹ ਕੀ---?ਹੁਣ ਕੀ ਬਣੂੰ---ਬਾਪੂ ਤਾ ਘਰ `ਚ ਰਾਹਾ ਝੋਅ ਦੂ---

    “ਨਹੀਂ ਭੈਣੇ---ਬਾਪੂ ਬੀਰੇ ਨੂੰ ਨੀ ਕੁਸ ਕਹਿੰਦਾ---ਬੀਰੇ ਨੂੰ ਤਾ ਉਹ ਬਲਾਈਂ ਪਿਆਰ ਕਰਦੈ---ਤੂੰ ਉਦਾਸ ਨਾ ਹੋ---ਚਿੰਤਾ ਨਾ ਕਰ---" ਮੈਂ ਬਹੁਤ ਦਾਦੀ ਸਿਆਣੀ ਬਣ ਕੇ ਭੈਣ ਨੁੰ ਦਿਲਾਸਾ ਦਿੱਤਾ

    ਐਨੇ ਨੂੰ ਬਾਪੂ ਹੱਥ `ਚ ਡਾਂਗ ਫੜੀਂ ਫੁੰਕਾਰਦਾ ਹੋਇਆ ਘਰੇ ਵੜਿਆ---ਉਹਦਾ ਮੂੰਹ ਗੁੱਸੇ `ਚ ਲਾਲ ਹੋਇਆ ਪਿਆ ਸੀ---ਡਾਂਗ ਕੰਧ ਨਾਲ ਮਾਰਦਿਆਂ ਬੋਲਿਆ,

    “ਕਿੱਥੇ ਐ ਨੀ ਕੁੜੀਓ ਇਹ ਬਿਗੜੈਲ ਸੱਤੇ ਦਾ ਬੱਚਾ---ਕੁੱਤੇ ਨੇ ਮੇਰੇ ਲਾਡ ਪਿਆਰ ਦਾ ਹਾਅ ਸਿਲਾ ਦਿੱਤੈ---? ਸਕੂਲ `ਚ ਕੁੜੀਆਂ ਛੇੜਦੈ---ਮੈਨੂੰ ਤਾ ਅੱਜ ਇਹਦੇ ਸਕੂਲ ਦਾ ਮਾਲੀ ਮਿਲ ਗਿਆ ਸ਼ਹਿਰ ਖਾਦ ਦੀ ਦੁਕਾਨ ਤੇ---ਉਹਨੇ ਮੈਨੂੰ ਇਹਦੀਆਂ ਸਾਰੀਆਂ ਕਰਤੂਤਾ ਦੱਸੀਆਂ---ਨਾਲੇ ਉਹ ਤਾ ਕਹਿੰਦਾ `ਤੀ ਬਈ ਇਹਨੂੰ ਸਕੂਲੋਂ ਕੱਢ `ਤਾ ਹੋਇਐ---ਪੰਦਰਾਂ ਦਿਨ ਹੋ ਗੇ ਹੋਣੇ ਕੱਢੇ ਨੂੰ---ਇਹਨੇ ਮੈਥੋਂ ਲਕੋਅ ਰੱਖਿਆ---ਮੈਨੂੰ ਬੁੱਧੂ ਬਣਾਇਆ? ਸੋਚਿਆ ਬਈ ਬਾਪ ਤਾ ਨਪੜ੍ਹ ਐ---ਘਾਹ ਖੋਤੂ---ਉਹਨੂੰ ਕਿਹੜਾ ਪਤਾ ਚੱਲਣੈ ਮੂਰਖ ਨੂੰ---ਲੰਗੜੀਏ ਕਿੱਥੇ ਐ ਬੀਰਾ ?"

    “ਬਾਪੂ ਮੈਨੂੰ ਤਾ ਦੱਸ ਕੇ ਨੀ ਗਿਆ---ਬੀਰਾ ਤਾ ਸਕੂਲੇ ਗਿਆ ਹੋਇਐ---ਸਵੇਰ ਦਾ ਈ ਗਿਆ ਹੋਇਐ---"

    ਮੈਂ ਚਿੱਠੀ ਕੁਚੜ ਮੁਚੜ ਕਰਕੇ ਲਕੋਦਿਆਂ ਕਿਹਾ---ਬਾਪੂ ਫੇਰ ਬੁੜ੍ਹਕਿਆ,

    “ਸਕੂਲ ? ਕਿਹੜਾ ਸਕੂਲ?? ਨੀ ਉਹਨੂੰ ਤਾ ਸਕੂਲੋਂ ਕੱਢ `ਤਾ---ਉਹਦਾ ਤਾ ਨਾਮਾ ਕੱਟ `ਤਾ ਪ੍ਰਿੰਸੀਪਲ ਨੇ---ਉਹਨੇ ਤਾ ਬਹੁਤ ਗੁਲ ਖਲਾਏ ਨੇ ਸਕੂਲੇ---"

    ਬਾਪੂ ਬੋਲਦਾ ਬੋਲਦਾ ਮੱਥਾ ਫੜ ਕੇ ਮੰਜੇ ਤੇ ਢੇਰੀ ਜਿਹਾ ਹੋ ਗਿਆ---ਅਸੀਂ ਤਿੰਨੋ ਭੈਣਾਂ ਬਾਪੂ ਨੂੰ ਠੰਢਾ ਕਰਿਆ ਚਾਹੰੁਦੀਆਂ ਸਾਂ---ਪਰ ਹਿੰਮਤ ਨਹੀਂ ਸਾਂ ਜੁਟਾ ਸਕਦੀਆਂ---ਬਾਪੂ ਨੇ ਧੁੱਪ ਵੱਲ ਦੇਖਦਿਆਂ ਅੰਦਾਜਾ ਲਾਇਆ ਕਿ ਅਜੇ ਇੱਕ ਵੱਜਿਆ ਹੋਣਾ---ਬੀਰਾ ਹਮੇਸ਼ਾ ਧੁੱਪ ਢਲੀ ਤੇ ਘਰ ਆਉਂਦਾ ਸੀ---ਬਾਪੂ ਬੌਖਲਾਇਆ ਹੋਇਆ ਉਠਿਆ ਤੇ ਪੈਰੀਂ ਪੁੱਠੀ ਜੁੱਤੀ ਪਾ ਕੇ ਇੱਧਰ ਉੱਧਰ ਘੁੰਮਣ ਲੱਗਿਆ।

    ਜਿਸ ਮੰਜੇ ਉੱਤੇ ਬੀਰਾ ਸੌਂਦਾ ਹੁੰਦਾ ਸੀ---ਉਹਦੇ ਲਾਗੇ ਬੀਰੇ ਦੇ ਪੜ੍ਹਨ ਲਈ ਇਕ ਮੇਜ਼ ਅਤੇ ਕੁਰਸੀ ਰੱਖੇ ਹੋਏ ਸਨ---ਮੇਜ਼ ਉੱਤੇ ਬੀਰੇ ਦੀਆਂ ਕਾਪੀਆਂ ਕਿਤਾਬਾਂ ਰੱਖੀਆਂ ਹੁੰਦੀਆਂ ਸਨ ਤੇ ਦਰਾਜ਼ਾਂ ਵਿੱਚ ਪੈਨ, ਪੈਨਸਿਲ, ਜਮੈਟਰੀ ਬਾਕਸ ਤੇ ਹੋਰ ਲਟਰਮ ਪਟਰਮ ਧਰਿਆ ਹੰੁਦਾ---।

    ਬਾਪੂ ਨੇ ਇਸ ਮੇਜ਼ ਦੀ ਤਲਾਸੀ ਲੈਣੀ ਸ਼ੁਰੂ ਕਰ ਦਿੱਤੀ---ਮੇਜ਼ ਉੱਤੇ ਕਿਤਾਬਾਂ ਦੇ ਵਿਚਕਾਰ ਇੱਕ ਗੱਤੇ ਦੇ ਡੱਬੇ `ਚੋਂ ਬਾਪੂ ਨੂੰ ਜਰਦਾ, ਬਰਾਊਨ ਸ਼ੂਗਰ ਸਮੈਕ, ਨਸ਼ੇ ਦੇ ਟੀਕੇ ਮਿਲੇ---ਟੀਕਿਆਂ ਨੂੰ ਗਹੁ ਨਾਲ ਤੱਕਦਿਆਂ ਬਾਪੂ ਨੇ ਜਿਵੇਂ ਇਹਨਾਂ ਦਾ ਚੰਗੀ ਤਰ੍ਹਾਂ ਮੁਆਇਨਾ ਕੀਤਾ---ਮੇਰੀ ਜ਼ਿੰਦਗੀ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਬਾਪੂ ਨੇ ਮੈਨੂੰ ਐਨੇ ਤੇਹ ਨਾਲ ਬੁਲਾਇਆ,

    “ਪੁੱਤ---ਦੇਖੀਂ ਤਾ ਭਲਾਂ ਦੀ ਆਹ ਸੂਏ ਕਾਹਦੇ ਨੇ---ਕੀ ਲਿਖਿਆ ਹੋਇਐ ਇਹਨਾਂ ਉੱੇਤੇ---ਆਹ ਤਾ ਭਲਾਂ ਜਰਦੇ ਦੀਆਂ ਪੁੜੀਆਂ ਤੇ ਸੀਸੀਆਂ ਨੇ---ਆਹ ਪੁੜੀਆਂ ਵੀ ਮੇਰੇ ਹਸਾਬ ਨਾਲ ਨਸ਼ਿਆਂ ਦੀਆਂ ਈ ਨੇ---ਆਹ ਟੀਕੇ ਦੇਖ ਭਲਾ---"

    ਮੈਨੂੰ ਜਿਵੇਂ ਸੱਤੇ ਬਾਦਸ਼ਾਹੀਆਂ ਮਿਲ ਗਈਆਂ---ਬਾਪੂ ਨੇ ਮੈਨੂੰ ‘ਪੁੱਤ` ਕਹਿ ਕੇ ਬੁਲਾਇਆ---ਮੇਰੇ ਕੰਨਾਂ `ਚ ਤਾ ਖੰਡ ਮਿਸ਼ਰੀ ਘੁਲ ਗਈ---ਮੈਂ ਭੱਜ ਕੇ ਬਾਪੂ ਹੱਥੋਂ ਟੀਕੇ ਫੜੇ---ਕੁੱਝ ਕੈਪਸੂਲ ਵੀ---ਇਹਨਾਂ ਉੱਤੇ ਲਿਖਿਆ ਨਾਮ ਪੜ੍ਹ ਕੇ ਸੁਣਾਉਣ ਲੱਗੀ,---ਇਹ ਨਸ਼ੇ ਦੇ ਕੈਪਸੂਲ ਸਨ---ਨਸ਼ੇ ਦੀਆਂ ਪੁੜੀਆਂ---

    ਮੈਨੂੰ ਯਾਦ ਆਇਆ ਕਿ ਬੀਰਾ ਉਨੀਂ ਦਿਨੀ ਥੋੜਾ ਲੜਖੜਾਅ ਕੇ ਤੁਰਦਾ ਹੰੁਦਾ ਸੀ---ਉਹਦੀ ਆਵਾਜ ਵੀ ਲੜਖੜਾਈ ਹੰੁਦੀ---ਉਹ ਪੈਰ ਧਰਦਾ ਕਿਤੇ ਸੀ ਤੇ ਇਹ ਟਿਕਦਾ ਕਿਤੇ ਸੀ---ਹੁਣ ਸਮਝ ਆਈ ਕਿ ਇਹ ਸਭ ਨਸ਼ੇ ਸਦਕਾ ਹੁੰਦਾ ਸੀ।

    ਮੈਂ ਤਾ ਕਦੇ ਬੀਰੇ ਦੇ ਮੰਜੇ ਅਤੇ ਮੇਜ਼ ਦੇ ਲਾਗੇ ਜਾ ਕੇ ਕੁੱਝ ਵੀ ਦੇਖਣ ਦਾ ਹੌਸਲਾ ਨਹੀਂ ਸਾਂ ਕਰ ਸਕਦੀ---ਹੁਣ ਬਾਪੂ ਸਦਕਾ ਥੋੜੀ ਹਿੰਮਤ ਕੀਤੀ---ਮੈਂ ਮੇਜ਼ ਦੇ ਦਰਾਜ ਫਰੋਲੇ---ਉਥੇ ਕੁੱਝ ਬਹੁਤ ਹੀ ਗੰਦੀਆਂ---ਕਾਮ ਉਤੇਜਕ ਤਸਵੀਰਾਂ ਵਾਲੀਆਂ ਕਿਤਾਬਾਂ ਪਈਆਂ ਸਨ---ਗੰਦੀਆਂ ਤੋਂ ਗੰਦੀਆਂ ਤਸਵੀਰਾਂ ਵਾਲੀਆਂ ਕਿਤਾਬਾਂ---ਮੈਨੂੰ ਦੇਖ ਕੇ ਝਾਕਾ ਆਇਆ---ਬਾਪੂ ਵੀ ਦੇਖ ਰਿਹਾ ਸੀ---ਉਸ ਨੇਇਹ ਮੇਰੇ ਹੱਥੋਂ ਫੜ ਕੇ ਕੱਛ `ਚ ਲਕੋ ਲਈਆਂ---

    “ਦੇਖ ਹੋਰ ਵੀ ਅਹੀ `ਜੀਆਂ ਕਤਾਬਾਂ ਨੇ---ਹੋਰ ਕੁਸ---?"

    ਮੈਂ ਬੀਰੇ ਦਾ ਸਾਰਾ ਮੇਜ਼ ਫਰੋਲਿਆ---ਮੈਨੂੰ ਹੋਰ ਵੀ ਕਈ ਇਹੋ ਜਿਹੀਆਂ ਕਿਤਾਬਾਂ ਮਿਲੀਆਂ---ਇੱਕ ਦੋ ਚਿੱਠੀਆਂ ਵੀ ਮਿਲੀਆਂ ਜਿਹੜੀਆਂ ਬੀਰੇ ਨੂੰ ਕੁੜੀਆਂ ਵੱਲੋਂ ਲਿਖੀਆਂ ਹੋਈਆਂ ਸਨ।

    ਕੁੱਝ ਗਰਭ ਨਿਰੋਧਕ ਸਮਾਨ ਵੀ---ਜਿਸ ਬਾਰੇ ਪੂਰੀ ਜਾਣਕਾਰੀ ਉਦੋਂ ਮੈਨੂੰ ਨਹੀਂ ਸੀ---ਮੈਂ ਇਹ ਸਭ ਕੁੱਝ ਬੀਰੇ ਦੇ ਇੱਕ ਥੈਲੇ `ਚ ਪਾ ਕੇ ਬਾਪੂ ਦੇ ਹਵਾਲੇ ਕਰ ਦਿੱਤਾ।

    ਮਾਂ ਮੰਜੇ ਤੇ ਪਈ ਇਹ ਸਾਰਾ ਤਮਾਸ਼ਾ ਦੇਖ ਰਹੀ ਸੀ। ਉਹਦੀਆਂ ਨਜ਼ਰਾਂ ਪੁੱਛ ਰਹੀਆਂ ਸਨ ਕਿ ਇਹ ਸਭ ਕੀ ਐ? ਫੇਰ ਬਾਪੂ ਨੇ ਬੜੀ ਖਰਵ੍ਹੀਂ ਆਵਾਜ਼ ਵਿੱਚ ਮਾਂ ਨੂੰ ਬੀਰੇ ਦੀਆਂ ਕਰਤੂਤਾ ਦੱਸੀਆਂ---ਜਲਦ ਬਾਜ਼ੀ `ਚ ਮੇਰੇ ਕੋਲੋਂ ਅੱਜ ਵਾਲੀ ਚਿੱਠੀ ਵੀ ਥੈਲੇ `ਚ ਬਾਕੀ ਸਮਾਨ ਨਾਲ ਰੱਖੀ ਗਈ---ਮਾਂ ਸਭ ਸੁਣ ਕੇ ਸੰੁਨ ਹੋ ਗਈ---ਬਾਪੂ ਚੀਕਿਆ,

    “ਨੀ ਜਿਹੜੇ ਪੁੱਤ ਪਿੱਛੇ ਮੈਂੇ ਸਾਰੀ ਉਮਰ ਧੀਆਂ ਦੀ ਬੇਕਦਰੀ ਕਰੀ ਗਿਆ ਅੱਜ ਉਸੇ ਸਪੂਤ ਨੇ ਮੇਰਾ ਨੌਂ ਡੋਬ `ਤਾ---ਕਲੱਛਣਾ ਪੁੱਤ---ਨੀ ਜੀਤੋ---ਆਪਾਂ ਪੁੱਤਾ ਦੀਆਂ ਜੋੜੀਆਂ ਬਣਾਉਣ ਖਾਤਰ ਬਚਾਰੀ ਲੰਗੜੀ ਨੂੰ ਜੰਮਣੋ ਪਹਿਲਾਂ---ਬਚਾਰੀ ਬਦਕਿਸਮਤ ਧੀ---ਆਪਾਂ ਇਹਨੂੰ ਅਪਾਹਜ ਕਰ `ਤਾ---ਇੱਕ ਧੀ ਜੰਮਣੋਂ ਪਹਿਲਾਂ ਏ ਮਾਰ `ਤੀ"


     

    --ਚਲਦਾ--