ਮੈਂ ਸਭ ਸੁਣ ਰਹੀ ਸਾਂ---ਸਭ ਦੇਖ ਰਹੀ ਸਾਂ---ਬਾਪੂ ਜਮੀਨ ਤੇ ਬੈਠਾ ਦੋਵੇਂ ਹੱਥ ਮੱਥੇ ਤੇ ਧਰੀ ਸਿਰ ਇੱਧਰ ਉੱਧਰ ਪਟਕ ਰਿਹਾ ਸੀ---ਸਾਫ਼ ਨਜ਼ਰ ਆ ਰਿਹਾ ਸੀ ਕਿ ਉਹ ਪਛਤਾਅ ਰਿਹਾ ਹੈ---ਬਾਪੂ ਦੀ ਅੱਧੀ ਅਧੂਰੀ ਗੱਲ ਸੁਣ ਕੇ ਮੈਨੂੰ ਬਸੰਤੀ ਦਾਈ ਦੀ ਉਹ ਗੱਲ ਹੁਣ ਸਮਝ ਆ ਰਹੀ ਸੀ ਜਿਹੜੀ ਉਸ ਨੇ ਮੈਨੂੰ ਕਈ ਸਾਲ ਪਹਿਲਾਂ ਸੁਣਾਈ ਸੀ---ਉਦੋਂ ਮੈਨੂੰ ਉਸ ਦੀ ਗੱਲ ਸਮਝ ਨਹੀਂ ਸੀ ਆਈ---ਸ਼ਾਇਦ ਮੇਰੀ ਉਮਰ ਉਦੋਂ ਇਹ ਸਭ ਕੁੱਝ ਸਮਝਣ ਜੋਗੀ ਨਹੀਂ ਸੀ---
ਬਸੰਤੀ ਇੱਕ ਦਿਨ ਮੈਨੂੰ ਗੋਦੀ `ਚ ਲੈ ਕੇ ਬਹੁਤ ਰੋਈ---ਮੈਨੂੰ ਉਹਦੇ ਰੋਣ ਦਾ ਕਾਰਨ ਤਾ ਸਮਝ ਨਹੀਂ ਲੱਗਿਆ ਪਰ ਉਹਨੂੰ ਰੋਂਦੀ ਦੇਖ ਕੇ ਮੈਨੂੰ ਘਬਰਾਹਟ ਵੀ ਹੋਈ ਤੇ ਤਾਅਜੁਬ ਵੀ---ਨਾਲੇ ਮੈਂ ਸੋਚਾਂ ਬਈ ਉਹ ਮੈਨੂੰ ਗੋਦੀ `ਚ ਲੈ ਕੇ ਕਿਉਂ ਰੋ ਰਹੀ ਐ---ਸੋ ਮੈਂ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਉਹਦੇ ਹੰਝੂ ਪੂੰਝੇ ਤੇ ਬੱਚਿਆਂ ਵਰਗਾ ਈ ਸੁਆਲ ਪੁੱਛਿਆ,
“ਅੰਮਾਂ ਜੇ ਤੇਰਾ ਸਿਰ ਦੁਖਦੈ ਤਾ ਲਿਆ ਮੈਂ ਘੁੱਟ ਦਿਆਂ---" ਬਸੰਤੀ ਨੇ ਮੇਰੇ ਦੋਏ ਹੱਥ ਚੰੁਮੇ ਤੇ ਮੇਰੀ ਉਮਰ ਤੋਂ ਕਿਤੇ ਵਡੇਰਾ ਤੇ ਗੁੰਝਲਦਾਰ ਭੇਤ ਖੋਲ੍ਹਦਿਆਂ ਸਵਾਲ ਵੀ ਪੁੱਛਿਆ, “ਅੱਜ ਮੇਰੇ ਵੱਡੇ ਮੁੰਡੇ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢ `ਤਾ---ਪੁੱਤ ਦੋ ਕੁੜੀਆਂ ਢਿੱਡ `ਚ ਮਾਰ ਕੇ ਮੈਂ ਇਹ ਪੁੱਤ ਪ੍ਰਾਪਤ ਕੀਤਾ ਸੀ---ਤੇ ਪ੍ਰਮਾਤਮਾ ਨੇ ਮੈਨੂੰ ਮੇਰੀ ਕਰਨੀ ਦਾ ਫਲ ਦੇ ਦਿੱਤਾ---ਦੋ ਧੀਆਂ ਦੀ ਕਾਤਲ ਨੂੰ ਕਲੱਛਣਾ ਵੈਲੀ ਸ਼ਰਾਬੀ ਪੁੱਤ ਬਕਸ ਕੇ ਮੈਨੂੰ ਮੇਰੇ ਗੁਨਾਹ ਦੀ ਸਜਾ ਇੱਥੇ ਹੀ ਦੇ ਛੱਡੀ---ਮਰਨ ਬਾਦ ਪੁੱਤ ਕੋਈ ਨਰਕ ਸੁਰਗ ਨੀ ਹੁੰਦਾ---ਸਾਰਾ ਹਸਾਬ ਬੰਦੇ ਨੂੰ ਐਥੇ ਈ ਨਬੇੜਨਾ ਪੈਂਦਾ ਐ---ਘਰ `ਚ ਇੱਕ ਭਾਂਡਾ ਨੀ ਛੱਡਿਆ ਪਾਣੀ ਪੀਣ ਨੂੰ---ਸਭ ਬੇਚ ਬੇਚ ਕੇ ਖਾ ਗਿਆ---ਮੇਰੇ ਨੱਕ `ਚ ਇੱਕ ਤੀਲ੍ਹੀ ਸੀ ਸੋਨੇ ਦੀ---ਮੇਰੇ ਲੱਖ ਰੋਕਣ ਤੇ ਕਲਹਿਣਾ ਉਹ ਵੀ ਲਾਹ ਕੇ ਲੈ ਗਿਆ---ਮੇਰਾ ਨੱਕ ਖੂਨਮ ਖੂਨ ਹੋ ਗਿਆ---ਪੁੱਤ ਕੀਹਦੇ ਅੱਗੇ ਢਿੱਡ ਨੰਗਾ ਕਰਾਂ---ਇਹੇ `ਜੇ ਕਲੱਛਣੇ ਪੁੱਤ ਨਾਲੋਂ ਤਾ ਧੀਆਂ ਚੰਗੀਆਂ---ਪੁੱਤ ਮੈਂ ਲੋਕਾਂ ਦੀਆਂ ਬਹੁਤ ਸਾਰੀਆਂ ਧੀਆਂ ਜੰਮਣੋਂ ਪਹਿਲਾਂ ਮਾਰੀਆਂ ਨੇ---ਮੈਂ ਬਹੁਤ ਸਾਰੀਆਂ ਧੀਆਂ ਦੀ ਕਾਤਲ ਆਂ---ਪਰ ਇੱਕ ਗੱਲ ਦੱਸਾਂ---ਲੋਕ ਧੱਕੇ ਨਾਲ ਮੈਨੂੰ ਮਜ਼ਬੂਰ ਕਰਦੇ ਨੇ---ਪੁੱਤ ਲੋਕ ਮੁੰਡੇ ਕੁੜੀ ਦਾ ਟੈਸਟ ਕਰਾਉਂਦੇ ਨੇ---ਅਲਟ੍ਰਾਸੌਂਡ---ਜੇ ਪਤਾ ਚੱਲ ਜੇ ਬਈ ਕੁੜੀ ਜੰਮਣੀ ਐ ਤਾ ਲੋਕਾਂ ਨੂੰ ਬਿੱਜ ਪੈ ਜਾਂਦੀ ਐ---ਮੈਨੂੰ ਆਖਣਗੇ ਬਈ ਤਾਈ ਛੇਤੀ ਕਰ---ਇਸ ਕੁੜੇ ਖਾਨੇ ਦਾ ਫਾਹਾ ਬੱਢ ਪਹਿਲਾਂ---ਭਾਈ ਫੇਰ ਮੈਨੂੰ ਪੁੱਠੇ ਸਿੱਧੇ ਕਾਹੜੇ ਦੇਣੇ ਪੈਂਦੇ ਨੇ---ਤੇ---ਤੇ---" ਉਹ ਪਲ ਕੁ ਰੁਕ ਗਈ---ਸ਼ਾਇਦ ਮੈਂ ਆਪਣਾ ਪੋਲਾ ਜਿਹਾ ਹੱਥ ਉਹਦੇ ਦੁਖਦੇ ਨੱਕ ਤੇ ਧਰ ਦਿੱਤਾ ਸੀ ਜਿਸ ਨਾਲ ਉਹਨੂੰ ਚੈਨ ਮਹਿਸੂਸ ਹੋ ਰਿਹਾ ਸੀ---ਉਹਨੇ ਮੇਰਾ ਹੱਥ ਆਪਣੇ ਹੱਥ ਨਾਲ ਨੱਕ ਉੱਤੇ ਈ ਘੁੱਟੀ ਰੱਖਿਆ ਤੇ ਅੱਖਾਂ ਖੋਲ੍ਹ ਕੇ ਬੁੱਲ੍ਹਾਂ ਉਤੇ ਜੀਭ ਫੇਰਦੀ ਉਹ ਅੱਗੇ ਬੋਲੀ,
“ਪੁੱਤ ਮੈਂ ਤੈਨੂੰ ਆਪਣਾ ਦੁਖ ਸੁਣਾ ਕੇ ਆਪਣੇ ਮਨ ਦਾ ਭਾਰ ਹਲਕਾ ਕਰਨਾ ਚਾਹੰੁਨੀ ਆਂ---ਪਤੈ ਕਿਉਂ?? ਕਿਉਂਕਿ ਮੈਂ ਜਿੰਨੀਆਂ ਵੀ ਮਾਵਾਂ ਨੂੰ ਇਹ ਕਾਹੜੇ ਉਬਾਲ ਉਬਾਲ ਕੇ ਪਲਾਏ ਨੇ---ਉਨ੍ਹਾਂ ਸਾਰੀਆਂ ਦੀਆਂ ਕੁੜੀਆਂ ਮਰ ਗਈਆਂ---ਇੱਕ ਤੂੰਹੇ ਬਚੀ ਐਂ---ਤੈਨੂੰ ਦੇਖ ਕੇ ਮੈਨੂੰ ਆਪਣੇ ਗੁਨਾਹਾਂ ਦਾ ਬਹੁਤ ਅਫਸੋਸ ਹੁੰਦੈ---ਮੈਂ ਬਹੁਤ ਪਛਤਾਵਾ ਕਰਦੀਆਂ---ਪੁੱਤ ਤੇਰੇ ਤੋਂ ਪਹਿਲਾਂ ਵੀ ਤੇਰੀ ਮਾਂ ਨੇ ਇੱਕ ਧੀ ਜੰਮਣੋਂ ਪਹਿਲਾਂ ਈ ਮਰਵਾ ਦਿੱਤੀ ਸੀ---ਮੈਂ ਬਥੇਰਾ ਰੋਕਿਆ ਕਿ ਕੋਈ ਗੱਲ ਨੀ---ਪਰ ਤੇਰੀ ਮਾਂ ਦੇ ਸਿਰ ਉੱਤੇ ਪੁੱਤ ਦਾ ਭੂਤ ਸਵਾਰ ਸੀ---ਤੇਰੀ ਵੱਡੀ ਭੈਣ ਵੀ ਪਿਛਲ ਪੈਰੀਂ ਮੋੜ `ਤੀ ਸੀ ਇਹ ਤਾ ਇਕ ਕਰਮਾ ਮਾਰੀ ਤੂੰ ਈ ਬਚ ਗਈ---ਪਰ ਚੰਦਰੀਏ---ਇਸ ਅੱਧੀ ਅਧੂਰੀ ਬਚਣ ਨਾਲੋਂ ਤਾ ਮਰ ਈ ਜਾਂਦੀ---ਪਤਾ ਨੀ ਤੇਰੀ ਮਾਂ ਕਿਉਂ ਬਮਾਰ ਹੋ ਗਈ---ਤੇ ਤੂੰ ਅੱਧੀ ਪਚੱਧੀ ਪੈਦਾ ਹੋ ਗਈ---ਪਰ ਤੇਰੀ ਵੱਡੀ ਭੈਣ ਤਾ ਪੁੱਤ ਤੇਰੀ ਮਾਂ ਨੇ ਜੰਮਣੋਂ ਪਹਿਲਾਂ ਈ ਪਿੱਤਰਾਂ ਸੰਗ ਰਲਾਅ ਦਿੱਤੀ---ਮਰੀ ਹੋਈ ਵੀ ਉਹ ਸੋਹਣੀ ਲਗਦੀ ਸੀ ਗੁੱਡੀ `ਜੀ---ਪੁੱਤ ਲੋਕ ਮੇਰੇ ਇਹਨਾਂ ਹੱਥਾਂ ਤੋਂ ਪਾਪ ਕਰਾਉਂਦੇ ਤਾ ਧੀਆਂ ਦੇ ਮਾਪੇ ਈ ਨੇ---ਧਰਮੀ ਮਾਪੇ---ਤੈਨੂੰ ਦੇਖ ਕੇ ਮੈਂ ਸੋਚਦੀ ਆਂ ਕਿ ਤੂੰ ਮਰ ਈ ਜਾਂਦੀ ਤਾ ਚੰਗਾ ਸੀ---ਤੇਰੀ ਮਾਂ ਨੇ ਜਿੱਥੇ ਤੇਰੀ ਵੱਡੀ ਭੈਣ ਮਾਰੀ ਉੱਥੇ ਤੂੰ ਵੀ ਤੁਰ ਈ ਜਾਂਦੀ ਤਾ---"ਕਹਿੰਦਿਆਂ ਕਹਿੰਦਿਆਂ ਉਹ ਮੇਰੇ ਮੂੰਹ ਵੱਲ ਦੇਖਣ ਲੱਗ ਪਈ---ਸ਼ਾਇਦ ਸੋਚ ਰਹੀ ਹੋਵੇ ਕਿ ਜਿਸ ਪ੍ਰਾਣੀ ਕੋਲ ਮੈਂ ਇਹ ਗੱਲਾਂ ਕਰ ਰਹੀ ਹਾਂ ਉਹ ਸੁਣਨ ਦੇ ਕਾਬਲ ਹੈ ਵੀ ਜਾਂ ਨਹੀਂ---ਤੇ ਮੈਨੂੰ ਉਹਦੀਆਂ ਗੱਲਾਂ ਸੁਣ ਕੇ ਇੱਕ ਗੱਲ ਬਖੂਬੀ ਸਮਝ ਆ ਗਈ ਕਿ ਮੇਰੇ ਮਾਪਿਆਂ ਨੇ ਮੇਰੀ ਭੈਣ ਨੂੰ ਦੁਨੀਆਂ `ਚ ਆਉਣ ਤੋਂ ਪਹਿਲਾਂ ਹੀ ਮਾਰ ਦਿੱਤਾ ਸੀ ਤੇ ਹੁਣ ਉਹ ਪਿੱਤਰਾਂ `ਚ ਰਲ ਗਈ ਹੋਈ ਸੀ।
ਬਸੰਤੀ ਦਾਈ ਉਦੋਂ ਦੱਸ ਰਹੀ ਸੀ---ਅਖੇ ਧੀਏ---ਤੇਰੇ ਬੱਜਮਾਰੀ ਹੋਣ `ਚ ਮੈਂ ਬੀ ਬਰੋਬਰ ਦੀ ਦੋਸ਼ੀ ਆਂ---ਜਦੋਂ ਤੂੰ ਮਾਂ ਦੇ ਪੇਟ `ਚ ਸੈਂ ਤਾ ਤੇਰੀ ਮਾਂ ਦੀ ਚਾਲ ਢਾਲ---ਰੰਗ ਢੰਗ ਤੇ ਖਾਣ ਪੀਣ ਦੀਆਂ ਆਦਤਾ ਦੇਖ ਦੇ ਮਹੀੳਂ ਦੱਸਿਆ ਸੀ ਬਈ ਜੀਤੋ! ਧੀ ਜੰਮਣੀ ਆਂ---ਤੇਰੇ ਮਾਂ ਬਾਪ ਪੁੱਤਾ ਦੀ ਜੋੜੀ ਭਾਲਦੇ ਸਨ---ਤੇਰੀਆਂ ਦੋ ਭੈਣਾਂ ਤਾ ਪਹਿਲਾਂ ਈ ਸੀਗ੍ਹੀਆਂ---ਮੈਂ ਤੇਰੀ ਮਾਂ ਦੇ ਮਜ਼ਬੂਰ ਕਰਨ ਉੱਤੇ ਪੰਜ ਗਜੇ ਪੀਰ ਦੀ ਸਮਾਧ ਆਲੇ ਬਾਬੇ ਕੋਲੋਂ ਤੇਰੀ ਮਾਂ ਨੂੰ ਮੁੰਡਾ ਹੋਣ ਦੀ ਦਵਾਈ ਵੀ ਲਿਆ ਕੇ ਦਿੱਤੀ ਸੀ---ਪਰ ਨਹੀਂ---ਗੁੱਡੋ---ਸੂ ਬਦਲਣ ਦੀ ਦਵਾਈ ਨੇ ਮੁੰਡਾ ਨਾ ਦਿੱਤਾ---ਤ੍ਰਿਬੇਣੀ ਨੂੰ ਬੰਨ੍ਹਿਆ ਧਾਗਾ ਤੇ ਸੁੱਖੀਆਂ ਸੁੱਖਣਾ---ਮੰਨੀਆਂ ਮੰਨਤਾ ਸਭ ਬੇਕਾਰ ਚਲੀਆਂ ਗਈਆਂ---ਤੇਰੀ ਮਾਂ ਬਾਰ ਬਾਰ ਆਖੇ ਚਾਚੀ ਮੈਨੂੰ ਤਾ ਸਾਰਾ ਕੁੱਝ ਕੁੜੀਆਂ ਵੇਲੇ ਵਰਗਾ ਈ ਮਲੂਮ ਹੁੰਦੈ---ਫੇਰ ਪੁੱਤ ਤੇਰੀ ਮਾਂ ਨੇ ਅਲਟਰਾ ਸਾਉਂਡ ਕਰਵਾਇਆ---ਤਾ ਪੇਟ `ਚ ਕੁੜੀ ਦਾ ਪਤਾ ਲੱਗ ਗਿਆ---ਫੇਰ ਇੱਕ ਦਿਨ ਤੇਰੀ ਮਾਂ ਮੇਰੇ ਖਹਿੜੇ ਈ ਪੈ ਗਈ---ਅਖੇ ਚਾਚੀ ਕੁੜੀ ਐ ਮੈਂ ਤਾ ਨੀ ਰੱਖਣੀ---ਸੱਤੇ ਦਾ ਬਾਪੂ ਬੀ ਰਾਜੀ ਨੀ ਕੁੜੀ ਲਈ---ਉਹ ਤਾ ਮੈਨੂੰ ਪਹਿਲਾਂ ਈ ਤਾਅਨੇ ਮਾਰਦੈ ਅਖੇ ਕੁੜੀਆਂ ਜੰਮ ਜੰਮ ਧਰੀ ਜਾਨੀ ਐਂ ਕਮਜਾਤੇ---ਇਹਨਾਂ ਨੂੰ ਕੌਣ ਪਾਲੂ---ਉੱਤੋਂ ਟੈਮ ਕਿਹੜੇ ਆਏ ਹੋਏ ਨੇ---ਲੈ ਭਾਈ ਗੁੱਡੋ ਰਾਣੀਏ---ਮੈਂ ਤੇਰੀ ਮਾਂ ਨੂੰ ਜੈਫਲ ਪਾ ਕੇ ਗਰਮ ਚੀਜਾਂ ਦਾ ਕਾਹੜਾ ਬਣਾ ਕੇ ਪਲਾਅ `ਤਾ---ਬੋਲਦੀ ਬੋਲਦੀ ਬਸੰਤੀ ਦਾਈ ਚੁੱਪ ਹੋ ਕੇ ਕਿੰਨੀ ਓ ਦੇਰ ਡੱਕੇ ਨਾਲ ਧਰਤੀ ਉੱਤੇ ਲਕੀਰਾਂ ਵਾਹੁੰਦੀ ਰਹੀ ਸੀ। ਮੈਂ ਤਾ ਡੁੰਨ ਬਾਟਾ ਬਣੀ ਸਿਰਫ਼ ਉਹਨੂੰ ਦੇਖਦੀ ਰਹੀ ਸਾਂ---ਕੁੱਝ ਵੀ ਨਾ ਸਮਝ ਆਉਣ ਦੇ ਬਾਵਜੂਦ ਸੁਣਦੀ ਰਹੀ ਸਾਂ---ਉਹਨੇ ਅੱਗੇ ਚਾਨਣ ਪਾਉਣਾ ਸੁਰੂ ਕੀਤਾ। ਆਖਣ ਲੱਗੀ ਕਿ ਫੇਰ ਪੁੱਤ ਜਿਸ ਜੀਅ ਨੇ ਆਉਣਾ ਹੰੁਦੈ ਉਹਨੂੰ ਕੌਣ ਮਾਰੇ---ਲਿਖੀਆਂ ਨੀ ਮਿਟਦੀਆਂ ਕਰਮਾਂ ਦੀਆਂ---ਕਹਿੰਦੇ ਸੱਸੀ ਦੇ ਬਾਪ ਭੰਬੋਰ ਦੇ ਰਾਜੇ ਨੇ ਨਜੂਮੀ ਬਲਾਅ ਕੇ ਜਦੋਂ ਧੀ ਦੇ ਲੇਖ ਪੁੱਛੇ ਤਾ ਨਜੂਮੀਆਂ ਜੋਤਸੀਆਂ ਨੇ ਕਿਹਾ ਬਈ ਇਹ ਧੀ ਕੁਲੱਛਣੀ ਐ---ਕੁਲ ਨੂੰ ਕਲੰਕ ਲਾਊਗੀ---ਸੁਣ ਕੇ ਰਾਜੇ ਨੇ ਕੰਨਿਆ ਦਰਿਆ ਵਿੱਚ ਰੋਹੜ ਦਿੱਤੀ---ਪੁੱਤ ਕਮਲੇ ਰਾਜੇ ਨੂੰ ਸਮਝ ਨਾ ਆਈ ਕਿ ਲਿਖੀਆਂ ਨੂੰ ਕੌਣ ਟਾਲੇ---ਦੇਖ ਲੈ ਕੁੜੀਏ---ਸੱਸੀ ਨੇ ਕੁਲ ਨੂੰ ਕਲੰਕ ਲਾ ਹੀ ਦਿੱਤਾ---ਹੋਣੀ ਕਿਤੇ ਟਲਦੀ ਐ ਕਿਸੇ ਤੋਂ---ਊਂ ਪੁੱਤ ਜੇ ਰਾਜੇ ਦੇ ਘਰ ਪੁੱਤ ਹੁੰਦਾ---ਤੇ ਜੋਤਸ਼ੀ ਆਖਦੇ ਬਈ ਇਹ ਕੁਲ ਨੂੰ ਕਲੰਕ ਲਾਊਗਾ---ਫੇਰ ਰਾਜੇ ਨੇ ਪੁੱਤ ਨੂੰ ਨਹੀਂ ਸੀ ਦਰਿਆ `ਚ ਰੋੜ੍ਹਨਾ---ਧੀ ਹੀ ਰੋਹੜੀ---ਖੈਰ---ਪੁੱਤ ਐਮੇਂ ਜੁੱਕਰੇ---ਜਦ ਤੈਂ ਜਰਮ ਲੈਣਾ ਸੀ ਤਾ ਮੈਂ ਜਾਂ ਤੇਰੇ ਮਾਪੇ ਕੌਣ ਹੁੰਦੇ ਸਾਂ ਤੈਨੂੰ ਮਾਰਨ ਵਾਲੇ---ਗਰਮ ਕਾਹੜਿਆਂ ਨਾਲ ਤੂੰ ਮਰੀ ਤਾ ਨਾ---ਪਰ ਤੇਰੀ ਇੱਕ ਲੱਤ ਖੂਨ ਬਣ ਕੇ ਵਹਿ ਤੁਰੀ---ਤੇਰੀ ਮਾਂ ਦੀ ਹਾਲਤ ਬਹੁਤ ਖਰਾਬ ਹੋ ਗਈ---ਬੜੇ ਹਸਪਤਾਲ ਲਜਾਣੀ ਪੈ ਗਈ---ਇਹਨਾਂ ਗਰਮ ਕਾਹੜਿਆਂ ਸਦਕਾ ਤੂੰ ਅੱਧੀ ਅਧੂਰੀ ਜੰਮੀ---ਡਾਕਟਰਾਂ ਨੂੰ ਸਾਰੀ ਸਚਿਆਈ ਦੱਸਣੀ ਪਈ---ਡਾਕਟਰ ਕਹਿਣ ਬਈ ਅਹੇ ਜੇ ਖਤਰਨਾਖ ਕਾਹੜੇ ਪਲਾਉਣ ਵਾਲੀ ਦਾਈ ਨੂੰ ਵੀ ਸਜਾ ਹੋਣੀ ਚਾਹੀਦੀ ਐ---ਪੁੱਤ ਬੜਾ ਬਖਤ ਪਿਆ---ਰੱਬ ਰੱਬ ਕਰਕੇ ਜਾਨ ਬਚਾਈ---ਨਹੀਂ ਤਾ ਜੇਲ੍ਹ ਹੁੰਦੀ ਸਾਨੂੰ---
ਮੈਨੂੰ ਆਪਣੇ ਨੇੜੇ ਕਰਕੇ ਬਸੰਤੀ ਦਾਈ ਡੁਸਕਣ ਲੱਗ ਪਈ ਸੀ---ਉਦੋਂ ਮੈਨੂੰ ਉਸ ਦੀਆਂ ਗੱਲਾਂ ਉੱੱਕਾ ਪੱਲੇ ਨਹੀਂ ਸਨ ਪਈਆਂ---ਉਸ ਦਿਨ ਬਾਪੂ ਦੀ ਗੱਲ ਸੁਣ ਕੇ ਮੈਂ ਬਸੰਤੀ ਦਾਈ ਦੀਆਂ ਗੱਲਾਂ ਦੀ ਤੰਦ ਜੋੜੀ---ਤੈਨੂੰ ਅਪਾਹਜ ਜੰਮੀ ਦੇਖ ਕੇ ਮੇਰੀ ਰੂਹ ਕੰਬੀ---ਮੈਂ ਤੈਨੂੰ ਠੀਕ ਕਰਨ ਲਈ ਰੋਜ ਘੰਟਾ ਘੰਟਾ ਤੇਰੀ ਮਾਲਸ਼ ਕਰਦੀ---ਸੋਚਦੀ ਬਈ ਧੀ ਦਾ ਧੰਨ ਐ---ਬਗਿਆਨੇ ਘਰੇ ਜਾਣੈ---ਕੀ ਬਣੂੰ---ਪਰ ਪੁੱਤ ਤੇਰੇ ਲੇਖ---
ਉਧਰ ਤੇਰੀ ਮਾਂ ਰੋਈ ਜਾਵੇ---ਅਖੇ ਮੈਂ ਨੀ ਰੱਖਣੀ---ਇਕ ਧੀ ਤੇ ਦੂਜੇ ਬੱਜ ਮਾਰੀ---ਮੈਨੂੰ ਕਿਹਾ ਕਰੇ ਬਈ ਚਾਚੀ ਇਹਨੂੰ ਗਲ ਗੂਠਾ ਦੇ ਦੇਹ---ਮੈਂ ਉਹਨੂੰ ਸਮਝਾਇਆ ਕਿ ਕੰਨਿਆ ਦੀ ਹੱਤਿਆ ਮਹਾਂ ਪਾਪ ਹੰੁਦੀ ਐ---ਤੇਰੇ ਮਾਪੇ ਰੋਜ ਮੈਨੂੰ ਕਿਹਾ ਕਰਨ ਬਈ ਇਹਨੂੰ ਪਾਰ ਬੁਲਾ---ਤੇਰੀ ਮਾਂ ਤੈਨੂੰ ਦੁੱਧ ਨਾ ਪਲਾਇਆ ਕਰੇ---ਮੈਂ ਮਿਨਤਾ ਕਰਦੀ ਤਾ ਕਿਤੇ ਉਹ ਤੈਨੂੰ ਦੁੱਧ ਪਲਾਉਂਦੀ---
ਪੁੱਤ ਤੇਰਾ ਤਾ ਕਿਸੇ ਨੇ ਨਾਉਂ ਬੀ ਨਾ ਧਰਿਆ---ਇੱਕ ਦਿਨ ਹਸਦੀ ਹੋਈ ਤੇਰੀ ਮਾਂ ਬੋਲੀ ਚਾਚੀ ਇਹਦਾ ਭਾਗਾਂ ਫੁੱਟੀ ਦਾ ਨਾ ਈ ਧਰ ਲਈਏ---ਮੈਂ ਕਈ ਨਾ ਸੁਝਾਏ---ਪਰ ਤੇਰਾ ਬਾਪੂੂ ਆਖੇ ਬਈ ਚਾਚੀ ਇਹਦਾ ਇਹਾ `ਜਾ ਨਾਉਂ ਧਰ ਜਿਸ ਸਦਕਾ ਇਹ ਛੇਤੀ ਤੁਰਦੀ ਬਣੇ---ਫੇਰ ਤੇਰੇ ਬਾਪੂ ਨੇ ਤੇਰਾ ਨਾ ਮਰੋ ਧਰ ਲਿਆ---ਕਹਿੰਦਾ ਕੀ ਪਤਾ ਮਰੋ ਮਰੋ ਪੁਕਾਰਦਿਆਂ ਈ ਇਹ ਮਰ `ਜੇ---ਚਲ ਉਹ ਜਾਣੇ ਪੁੱਤ---ਤੈਨੂੰ ਕਿਸੇ ਨੇ ਮਰੋ ਵਰਗੇ ਨਿਕੰਮੇ ਨੌਂਅ ਨਾਲ ਵੀ ਨਾ ਬੁਲਾਇਆ---ਪੁੱਤ ਤੇਰਾ ਨਾਉਂ ਲੰਗੜੀ ਏ ਪੱਕ ਗਿਆ---ਤੇਰੇ ਮਾਪਿਆ ਨੇ ਤੇਰੀ ਵੱਡੀ ਭੈਣ ਦਾ ਨਾਂ ਅੱਕੀ ਰੱਖਿਆ---ਮਤਲਬ ਅਸੀਂ ਕੁੜੀਆਂ ਤੋਂ ਅੱਕ ਗਏ ਹਾਂ---ਇਹਦਾ ਦੂਜਾ ਮਤਲਬ ਅੱਕ ਵਰਗੇ ਜਹਿਰੀਲੇ ਪੌਦੇ ਤੋਂ ਵੀ ਸੀ ਭਾਵ ਅੱਕ ਦਾ ਇਸਤਰੀ ਲਿੰਗ ਅੱਕੀ ਤੇਰੀ ਦੂਜੀ ਭੈਣ ਦਾ ਨਾਂ ਗੁਜਰੀ---ਬਈ ਕੀ ਪਤਾ ਗੁਜਰੀ ਗੁਜਰੀ ਕਹਿਣ ਨਾਲ ਈ ਗੁਜਰ ਜਾਵੇ---ਮੈਨੂੰ ਯਾਦ ਹੈ ਕਿ ਉਸ ਦਿਨ ਬਸੰਤੀ ਨੇ ਮੈਨੂੰ ਪੁੱਛਿਆ ਸੀ,
“ਭਲਾ ਦੀ ਪੁੱਤ! ਆਇੰ ਦੱਸ---ਸਕੂਲ `ਚ ਤੇਰਾ ਕੀ ਨਾਂਓ ਲਖਾਇਆ ਹੋਇਐ"
“ਸਕੂਲ `ਚ---ਸਕੂਲ `ਚ---ਉੱਥੇ ਤਾ ਸਿਰਫ਼ ਰਜਿਸਟਰ `ਚ ਮੇਰਾ ਨਾਂ ਅਮਰੋ ਲਿਖਿਆ ਹੋਇਐ---ਊਂ ਅੰਮਾਂ ਮੈਨੂੰ ਕੋਈ ਅਮਰੋ ਆਖ ਕੇ ਬੁਲਾਉਂਦਾ ਨੀ---ਸਾਰੇ ਲੰਗੜੀ ਏ ਸੱਦਦੇ ਨੇ---ਅੰਮਾਂ ਮੈਨੂੰ ਬੁਰਾ ਵੀ ਨੀ ਲਗਦਾ---ਸਗੋਂ ਅਮਰੋ ਮੈਨੂੰ ਓਪਰਾ ਓਪਰਾ ਲਗਦੈ---ਜਦੋਂ ਹੈਡਮਾਸਟਰ ਮੈਨੂੰ ਅਮਰੋ ਕਹਿ ਕੇ ਬਲਾਉਂਦੇ ਨੇ ਤਾ ਮੈਨੂੰ ਬਹੁਤ ਈ ਅਜੀਬ ਲਗਦੈ---" ਮੈਂ ਇਹੀ ਜਵਾਬ ਦਿੱਤਾ ਸੀ
---ਉਸ ਦਿਨ ਜਦੋਂ ਬਾਪੂ ਦੇ ਮੂੰਹੋਂ ਜਾਣੇ ਅਣਜਾਣੇ `ਚ ਅਚਾਨਕ ਸਚਾਈ ਉੱਗਲੀ ਗਈ ਤਾ ਮੈਂ ਕਿੰਨੀ ਈ ਦੇਰ ਬਸੰਤੀ ਦੀਆਂ ਗੱਲਾਂ ਨੂੰ ਚੇਤੇ `ਚ ਦੁਹਰਾਉਂਦੀ ਰਹੀ---ਸੋਚਦੀ ਰਹੀ ਕਿ ਕਾਸ਼! ਬਸੰਤੀ ਥੋਹੜਾ ਹੋਰ ਗਰਮ ਕਾਹੜਾ ਮੇਰੀ ਮਾਂ ਨੂੰ ਪਲਾਅ ਦਿੰਤੀ---ਤਾ ਮੈਂ ਮਰ ਈ ਜਾਂਦੀ---ਕਿੰਨਾ ਚੰਗਾ ਹੁੰਦਾ---
ਬਾਪੂ ਅਜੇ ਵੀ ਰੋ ਰਿਹਾ ਸੀ---ਮੈਂ ਉਹਦਾ ਹੱਥ ਫੜ ਕੇ ਉਹਨੂੰ ਮੰਜੇ ਤੇ ਬਠਾਇਆ---ਬਾਪੂ ਨੇ ਉਸ ਦਿਨ ਪਹਿਲੀ ਵਾਰ ਮੇਰੇ ਸਿਰ ਤੇ ਹੱਥ ਰੱਖਿਆ---ਮੈਂ ਸੱਚੀ ਉਸ ਦਿਨ ਆਪਣੇ ਮਾਪਿਆਂ ਦਾ ਗੁਨਾਹ ਭੁਲਾਅ ਕੇ ਉਨ੍ਹਾਂ ਨੂੰ ਮਾਫ ਕਰ ਦਿੱਤਾ---ਮੈਨੂੰ ਵੀ ਪਹਲੀ ਵਾਰ ਆਪਣੇ ਮਾਪਿਆਂ ਦਾ ਮੋਹ ਆਇਆ
ਪਰ ਮੈਨੂੰ ਇਹ ਸਮਝ ਨਾ ਲੱਗਿਆ ਕਿ ਲੋਕ ਕੁੜੀਆਂ ਨਾਲ ਐਂਜ ਕਿਉਂ ਕਰਦੇ ਨੇ---ਫੇਰ ਮੈਨੂੰ ਪਿੰਡ ਦੇ ਬਹੁਤ ਸਾਰੇ ਬੰਦੇ ਧਿਆਨ `ਚ ਆਏ ਜਿਹੜੇ ਪੁੱਤਾ ਤੋਂ ਪੁੱਜ ਕੇ ਦੁਖੀ ਸਨ---ਕਿਸੇ ਦਾ ਪੁੱਤ ਸ਼ਰਾਬੀ---ਜੁਆਰੀਆ---ਚੋਰ ਉਚੱਕਾ---ਕਿਸੇ ਨੇ ਮਾਪੇ ਘਰੋਂ ਕੱਢੇ ਹੋਏ---ਕੋਈ ਜਾਇਦਾਦ ਵੇਚ ਕੇ ਬਦਫੈ਼ਲੀਆਂ ਕਰਦਾ---ਕਿਸੇ ਨੇ ਜਾਇਦਾਦ ਦੇ ਲਾਲਚ ਵਿੱਚ ਮਾਪਿਆਂ ਨੂੰ ਮਾਰ ਈ ਦਿੱਤਾ---ਲੇਕਿਨ ਮੈਨੂੰ ਇੱਕ ਵੀ ਧੀ ਯਾਦ ਨਾ ਆਈ ਜਿਹੜੀ ਮਾਪਿਆਂ ਨੂੰ ਰਤੀ ਭਰ ਵੀ ਕਸ਼ਟ ਦਿੰਦੀ ਹੋਵੇ---ਫੇਰ ਵੀ ਇਹ ਲੋਕ ਧੀਆਂ ਨੂੰ---???
ਮੇਰੀਆਂ ਭੈਣਾਂ ਵੀ ਸਹਿਮੀਆਂ ਸਹਿਮੀਆਂ ਖੜ੍ਹੀਆਂ ਸਨ---ਮੈਂ ਹੁਣ ਉਸ ਘੜੀ ਬਾਰੇ ਸੋਚ ਕੇ ਦਹਿਲ ਰਹੀ ਸਾਂ ਜਦੋਂ ਬੀਰਾ ਘਰੇ ਆਇਆ ਤੇ ਬਾਪੂ ਦੇ ਸਾਹਮਣੇ ਹੋਇਆ ਤਾ ਕੀ ਹੋਵੇਗਾ---ਉਸ ਘੜੀ ਮੈਂ ਸਾਰੇ ਪੀਰ ਫ਼ਕੀਰ ਦੇਵੀ ਦੇਵਤੇ ਗੁਰੂ ਪੈਗੰਬਰ ਧਿਆ ਲਏ---ਬੇਨਤੀ ਕੀਤੀ ਕਿ ਘਰ `ਚ ਕਿਸੇ ਕਿਸਮ ਦਾ ਕਲੇਸ਼ ਨਾ ਪਵੇ।
ਸ਼ਾਇਦ ਮੇਰੀਆਂ ਭੈਣਾਂ ਵੀ ਬੀਰੇ ਦੀ ਸਲਾਮਤੀ ਲਈ ਆਪਣੇ ਇਸ਼ਟ ਦੇਵ ਨੂੰ ਧਿਆ ਰਹੀਆਂ ਹੋਣ---ਇੱਕ ਗੱਲ ਹੋਰ---ਬੀਰਾ ਦੋਹਾਂ ਭੈਣਾਂ ਨਾਲੋਂ ਛੋਟਾ ਸੀ---ਫੇਰ ਵੀ ਉਹ ਭੈਣਾਂ ਦਾ ਨਾਂ ਲੈ ਕੇ ਬਲਾਉਂਦਾ ਤੇ ਭੈਣਾਂ ਉਸ ਨੂੰ ਬੀਰਾ ਕਹਿ ਕੇ ਸੰਬੋਧਨ ਕਰਦੀਆਂ---
ਆਉਣ ਵਾਲੀ ਘੜੀ ਦੀ ਦਹਿਸ਼ਤ ਹੁਣ ਸਾਡੇ ਤਿੰਨਾਂ ਭੈਣਾਂ ਦੇ ਮਨਾਂ ਤੇ ਛਾਈ ਹੋਈ ਸੀ। ਪਤਾ ਨੀ ਬੀਰੇ ਦੇ ਘਰ ਆਉਣ ਤੇ ਬਾਪੂ ਕੀ ਕਰੂਗਾ---ਕਿੰਨਾ ਕੁ ਕਲੇਸ਼ ਘਰ `ਚ ਪਵੇਗਾ---
5
ਤਿੰਨ ਵਜ ਗਏ---ਫੇਰ ਚਾਰ ਤੇ ਫੇਰ ਪੰਜ ਤੋਂ ਵੀ ਉੱਤੇ ਟਾਈਮ ਹੋ ਗਿਆ---ਸਾਡੀ ਚਿੰਤਾ ਵਧ ਗਈ---ਢਲਦੇ ਪ੍ਰਛਾਵੇਂ ਨੂੰ ਤੱਕਦਿਆਂ ਬਾਪੂ ਨੇ ਮੇਰੀ ਵੱਡੀ ਭੈਣ ਨੂੰ ਆਖਿਆ,
“ਅੱਕੀਏ---ਦੇਖੀਂ ਮਾੜਾ `ਜਾ ਜਾ ਕੇ---ਸੱਤਾ ਸਫੈਦਪੋਸਾਂ ਦੇ ਘਰ ਤਾ ਨੀ ਬੈਠਾ ਕਿਤੇ---ਉਨ੍ਹਾਂ ਨੇ ਮੁੰਡਿਆਂ ਨਾਲ ਇਹਦੀ ਉੱਠਣੀ ਬੈਠਣੀ ਐ---"
ਮੇਰੀ ਭੈਣ ਨੰਗੇ ਪੈਰੀਂ ਸਫੈਦਪੋਸ਼ਾਂ ਦੇ ਘਰ ਨੂੰ ਭੱਜ ਗਈ---ਮਾਂ ਮੰਜੇ ਤੇ ਪਈ ਪ੍ਰੇਸ਼ਾਨ ਹੋ ਰਹੀ ਸੀ---ਬਾਪੂ ਵੀ ਚਿੰਤਿਤ ਸੀ। ਬਾਪੂ ਹੱਥ ਜਿਹੇ ਮਲਦਾ ਹੋਇਆ ਆਖਣ ਲੱਗਾ,
“ਤੂੰ ਦੇਖੀਂ ਗੁਜਰੀਏ ਉਹਦੇ ਕਿੱਥੇ ਕਿੱਥੇ ਠਕਾਣੇ ਨੇ---ਫੌਜੀਆਂ ਕਾ ਭਿੰਦੂ ਵੀ ਉਹਦਾ ਆੜੀ ਐ---ਬਾਰੀਆਂ ਦੇ ਮੁੰਡੇ ਦਾ ਵੀ ਉਹਦੇ ਕੋਲ ਬਹਿਣ ਖਲੋਣ ਐ---ਤੂੰ ਉਨ੍ਹਾਂ ਘਰੇ ਜਾਹ ਤੇ ਮੈਂ ਥ੍ਹਾਈ `ਚ ਦੇਖਦਾਂ---ਕਿਤੇ---!"
ਹੁਣ ਘਰੇ ਮੈਂ ਤੇ ਮੇਰੀ ਮਾਂ ਈ ਸਾਂ---ਮਾਂ ਨੇ ਮੈਨੂੰ ਹੱਥ ਦੇ ਇਸ਼ਾਰੇ ਨਾਲ ਕੋਲ ਸੱਦਿਆ ਤੇ ਮੈਨੂੰ ਆਪਣੇ ਨਾਲ ਲਾ ਕੇ ਰੋ ਪਈ---ਉਹ ਬੜੀ ਦੇਰ ਹਟਕੋਰੇ ਭਰਦੀ ਰਹੀ---ਫੇਰ ਹੱਥ ਜੋੜ ਕੇ ਮੈਥੋਂ ਮਾਫ਼ੀ ਮੰਗਣ ਲੱਗ ਪਈ---ਹੁਣ ਉਹ ਥੋੜਾ ਬੋਲ ਲੈਂਦੀ ਸੀ---ਉਹ ਮੇਰਾ ਹੱਥ ਫੜ੍ਹ ਕੇ ਬੋਲੀ,
“ਪੁੱਤ ਮੈਂ ਤੇਰੇ ਨਾਲ ਜੋ ਜੋ ਜੁਲਮ ਕੀਤੇ---ਉਹਦੀ ਸਜਾ ਮੈਨੂੰ ਮਿਲ ਗਈ---ਮੈਂ ਤੈਨੂੰ ਅਪਾਹਜ ਕੀਤਾ ਤੇ ਬਦਲੇ `ਚ ਪ੍ਰਮਾਤਮਾ ਨੇ ਮੈਨੂੰ ਅਪਾਹਜ ਕਰ ਤਾ---ਹਸਾਬ ਕਤਾਬ ਪੂਰਾ ਹੋ ਗਿਆ---ਤੂੰ ਮੈਨੂੰ ਮਾਫ਼ ਕਰ ਦੇਹ---"
ਮੈਂ ਮਾਂ ਨੂੰ ਮਾਫ਼ ਕਰਨਾ ਚਾਹੁੰਦੀ ਤਾ ਨਹੀਂ ਸਾਂ ਪਰ ਫੇਰ ਸੋਚਿਆ ਕਿ ਜੇ ਮੈਂ ਇਹਨੂੰ ਮਾਫ਼ ਨਾ ਵੀ ਕਰਾਂਗੀ ਤਾ ਇਹਨੂੰ ਕੀ ਫਰਕ ਪੈਣ ਲੱਗਿਐ---ਸੋ ਮੈਂ ਉਤਲੇ ਮਨੋਂ ਮਾਂ ਨੂੰ ਮਾਫ਼ ਕਰ ਦਿੱਤਾ---ਉਹਦੇ ਹੰਝੂ ਪੂੰਝੇ---।
ਬੀਰਾ ਘਰੇ ਆਇਆ---ਉਹਨੂੰ ਦੇਖ ਕੇ ਮੈਂ ਖੁਸ਼ ਹੋ ਗਈ---ਬੜੀ ਸ਼ਿੱਦਤ ਨਾਲ ਮੈਂ ਖੁਸ਼ ਹੋਈ ਬੋਲੀ,
“ਬੀਰੇ ਤੂੰ ਅੱਜ ਐਨਾ ਲੇਟ---ਸਾਰੇ ਘਬਰਾਏ ਹੋਏ ਨੇ---ਸਭ ਪ੍ਰੇਸ਼ਾਨ ਹੋਏ ਵੇ ਨੇ---ਭੈਣਾਂ ਤੇ ਬਾਪੂ ਤੈਨੂੰ ਲੱਭਣ ਗਏ ਵੇ ਨੇ---"
“ਕਿਉਂ ਮੈਂ ਕੋਈ ਭਗੌੜਾ ਆਂ---ਜਾਂ ਕੋਈ ਚੋਰ ਉਚੱਕਾ---ਜਿਹੜਾ ਮੈਨੂੰ ਸਾਰਾ ਲੰਗ ਲਾਣਾ ਲੱਭਣ ਤੁਰ ਪਿਆ---ਮੇਰੀ ਐਕਸਟ੍ਰਾ ਕਲਾਸ ਸੀਗ੍ਹੀ---ਮੈਥ ਆਲੇ ਸਰ ਨੇ ਰੋਕ ਲਿਆ ਸੀ---ਅਖੇ ਐਥੇ ਈ ਤਿਆਰੀ ਕਰਿਆ ਕਰੋ---"
ਬੀਰਾ ਐਨੇ ਕਾਨਫ਼ੀਡੈਂਸ ਨਾਲ ਝੂਠ ਬੋਲ ਰਿਹਾ ਸੀ ਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਈ ਨਾ ਹੋਵੇ---ਸ਼ਾਇਦ ਉਹਨੂੰ ਪਤਾ ਨਹੀਂ ਸੀ ਕਿ ਘਰਦਿਆਂ ਨੂੰ ਉਹਦੀਆਂ ਕਰਤੂਤਾ ਪਤਾ ਚੱਲ ਗਈਆਂ ਨੇ---
ਭੈਣਾਂ ਤੇ ਬਾਪੂ ਇਕੱਠੇ ਈ ਘਰੇ ਵੜੇ---ਬਾਪੂ, ਜਿਹੜਾ ਬੀਰੇ ਨੂੰ ਪੁੱਤ ਪੁੱਤ ਕਰਦਾ ਨੀ ਸੀ ਥੱਕਦਾ---ਅੱਜ ਪਹਿਲੀ ਦਫਾ ਗਾਲ ਕੱਢ ਕੇ ਬੋਲਿਆ,
“ਹੈਂਅ ਉਇ ਕੰਜਰਾ---ਕੁੱਤਿਆ ਕਮੀਨਿਆ---ਕਿੱਥੇ ਖੇਹ ਖਾਂਦਾ ਰਿਹੈਂ ਐਨੀ ਦੇਰ---?
“ਐਨੀ ਦੇਰ?? ਮੈਂ ਤਾ ਸਕੂਲ `ਚ ਐਕਸਟ੍ਰਾ ਕਲਾਸ ਲਾਉਂਦਾ ਸੀਗਾ---ਕਿਉਂ ਕੀ ਹੋਇਆ---ਸਾਰਾ ਟੱਬਰ ਪੱਬਾਂ ਭਾਰ ਹੋਇਆ ਖੜ੍ਹੈ---ਜਾ ਕੇ ਮੈਥ ਆਲੇ ਸਰ ਨੂੰ ਪੁੱਛ ਲਿਓ ਕੱਲ੍ਹ ਨੂੰ---"
“ਕਿਹੜਾ ਸਰ?? ਕਿਹੜੇ ਸਰ ਨੂੰ ਪੁੱਛੀਏ ਜਾ ਕੇ? ਉਇ ਕਿਹੜੀ ਕੈਸਟਰਾ ਕਲਾਸ? ਉਇ ਕੁੱਤਿਆ---ਮੈਨੂੰ ਸਾਰਾ ਕੁਸ ਪਤਾ ਚੱਲ ਗਿਐ---ਤੇਰੇ ਸਾਰੇ ਕਾਰਨਾਮੇ ਨਸਰ ਹੋ ਗਏ ਨੇ---ਉਇ ਤੇਰਾ ਤਾ ਪੰਦਰਾਂ ਦਿਨ ਹੋ ਗੇ ਸਕੂਲ ਚੋਂ ਨਾਮਾਂ ਕੱਟੇ ਨੂੰ---ਤੂੰ ਕੀ ਸਮਝਦੈਂ ਸਾਨੂੰ ਪਤਾ ਈ ਨੀ ਚੱਲਣਾ?
ਬੀਰਾ ਹੈਰਾਨ---ਪਰ ਉਹ ਬੜਾ ਸ਼ਾਤਰ ਐ---ਗੱਲ ਸੰਭਾਲਦਿਆਂ ਬੋਲਿਆ,
“ਬਾਪੂ ਤੂੰ ਕਿਸੇ ਦੀਆਂ ਗੱਲਾਂ `ਚ ਕਿਉਂ ਆ ਗਿਆ---ਕੱਲ੍ਹ ਨੂੰ ਕਿਤੇ ਦਿਨ ਨੀ ਚੜ੍ਹਨਾ---ਮੇਰੇ ਨਾਲ ਚੱਲ ਕੇ ਸਰ ਨੂੰ ਪੁੱਛ ਲਿਓ ਬਈ ਕੱਲ੍ਹ ਮੇਰੀ ਐਕਸਟ੍ਰਾ ਕਲਾਸ ਸੀਗ੍ਹੀ ਜਾ ਨਹੀਂ---"
“ਤੂੰ ਕਲਾਸ ਨੂੰ ਛੱਡ---ਬਹੁਤਾ ਭੜਾਕੂ ਨਾ ਬਣ---ਕੁੱਤੀ ਦਿਆ ਆਹ ਕੀ ਐ---ਦੇਖ---ਆਪਣੀਆਂ ਕਰਤੂਤਾ---ਆਹ ਲੁੱਚੀਆਂ ਕਤਾਬਾਂ---ਆਹ ਨਸ਼ੇ ਦੀਆਂ ਗੋਲੀਆਂ---ਪੈਕਟ---ਤੇ ਟੀਕੇ---ਮੈਂ ਤਾ ਕਿੰਨੇ ਈ ਚਿਰ ਦਾ ਤੇਰੀ ਤੋਰ ਪਛਾਣ ਰਿਹਾਂ---ਤੀਜੀ ਦਫਾ ਛੇਵੀਂ ਚੋਂ ਫੇਲ੍ਹ ਹੋ ਗਿਐ---ਸਾਰਾ ਦਿਨ ਲੰਡਰਾਂ ਵਾਂਗ ਘੁੰਮਦਾ ਰਹਿਨੈ---ਕੌਲੇ ਕੱਛਦਾ---ਆਹ ਦੇਖ---ਆਹ---ਦੇਖ"
ਬਾਪੂ ਨੇ ਸਾਰਾ ਸਮਾਨ ਬੀਰੇ ਮੁਹਰੇ ਸਿੱਟਦਿਆਂ ਰੋਣਹਾਕੀ ਆਵਾਜ਼ `ਚ ਕਿਹਾ---ਬੀਰੇ ਨੇ ਮੌਕਾ ਸੰਭਾਲਿਆ---
“ਆਹ ਕੀ ਐ---?---ਇਹ ਮੇਰਾ ਨੀ ਹੈਗਾ---ਇਹ ਤਾ ਸਭ ਲੰਗੜੀ ਦਾ ਐ---ਮੈਨੂੰ ਨੀ ਪਤਾ ਇਹ ਸਾਰਾ ਗੰਦ ਕਿੱਥੋਂ ਲਿਆਏ ਓ---ਪਰ ਇਹ ਮੇਰਾ ਨੀ ਹੈ---"
“ਲੰਗੜੀ ਦਾ ?? ਕਜਾਤ---ਕੁੜੀ ਤੇ ਝੂਠੀ ਊਜ ਲਾਉਂਦਿਆਂ ਸ਼ਰਮ ਨੀ ਆਉਂਦੀ ਤੈਨੂੰ? ਇਹ ਸਭ ਤੇਰੀ ਮੇਜ ਤੋਂ ਤੇ ਦਰਾਜ਼ਾ ਚੋਂ ਮਿਲਿਐ---ਝੂਠ ਬੋਲਦੈਂ---?
ਬਾਪੂ ਨੇ ਬੀਰੇ ਦੇ ਇੱਕ ਟਕਾਉਂਦਿਆਂ ਕਿਹਾ---ਚੋਰੀ ਫੜੀ ਜਾਣ ਤੇ ਵੀ ਬੀਰਾ ਘਬਰਾਇਆ ਨਹੀਂ---ਸਗੋਂ ਹੋਰ ਵੀ ਭੜਥੂ ਪਾਉਣ ਲੱਗਿਆ---ਥੱਪੜ ਸਦਕਾ ਢੱਠੀ ਪੱਗ ਨੂੰ ਸਮਾਰਦਿਆਂ ਬੋਲਿਆ,
“ਬਾਪੂ ਤੈਨੂੰ ਏਸ ਥੱਪੜ ਦਾ ਮਜਾ ਦਖਾਉਨਾ ਹੁਣੇ---ਹੁਣੇ ਨਹਿਰ `ਚ ਛਾਲ ਮਾਰੂੰ ਜਾ ਕੇ---ਨਾਲੇ ਲਿਖ ਕੇ ਧਰ ਜੂੰ---ਸੁਇਸਾਈਡ ਨੋਟ---ਬਈ ਮੈਂ ਆਪਣੇ ਬਾਪੂ ਦੇ ਜੁਲਮਾਂ ਤੋਂ ਤੰਗ ਆ ਕੇ ਆਤਮ ਹੱਤਿਆ ਕਰਨ ਲੱਗਾ ਵਾਂ---ਦੇਖੀ ਪੁਲਸ ਤੇਰੀ ਧੌੜੀ ਤਾਰਦੀ---ਨਾਲੇ ਫਾਹੇ ਲਾਊ---"
ਬਾਪੂ ਨੂੰ ਜਾਂ ਸਾਨੂੰ ਬੀਰੇ ਤੋਂ ਇਹ ਉਮੀਦ ਨਹੀਂ ਸੀ---ਘਰੋਂ ਭੱਜੇ ਜਾਂਦੇ ਬੀਰੇ ਨੂੰ ਬਾਪੂ ਨੇ ਤੇ ਮੇਰੀਆਂ ਭੈਣਾਂ ਨੇ ਜੱਫਾ ਮਾਰ ਕੇ ਰੋਕਿਆ---ਮੇਰੀਆਂ ਭੈਣਾਂ ਬੀਰੇ ਦੇ ਹਾੜੇ ਕੱਢਣ---ਬਾਪੂ ਨੇ ਪੂਰਾ ਤਾਣ ਲਾ ਕੇ ਉਹਨੂੰ ਰੋਕਿਆ---ਮੁਹੱਲੇ ਦੇ ਲੋਕ ਵੀ ਇਕੱਠੇ ਹੋ ਗਏ---ਆਂਢ ਗੁਆਂਢ ਨੇ ਵੀ ਬੀਰੇ ਨੂੰ ਸਮਝਾਇਆ---ਬੀਰਾ ਬੜੀ ਮੁਸ਼ਕਲ ਨਾਲ ਸ਼ਾਂਤ ਹੋਇਆ---ਫੇਰ ਉਹ ਅੰਦਰ ਆ ਕੇ ਗਰਜਿਆ,
“ਲੰਗੜੀਏ---ਮੰਨ ਜਾ ਬਈ ਇਹ ਸਾਰਾ ਸਮਾਨ ਤੇਰਾ ਐ---ਨਹੀਂ ਤਾ---ਨਹੀਂ ਤਾ ਗਾਟਾ ਮਰੋੜ ਦੂੰ---"
“ਚੰਗਾ ਬੀਰੇ ਮੈਂ ਮੰਨ ਲੈਨੀ ਆਂ ਬਈ ਆਹ ਸਾਰਾ ਸਮਾਨ ਮੇਰਾ ਐ---ਤੂੰ ਸ਼ਾਂਤ ਹੋ ਜਾ---ਨਹਿਰ `ਚ ਛਾਲ ਨਾ ਮਾਰੀ---ਮੇਰਾ ਪਿਆਰਾ ਬੀਰਾ---"
ਮੈਂ ਬੀਰੇ ਦਾ ਤਰਲਾ ਲਿਆ---ਉਸ ਰਾਤ ਸਾਰਾ ਟੱਬਰ ਭੁੱਖਾ ਈ ਸੌਂ ਗਿਆ---ਮੈਂ ਉਠ ਕੇ ਦਲਾਨ `ਚ ਬੀਰੇ ਦਾ ਖਿਲਰਿਆ ਪਿਆ ਸਮਾਨ ਇਕੱਠਾ ਕੀਤਾ---ਬਾਪੂ ਉਠ ਕੇ ਮੇਰੇ ਕੋਲ ਆਇਆ---ਮੇਰੇ ਸਿਰ ਤੇ ਹੱਥ ਧਰ ਕੇ ਡੁਸਕਣ ਲੱਗ ਪਿਆ---ਮੈਂ ਬਾਪੂ ਦੇ ਅੱਥਰੂ ਪੂੰਝੇ---ਕੁਚੜ ਮੁਚੜ ਹੋਈ ਚਿੱਠੀ ਬਾਪੂ ਦੇ ਨਜ਼ਰੀ ਪੈ ਗਈ---ਉਹ ਚਿੱਠੀ ਚੁੱਕ ਕੇ ਮੈਨੂੰ ਪਿਛਲੇ ਅੰਦਰ ਲੈ ਗਿਆ ਤੇ ਚਿੱਠੀ ਖੋਲ੍ਹ ਕੇ ਪੜ੍ਹਨ ਦਾ ਇਸ਼ਾਰਾ ਕੀਤਾ---ਮੈਂ ਡਰਦੀ ਡਰਦੀ ਨੇ ਚਿੱਠੀ ਪੜ੍ਹ ਕੇ ਸੁਣਾਈ---ਬਾਪੂ ਸਿਰ ਫੜ ਕੇ ਬਹਿ ਗਿਆ---ਮੈਂ ਵੀ ਉੱਥੇ ਦੀ ਦੇਰੀ ਜਿਹੀ ਹੋ ਗਈ।
ਬਾਪੂ ਮਜ਼ਬੂਰੀ ਸਦਕਾ ਮੇਰੇ ਪ੍ਰਤੀ ਨਰਮ ਹੋਇਆ ਸੀ---ਅੰਦਰੋਂ ਤਾ ਉਹ ਧੀਆਂ ਨੂੰ ਨਫ਼ਰਤ ਹੀ ਕਰਦਾ ਸੀ---ਚਿੱਠੀ ਉਸ ਨੇ ਹੱਥਾਂ `ਚ ਫੜੀ ਹੋਈ ਸੀ---ਤੇ ਨਿਗ੍ਹਾਂ ਧਰਤੀ ਤੇ ਗੱਡੀ ਹੋਈ---ਇਹ ਤਾ ਮੈਨੂੰ ਨਹੀਂ ਪਤਾ ਕਿ ਬਾਪੂ ਦੇ ਦਿਮਾਗ `ਚ ਕੀ ਚੱਲ ਰਿਹਾ ਸੀ ਤੇ ਕਿਹੜੀ ਖਲਬਲੀ ਮਚੀ ਹੋਈ ਸੀ---ਪਰ ਉਹਦਾ ਮੂੰਹ ਉੱਤਰ ਗਿਆ ਸੀ---ਮੂੰਹ ਦੀ ਆਬ ਖਤਮ ਹੋ ਗਈ ਸੀ---ਜਿਵੇਂ ਬਾਪੂ ਜ਼ਿੰਦਗ਼ੀ ਦੀ ਜਿੱਤੀ ਬਾਜ਼ੀ ਅਚਾਨਕ ਹਾਰ ਗਿਆ ਹੋਵੇ---।
ਮੈਂ ਬਾਪੂ ਨੂੰ ਬਹੁਤ ਕੁਸ ਕਹਿਣਾ ਚਾਹੰੁਦੀ ਸਾਂ ਪਰ ਹਿੰਮਤ ਨਹੀਂ ਸੀ ਹੋ ਰਹੀ---ਮੈਂ ਸਾਹ ਰੋਕੀ ਲਾਚਾਰ ਬਾਪੂ ਨੂੰ ਤੱਕ ਰਹੀ ਸਾਂ ਜੋ ਸੱਚੀ ਮੁੱਚੀ ਜ਼ਿੰਦਗ਼ੀ ਦੀ ਬਾਜ਼ੀ ਹਾਰ ਗਿਆ ਸੀ---ਇੱਕ ਪੁੱਤ ਨੇ ਉਹਦੀ ਕਮਰ ਤੋੜ ਦਿੱਤੀ ਸੀ ਜੇ ਕਿਤੇ ਪੁੱਤਾ ਦੀਆਂ ਜੋੜੀਆਂ ਹੁੰਦੀਆਂ ਤਾ ਉਹਦਾ ਕੀ ਹਾਲ ਹੁੰਦਾ---
6
ਬੀਰੇ ਨੇ ਸਕੂਲ ਛੱਡ ਦਿੱਤਾ---ਨਹਿਰ `ਚ ਛਾਲ ਮਾਰਨ ਦੀ ਧਮਕੀ ਦੇ ਕੇ ਉਹ ਬਾਪੂ ਕੋਲੋਂ ਹਰ ਗੱਲ ਮੰਨਵਾ ਲੈਂਦਾ---ਹੁਣ ਉਹ ਕਈ ਤਰ੍ਹਾਂ ਦੇ ਨਸ਼ੇ ਕਰਨ ਲੱਗ ਪਿਆ ਸੀ---ਬਾਪੂ ਕੋਲ ਉਦੋਂ ਚਾਰ ਕਿੱਲੇ ਜਮੀਨ ਹੁੰਦੀ ਸੀ---ਕੁੱਝ ਜ਼ਮੀਨ ਬਾਪੂ ਠੇਕੇ ਤੇ ਲੈ ਲੈਂਦਾ---ਇਸ ਤਰ੍ਹਾਂ ਘਰ ਦਾ ਰੋਟੀ ਪਾਣੀ ਠੀਕ ਚਲਦਾ ਸੀ---ਪਰ ਬੀਰੇ ਦੀਆਂ ਭੈੜੀਆਂ ਕਰਤੂਤਾ ਸਦਕਾ---ਜੂਏ ਤੇ ਨਸ਼ੇ ਦੀ ਆਦਤ ਸਦਕਾ ਦੋ ਸਾਲ ਵਿੱਚ ਹੀ ਸਾਰੀ ਜਮੀਨ ਵਿਕ ਗਈ---
ਬੀਰਾ ਐਨਾ ਗਿਰ ਗਿਆ ਕਿ ਨਸ਼ੇ ਪੱਤੇ ਅਤੇ ਜੂਏ ਖਾਤਰ ਮੇਰੀਆਂ ਭੈਣਾਂ ਨੂੰ ਵੀ ਦਾਅ ਤੇ ਲਾਉਣ ਦੀ ਕੋਸ਼ਿਸ਼ ਕਰਦਾ---ਮਾਂ ਤਾ ਮੰਜੇ ਨਾਲ ਲੱਗੀ ਈ ਹੋਈ ਸੀ---ਪਰ ਹੁਣ ਉਹ ਥੋੜਾ ਬੋਲ ਲੈਂਦੀ ਸੀ ਤੇ ਸੋਟੀ ਦੇ ਸਹਾਰੇ ਨਾਲ ਥੋੜਾ ਚੱਲ ਫਿਰ ਵੀ ਲੈਂਦੀ ਸੀ---
ਜਦੋਂ ਕਦੇ ਬੀਰਾ ਆਪਣੇ ਬਦਮਾਸ਼ ਦੋਸਤਾ ਮਿੱਤਰਾਂ ਨੂੰ ਘਰੇ ਲਿਆਉਂਦਾ ਤਾ ਉਹ ਬੀਰੇ ਦੇ ਸਾਹਮਣੇ ਈ ਮੇਰੀਆਂ ਭੈਣਾਂ ਨਾਲ ਗੰਦੀਆਂ ਹਰਕਤਾ ਕਰਨ ਦੀ ਕੋਸ਼ਿਸ਼ ਕਰਦੇ---ਮੇਰੀ ਮਾਂ ਬਹੁਤ ਕਲਪਦੀ---ਬਾਪੂ ਵੀ ਉਹਨਾਂ ਨੂੰ ਹਟਕਦਾ ਵਰਜਦਾ---ਪਰ ਬੀਰਾ ਜਦੋਂ ਨਹਿਰ `ਚ ਛਾਲ ਮਾਰਨ ਦੀ ਧਮਕੀ ਦਿੰਦਾ ਤਾ ਸਾਰੇ ਦਬ ਜਾਂਦੇ---।
ਮੇਰੀਆਂ ਭੈਣਾਂ ਸ਼ੁਰੂ ਸ਼ੁਰੂ `ਚ ਇਹਨਾਂ ਬਦਮਾਸ਼ਾਂ ਦੇ ਆਉਣ ਤੇ ਗੁਆਢੀਆਂ ਘਰੇ ਤੁਰ ਜਾਂਦੀਆਂ---ਪਰ ਰੋਜ਼ ਰੋਜ਼ ਤਾ ਗੁਆਂਢੀ ਵੀ ਸਹਾਇਤਾ ਨੀ ਕਰ ਸਕਦੇ---ਮੈਂ ਇਹਨਾਂ ਬਦਮਾਸ਼ ਕਿਸਮ ਦੇ ਬੰਦਿਆਂ ਤੋਂ ਤ੍ਰਹਿ ਕੇ ਮਾਂ ਨਾਲ ਚੰਬੜ ਜਾਂਦੀ---
ਘਰ ਨਰਕ ਬਣ ਗਿਆ---ਮਾਂ ਹੁਣ ਸ਼ਰੇਆਮ ਆਖਣ ਲੱਗ ਪਈ ਸੀ ਕਿ ਇਸ ਸਾਰੀ ਬਦਹਾਲੀ ਦਾ ਕਾਰਣ ਇਸ ਨਿੱਕੀ ਦਾ ਸ਼ਰਾਪ ਐ---ਉਹ ਬਹੁਤ ਪਛਤਾਵਾ ਕਰਦੀ---ਹੁਣ ਮਾਂ ਮੈਨੂੰ ਲੰਗੜੀ ਦੀ ਥਾਂ ਨਿੱਕੀ ਕਹਿ ਕੇ ਬੁਲਾਉਣ ਲੱਗ ਪਈ ਸੀ---ਹੁੰਦਿਆਂ ਹੁੰਦਿਆਂ ਘਰ ਦਾ ਸਾਰਾ ਸਮਾਨ ਵਿਕ ਗਿਆ---ਅਸੀਂ ਰੋਟੀ ਤੋਂ ਵੀ ਮੁਥਾਜ ਹੋ ਗਏ---
ਮੇਰੇ ਵਜੀਫ਼ੇ ਦੇ ਪੈਸੇ ਵੀ ਬੀਰਾ ਖੋਹ ਖਿੰਜ ਕਰ ਕੇ ਲੈ ਜਾਂਦਾ---ਸਾਲ ਤਾ ਪਤਾ ਨੀ ਕਿਹੜਾ ਸੀ---ਮਹੀਨਾ ਵੀ ਯਾਦ ਨਹੀਂ---ਪਰ ਤਾਰੀਖ਼ ਯਾਦ ਐ---ਅਠਾਈ ਸੀ---ਅਠਾਈ---ਇਹ ਅਠਾਈਤਾਰੀਖ਼ ਦਾ ਹਾਦਸਾ---ਉਫ਼!
ਥੋਨੂੰ ਇਹ ਹਾਦਸਾ ਸੁਣਾਉਣ ਲੱਗਿਆਂ ਮੇਰੇ ਕਾਲਜੇ ਨੂੰ ਰੁੱਗ ਭਰਿਆ ਜਾਂਦੈ---ਮੈਂ ਪਿੱਛੇ ਥੋਨੂੰ ਦੱਸਣਾ ਭੁੱਲ ਗਈ ਕਿ ਅਸੀਂ ਤਿੰਨੇ ਭੈਣਾਂ ਬੀਰੇ ਨੂੰ ਰੱਖੜੀ ਬੰਨ੍ਹਣ ਲਈ ਹਰ ਸਾਲ ਤਰਲੇ ਕਰਦੀਆਂ ਪਰ ਬੀਰੇ ਨੇ ਕਦੇ ਸਾਡੇ ਕੋਲੋਂ ਰੱਖੜੀ ਨਹੀਂ ਸੀ ਬੰਨ੍ਹਾਈ---ਸ਼ੁਰੂ ਸ਼ੁਰੂ `ਚ ਅਸੀਂ ਤਰਲੇ ਕਰਦੀਆਂ ਹੁੰਦੀਆਂ ਸਾਂ ਕਿ ਤੂੰ ਸਾਡਾ ਇੱਕੋ ਇੱਕ ਲਾਡਲਾ ਬੀਰਾ ਐਂ---ਰੱਖੜੀ ਬੰਨ੍ਹਵਾ ਲੈ ਪਰ ਉਹ ਹਮੇਸ਼ਾ ਆਖਦਾ ਕਿ ਦਫ਼ਾ ਹੋ ਜੋ---ਬੰਨ੍ਹਵਾਂ ਲਾਂ ਇਹਨਾਂ ਕੋਲੋਂ ਰੱਖੜੀ ਤੇ ਫੇਰ ਪੈਸੇ ਦੇਵਾਂ---ਜਿਹੜੇ ਪੈਸੇ ਮੈਂ ਥੋਨੂੰ ਦਉਂ---ਉਹ ਮੈਂ ਆਪ ਈ ਨਾ ਖਰਚ ਲਊਂ---ਖੈਰ।
ਉਸ ਅਠਾਈਤਾਰੀਖ਼ ਨੂੰ ਬੀਰਾ ਚਾਰ ਪੰਜ ਬੰਦਿਆਂ ਨੂੰ ਘਰੇ ਲਿਆਇਆ---ਉਹ ਦਲ੍ਹਾਨ `ਚ ਬੈਠ ਕੇ ਦਾਰੂ ਪੀਣ ਲੱਗ ਪਏ---ਜਮੀਨ ਸਾਰੀ ਵਿਕ ਵਿਕਾਅ ਗਈ ਸੀ---ਬਾਪੂ ਹੁਣ ਕਿਰਾਏ ਦਾ ਰੇਹੜਾ ਚਲਾਉਂਦਾ ਸੀ---ਉਹ ਰੇਹੜਾ ਲੈ ਕੇ ਸ਼ਹਿਰ ਗਿਆ ਹੋਇਆ ਸੀ---ਉਸ ਦਿਨ ਮੇੇਰਾ ਦਸਵੀਂ ਦਾ ਰੀਜ਼ਲਟ ਆਇਆ ਸੀ---ਮੈਂ ਫੇਰ ਸਾਰੇ ਡਿਸਟ੍ਰਿਕ ਵਿੱਚ ਫਸਟ ਰਹੀ ਸਾਂ---ਮਾਂ ਨੇ ਮੈਨੂੰ ਪਤਾ ਨੀ ਕਿੱਥੋਂ ਇੱਕ ਰੁਪੱਈਆ ਕੱਢ ਕੇ ਪਤਾਸੇ ਲਿਆਉਣ ਲਈ ਦਿੱਤਾ---ਮੈਂ ਖੇਮੂ ਦੀ ਦੁਕਾਨ ਤੋਂ ਪਤਾਸੇ ਲੈ ਆਈ---ਪਤਾਸੇ ਆਂਢ ਗੁਆਂਢ `ਚ ਵੰਡੇ---ਸਾਰੇ ਮੇਰੀ ਤਾਰੀਫ਼ ਕਰਨ ਕਿ ਲੰਗੜੀ ਹੋਣ ਦੇ ਬਾਵਜੂਦ ਕੁੜੀਨੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ---
ਮੈਨੂੰ ਪਤਾ ਸੀ ਕਿ ਬੀਰਾ ਮੇਰਾ ਰੀਜ਼ਲਟ ਸੁਣ ਕੇ ਜਰੂਰ ਕੋਈ ਬਖੇੜਾ ਖੜ੍ਹਾ ਕਰੂਗਾ ਸੋ ਮੈਂ ਉਸ ਨੂੰ ਆਪਣੇ ਰੀਜ਼ਲਟ ਬਾਰੇ ਕੁੱਝ ਨਾ ਦੱਸਿਆ---ਬੱਸ ਪਤਾਸੇ ਦੇ ਦਿੱਤੇ---ਉਹ ਪਤਾਸੇ ਪਰ੍ਹਾਂ ਕਰਦਿਆਂ ਬੋਲਿਆ,
“ਨੀ ਦਾਰੂ ਨਾਲ ਪਤਾਸੇ ਨੀ ਖਾਈਦੇ---ਕੁਸ ਨਮਕੀਨ ਚਾਹੀਦਾ ਹੁੰਦੈ---ਲੰਗੜੀ ਜੀ ਸਿਰੇ ਦੀ ਮੂਰਖ ਐ---"
ਸੁਣ ਕੇ ਬੀਰੇ ਨਾਲ ਆਏ ਬੰਦੇ ਵੀ ਹੱਸਣ ਲੱਗ ਪਏ---ਉਹਨਾਂ ਦੀ ਹਸੀ ਖਚਰੀ ਸੀ---ਇਹ ਬੰਦੇ ਸ਼ਕਲੋਂ ਸੂਰਤੋਂ ਤੇ ਹਰਕਤਾ ਤੋਂ ਨਿਰੇ ਬਦਮਾਸ਼ ਨਜ਼ਰ ਆਉਂਦੇ ਸਨ---ਬੀਰੇ ਨੇ ਮੇਰੀਆਂ ਭੈਣਾਂ ਨੂੰ ਹੁਕਮ ਚਾੜ੍ਹਿਆ,
“ਸੁਣੋ ਨੀ ਕੁੜੀਓ---ਸਾਡੇ ਬਾਹਤੇ ਸ਼ੇਤੀ ਸ਼ੇਤੀ ਰੋਟੀਆਂ ਪਕਾ ਦਿਓ---ਅੱਜ ਅਸੀਂ ਜਸ਼ਨ ਮਨਾਉਣੈ---ਅੱਜ ਮੈਂ ਪੰਜ ਸੌ ਰੁਪੱਈਏ ਜਿੱਤ ਗਿਆ ਜੂਏ `ਚ---" ਉਸ ਵੇਲੇ ਪੰਜ ਸੌ ਰੁਪੱਈਏ ਵੱਡੀ ਰਕਮ ਹੁੰਦੀ ਸੀ---ਮੇਰੀਆਂ ਭੈਣਾਂ ਬਾਹਰ ਓਟੇ `ਚ ਬਣੀ ਰਸੋਈ ਵਿੱਚ ਜਾ ਕੇ ਰੋਟੀ ਬਣਾਉਣ ਲੱਗ ਪਈਆਂ---ਘਰ ਵਿੱਚ ਸਿਰਫ਼ ਦਾਲ ਸੀ ਸੋ ਭੈਣਾਂ ਨੇ ਦਾਲ ਫੁਲਕਾ ਤਿਆਰ ਕਰ ਦਿੱਤਾ---ਭੈਣ ਨੇ ਬੀਰੇ ਨੂੰ ਵਾਜ ਮਾਰੀ,
“ਬੀਰੇ ਰੋਟੀ ਤਿਆਰ ਐ---ਫੜ ਕੇ ਲੈ ਜਾ ਥਾਲੀਆਂ"
“ਨੀ ਸੱਚ ਰੋਟੀ ਨਾਲ ਭਾਜੀ ਕਿਹੜੀ ਬਣਾਈ ਐ?" ਨਸ਼ੇ ਦੀ ਲੋਰ `ਚ ਬੀਰਾ ਰੁਕ ਰੁਕ ਕੇ ਬੋਲਿਆ
“ਦਾਲ ਐ---ਬੀਰੇ ਦਾਲ ਬਣਾਈ ਐ" ਵੱਡੀ ਭੈਣ ਨੇ ਹਲੀਮੀ ਨਾਲ ਕਿਹਾ,
“ਨੀ ਔਤ ਦੀਓ---ਅਸੀਂ ਦਾਲ ਨਾਲ ਰੋਟੀਆਂ ਖਾਮਾਂਗੇ? ਨੀ ਅੱਜ ਮੇਰੀ ਜੇਬ ਪੈਸਿਆਂ ਨਾਲ ਭਰੀ ਪਈ ਐ---ਅੱਜ ਤਾ ਕੋਈ ਚੰਗੀ ਜੀ ਸਬਜੀ ਖਾਣੀ ਸੀ---ਬਣਾ `ਤੀ ਦਾਲ" ਬੀਰੇ ਨੇ ਕਮੀਜ ਦੀ ਜੇਬ ਉੱਤੇ ਹੱਥ ਧਰਦਿਆਂ ਇੱਕ ਵੱਖਰੇ ਅੰਦਾਜ਼ ਵਿੱਚ ਕਿਹਾ।
“ਅੱਜ ਦਾਲ ਈ ਸੀ ਘਰੇ---ਬੀਰਿਆ---ਲੈ ਜਾ ਰੋਟੀ"
“ਨੀ ਕੀ ਬੀਰਾ ਬੀਰਾ ਲਾਈ ਐ---ਥਾਲੀਆਂ ਆਪੇ ਫੜਾ ਜੋ ਕਿਤੇ ਨੀ ਕੋਈ ਥੋਨੂੰ ਮੂੰਹ `ਚ ਪਾਉਂਦਾ"
ਡਰਦੀਆਂ ਡਰਦੀਆਂ ਮੇਰੀਆਂ ਭੈਣਾਂ ਉਨ੍ਹਾਂ ਨੂੰ ਰੋਟੀ ਦੀਆਂ ਥਾਲੀਆਂ ਫੜਾਉਣ ਆ ਗਈਆਂ---ਬੀਰਾ ਤਾ ਨਸ਼ੇ `ਚ ਆਲ ਮਾਲ ਹੋਇਆ ਪਿਆ ਸੀ---ਉਨ੍ਹਾਂ ਬੰਦਿਆਂ ਚੋਂ ਇੱਕ ਨੇ ਥਾਲੀ ਫੜਾਉਂਦੀ ਮੇਰੀ ਵੱਡੀ ਭੈਣ ਨੂੰ ਬਾਹੋਂ ਫੜ ਲਿਆ---ਹਾਲ ਦੁਹਾਈ ਪਾਉਂਦੀ ਨੂੰ ਉਹ ਖਿੱਚ ਕੇ ਪਿਛਲੇ ਅੰਦਰ ਲੈ ਗਿਆ---ਤੇ ਫੇਰ ਦੋ ਜਣੇ ਮੇਰੀ ਛੋਟੀ ਭੈਣ ਨੂੰ ਧੂਹ ਕੇ ਅੰਦਰ ਲੈ ਗਏ---ਮੈਂ ਭੈਣਾਂ ਦਾ ਚੀਕ ਚਿਹਾੜਾ ਸੁਣ ਕੇ ਘਾਬਰ ਗਈ---ਇਹੋ ਜਿਹੀ ਕਿਸੇ ਅਣਹੋਣੀ ਦਾ ਤਾ ਸਾਨੂੰ ਅੰਦਾਜ਼ਾ ਈ ਨਹੀਂ ਸੀ---ਇੱਕ ਭਰਾ ਕਿਵੇਂ ਆਪਣੀਆਂ ਭੈਣਾਂ ਨਾਲ ਇਸ ਤਰ੍ਹਾਂ ਕਰ ਸਕਦਾ ਹੈ?
ਮੈਂ ਜਿੰਨਾ ਕੁ ਭੱਜ ਸਕਦੀ ਸਾਂ---ਭੱਜ ਕੇ ਗੁਆਂਢੀਆਂ ਨੂੰ ਸਹਾਇਤਾਂ ਲਈ ਬੁਲਾ ਕੇ ਲਿਆਈ---ਉਹਨਾਂ ਨੇ ਆ ਕੇ ਮੇਰੀਆਂ ਭੈਣਾਂ ਨੂੰ ਇਹਨਾਂ ਬਦਮਾਸ਼ਾਂ ਦੇ ਪੰਜੇ ਚੋਂ ਛੁਡਾਇਆ---ਬੀਰੇ ਨੂੰ ਫਿੱਟ ਲਾਹਣਤਾ ਪਾਈਆਂ---ਮੇਰੀਆਂ ਭੈਣਾਂ ਵਲੂੰਧਰੀਆਂ ਪਈਆਂ ਸਨ---ਲਹੂ ਲੁਹਾਣ---ਦਰਿੰਦਿਆਂ ਦਾ ਮੁਕਾਬਲਾ ਕਰਦੀਆਂ ਕਰਦੀਆਂ ਹੰਭੀਆਂ ਪਈਆਂ ਸਨ---ਕੱਠ ਹੋਇਆ ਦੇਖ ਕੇ ਬੰਦੇ ਤਾ ਭੱਜ ਗਏ ਪਰ ਬੀਰਾ ਨਸ਼ੇ `ਚ ਅਜੇ ਵੀ ਊਲ ਜਲੂਲ ਬਕੀ ਜਾ ਰਿਹਾ ਸੀ---
ਪਤਾ ਨੀ ਮੇਰੀਆਂ ਭੈਣਾਂ ਨਾਲ ਕੀ ਕੀ ਵਾਪਰਿਆ---ਉਨ੍ਹਾਂ ਦੀ ਜਾਨ ਤੇ ਕੀ ਕੀ ਬਣੀ ਹੋਣੀ---ਮੈਂ ਸੋਚ ਰਹੀ ਸਾਂ---ਸ਼ਾਇਦ ਮੇਰੀਆਂ ਭੈਣਾਂ ਵੀ ਇਹੀ ਸੋਚ ਰਹੀਆ ਹੋਣ ਕਿ ਭਰਾ ਆਪਣੀਆਂ ਭੈਣਾਂ ਦੀ ਇੱਜ਼ਤ ਬਚਾਉਣ ਲਈ ਜਾਨ ਦੀ ਬਾਜ਼ੀ ਲਾ ਦਿੰਦੇ ਨੇ---ਤੇ ਇੱਕ ਸਾਡਾ ਭਾਈ ਹੈ---ਭੈਣਾਂ ਨੂੰ ਖੁਦ ਬਦਮਾਸ਼ ਕਿਸਮ ਦੇ ਦੋਸਤਾ ਦੇ ਹਵਾਲੇ ਕਰ ਦਿੱਤਾ---
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ---ਪਰ ਲੋਕ ਇਹਨਾਂ ਸਤਰਾਂ ਨੂੰ ਸਿਰਫ ਪੜ੍ਹਦੇ ਹਨ---ਅਮਲ ਨਹੀਂ ਕਰਦੇ---ਔਰਤ ਦੀ ਜੋ ਦੁਰਦਸ਼ਾ ਮਿਥਿਹਾਸ ਇਤਿਹਾਸ ਵਿੱਚ ਹੋਈ ਐ ਤੇ ਜੋ ਅੱਜ ਹੋ ਰਹੀ ਐ---ਉਸ ਨੂੰ ਦੇਖ ਕੇ ਪਤਾ ਚਲਦਾ ਹੈ ਕਿ ਔਰਤ ਹਮੇਸ਼ਾ ਦੁਜੈਲੀ ਥਾਂ ਹੀ ਰਹੀ ਐ---ਮੈਂ ਆਪਣੀਆਂ ਭੈਣਾਂ ਨਾਲ ਹੋਈ ਪੜਤਾੜਨਾ ਦੀ ਚਸ਼ਮਦੀਦ ਗਵਾਹ ਹਾਂ---ਅਤੇ ਖੁਦ ਵੀ ਭੁਗਤ ਭੋਗੀ ਹਾਂ---
ਮੇਰੀ ਮਾਂ ਬਹੁਤ ਧਾਰਮਿਕ ਬਣਦੀ ਐ---ਮੇਰੇ ਮਾਪਿਆਂ ਨੇ ਮੈਨੂੰ ਜੰਮਣੋ ਪਹਿਲਾਂ ਮਾਰਨ ਲਈ ਕੀ ਕੀ ਜ਼ੁਲਮ ਨਹੀਂ ਕੀਤੇ---ਤੇ ਉਹ ਹਮੇਸ਼ਾ ਕੰਜਕਾਂ ਪੂਜਦੇ ਨੇ---ਕੰਜਕਾਂ ਦੇ ਪੈਰ ਧੋ ਧੋ ਕੇ ਪੀਂਦੇ ਨੇ---ਪਰ ਸਾਨੂੰ ਤਿੰਨਾਂ ਭੈਣਾਂ ਨੂੰ ਕਦੇ ਰੱਜਵੀਂ ਰੋਟੀ ਨੀ ਜੁੜੀ---ਮੇਰੀ ਦੁਰਦਸ਼ਾ ਕਰ ਕੇ ਮੇਰੇ ਮਾਪੇ ਕਿਹੜੇ ਮੂੰਹ ਨਾਲ ਕੰਜਕਾਂ ਪੂਜ ਦੇ ਨੇ---
ਮੇਰੀ ਮਾਂ ਕੀਰਨੇ ਪਾ ਰਹੀ ਸੀ---ਪਰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਮੇਰੀਆਂ ਭੈਣਾਂ ਨੂੰ ਕੋਸ ਰਹੀ ਸੀ ਜਾਂ ਬੀਰੇ ਨੂੰ ਤੇ ਜਾਂ ਕਰਮਾਂ ਨੂੰ ਝੀਖ ਰਹੀ ਸੀ---ਬਾਪੂ ਨੇ ਰੇਹੜਾ ਵਿਹੜੇ `ਚ ਖੜ੍ਹਾਅ ਕੇ ਘਰੇ ਹੋਏ `ਕੱਠ ਨੂੰ ਹੈਰਾਨੀ ਨਾਲ ਤੱਕਿਆ---ਇੱਕ ਗੁਆਂਢਣ ਆਖ ਰਹੀ ਸੀ,
“ਭਾਈ ਕੀ ਥੁੜ੍ਹਿਆ ਪਿਆ ਈ ਅਹੇ ਜੇ ਕਮੂਤ ਦੇ ਜੰਮਣ ਕੰਨੀਓ---ਇਹਦੀ ਥਾਵੇਂ ਤਾ ਰੱਬ ਚੌਥੀ ਧੀ ਦੇ ਦਿੰਦਾ---ਆਹ ਕਿੱਥੋਂ ਨਪੈਦ ਜੰਮ ਪਿਆ---ਬੇ-ਗੈਰਤ, ਬੇਈਮਾਨ---ਕਮੀਣਾ---ਬੇਹੋਇਆ---"
ਬਾਪੂ ਨੂੰ ਅਜੇ ਵੀ ਸਮਝ ਨਹੀਂ ਸੀ ਆ ਰਹੀ ਕਿ ਕੀ ਭਾਣਾ ਵਾਪਰਿਐ---ਉਹ ਤਾ ਬੱਸ ਅੱਖਾਂ ਟੱਡੀ ਭੀੜ ਕੰਨੀ ਟਿਕਟਿਕੀ ਲਾਈ ਤੱਕ ਰਿਹਾ ਸੀ। ਫੇਰ ਇੱਕ ਗੁਆਂਢੀ ਨੇ ਬਾਪੂ ਨੂੰ ਸਾਰੀ ਗੱਲ ਤਫ਼ਸੀਲ ਵਿੱਚ ਸੁਣਾਈ---ਉਸ ਨੇ ਬਾਪੂ ਨੂੰ ਇਹ ਵੀ ਸਲਾਹ ਦਿੱਤੀ ਕਿ ਮੁੰਡਾ ਮਾੜੇ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਹੈ---ਨਸ਼ਿਆਂ ਨੇ ਇਹਦੀ ਮੱਤ ਮਾਰ ਦਿੱਤੀ ਐ---ਬੁੱਧ ਭ੍ਰਿਸ਼ਟ ਕਰ ਦਿੱਤੀ ਐ---ਸੋ ਇਸ ਨੂੰ ਕਿਸੇ ਨਸ਼ਾ ਛੁੜਾਊ ਕੇਂਦਰ `ਚ ਦਾਖਲ ਕਰਵਾਓ। ਇੱਕ ਹੋਰ ਗੁਆਂਢੀ ਬਾਪੂ ਨੂੰ ਸਮਝਾਅ ਰਿਹਾ ਸੀ,
“ਦੇਖ ਬਿਸਨਿਆ---ਚੰਗਾ ਭਲਾ ਬੰਦਾ ਨੀ ਆਇੰ ਧੀਆਂ ਭੈਣਾਂ ਨੂੰ ਬਦਮਾਸ਼ਾਂ ਦੇ ਹਵਾਲੇ ਕਰਦਾ---ਇਹਨੂੰ ਓਪਰੀ ਹਵਾ ਹੋ ਗਈ ਲਗਦੀ ਐ---ਇਹਨੂੰ ਕਿਸੇ ਸਿਆਣੇ ਕੋਲੋਂ ਤਵੀਤ ਪਵਾਓ ਲਿਆ ਕੇ---" ਉਹਦੀ ਗੱਲ ਕੱਟਦਿਆਂ ਸ਼ਾਇਦ ਪਹਿਲੀ ਵਾਰ ਮੇਰੀ ਭੈਣ ਨੇ ਜ਼ੁਬਾਨ ਖੋਹਲੀ ਤੇ ਸ਼ੇਰਨੀ ਵਾਂਗ ਦਹਾੜਦੀ ਹੋਈ ਬੋਲੀ,
“ਕੋਈ ਓਪਰੀ ਹਵਾ ਨੀ ਹੋਈ ਕੁੱਤੇ ਨੂੰ---ਬਾਪੂ ਬੇਬੇ ਨੇ ਇਹਨੂੰ ਸਿਰ ਚੜ੍ਹਾਅ ਰੱਖਿਐ ---ਉਹਨੂੰ ਟੋਕਦੇ ਨੀ---ਇੱਕ ਤਾ ਨਸ਼ਿਆਂ ਦਾ ਆਦੀ---ਉਪਰੋਂ ਮਾੜੀ ਸੋਹਬਤ---ਤੇ ਉਪਰੋਂ ਮਾਪਿਆਂ ਦਾ ਲਾਡ ਦੁਲਾਰ---ਸਾਰੀ ਜ਼ਮੀਨ ਵਿਕ ਗਈ---ਬਾਪੂ ਕੰਗਾਲ ਹੋ ਗਿਆ---ਚੰਗਾ ਭਲਾ ਖੇਤੀ ਪੱਤੀ ਕਰਦਾ ਸੀ---ਰੇਹੜਾ ਚਲਾਉਣ ਤੱਕ ਦੀ ਨੌਬਤ ਆ ਗਈ---ਜਦ ਤੱਕ ਇਹ ਬਾਪੂ ਨੂੰ ਬੇਚ ਕੇ ਨੀ ਖਾਂਦਾ---ਉਦੋਂ ਤੱਕ ਬਾਪੂ ਨੂੰ ਹੋਸ਼ ਨੀ ਆਉਂਣੀ---"
ਭੈਣ ਨੂੰ ਐਂਜ ਬੋਲਦਿਆਂ ਸੁਣ ਕੇ ਗੁਆਂਢਣ ਨਰੈਣੀ ਅੱਗੇ ਹੁੰਦਿਆਂ ਬੋਲੀ “ਨੀ ਕੁੜੀਏ---ਤੈਨੂੰ ਕੀ ਪਤਾ---ਤੂੰ ਅਜੇ ਨਿਆਣੀ ਐਂ---ਅਸੀਂ ਉਮਰਾਂ ਗਾਲ `ਤੀਆਂ ਜਮਾਨਾ ਦੇਖਦੇ ਹੋਏ---ਮੈਨੂੰ ਵੀ ਲਗਦੈ ਬਈ ਮੁੰਡਾ ਓਪਰੀ ਪਰਾਈ ਨੇ ਬੰਨ੍ਹ ਰੱਖਿਐ ---ਨਾਅ ਭਲਾ ਐਂ ਕੋਈ ਆਪਣੀਆਂ ਏ ਭੈਣਾਂ ਨੂੰ ਬਦਮਾਸ਼ਾਂ ਦੇ ਹਬਾਲੇ ਕਰਦਾ ਦੇਖਿਐ ---ਇਹਨੂੰ ਭਾਈ ਤ੍ਰਬੈਣੀ ਆਲੀ ਕੁਟੀਆ ਦੇ ਸਾਧ ਕੋਲ ਲੈ ਕੇ ਜਾਹ---ਭਾਈ ਮੁੰਡੇ ਦੀਆਂ ਅੱਖਾਂ ਦੀ ਲਾਲੀ ਦੱਸਦੀ ਐ ---ਬਈ ਇਹਨੂੰ ਕਿਸੇ ਨੇ ਕੁਸ ਕਰਾਇਆ ਵਿਐ ---ਨਾਲੇ ਆਇੰ ਕੋਈ ਪੁਰਖਿਆਂ ਦੀ ਬਣਾਈ ਜ਼ਮੀਨ ਜੈਦਾਤ ਬਗਾੜਦਾ ਹੰੁਦਾ ਐ ---"
ਫੇਰ ਨਰੈਣੀ ਨੇ ਕਈ ਕਿੱਸੇ ਕਹਾਣੀਆਂ ਸੁਣਾਈਆਂ ਜਿਹਨਾਂ ਵਿੱਚ ਕੀਤੇ ਕਰਾਏ ਜਾਂ ਉਪਰੀ ਹਵਾ ਦੀ ਗਰਿਫ਼ਤ `ਚ ਆਏ ਬੰਦਿਆਂ ਦੀ ਦਾਸਤਾਨ ਵਰਨਣ ਕੀਤੀ ਗਈ ਸੀ---ਲੋਕ ਆਪਣੇ ਆਪਣੇ ਘਰਾਂ ਨੂੰ ਤੁਰ ਗਏ---ਬੱਸ ਇੱਕ ਨਰੈਣੀ ਬੇਬੇ ਦੀ ਪਰ੍ਹਾਂ ਮੂਧੇ ਪਏ ਟੋਕਰੇ ਤੇ ਬਹਿ ਗਈ---ਸ਼ਾਇਦ ਸਾਡੀ ਪ੍ਰਤੀਕ੍ਰਿਆ ਜਾਣਨਾ ਚਾਹੰੁਦੀ ਸੀ ਕਿ ਉਹਦੀ ਗੱਲ ਦਾ ਅਸੀਂ ਕੋਈ ਅਸਰ ਕਬੂਲਿਆ ਵੀ ਹੈ ਜਾਂ ਨਹੀਂ---ਬੀਰਾ ਵੀ ਭੀੜ ਦੇ ਨਾਲ ਈ ਖਿਸਕ ਗਿਆ---ਉਸ ਵਕਤ ਉਹ ਸ਼ਰਮਿੰਦਾ ਸੀ---ਢੀਠ ਸੀ ਜਾਂ ਨਸ਼ੇ `ਚ ਈ ਭੀੜ ਦਾ ਹਿੱਸਾ ਬਣ ਕੇ ਬਾਹਰ ਨਿਕਲ ਗਿਆ---ਇਹ ਨਹੀਂ ਕਿਹਾ ਜਾ ਸਕਦਾ।
ਬਾਪੂ ਵੀ ਕਲਪਦੀ ਰੋਂਦੀ ਬੇਬੇ ਕੋਣ ਮੰਜੇ ਤੇ ਬਹਿ ਗਿਆ---ਮੇਰੀਆਂ ਭੈਣਾਂ ਅਜੇ ਵੀ ਦਲ੍ਹਾਨ `ਚ ਬੈਠੀਆਂ ਡੁਸਕ ਰਹੀਆਂ ਸਨ---ਚੁੰਨੀ ਨਾਲ ਖਰੋਚਾਂ ਤੋਂ ਖੂਨ ਵੀ ਪੂੰਝਦੀਆਂ ਰਹੀਆਂ ਤੇ ਡੁਸਕਦੀਆਂ ਵੀ ਰਹੀਆਂ---
ਬਾਪੂ ਸ਼ਾਇਦ ਕੋਈ ਫੈਸਲਾ ਨਹੀਂ ਸੀ ਲੈ ਪਾ ਰਿਆ---ਉਹ ਦੋ ਚਿੱਤੀ ਵਿੱਚ ਸੀ ਕਿ ਪੁੱਤ ਨੂੰ ਨਸ਼ਾ ਛਡਾਊ ਕੇਂਦਰ ਲੈ ਕੇ ਜਾਵੇ ਜਾਂ ਤ੍ਰਿਬੇਣੀ ਵਾਲੀ ਕੁਟੀਆ---ਇਹ ਪਹਿਲੀ ਵਾਰ ਸੀ ਕਿ ਬਾਪੂ ਨੇ ਮੈਨੂੰ ਅਮਰੋ ਕਹਿ ਕੇ `ਵਾਜ ਮਾਰੀ,
“ਅਮਰੋ---ਪਾਣੀ ਦਾ ਗਲਾਸ ਦੇਈ ਕੇਰਾਂ---"
ਪਲ ਦੀ ਪਲ ਮੈਨੂੰ ਸਮਝ ਨਾ ਲੱਗੀ ਕਿ ਬਾਪੂ ਨੇ ਕਿਸ ਕੋਲੋਂ ਪਾਣੀ ਮੰਗਿਆ ਹੈ ---ਪਾਣੀ ਦਾ ਗਲਾਸ ਪੀ ਕੇ ਜਿਵੇਂ ਬਾਪੂ ਦੀਆਂ ਅੱਖਾਂ ਖੁਲ੍ਹ ਗਈਆਂ---ਜਿਵੇਂ ਉਹ ਤਾਜ਼ਾ ਦਮ ਹੋ ਗਿਆ---ਇਹ ਵੀ ਸ਼ਾਇਦ ਪਹਿਲੀ ਵਾਰ ਸੀ ਕਿ ਬਾਪੂ ਨੇ ਸਾਨੂੰ ਤਿੰਨਾਂ ਭੈਣਾਂ ਨੂੰ `ਕੱਠੀਆਂ ਕਰਕੇ ਗਲੇ ਲਾਇਆ ਤੇ ਭੁੱਬਾਂ ਮਾਰ ਕੇ ਰੋਇਆ---ਮੇਰੀਆਂ ਭੈਣਾਂ ਚੁੱਪ ਹੋ ਗਈਆਂ---ਮੇਰੀ ਵੱਡੀ ਭੈਣ ਆਖਣ ਲੱਗੀ,
“ਬਾਪੂ ਤੇਰਾ ਤਾ ਕੋਈ ਕਸੂਰ ਨੀ---ਸੈਂਤ ਬੀਰੇ ਦਾ ਵੀ ਕੋਈ ਕਸੂਰ ਨਾ ਹੋਵੇ---ਕੀ ਪਤਾ ਬੇਬੇ ਦੀ ਗੱਲ ਸੱਚੀ ਹੋਵੇ---ਕੇਰਾਂ ਤ੍ਰਬੈਣੀ ਆਲੀ ਕੁਟੀਆ ਜਾ ਕੇ ਪੁੱਛ ਪਵਾ ਲਓ---"
ਭੈਣਾਂ ਤਾ ਭੈਣਾਂ ਈ ਹੁੰਦੀਆਂ ਨੇ---ਐਨਾ ਹੋਣ ਦੇ ਬਾਵਜੂਦ ਬੀਰੇ ਦੀ ਸੁੱਖ ਮੰਗਦੀਆਂ ਨੇ---ਐਨੀ ਵੱਡੀ ਵਾਰਦਾਤ ਹੋਣ ਦੇ ਬਾਵਜੂਦ ਉਹ ਅਜੇ ਵੀ ਬੀਰੇ ਨੂੰ ਕਸੂਰਵਾਰ ਨਹੀਂ ਸਨ ਮੰਨ ਰਹੀਆਂ---ਭੈਣ ਦੀ ਗੱਲ ਸੁਣ ਕੇ ਨਰੈਣੀ ਨੇ ਵੀ ਕੰਨ ਖੜ੍ਹੇ ਕੀਤੇ---ਆਖਣ ਲੱਗੀ,
“ਮੈਂ ਕਿਹਾ ਦੇਖ ਲਿਓ---ਇਹਨੂੰ ਓਪਰੀ ਪਰਾਈ ਏ ਨਿਕਲੂ---ਮੈਂ ਚੱਲੂੰ ਨਾਲ---ਜੇ ਮੁੰਡਾ ਦਿਨਾਂ `ਚ ਈ ਨਾ ਸੁਧਰਿਆ ਤਾ ਮੇਰਾ ਨਾਓਂ ਬਦਲ ਦਿਓ---"
ਬੀਰਾ ਢੀਠ ਹੋ ਗਿਆ ਸੀ---ਉਹਨੂੰ ਕਿਸੇ ਨੇ ਕੁੱਝ ਕੀਤਾ ਕਰਾਇਆ ਨਹੀਂ ਸੀ ਤੇ ਨਾ ਹੀ ਉਸਨੂੰ ਕੋਈ ਓਪਰੀ ਪਰਾਈ ਕਸਰ ਸੀ---ਉਹ ਭੈੜੀ ਸੰਗਤ `ਚ ਪੈ ਗਿਆ ਸੀ---ਉਸ ਨੂੰ ਨਸ਼ਿਆਂ ਨੇ ਬੁਰੀ ਤਰ੍ਹਾਂ ਗ੍ਰਿਫ਼ਤ ਵਿੱਚ ਲੈ ਲਿਆ ਸੀ।
ਖੈਰ---ਬੀਰਾ ਕਈ ਦਿਨ ਘਰੇ ਨਾ ਆਇਆ---ਸਾਨੂੰ ਉਹਦੀ ਚਿੰਤਾ ਸਤਾਉਣ ਲੱਗੀ---ਅਸੀਂ ਤਿੰਨੋਂ ਭੈਣਾਂ ਕਲਪਦੀਆਂ---ਸੋਚਦੀਆਂ, ਕਿਤੇ ਬੀਰੇ ਨਾਲ ਕੋਈ ਅਣਹੋਣੀ ਨਾ ਵਾਪਰ ਗਈ ਹੋਵੇ---ਅਸੀਂ ਉਹਦੀ ਸਲਾਮਤੀ ਲਈ ਸੁੱਖਣਾ ਸੁੱਖਦੀਆਂ---
ਬਾਪੂ ਵੀ ਉੱਪਰੋਂ ਉੱਪਰੋਂ ਤਾ ਬੇਸ਼ੱਕ ਬੀਰੇ ਨੂੰ ਗਾਲ੍ਹਾਂ ਕੱਢਦਾ ਪਰ ਅੰਦਰੋਂ ਉਹ ਵੀ ਬਹੁਤ ਪ੍ਰੇਸ਼ਾਨ ਸੀ---ਆਖਰ ਬੀਰਾ ਉਹਦਾ ਇੱਕੋ ਇੱਕ ਪੁੱਤ ਸੀ---ਸੁੱਖਾਂ ਲੱਧਾ---ਕੀ ਹੋਇਆ ਜੇ ਉਹ ਸੱਤਾ ਐਬਾਂ ਦਾ ਧਾਰਣੀ ਸੀ ਪਰ ਸੀ ਤਾ ਕੁਲ ਦਾ ਦੀਪਕ---ਜਾਇਦਾਦ ਦਾ ਵਾਰਸ---
ਨਸ਼ਾ ਛੁੜਾਊ ਕੇਂਦਰ ਵਾਲੀ ਗੱਲ ਤਾ ਬਾਪੂ ਨੇ ਅਜੇ ਪਿੱਛੇ ਪਾ ਦਿੱਤੀ---ਕਿਉਂਕਿ ਜਦ ਤੱਕ ਬੀਰਾ ਘਰੇ ਨੀ ਆਉਂਦਾ ਉਦੋਂ ਤੱਕ ਇਸ ਬਾਰੇ ਸੋਚਣਾ ਫ਼ਜ਼ੂਲ ਐ ਪਰ ਗਵਾਂਢਣਾਂ ਦੇ ਦੱਸੇ ਅਨੁਸਾਰ ਕਿਸੇ ਸਾਧ ਕੋਲੋਂ ਜਾਂ ਕਿਸੇ ਪੰਡਤ ਪਾਧੇ ਜੋਤਸ਼ੀ ਕੋਲੋਂ ਤਾ ਬੀਰੇ ਦਾ ਇਲਾਜ ਕਰਾਇਆ ਜਾ ਸਕਦਾ ਸੀ---ਇਹ ਤਾ ਬਾਪੂ ਕਰ ਹੀ ਸਕਦਾ ਸੀ---ਸੋ ਇੱਕ ਦਿਨ ਬਾਪੂ ਬੀਰੇ ਦਾ ਪਹਿਨਿਆ ਹੋਇਆ ਕਮੀਜ ਤੇ ਕਣਕ ਦਾ ਝੋਲਾ ਲੈ ਕੇ ਕਿਸੇ ਪੰਡਤ ਕੋਲ ਪੁੱਛ ਪਵਾਉਣ ਤੁਰ ਗਿਆ---ਉਸ ਤ੍ਰੈਕਾਲ ਦਰਸ਼ੀ ਪੰਡਤ ਨੇ ਬਾਪੂ ਨੂੰ ਦੱਸਿਆ ਕਿ ਥੋਨੂੰ ਪਿੱਤਰ ਦੋਸ਼ ਲੱਗਿਆ ਹੋਇਆ ਹੈ ਸੋ ਪਿੱਤਰਾਂ ਨੂੰ ਮਨਾਉਣ ਨਮਿੱਤ ਪੂਜਾ ਅਰਚਨਾ ਕਰਾਓ---ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਹਵਨ ਯੱਗ ਕਰਾਓ ਤੇ ਸ਼ਰਧਾ ਮੁਤਾਬਕ ਦਾਨ ਦੱਛਣਾਂ ਵੀ ਦਿਓ---ਉਹਦੇ ਕੋਲੋਂ ਵਾਪਸ ਆ ਕੇ ਬਾਪੂ ਬੜੇ ਉਤਸ਼ਾਹ ਨਾਲ ਮਾਂ ਨੂੰ ਦੱਸ ਰਿਹਾ ਸੀ---ਉਹ ਦੱਸ ਰਿਹਾ ਸੀ ਕਿ ਪੰਡਤ ਕਹਿੰਦਾ ਸੀ ਬਈ ਜੇ ਪਿੱਤਰ ਤੁੱਠ ਜਾਣ ਤਾ ਥੋਡੇ ਵਾਰੇ ਨਿਆਰੇ ਹੋ ਜਾਣਗੇ---ਪੰਡਤ ਨੇ ਇਹ ਵੀ ਦੱਸਿਆ ਕਿ ਥੋਡਾ ਇੱਕ ਪਿੱਤਰ ਭਟਕਦਾ ਫਿਰਦਾ ਹੈ ---ਉਹਦੀ ਕਿਸੇ ਨੇ ਪਹੋਏ ਜਾ ਕੇ ਗਤੀ ਮੁਕਤੀ ਨੀ ਕਰਾਈ---ਉਹਦੀ ਆਤਮਾ ਪ੍ਰੇਤ ਬਣ ਕੇ ਥੋੜੇ ਘਰ `ਚ ਘੁੰਮਦੀ ਐ ---ਉਹ ਹੀ ਸਾਰੇ ਕਲੇਸ਼ ਦੀ ਜੜ ਐ ---ਉਹਦੀ ਗਤੀ ਕਰਾਓ---ਮਾਂ ਬੜੇ ਧਿਆਨ ਨਾਲ ਬਾਪੂ ਦੀਆਂ ਗੱਲਾਂ ਸੁਣ ਰਹੀ ਸੀ---ਹੌਲੀ ਜਿਹੇ ਬੋਲੀ,
“ਪੰਡਤ ਨੂੰ ਪੁੱਛਣਾ ਤੀਘਾ ਬਈ ਇਹ ਪਿੱਤਰ ਆਦਮੀ ਐ ਜਾਂ ਔਰਤ---ਕਿਉਂਕਿ ਉਹਦੇ ਨਮਿੱਤ ਕੱਪੜੇ ਵੀ ਦੇਣੇ ਪੈਣਗੇ---"
“ਇਹ ਤਾ ਉਹਨੇ ਦੱਸਿਆ ਨੀ---ਨਾ ਈ ਮੈਂ ਪੁੱਛਿਆਂ---ਚਲੋ ਆਪਾ ਪਹੋਏ ਜਾ ਕੇ ਜਾਂ ਹਰਦੁਆਰ ਜਾ ਕੇ ਆਪਣੇ ਕੁਲ ਪਰੋਹਤ ਨੂੰ ਕਹਾਂਗੇ ਕਿ ਉਹ ਆਪੇ ਅੰਦਾਜੇ ਨਾਲ ਇਸ ਭਟਕਦੇ ਪਿੱਤਰ ਦੀ ਗਤੀ ਕਰਾ ਦੇਵੇ---"
ਮਾਂ ਦੋਚਿੱਤੀ ਜਿਹੀ ਵਿੱਚ ਬਾਪੂ ਦਾ ਮੂੰਹ ਤੱਕ ਰਹੀ ਸੀ---ਤੁਸੀਂ ਤਾ ਪਤਾ ਨੀ ਮੇਰੀ ਗੱਲ ਉੱਤੇ ਇਤਬਾਰ ਕਰੋ ਜਾਂ ਨਾ ਪਰ ਮੈਂ ਤੁਹਾਨੂੰ ਸੱਚ ਦੱਸਦੀ ਹਾਂ ਕਿ ਮੇਰੀ ਭੈਣ, ਜਿਹਨੂੰ ਮਾਂ ਨੇ ਜੰਮਣੋਂ ਪਹਿਲਾਂ ਈ ਮਾਰ ਦਿੱਤਾ ਸੀ, ਆ ਕੇ ਮਾਂ ਤੇ ਬਾਪੂ ਦੇ ਵਿਚਕਾਰ ਬਹਿ ਗਈ---ਇੱਕ ਨਿੱਕੀ ਕੂਲੀ ਜਿਹੀ ਬਾਲੜੀ---ਉਹ ਆਖ ਰਹੀ ਸੀ ਕਿ:-
ਹਰ ਸਾਲ
ਸਾਲ ਦਰ ਸਾਲ
ਸਾਲਾਂ ਦੇ ਸਾਲ
ਹੇ ਮਾਂ !
ਤੂੰ ਬੀਰੇ ਦੀ ਸਲਾਮਤੀ ਲਈ
ਉਹਦੇ ਉਜਵਲ ਭਵਿੱਖ ਲਈ
ਉਹਨੂੰ ਚੰਗਾ ਮਨੁੱਖ ਬਣਾਉਣ ਲਈ
ਉਹਦੇ ਨਸ਼ਿਆਂ ਨੂੰ ਛੁਡਾਉਣ ਲਈ
ਉਹਦੀਆਂ ਬਦਫੈਲੀਆਂ ਦੂਰ ਕਰਨ ਲਈ
ਨਿੱਤ ਪੁਲਸ ਕਚਰਿਹੀਆਂ ਦੇ ਝੰਜਟਾਂ ਤੋਂ
ਨਿੱਤ ਆਉਂਦੇ ਉਲ੍ਹਾਮਿਆਂ ਤੋਂ
ਨਿਜਾਤ ਦੁਆਉਣ ਲਈ
ਉਹਦੇ ਵਾਸਤੇ ਚੰਗੀ ਜੀਵਨ ਸਾਥਣ ਲਈ
ਮਾਂ ਤੂੰ ਪਿੱਤਰਾਂ ਦੀ ਪੂਜਾ ਕਰਦੀ ਹਂੈ
ਜਠੇਰਿਆਂ ਦੀ ਮਿੱਟੀ ਕੱਢਦੀ ਹੈਂ
ਹਰ ਸਾਲ ਪਹੋਏ ਦੇ ਮੇਲੇ
ਮਰਿਆਂ ਮੁੱਕਿਆਂ ਦੀ
ਮਰ ਮੁੱਕ ਚੁੱਕਿਆਂ ਦੀ
ਗਤੀ ਕਰਾਉਂਦੀ ਹੈ
ਰੁੱਠੇ ਪਿੱਤਰਾਂ ਦੇ ਪਿੰਡ ਦਾਨ ਕਰਾਉਂਦੀ ਹੈਂ
ਉਹਨਾਂ ਦੀ ਮੁਕਤੀ ਲਈ
ਪੰਛੀਆਂ ਨੂੰ ਸਤਨਾਜਾ ਖੁਆਉਂਦੀ ਹੈ
ਤੇ ਮਾਪਿਓ---ਹੇ ਧਰਮੀ ਮਾਪਿਓ
ਥੋਡੀ ਕੁਲ `ਚ ਜਦ ਜਦ ਕੋਈ ਮਰਿਐ
ਤਾ ਵਿਧੀ ਵਤ ਉਹਨਾਂ ਦਾ ਕਿਰਿਆ ਕਰਮ ਹੋਇਐ
ਬੜੀ ਸ਼ਰਧਾ ਨਾਲ ਉਸ ਦੇ ਫੁੱਲ
ਹਰਦੁਆਰ `ਚ ਵਹਿੰਦੀ
ਕਈ ਕੁੱਝ ਸੁਣਦੀ ਤੇ ਕਈ ਕੁੱਝ ਕਹਿੰਦੀ
ਪਰ ਮੂਕ ਗੰਗਾ ਦੀਆਂ ਲਹਿਰਾਂ `ਚ
ਪ੍ਰਵਾਹ ਕੀਤੇ ਗਏ ਨੇ
ਮਾਂ ਸੱਚ ਮੰਨ!
ਉਥੇ ਪਾਂਡਿਆਂ ਦੀਆਂ ਵਹੀਆਂ `ਚ
ਥੋੜੀ ਕੁਲ `ਚ ਜੰਮੇ ਹਰ ਬੱਚੇ ਦਾ
ਤੇ ਮਰ ਗਏ ਬੰਦੇ ਦਾ
ਹਿਸਾਬ ਕਿਤਾਬ ਰੱਖਿਆ ਹੋਇਐ
ਧਰਮੀ ਮਾਪਿਓ !
ਸ਼ਰਾਧਾਂ ਦੇ ਦਿਨਾਂ `ਚ
ਬੜੀ ਸ਼ਰਧਾ ਨਾਲ
ਨਹਾ ਧੋ ਕੇ ਤੇ ਸਾਫ ਕੱਪੜੇ ਪਹਿਨ ਕੇ
ਧੂਪ ਬੱਤੀ-ਪੂਜਾ ਪਾਠ ਕਰਕੇ
ਸ਼ੁੱਧ ਬੁੱਧ ਹੋ ਕੇ
ਤੁਸੀਂ ਸਾਰੇ ਪਿੱਤਰਾਂ ਦੇ ਸ਼ਰਾਧ ਪਾਉਂਦੇ ਹੋ
ਦਾਨ ਦੱਛਣਾ ਵੀ ਦਿੰਦੇ ਹੋ
ਕਾਵਾਂ ਨੂੰ ਸੱਦ ਸੱਦ ਕੇ
ਕਾਂਸੇ ਦੇ ਛੰਨੇ `ਚ
ਸੁੱਚੀ ਰੋਟੀ ਦੇ ਟੁਕੜੇ ਧਰ ਕੇ
ਫੇਰ ਲਾਡਲੇ ਬੀਰੇ ਨੂੰ
ਸਿਰ ਢਕ ਕੇ ਕਾਵਾਂ ਨੂੰ
ਸੱਦਣ ਲਈ ਆਖਦੇ ਹੋ
ਤੇ ਬੀਰਾ ਲਾਡਲਾ ਕੁਲਦੀਪਕ
ਨਸ਼ੇ ਦਾ ਭੰਨਿਆ
ਪੂਰਾ ਤਾਣ ਲਾ ਕੇ
ਕਾਵਾਂ ਨੂੰ ਸੱਦਣ ਲਈ
ਕਾਂ---ਕਾਂ---ਕਾਂ---ਕਾਂ ਕਰਦਾ ਹੈ
ਪਰ ਉਹਦੀ ਆਵਾਜ ਬਨੇਰੇ ਤੋ
ਪਾਰ ਵੀ ਨੀ ਜਾ ਸਕਦੀ
ਨਸ਼ੇ ਦੀ ਤਰੈਟ ਜੁ ਹੰੁਦੀ ਹੈ ---ਖੈਰ !
ਹੇ ਧਰਮੀ ਮਾਪਿਓ
ਤੁਸੀਂ ਦੀਵਾਲੀ ਤੋਂ ਪਹਿਲਾਂ
ਧਨ ਤੇਰਸ ਵਾਲੇ ਦਿਨ
ਪਿੱਤਲ ਦਾ ਭਾਂਡਾ ਖਰੀਦਦੇ ਹੋ
ਤੇ ਠੀਕ ਦੀਵਾਲੀ ਤੋਂ ਇੱਕ ਦਿਨ ਪਹਿਲਾਂ
ਛੋਟੀ ਦੀਵਾਲੀ ਵਾਲੇ ਦਿਨ
ਤੁਸੀਂ ਪਿੱਤਰਾਂ ਨਮਿੱਤ ਦੋਘੜਾਂ ਪੂਜਦੇ ਹੋ
ਤੇ ਦੀਵਾਲੀ ਵਾਲੀ ਰਾਤ ਨੂੰ
ਟੂਣਿਆ ਹਾਰੀ ਰਾਤ ਨੂੰ
ਤੁਸੀਂ ਪਿੱਤਰਾਂ ਨੂੰ ਰਾਹ ਦਿਖਾਉਣ ਲਈ
ਖੇੜੇ ਖੁਆਜੇ ਉੱਤੇ
ਸਤੀਆਂ ਥਾਨਾਂ ਉੱਤੇ
ਖਾਸ ਕਰ ਸ਼ਮਸ਼ਾਨ ਘਾਟ ਉੱਤੇ
ਦੀਵੇ ਜਗਾਉਂਦੇ ਹੋ
ਹੇ ਧਰਮੀ ਮਾਪਿਓ---!!
ਕੀ ਪਿੱਤਰ ਅੰਨ੍ਹੇ ਨੇ ??
ਜੇ ਹਾਂ---ਤਾ ਭਲਾ ਉਹਨਾਂ ਨੂੰ
ਇੱਕ ਦਿਨ ਦੀਵਾ ਦਿਖਾ ਕੇ
ਤੁਸੀਂ ਉਹਨਾਂ ਦਾ ਕੀ ਸੁਆਰਦੇ ਹੋ?
ਤੁਹਾਨੂੰ ਇਹ ਵੀ ਇਲਮ ਹੁੰਦਾ ਹੈ
ਕਿ ਬੀਰਾ-ਲਾਡਲਾ ਬੀਰਾ ਏਸ ਰਾਤ
ਜੂਏ `ਚ ਘਰ ਦੀ ਅਗਲੀ ਸ਼ੈਅ
ਪਿਛਲੀ ਦੀਵਾਲੀ `ਚ ਹਾਰੀ ਸ਼ੈਅ ਤੋਂ
ਅਗਲੀ ਸ਼ੈਅ
ਸੱਟੇ ਵਿੱਚ ਹਾਰ ਰਿਹੈ
ਉਹ ਸਾਰੀ ਜਾਇਦਾਦ ਖਾ ਪੀ ਗਿਐ
ਤੇ ਮਾਪਿਓ !
ਰਾਤੀਂ ਜਦੋਂ ਉਹ ਨਸ਼ੇ `ਚ ਚੂਰ
ਆਪਣੇ ਆਪ ਤੋਂ ਦੂਰ-ਬੇਖ਼ਬਰ
ਡਿਗੁਦਾ ਢਹਿੰਦਾ ਘਰੇ ਆਵੇਗਾ
ਤਾ ਉੱਚੀ ਉੱਚੀ ਗਾਵੇਗਾ
“ਏਸ ਪਤੀਲੀ ਨੇ---ਸੱਤਰ ਬਿੱਘੇ ਖਾ ਲਈ"
ਏਸ ਪਤੀਲੀ ਨੇ---ਏ---
ਤੇ ਧਰਮੀ ਮਾਪਿਓ
ਸ਼ਾਇਦ ਉਸ ਪਲ ਤੁਸੀਂ ਪਛਤਾਉਂਦੇ ਹੋਵੋਗੇ
ਸ਼ਾਇਦ-ਪਰ ਪੱਕਾ ਨੀ ਕਹਿ ਸਕਦੇ
ਤੁਸੀਂ ਪਛਤਾਉਂਦੇ ਜ਼ਰੂਰ ਹੋਵੋਗੇ
ਤੇ ਹੇ ਧਰਮੀ ਮਾਪਿਓ !
ਤੁਸੀਂ ਨਰਾਤਿਆਂ ਵਿੱਚ
ਕੰਜਕਾਂ ਵੀ ਪੂਜਦੇ ਹੋ
ਉਹਨਾਂ ਦੇ ਪੈਰ ਵੀ ਧੋਂਦੇ ਹੋ
ਨਰਾਤਿਆਂ ਵਿੱਚ ਤੇ ਸ਼ਰਾਧਾਂ ਵਿੱਚ
ਤੁਸੀਂ ਪਿਆਜ਼ ਲਸਣ ਵੀ ਨਹੀਂ ਵਰਤਦੇ
ਕਿਉਂਕਿ ਇਹ ਨਾਸਤਿਕ ਭੋਜਨ ਹੈ
ਫੇਰ ਇਹ ਦੇਖ ਕੇ ਸੱਚ ਈ ਨੀ ਆਉਂਦਾ
ਵਿਸ਼ਵਾਸ ਈ ਨੀ ਹੰੁਦਾ
ਕਿ ਇਹ ਤੁਸੀਂ ਹੋ ??
ਐਨੇ ਧਾਰਮਿਕ ??
ਐਨੇ ਦਾਨੀ ਸੰਵੇਦਨ ਸ਼ੀਲ---ਉਫ਼ !
ਤੁਹਾਡਾ ਇਹ ਰੂਪ ਦੇਖ ਕੇ
ਕੋਈ ਸੋਚ ਵੀ ਨੀ ਸਕਦਾ
ਕਿ ਤੁਸੀਂ ਕਾਤਲ ਵੀ ਹੋ ਸਕਦੇ ਹੋ !
ਕਾਤਲ ਵੀ ਕਿਸੇ ਬੇਗਾਨੇ ਦੇ ਨਹੀਂ
ਆਪਣੀ ਓ ਧੀ ਦੇ ਕਾਤਲ
ਪੇਟ `ਚ ਪਲਦੀ ਨੰਨ੍ਹੀ ਜਾਨ ਦੇ ਕਾਤਲ !
ਹੇ ਮਾਂ-ਹੇ ਜਗਤ ਜਨਨੀ
ਮਮਤਾ ਦੀ ਮੂਰਤ-ਯਾਦ ਕਰ
ਕਈ ਵਰ੍ਹੇ ਪਹਿਲਾਂ
ਅੱਠਵੇਂ ਨਰਾਤੇ ਵਾਲੇ ਦਿਨ
ਜਦੋਂ ਲੋਕ ਕੰਜਕਾਂ ਪੂਜ ਰਹੇ ਸਨ
ਤੁਸੀਂ ਮੈਨੂੰ ਜੰਮਣ ਤੋਂ ਪਹਿਲਾਂ ਈ
ਦੁਨੀਆਂ `ਚ ਆਉਣ ਤੋਂ ਪਹਿਲਾਂ ਈ
ਮਾਰ ਦਿੱਤਾ ਸੀ-ਕਤਲ ਕਰ ਦਿੱਤਾ ਸੀ
ਕੋਹ ਕੋਹ ਕੇ ਮਾਰਿਆ ਸੀ-ਪਰ ਕਿਉਂ ??
ਕਿਉਂਕਿ ਥੋਡੇ ਕੋਲ ਦੋ ਧੀਆਂ ਪਹਿਲਾਂ ਈ ਸਨ
ਹੇ ਧਰਮੀ ਮਾਪਿਓ !!
ਮੈਂ ਤੁਹਾਨੂੰ ਬੜੇ ਤਰਲੇ ਪਾਏ
ਬੜੀ ਫ਼ਰਿਆਦ ਕੀਤੀ
ਮਾਂ ਦੀ ਕੁੱਖ `ਚ ਸਿਰ ਪਟਕ ਪਟਕ ਕੇ
ਸਹਿਕ ਸਹਿਕ ਕੇ ਜਾਨ ਦਿੰਦੀ ਨੇ
ਤੁਹਾਨੂੰ ਬੜੇ ਵਾਸਤੇ ਪਾਏ
ਪਰ ਹੇ ਧਰਮੀ ਮਾਪਿਓ-ਤੁਹਾਨੂੰ---ਤੁਹਾਨੂੰ
ਮੇਰੀ ਇੱਕ ਵੀ ਚੀਕ ਨਾ ਸੁਣੀ
ਤੇ ਅਖ਼ੀਰ ਮੈਂ ਵੀ ਪਿੱਤਰਾਂ `ਚ ਜਾ ਰਲੀ
ਦਾਦੇ ਪੜਦਾਦਿਆਂ ਨਾਲ
ਥੋਡੀ ਕੁਲ ਦੇ ਬਜ਼ੁਰਗਾਂ ਨਾਲ
ਜਠੇਰਿਆਂ ਨਾਲ
ਵੱਡ ਵਡੇਰਿਆਂ ਨਾਲ
ਪੂਜਨੀਕ ਪਿੱਤਰਾਂ ਨਾਲ
ਪਰ ਮਾਂ---ਹੇ ਮਾਂ---ਹੇ ਧਰਮੀ ਮਾਪਿਓ
ਹੇ ਮੇਰੇ ਕਾਤਲ ਮਾਪਿਓ
ਮੇਰਾ ਨਾਂ ਤੁਹਾਡੇ ਕੁਲ ਪਰੋਹਤਾ ਦੇ
ਹਰਿਦੁਆਰ ਦੇ ਪਾਂਡਿਆਂ ਦੇ
ਵਹੀ ਖਾਤਿਆਂ `ਚ ਨਹੀਂ ਹੈ
ਦਰਜ ਹੀ ਨਹੀਂ ਹੈ
ਨਾ ਮੇਰੇ ਜੰਮਣ ਦਾ ਵੇਰਵਾ
ਤੇ ਨਾ ਮੇਰੇ ਮਰਨ ਦਾ ਵੇਰਵਾ
ਪਰ ਮੈਂ ਪਿੱਤਰ ਤਾ ਹਾਂ ਹੀ
ਤੁਹਾਡੇ ਕੁਲ ਦੀ ਇੱਕ ਪਿੱਤਰ
ਸ਼ਾਇਦ ਤੁਹਾਨੂੰ ਇਲਮ ਨਹੀਂ
ਸ਼ਾਇਦ ਤੁਸੀਂ ਨਹੀਂ ਜਾਣਦੇ
ਕਿ ਜੇ ਇੱਕ ਵੀ ਪਿੱਤਰ
ਰੁੱਠਿਆ ਹੋਵੇ
ਇੱਕ ਵੀ ਪਿੱਤਰ ਜੇ ਯਾਦ ਨਾ ਕੀਤਾ ਜਾਵੇ
ਉਹਦਾ ਸ਼ਰਾਧ ਨਾ ਪਾਇਆ ਜਾਵੇ
ਉਹਦੀ ਗਤੀ ਮੁਕਤੀ ਲਈ
ਪਖੰਡ ਨਾ ਕੀਤਾ ਜਾਵੇ
ਦਿਖਾਵਾ ਨਾ ਕੀਤਾ ਜਾਵੇ
ਤਾ ਪਿੱਤਰ ਦੋਸ਼ ਨਹੀਂ ਹਟ ਸਕਦਾ
ਕੁਧਰਮੀ ਮਾਪਿਓ !!
ਅਜੇ ਵੀ ਵਕਤ ਹੈ
ਅਜੇ ਵੀ ਸੰਭਲ ਜਾਓ
ਪਿੱਤਰ ਦੋਸ਼ ਦੂਰ ਕਰਨ ਲਈ
ਪਖੰਡਾਂ ਦੀ ਥਾਂ
ਆਪਣਾ ਨਜ਼ਰੀਆ ਬਦਲੋ
ਆਪਣੀ ਸੋਚ ਬਦਲੋ
ਧੀਆਂ ਨੂੰ ਕੁੱਖਾਂ `ਚ ਨਾ ਮਾਰੋ
ਉਹਨਾਂ ਨੂੰ ਪੁੱਤਾ ਬਰਾਬਰ ਸਮਝੋ
ਪੁੱਤਾ ਵਾਂਗ ਪਾਲਣਾ ਕਰੋ
ਨਹੀਂ ਤਾ ਸ਼ਰਾਧ ਪਾਇਆਂ ਤੇ ਤੀਰਥ ਨਾਇ੍ਹਆਂ
ਮੜ੍ਹੀਆਂ ਮਸਾਣਾਂ ਪੂਜਿਆਂ
ਜਠੇਰੇ ਮਨਾਇਆਂ ਪਿੱਤਰ ਪੂਜਿਆਂ
ਬੀਰਿਆਂ ਨੇ ਚੰਗੇ ਮਨੁੱਖ ਨਹੀਂ ਬਣਨਾ
ਨਸ਼ਿਆਂ ਤੋਂ ਦੂਰ ਨਹੀਂ ਹੋਣਾ
ਕੁਧਰਮੀ ਮਾਪਿਓ-ਇਹ ਪਿੱਤਰ ਦੋਸ਼ ਨਹੀਂ
ਜੰਮਣੋ ਪਹਿਲਾਂ ਮਾਰ ਦਿੱਤੀਆਂ
ਮੇਰੇ ਜਿਹੀਆਂ ਲੱਖਾਂ ਕਰੋੜਾਂ ਧੀਆਂ ਦਾ
ਸ਼ਰਾਪ ਹੈ
ਕਾਤਲ ਮਾਪਿਆਂ ਨੂੰ ਧੀਆਂ ਦੀ
ਦਅਸੀਸ ਹੈ
ਸੋ ਧੀਆਂ ਨੂੰ ਸਨਮਾਨ ਦਿਓ
ਧੀਆਂ ਨੂੰ ਸਨਮਾਨ ਦਿਓ
ਧੀਆਂ ਨੂੰ ਬਣਦੀ ਥਾਂ ਦਿਓ
ਮੈਨੂੰ ਮੇਰੀ ਮਰ ਚੁੱਕੀ ਭੈਣ ਸਾਫ਼ ਦਿਖਾਈ ਦੇ ਰਹੀ ਸੀ---ਤੇ ਮੇਰੇ ਮਾਪਿਆਂ ਨੂੰ ਵੀ ਇਹ ਧੀ ਨਜ਼ਰ ਆ ਰਹੀ ਸੀ---ਉਸਦਾ ਇੱਕ ਇੱਕ ਸ਼ਬਦ ਸੁਣਾਈ ਦੇ ਰਿਹਾ ਸੀ---ਤਾ ਹੀ ਮੇਰੀ ਭੈਣ ਦੀ ਗੱਲ ਖ਼ਤਮ ਹੋਣ ਬਾਦ ਦੋਵੇਂ ਇਕੱਠੇ ਹੀ ਬੋਲੇ ਸਨ, “ਇਹ ਪਿੱਤਰ ਗੁੱਡੀ ਹੋ ਸਕਦੀ ਐ"
ਮੈਂ ਉਹਨਾਂ ਦੇ ਹਾਵ ਭਾਵ ਨੋਟ ਕਰ ਰਹੀ ਸਾਂ---ਦੋਹਾਂ ਦੇ ਚਿਹਰਿਆਂ ਉੱੇਤੇ ਆਤਮ ਗਿਲਾਨੀ ਨਜ਼ਰ ਆ ਰਹੀ ਸੀ---ਦੋਵੇਂ ਇੱਕ ਦੂਜੇ ਵੱਲ ਦੇਖ ਰਹੇ ਸਨ।
--ਚਲਦਾ--