ਧਰਮੀ ਮਾਪੇ (ਕਿਸ਼ਤ-13) (ਨਾਵਲ )

ਡਾ. ਚਰਨਜੀਤ    

Email: naturaltalent2008@yahoo.com
Cell: +91 79731 21742
Address: #880 Sector 9
Karnal Haryana India
ਡਾ. ਚਰਨਜੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


35

ਅਗਲੇ ਦਿਨ ਟਿਕਾਣੇ `ਚ ਹੋਏ ਦੋ ਕਤਲਾਂ ਦੀ ਖ਼ਬਰ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ---ਤਰਥੱਲੀ ਮੱਚ ਗਈ---ਪੁਲਸ ਨੇ ਗਾਹ ਪਾ ਦਿੱਤਾ---ਲਾਮ੍ਹ ਚਾਮ੍ਹ ਦੇ ਪਿੰਡਾਾਂ `ਚ ਲਾਅ-ਲਾ-ਲਾਅ-ਲਾ ਹੋਈ---ਜਿੱਥੇ ਚਾਰ ਬੰਦੇ ਖੜ੍ਹੇ ਹੋਣ ਉਥੇ ਹੀ ਇਸ ਦੋਹਰੇ ਕਤਲ ਦੀ ਚਰਚਾ ਹੋਵੇ---ਲੋਕੀਂ ਕਿਆਸ ਅਰਾਈਆਂ ਲਾਉਣ---ਕੋਈ ਮਹੀਨਾ ਭਰ ਇਹਨਾਂ ਕਤਲਾਂ ਦਾ ਤੇ ਪਹਿਲਾਂ ਹੋਏ ਇੱਕ ਚੇਲੇ ਦੇ ਕਤਲ ਦਾ ਰੱਜ ਕੇ ਕਚ੍ਹੀਰਾ ਹੋਇਆ---

ਬੇਬੇ ਦੇ ਮੂੰਹ ਤੇ ਅਜਿਹਾ ਕੋਈ ਹਾਵ ਭਾਵ ਨਾ ਆਇਆ ਜਿਸ ਕਰਕੇ ਕਿਸੇ ਨੂੰ ਉਹਦੇ ਉੱਤੇ ਸ਼ੱਕ ਹੋਵੇ---ਉਂਜ ਵੀ ਇੱਕ ਔਰਤ ਉਤੇ ਇਹੋ ਜਿਹਾ ਸ਼ੱਕ ਹੋਣਾ ਮੁਸ਼ਕਲ ਸੀ---ਬੇਬੇ ਸ਼ਾਂਤ ਸੀ---ਜਦੋਂ ਕਿਤੇ ਘਰ ਵਿੱਚ ਇਹਨਾਂ ਕਤਲਾਂ ਦਾ ਜ਼ਿਕਰ ਛਿੜੇ ਤਾਂ ਬੇਬੇ ਇਕੋ ਉੱਤਰ ਦੇਵੇ---

“ਭਾਈ ਜੋ ਮਾੜਾ ਕਰੂਗਾ ਆਪੇ ਭਰੂਗਾ---ਆਖਰ ਆਪਣਾ ਗੁਨਾਹ ਭੁਗਤੂਗਾ---ਜਿਹੜਾ ਪਾਪੀ ਹੋਊ ਉਸੇ ਨੂੰ ਪ੍ਰਮਾਤਮਾ ਸਜਾ ਦਿਊ---ਇੱਥੇ ਈ `ਨਸਾਫ ਹੋ ਜਾਣੈ ਸਾਰੇ ਕੁਕਰਮਾਂ ਦਾ---ਪੁਲਸ ਪੂਰੀ ਤਹਿਕੀਕਾਤ ਕਰ ਚੁੱਕੀ ਪਰ ਕਾਤਲ ਦਾ ਪਤਾ ਨਾ ਲੱਗਿਆ---ਚੇਲਿਆਂ ਨੂੰ ਕਿਸੇ ਉੱਤੇ ਸ਼ੱਕ ਸੁਬ੍ਹਾ ਹੈ ਈ ਨਹੀਂ ਸੀ---ਥੱਕ ਹਾਰ ਕੇ ਪੁਲਸ ਵੀ ਚੁੱਪ ਕਰ ਕੇ ਬਹਿ ਗਈ---ਕੋਈ ਦੋ ਕੁ ਮਹੀਨਿਆਂ `ਚ ਈ ਸਾਰੇ ਦੇ ਸਾਰੇ ਸਾਧ ਪਤਾ ਨੀ ਕਿੱਧਰ ਕਿੱਧਰ ਨੂੰ ਤੁਰ ਗਏ---ਹੁਣ ਟਿਕਾਣਾ ਬੇਆਬਾਦ ਹੋ ਗਿਆ ਸੀ---ਇੱਕ ਦਿਨ ਗੁਰਾ ਉਦਾਸ ਜਿਹੇ ਲਹਿਜ਼ੇ ਵਿੱਚ ਬੇਬੇ ਦੇ ਨੇੜੇ ਬਹਿੰਦਿਆਂ ਬੋਲਿਆ,

“ਬੇਬੇ ਇੱਕ ਗੱਲ ਕਹਾਂ---ਜੇ ਭਲਾਂ ਦੀ ਮੁੰਡਾ ਨਾ ਹੋਇਆ---ਕੁੜੀ ਹੋ ਗਈ---ਤਾਂ ਆਪਾਂ ਹੁਣ ਕਿਸੇ ਨੂੰ ਅਲਾਂਭਾ ਦੇਣ ਜੋਗੇ ਵੀ ਨੀ ਰਹਿਣੇ---ਟਿਕਾਣੇ ਆਲਾ ਮਹੰਤ ਤਾਂ ਮਰ ਗਿਆ ਤੇ ਬਾਕੀ ਚੇਲੇ ਚਾਟੜੇ ਘਰੋ ਘਰੀ ਤੁਰ ਗਏ---"

“ਚਲ ਕੋਈ ਨਾ---ਤੂੰ ਦਿਲ ਹੌਲਾ ਨਾ ਕਰ---ਬਾਘਰੂ ਭਲੀ ਕਰੂ---ਰੱਬ ਤੇ ਭਰੋਸਾ ਰੱਖ---ਸਭ ਦੀਆਂ ਮੁਰਾਦਾਂ ਉਹੀ ਪੂਰੀਆਂ ਕਰਦੈ---ਨਾਲੇ ਨਰਸ ਦੱਸਦੀ ਸੀ ਬਈ ਜੌੜੇ ਬੱਚੇ ਨੇ---ਇੱਕ ਤਾਂ ਮੁੰਡਾ ਹੋਣਾ ਈ ਐ---ਆਪਾਂ ਕਿਹੜਾ ਰੱਬ ਦੇ ਮਾਂਹ ਮਾਰੇ ਨੇ---ਜੇ ਦੋਏ ਮੁੰਡੇ ਨਾ ਵੀ ਹੋਏ ਤਾਂ ਇੱਕ ਤਾਂ ਬੱਟ ਤੇ ਪਿਐ---"

ਬੇਬੇ ਸ਼ਾਇਦ ਦੁਖੀ ਸੀ ਕਿ ਜੇ ਮੁੰਡਾ ਵੀ ਹੋ ਗਿਆ ਤਾਂ ਉਹ ਕਿਹੜਾ ਆਪਣਾ ਖੂਨ ਹੋਣਾ ਐ---ਮੁੰਡਾ ਹੋਵੇ ਜਾਂ ਕੁੜੀ---ਇਹਦੇ ਨਾਲ ਕੀ ਫਰਕ ਪੈਂਦੇ---ਬੇਬੇ ਨੇ ਅੱਗ ਧੂਆਂ ਅੰਦਰੇ ਦੱਬ ਰੱਖਿਆ ਸੀ---ਅੰਦਰੇ ਘੁੱਟ ਰੱਖਿਆ ਸੀ---ਅੰਦਰੇ ਖਪਾਅ ਰੱਖਿਆ ਸੀ---ਇੱਕ ਦਿਨ ਉਸ ਨੇ ਲਾਲ ਕੱਪੜੇ ਦੇ ਲੜਾਂ ਵਿੱਚ ਦੇਵੀ ਦੇਵਤਿਆਂ ਨਮਿੱਤ ਬੰਨ੍ਹ ਕੇ ਰੱਖੇ ਪੈਸੇ ਕੱਢ ਕੇ ਵਰਤ ਲਏ---ਤੇ ਕੱਪੜਾ ਪਰ੍ਹੇ ਵਗਾਹ ਮਾਰਿਆ---

ਐਤਕੀਂ ਬੇਬੇ ਨੇ ਨਾ ਹੀ ਸ਼ਰਾਧ ਪਾਏ ਤੇ ਨਾ ਹੀ ਕੰਜਕਾਂ ਪੂਜੀਆਂ---ਦੀਵਾਲੀ ਤੋਂ ਪਹਿਲਾਂ ਉਹਨੇ ਜਠੇਰਿਆਂ ਦੇ ਨਮਿੱਤ ਮਿੱਟੀ ਵੀ ਨਾ ਕੱਢੀ---ਮੇਰੀਆਂ ਦਰਾਣੀਆਂ ਜਠਾਣੀਆਂ ਹੀ ਸਾਰੇ ਤਿਉਹਾਰ ਮਨਾਉਂਦੀਆਂ ਰਹੀਆਂ---ਬੇਬੇ ਤਾਂ ਜਿਵੇਂ ਬੁਝ ਈ ਗਈ ਸੀ---ਡੁੰਨ ਬਾਟਾ ਜਿਹਾ ਬਣੀ ਖੋਈ ਖੋਈ ਤੁਰੀ ਫਿਰਦੀ---

ਸਵਰਨੋ ਵੀ ਉਦਾਸ ਰਹਿੰਦੀ---ਘਰ ਵਿੱਚ ਇੱਕ ਤਰਾਂ ਸੋਗੀ ਜਿਹਾ ਮਾਹੌਲ ਸੀ---ਕੋਈ ਖੁਸ਼ੀ ਨਹੀਂ ਸੀ---ਟਿਕਾਣੇ ਵਾਲੇ ਕਤਲਾਂ ਦਾ ਮੁੱਦਾ ਠੰਢਾ ਪੈ ਗਿਆ ਸੀ---

ਇੱਕ ਦਿਨ ਪੰਡਤਾਣੀ ਸਾਡੇ ਘਰੇ ਆ ਗਈ---ਮੈਂ ਸੋਚਿਆ ਬਈ ਹੁਣ ਉਹ ਦੱਬੇ ਮੁਰਦੇ ਫਰੋਲੂਗੀ---ਜ਼ਰੂਰ ਟਿਕਾਣੇ ਦਾ ਕਿੱਸਾ ਛੋਹੇਗੀ---ਤੇ ਉਹੀ ਹੋਇਆ---ਉਹ ਮੂੜ੍ਹੇ ਤੇ ਬਹਿੰਦਿਆਂ ਬੋਲੀ,

“ਭਲਾਂ ਬੇਬੇ ਟਿਕਾਣਾ ਤਾਂ ਉੱਜੜ ਪੁੱਜੜ ਈ ਗਿਆ---ਪਤਾ ਨੀ ਕਿਹੜੇ ਕਲਜੁਗੀ ਜੀਅ ਨੇ ਮਹੰਤ ਜੀ ਤੇ ਉਹਨਾਂ ਦੇ ਚੇਲਿਆਂ ਦਾ ਕਤਲ ਕਰ ਦਿੱਤਾ---ਬਚਾਰੇ ਬ੍ਰਹਮਗਿਆਨੀ ਸੰਤ ਸੀਘੇ---ਅਹੇ ਜੇ ਮਹਾਤਮਾਂ ਸਾਧਾਂ ਸੰਤਾਂ ਨੂੰ ਮਾਰ ਕੇ ਬੰਦਾ ਕਿੱਥੇ ਜਾ ਕੇ ਲੇਖੇ ਦਿਊਗਾ---"

“ਲੈਅ ਪੰਡਤੈਣ ਬਿਚਲੀ ਗੱਲ ਦਾ ਕਿਸੇ ਨੂੰ ਕੀ ਪਤਾ---ਕੀ ਪਤਾ ਉਹਨਾਂ ਦੇ ਚੇਲੇ ਚਪਟਿਆਂ ਨੇ ਈ ਮਾਰ `ਤੇ ਹੋਣ---ਹੋਰ ਤਾਂ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਨੀ ਸੀਘੀ---ਨਾਲੇ ਅੱਜ ਦੇ ਜਮਾਨੇ `ਚ ਕਿਹੜਾ ਬ੍ਰਹਮਗਿਆਨੀ ਐ---ਸਾਰੇ ਪਖੰਡੀ ਤੁਰੇ ਫਿਰਦੇ ਨੇ---ਕੀ ਪਤਾ ਉਹਨਾਂ ਨੇ ਕਿਸੇ ਨਾਲ ਕੀ ਜੁਲਮ ਕੀਤਾ ਹੋਣਾ---ਊਂਈ ਤਾਂ ਨੀ ਕੋਈ ਕਿਸੇ ਨੂੰ ਕਤਲ ਕਰ ਦਿੰਦਾ---"

“ਹਾਂਅ ਇਹ ਬੀ ਠੀਕ ਐ---ਪਰ ਜੀਹਨੇ ਵੀ ਕੀਤਾ ਮਾੜਾ ਕੀਤਾ---ਕੀੜੇ ਪੈਣਗੇ ਮਾਰਨ ਆਲੇ ਦੇ---ਹੁਣੇ ਬਕੀਲਾਂ ਦੀ ਨੂੰਹ ਆਈ ਸੀ ਮੇਰੇ ਲਵੇ---ਅਖੇ ਮੁੰਡਾ ਹੋਣ ਦੀ ਦਵਾਈ ਹੁਣ ਕਿੱਥੋਂ ਲਿਆ ਕਰਾਂਗੇ---ਉਹਦੇ ਬਾਲ ਬੱਚਾ ਹੋਣ ਆਲਾ ਐ---ਮੈਂ ਕਿਹਾ ਭਾਈ ਮੈਨੂੰ ਤਾਂ ਟਿਕਾਣੇ ਆਲੇ ਮਹੰਤਾਂ ਦਾ ਈ ਪਤਾ ਸੀ---ਹੋਰ ਤਾਂ ਮੈਂ ਕਿਸੇ ਨੂੰ ਜਾਣਦੀ ਨੀ---ਹੁਣ ਤਾਂ ਲੈ ਦੇ ਕੇ ਜੇਠੂ ਰਾਮ ਬੈਦ ਦਾ ਈ ਸਹਾਰਾ ਰਹਿ ਗਿਐ---"

“ਪੰਡਤੈਣ---ਮੁੰਡੇ ਕੁੜੀਆਂ ਤਾਂ ਲੇਖਾਂ ਨਾਲ ਮਿਲਦੇ ਨੇ---ਜੀਹਦੇ ਭਾਗਾਂ `ਚ ਜੋ ਲਿਖਿਐ ਉਹੀ ਮਿਲਣਾਂ ਹੁੰਦੈ---ਇਹ ਤਾਂ ਆਪਣੇ ਮਨਾ ਦੇ ਵਹਿਮ ਨੇ---ਕੋਈ ਮਹਾਤਮਾ ਕੁਸ ਨੀ ਕਰ ਸਕਦਾ---ਨਾਲੇ ਇਹ ਚਮਤਕਾਰੀ ਕਰਤੱਬ ਸਤਜੁਗ `ਚ ਤਾਂ ਹੁੰਦੇ ਹੋਣਗੇ---ਹੁਣ ਤਾਂ ਕਲਜੁਗ ਐ---ਘੋਰ ਕਲਜੁਗ---"

“ਨਹੀਂ ਭੈਣ ਜੀ ਅਜੇ ਧਰਮ ਦੇ ਦੋ ਪੈਰ ਹੈਗੇ ਨੇ---ਸ਼ਾਸਤਰਾਂ `ਚ ਲਿਖਿਆ ਹੋਇਐ ਬਈ ਸਤਜੁਗ `ਚ ਧਰਮ ਦੇ ਚਾਰ ਪੈਰ ਹੁੰਦੇ ਸੀਗੇ---ਘਟਦਿਆਂ ਘਟਦਿਆਂ ਹੁਣ ਦੋ ਈ ਰਹਿ ਗੇ---ਜਿੱਦਣ ਇਹ ਦੋਏ ਵੀ ਖਤਮ ਹੋ ਗਏ ਉੱਦਣ ਘੋਰ ਕਲਜੁਗ ਆਊਗਾ---ਉੱਦਣ ਨਾ ਕੋਈ ਸੰਤ ਰਹਿਣਾਂ ਨਾ ਮਹਾਤਮਾ---ਪਾਪ ਦਾ ਘੜਾ ਭਰ ਜੂਗਾ---ਪਰ ਅਜੇ ਤਾਂ ਟਿਕਾਣੇ ਆਲੇ ਸੰਤਾਂ ਵਰਗੇ ਮਹਾਤਮਾ ਹੈਗੇ ਨੇ ਦੁਨੀਆਂ `ਚ---"

“ਤੇਰਾ ਵਹਿਮ ਐ ਪੰਡਤੈਣ ---ਨਾ ਇੱਕ ਗੱਲ ਦੱਸ---ਜੇ ਉਹ ਸੱਚੀਂ ਸੰਤ ਮਹਾਤਮਾ ਹੁੰਦੇ ਤਾਂ ਕੋਈ ਕਿਵੇਂ ਉਹਨਾਂ ਦਾ ਕਤਲ ਕਰ ਸਕਦਾ ਸੀਘਾ---ਜੇ ਉਹਨਾਂ ਕੋਲ ਕੋਈ ਗੈਬੀ ਸ਼ਕਤੀ ਹੁੰਦੀ ਤਾਂ ਉਹ ਆਪਣੀ ਰੱਖਿਆ ਨਾ ਕਰ ਸਕਦੇ---ਜਿਹੜਾ ਆਪਣੇ ਆਪ ਦੀ ਰਖਵਾਲੀ ਨੀ ਕਰ ਸਕਿਆ ਉਹ ਦੂਸਰਿਆਂ ਦੀਆਂ ਮੁਰਾਦਾਂ ਕਿਵੇਂ ਪੂਰੀਆਂ ਕਰੂ? ਕਿਵੇਂ ਔਰਤਾਂ ਨੂੰ ਪੁੱਤ ਬਕਸ ਦਿਊ?? ਮੇਰਾ ਤਾਂ ਮਹੰਤ ਦੇ ਕਤਲ ਤੋਂ ਬਾਦ ਇਹਨਾਂ ਸਾਧੜਿਆਂ ਤੋਂ ਭਰੋਸਾਂ ਈ ਉਠ ਗਿਐ---ਹੁਣ ਤਾਂ ਮੈ ਇਹੀ ਸੋਚਦੀ ਆਂ ਕਿ ਉਹ ਬ੍ਰਹਮਗਿਆਨੀ ਹੀ ਕੀ ਹੋਇਆ ਜਿਹੜਾ ਆਪਣੀ ਜਾਨ ਨਾ ਬਚਾਅ ਸਕਿਆ---ਉਹ ਕਤਲ ਕਰਨ ਆਏ ਬੰਦੇ ਨੂੰ ਭਸਮ ਕਿਉਂ ਨਾ ਕਰ ਸਕਿਆ---ਜੇ ਮੇਰਾ ਬਸ ਚਲਦਾ ਤਾਂ ਇੱਕ ਅੱਧ ਚੇਲਾ ਹੋਰ ਟਪਕਾਇਆ ਹੁੰਦਾ---“ਉਹ ਸੰਭਲ ਗਈ ਕਿ ਉਹਨੇ ਕੀ ਕਹਿ ਦਿੱਤਾ---ਝੱਟ ਪਲਟਦਿਆਂ ਬੋਲੀ, “ਮਤਲਬ ਕਾਤਲਾਂ ਨੇ ਇੱਕ ਦੋ ਚੇਲੇ ਹੋਰ ਟਪਕਾਅ ਦੇਣੇ ਸੀਘੇ---"

ਸੁਣ ਕੇ ਪੰਡਤਾਣੀ ਵੀ ਸਿਰ ਹਿਲਾਉਂਦੀ ਹੋਈ ਜਿਵੇਂ ਬੇਬੇ ਨਾਲ ਸਹਿਮਤ ਹੋ ਰਹੀ ਸੀ---ਬੁਝੀ ਬੁਝੀ ਆਵਾਜ਼ ਵਿੱਚ ਆਖਣ ਲੱਗੀ,

ਬੇਬੇ---ਹਾਅ ਗੱਲ ਤਾਂ ਤੇਰੀ ਗੌਰ ਕਰਨ ਆਲੀ ਐ---ਬਈ ਜੇ ਮਹੰਤ ਬ੍ਰਹਮਗਿਆਨੀ ਸੀ ਤਾਂ ਉਹ ਆਪਣੀ ਜਾਨ ਕਿਉਂ ਨਾ ਬਚਾਅ ਸਕਿਆ---ਮੇਰੇ ਮੋਟੇ ਖੋਪੜੇ `ਚ ਇਹ ਗੱਲ ਪਹਿਲਾਂ ਕਿਉਂ ਨਾ ਆਈ?"

   “ਹੋਰ ਕੀ! ਊਈਂ ਲੋਕਾਂ ਨੂੰ ਪੁੱਤ ਬੰਡਦਾ ਫਿਰਦਾ ਸੀ---ਮੈਂ ਤਾਂ ਆਪ ਪਛਤਾਅ ਰਹੀ ਆਂ ਬਹੂਆਂ ਨੂੰ ਉਥੇ ਭੇਜ ਕੇ---ਪਤਾ ਨੀ ਸਵਰਨੀ ਦਾ ਕੀ ਬਣੂੰ---

“ਚਲ ਬਾਘਰੂ ਭਲੀ ਕਰੂ---ਤੂੰ ਬੱਸ ਲੱਡੂਆਂ ਦੀ ਤਿਆਰੀ ਕਰ---ਦੇਖੀਂ ਦਿਨਾਂ `ਚ ਵਿਹੜੇ ਪੜਪੋਤਾ ਖੇਡ੍ਹਦਾ---"ਆਖਦਿਆਂ ਹੋਇਆਂ ਉਹ ਘਰ ਨੂੰ ਤੁਰ ਪਈ।

ਮੇਰੀ ਸੱਸ ਨੇ ਲੱਡੂਆਂ ਦੀ ਹਾਮੀ ਨਾ ਭਰੀ---ਸਗੋਂ ਇੱਕ ਲੰਮਾ ਹਾਉਕਾ ਲਿਆ---ਸਵਰਨੀ ਗੁੱਡੀ ਨੂੰ ਦੇਖ ਰਹੀ ਸੀ---ਦੇਖ ਨਹੀਂ, ਸ਼ਾਇਦ ਘੂਰ ਰਹੀ ਸੀ---ਉਹਦੇ ਦਿਮਾਗ `ਚ ਜੋ ਵੀ ਚੱਲ ਰਿਹਾ ਸੀ ਉਹਨੂੰ ਸਿਰਫ਼ ਮੈਂ ਹੀ ਸਮਝ ਸਕਦੀ ਸਾਂ---ਉਹ ਬੁੱਲ੍ਹ ਟੁੱਕ ਰਹੀ ਸੀ ਤੇ ਹੱਥ ਮਲਦਿਆਂ ਅੱਭੜ ਵਾਹੇ ਬੋਲੀ,

“ਬੇਬੇ ਊਈਂ ਨਾ ਪੜਪੋਤਾ ਹੋਏ ਤੋਂ ਲੱਡੂ ਵੰਡਣ ਲੱਗ `ਜੀਂ---ਇਸ ਆਉਣ ਵਾਲੇ ਜੀਅ `ਚ ਤੇਰਾ ਕੋਈ ਸੀਰ ਨੀ ਹੋਣਾ---ਕਿਤੇ ਊਈਂ ਕੁੱਦਦੀ ਫਿਰੇਂ---"

ਬੇਬੇ ਨੇ ਕੋਈ ਜਵਾਬ ਨਾ ਦਿੱਤਾ---ਬੱਸ ਇੱਕ ਵਾਰੀ ਸਾਡੇ ਦੋਹਾਂ ਵੱਲ ਸਰਸਰੀ ਜਿਹੀ ਨਿਗ੍ਹਾ ਮਾਰੀ---ਅਜੀਬ ਵਿਡੰਬਨਾ ਹੈ---ਔਰਤ ਸਿਰਫ ਕਠਪੁਤਲੀ ਹੈ---ਉਹਦੀਆਂ ਸਾਰੀਆਂ ਡੋਰਾਂ ਮਰਦ ਹੱਥਾਂ ਨੇ ਫੜੀਆਂ ਤੇ ਸਾਂਭੀਆਂ ਹੁੰਦੀਆਂ ਨੇ---ਉਹ ਜਿਵੇਂ, ਜਦੋਂ ਤੇ ਜਿੱਥੇ ਚਾਹੇ ਔਰਤ ਨੂੰ ਆਪਣੇ ਹਿਸਾਬ ਨਾਲ ਨਚਾਉਂਦਾ ਹੈ---ਤੇ ਔਰਤ ਚਾਹੁੰਦਿਆਂ ਨਾ ਚਾਹੁੰਦਿਆਂ ਵੀ ਉਸਦੇ ਇਸ਼ਾਰਿਆ ਉਤੇ ਨੱਚਦੀ ਟੱਪਦੀ ਹੈ---ਮਰਦ ਦੀ ਮਰਜ਼ੀ ਅਨੁਸਾਰ ਵਿਚਰਦੀ ਹੈ---ਵਿਚਾਰੀ ਔਰਤ!!!

ਮੈਂ ਵੀ ਨੱਚ ਰਹੀ ਹਾਂ---ਬੇਬੇ ਵੀ ਨੱਚ ਰਹੀ ਹੈ---ਸਵਰਨੀ ਵੀ ਨੱਚ ਰਹੀ ਹੈ---ਗੁੱਡੀ ਵੀ ਨੱਚ ਰਹੀ ਹੈ---ਨੱਬੇ ਫੀ ਸਦੀ ਔਰਤ ਮਰਦ ਦੇ ਮੁਤਾਬਕ ਨੱਚ ਰਹੀ ਹੈ---ਬੇਸ਼ੱਕ ਤੁਸੀ ਸਰਵੇਅ ਕਰ ਕੇ ਦੇਖ ਲਓ---ਤਸੱਲੀ ਕਰ ਲਓ---ਆਂਕੜੇ ਸ਼ਾਇਦ ਇਸ ਤੋਂ ਵੀ ਵੱਧ ਮਿਲ ਜਾਣ---ਜਿੱਥੇ ਔਰਤ ਮਰਦ ਦੇ ਅਨੁਸਾਰ ਨੱਚਦੀ ਨਜਰ ਨਹੀਂ ਆਉਂਦੀ ਉਥੇ ਵੀ ਮਹਿਜ਼ ਇੱਕ ਭੇਦ ਪਰਦਾ ਬਣਿਆ ਹੋਇਆ ਹੈ---ਉਥੇ ਔਰਤ ਲੋਕ ਲਾਜ ਤੋਂ ਡਰਦੀ ਮਾਰੀ ਮੁਖੌਟਾ ਪਹਿਨ ਕੇ ਰੱਖਦੀ ਹੈ---ਪਰ ਅੰਦਰੋਂ ਉਹ ਬਹੁਤ ਕੁੱਝ ਗਲਤ ਮਲਤ ਸਹਿ ਰਹੀ ਹੰੁਦੀ ਹੈ---ਆਪਣੀ ਮਰਜ਼ੀ ਦੇ ਖਿਲਾਫ਼ ਕਠਪੁਤਲੀ ਬਣ ਕੇ ਨੱਚਦੀ ਹੈ---ਲੋਕ ਲਾਜ ਨਾਲ ਦੋ ਚਾਰ ਹੁੰਦੀ ਹੋਈ ਚੁੱਪ ਰਹਿੰਦੀ ਹੈ---ਔਰਤ ਖ਼ੁਦ ਪੜਤਾੜਿਤ ਹੋ ਰਹੀ ਹੈ---ਸ਼ਾਇਦ ਇਸੇ ਕਰਕੇ ਉਹ ਧੀ ਨੂੰ ਜਨਮ ਦੇਣ ਤੋਂ ਡਰਦੀ ਹੋਵੇ---ਸ਼ਾਇਦ ਤਾਂ ਹੀ ਉਹ ਪੁੱਤਾਂ ਦੀ ਲਾਲਸਾ ਵਿੱਚ ਕਮਲੀ ਹੋਈ ਫਿਰਦੀ ਹੈ---ਮੇਰੇ ਸਮਿਆਂ ਨਾਲੋਂ ਹੁਣ ਤੋਲਾ ਮਾਸਾ ਫ਼ਰਕ ਪੈ ਗਿਆ ਹੋਵੇ ਤਾਂ ਕਹਿ ਨੀ ਸਕਦੀ---

ਖ਼ੈਰ! ਛੱਡੋ ਇਹਨਾਂ ਗੱਲਾਂ ਨੂੰ---ਮੁੱਦੇ ਦੀ ਗੱਲ ਤੇ ਆਈਏ---ਉਡੀਕਦਿਆਂ ਉਡੀਕਦਿਆਂ ਤੇ ਚਾਹੁੰਦਿਆਂ ਨਾ ਚਾਹੁੰਦਿਆਂ ਹੋਇਆਂ ਉਹ “ਮਨਹੂਸ ਘੜੀ" ਵੀ ਆ ਗਈ---ਉਹ “ਅਭਾਗਾ ਬਦਕਿਸਮਤ ਮਨਹੂਸ" ਦਿਹਾੜਾ ਵੀ ਆਗਿਆ ਜਦੋਂ ਸਵਰਨੀ ਨੇ ਜੌੜੀਆਂ ਕੁੜੀਆਂ ਨੂੰ ਜਨਮ ਦਿੱਤਾ---ਉਸ ਘੜੀ ਦਾ ਵਰਨਣ ਕਰਨ ਲਈ ਸ਼ਬਦਾਂ ਦੀ ਲੋੜ ਨਹੀਂ---ਮਹਿਸੂਸ ਕਰਨ ਦੀ ਲੋੜ ਹੈ---ਪਿੰਡਾਂ ਵਿੱਚ ਅਜੇ ਵੀ ਖੁਸ਼ੀ ਗਮੀ ਦੇ ਸੁਨੇਹੇ ਲਾਗੀਆਂ ਹੱਥ ਭੇਜੇ ਜਾਂਦੇ ਹਨ---ਤੁਸੀਂ ਵੀ ਜਾਣਦੇ ਈ ਓ ਕਿ ਮੌਤ ਦੀ ਖਬਰ ਵਾਲੀ ਚਿੱਠੀ ਨੂੰ ਇੰਚ ਕੁ ਫਾੜ ਦਿੱਤਾ ਜਾਂਦਾ ਹੈ---ਤਾਂ ਜੋ ਚਿੱਠੀ ਪੜ੍ਹਨ ਤੋਂ ਪਹਿਲਾਂ ਹੀ ਕਿਸੇ ਮਨਹੂਸ ਖ਼ਬਰ ਦਾ ਆਭਾਸ ਹੋ ਜਾਵੇ---ਤੇ ਮੈਂ ਹੈਰਾਨ ਹੋ ਗਈ ਜਦੋਂ ਸਵਰਨੀ ਦੇ ਪੇਕਿਆਂ ਤੋਂ ਲਾਗੀ ਨੇ ਆ ਕੇ ਪਾਟੀ ਹੋਈ ਚਿੱਠੀ ਮੇਰੀ ਸੱਸ ਨੂੰ ਫੜਾਈ---ਸਾਰਾ ਪ੍ਰੀਵਾਰ ਡਰ ਗਿਆ ਕਿ ਸੁੱਖ ਹੋਵੇ ਸਹੀ---ਬੌਂਦਲੀ ਹੋਈ ਬੇਬੇ ਲਾਗੀ ਦੇ ਨੇੜੇ ਹੋ ਕੇ ਬੋਲੀ,

“ਭਾਈ ਕੀ ਗੱਲ---ਸਾਡੇ ਕੁੜਮਾਂ ਘਰ ਸੁੱਖ ਸਾਂਦ ਤਾਂ ਹੈ---?ਸਭ ਰਾਜੀ ਬਾਜੀ ਨੇ ਉਥੇ?? ਪਾਟੀ ਹੋਈ ਚਿੱਠੀ ਲੈ ਕੇ ਆਇਐ???"

“ਹਾਂ ਜੀ---ਬੇਬੇ ਜੀ ਸਭ ਸੁੱਖ ਸਾਂਦ ਐ---ਪਰ---"

“ਪਰ ਕੀ?? ਤੂੰ ਛੇਤੀ ਦੇਣੇ ਦੱਸ ਭਾਈ---"

“ਊਂ ਤਾਂ ਜੀ ਮਾਲਕਾਂ ਨੇ ਚਿੱਠੀ `ਚ ਸਭ ਲਿਖ ਈ ਦਿੱਤੈ---ਤੁਸੀਂ ਭੜਾਅ ਲਓ ਕਿਸੇ ਤੋਂ---ਥੋਡੀ ਬਹੂ ਕੋਲ ਜੌੜੀਆਂ ਕੁੜੀਆਂ ਹੋਈਆਂ ਨੇ ਜੀ---ਮੈਂ ਤਾਂ ਜੀ---ਬੱਸ---ਮੈਂ ਤਾਂ ਜੀ---"

ਉਹ ਜਿਵੇਂ ਚਕਰਾਅ ਗਿਆ---ਫੇਰ ਸੰਭਲਦਿਆਂ ਹੋਇਆ ਬੋਲਿਆ,

“ਉਥੇ ਜੀ ਸਰਕਾਰੀ ਹਸਪਤਾਲ `ਚ ਡਾਕਟਰ ਪੈਸੇ ਪੂਸੇ ਬੀ ਨੀ ਲੈਂਦੇ---ਨਹੀਂ ਤਾਂ ਪੈਸੇ ਦੇ ਕੇ ਕੁੜੀ ਕਿਸੇ ਮੁੰਡੇ ਨਾਲ ਵਟਾਅ ਈ ਲਈ ਜਾਵੇ---ਪਰ ਅੱਜ ਕੱਲ੍ਹ ਇਹ ਵੀ ਕੰਮ ਔਖੈ---ਪਹਿਲਾਂ ਤਾਂ---ਆਂ---ਆਂ---"

ਇੰਚ ਕੁ ਪਾਟੀ ਹੋਈ ਚਿੱਠੀ ਨੂੰ ਦੇਖ ਕੇ ਤੇ ਉਲਟ ਪਲਟ ਕੇ ਨਿਹਾਰਦਿਆਂ ਦੀਪੋ ਨੇ ਧਾਅ ਮਾਰੀ---ਸਾਰੇ ਟੱਬਰ ਦੇ ਮੂੰਹਾਂ ਤੇ ਹਵਾਈਆਂ ਉਡ ਰਹੀਆਂ ਸਨ---ਬੱਸ ਇੱਕ ਮੈਂ ਸਾਂ ਜੋ ਸੋਚ ਰਹੀ ਸਾਂ ਕਿ ਕੁੜੀਆਂ ਗੁੱਡੀ ਵਾਂਗ ਅਪਾਹਜ ਨਾ ਹੋਣ---ਉਹ ਤੰਦਰੁਸਤ ਹੋਣੀਆਂ ਚਾਹੀਦੀਆਂ ਨੇ---

ਸਵਰਨੀ ਜਣੇਪਾ ਕੱਟਣ ਪੇਕੇ ਚਲੀ ਗਈ ਸੀ ਪਰ ਗੁੱਡੀ ਨੂੰ ਮੇਰੇ ਕੋਲ ਈ ਛੱਡ ਗਈ ਸੀ---ਘਰਦਿਆਂ ਨੂੰ ਰੋਂਦਿਆਂ ਦੇਖ ਕੇ ਉਹ ਸਹਿਮ ਕੇ ਮੇਰੇ ਪੈਰਾਂ `ਚ ਕੱਠੀ ਹੋ ਕੇ ਬਹਿ ਗਈ ਸੀ---ਉਹਨੂੰ ਦੇਖ ਕੇ ਗੁਰਾ ਕੜਕਿਆ,

“ਆਹ ਕੜਮੀ ਲਿਆਈ ਐ ਦੋ ਦੋ ਪੱਥਰਾਂ ਨੂੰ ਘਸੀਟ ਕੇ---ਦੋ ਭੈਣਾਂ ਦੀ ਬਾਂਹ ਫੜ ਕੇ ਲਿਆਈ ਐ---ਨਿਰਭਾਗ ਐ ਨਿਰੀ---ਆਪ ਤਾਂ ਮਰੀ ਨੀ ਤੇ ਉੱਤੋਂ ਦੋ ਦੋ ਪੱਥਰ ਹੋਰ ਖਿੱਚ ਲਿਆਈ---ਲਿਆ ਪਹਿਲਾਂ ਤੈਨੂੰ ਆਵਾਂ ਟੋਭੇ `ਚ ਸਿੱਟ ਕੇ---ਕੁਸ ਤਾਂ ਭਾਰ ਹੌਲਾ ਹੋਵੇ---"

ਜਦੋ ਉਹ ਗੁੱਡੀ ਵੱਲ ਵਧਿਆ ਤਾਂ ਮੈਂ ਗੁੱਡੀ ਘੁੱਟ ਕੇ ਫੜ ਲਈ---ਤੇ ਉਹ ਪਿਛਾਂਹ ਹੋ ਕੇ ਉੱਚੀ ਉੱਚੀ ਰੋਣ ਲੱਗ ਪਿਆ---

ਘਰ ਵਿੱਚ ਇਕ ਧੀ ਦੇ ਜਨਮ ਸਮੇਂ ਸੋਗ ਪੈ ਜਾਂਦਾ ਹੈ---ਜੌੜੀਆਂ ਕੁੜੀਆਂ ਵੇਲੇ ਤਾਂ ਭੈਜਲ ਈ ਆ ਜਾਂਦੀ ਐ---ਅੱਧੇ ਪਿੰਡ `ਚ ਚੁੱਲ੍ਹਾ ਨੀ ਬਲਦਾ---ਤੇ ਫੇਰ ਜਿਸ ਕੋਲ ਪਹਿਲਾਂ ਈ ਬੱਜ ਕੱਜ ਮਾਰੀ ਧੀ ਹੋਵੇ---ਉਥੇ ਜੌੜੀਆਂ ਕੁੜੀਆਂ ਦੀ ਆਮਦ!! ਮੇਰੇ ਦੱਸਦੀ ਦੇ ਲੂੰ ਕੰਡੇ ਖੜ੍ਹੇ ਹੋ ਰਹੇ ਨੇ---ਤੁਸੀਂ ਜ਼ਰਾ ਸੋਚ ਕੇ ਦੇਖੋ---ਕੀ ਹਾਲ ਹੁੰਦਾ ਹੋਣਾ ਉਸ ਪ੍ਰੀਵਾਰ ਦਾ ਜਿਸ ਨਾਲ ਇਹੋ ਜਿਹੀ ਦੁਖਦਾਈ ਘਟਨਾ ਵਾਪਰ ਜਾਵੇ---ਜਿਸ ਘਰ ਤੇਘੜਾ ਤੁਰਿਆ ਫਿਰੇ ਕੁੜੀਆਂ ਦਾ ਉੱਥੇ ਘਰ ਦੀ ਛੱਤ ਡਿੱਗਣ ਨੂੰ ਹੋ ਜਾਂਦੀ ਐ---

ਜੌੜੀਆਂ ਕੁੜੀਆਂ ਘਰ ਦੇ ਜੀਆਂ ਨੂੰ ਅੱਧ ਮਰਿਆ ਕਰ ਦਿੰਦੀਆਂ ਨੇ---ਸਾਰੇ ਟੱਬਰ ਦੇ ਗੋਡੇ ਢੇਰੀ ਹੋ ਗਏ---ਗੁਰਾ ਧਾਹਾਂ ਮਾਰ ਮਾਰ ਕੇ ਰੋਇਆ---ਉਹਨੇ ਕੰਧਾਂ ਨਾਲ ਸਿਰ ਪਟਕਿਆ---ਜੇ ਉਹਦਾ ਵੱਸ ਚਲਦਾ ਤਾਂ ਉਹ ਦੋਵੇ ਕੁੜੀਆਂ ਨੂੰ, ਨਾ ਸੱਚ ਤਿੰਨਾਂ ਕੁੜੀਆਂ ਨੂੰ ਗਲ ਗੂਠਾ ਕਿਹੜਾ ਨਾ ਦੇ ਦਿੰਦਾ---ਉਹਨੇ ਰੱਬ ਨੂੰ ਜੀ ਭਰ ਕੇ ਨੰਗੀਆਂ ਗਾਲ੍ਹਾਂ ਕੱਢੀਆਂ---ਮਰ ਮੁੱਕ ਚੁੱਕੇ ਟਿਕਾਣੇ ਆਲੇ ਮਹੰਤ ਦੀ ਮਾਂ ਭੈਣ ਇੱਕ ਕਰ `ਤੀ---ਜੇਠੂ ਰਾਮ ਬੈਦ ਨੂੰ ਪੂਰ ਪੂਰ ਕੋਸਿਆ---ਉਹ ਬਦਹਵਾਸ ਗਾਲ੍ਹਾਂ ਕੱਢੀ ਜਾ ਰਿਹਾ ਸੀ---ਰੌਂਦੇ ਦੇ ਮੂੰਹੋਂ ਝੱਗ ਵਗ ਰਹੀ ਸੀ---ਸਾਰਾ ਟੱਬਰ ਸਕਤੇ `ਚ ਆਇਆ ਹੋਇਆ ਸੀ---ਇੱਕ ਬੇਬੇ ਤੇ ਮੈਂ ਹੀ ਸਾਂਤ ਸਾਂ---ਬੇਬੇ ਤਾਂ ਸ਼ਾਇਦ ਸੋਚ ਰਹੀ ਸੀ ਕਿ ਜੇ ਮੁੰਡਾ ਹੋ ਜਾਂਦਾ ਤਾਂ ਕਿਹੜਾ ਇਸ ਖ਼ਾਨਦਾਨ ਦਾ ਹੁੰਦਾ---

ਲੋਕ ਮਰਗਤ ਵਰਗਾ ਅਫ਼ਸੋਸ ਕਰਨ ਆਉਂਦੇ---ਘਰ ਵਿੱਚ ਮਾਹੌਲ ਵੀ ਕੁੱਝ ਮਰਗਤ ਵਰਗਾ ਈ ਹੋਇਆ ਪਿਆ ਸੀ---ਕਿਸੇ ਇੱਕ ਜਣੇ ਨੇ ਵੀ ਕਰਮਾਂ ਮਾਰੀਆਂ ਕੁੜੀਆਂ ਨੂੰ ਜੀ ਆਇਆਂ ਨਾ ਕਿਹਾ---ਮੈਂ ਡਰਦੀ ਡਰਦੀ ਗੁੱਡੀ ਨੂੰ ਅੰਦਰ ਲੈ ਕੇ ਗਈ---ਚੁਪਕੇ ਚੁਪਕੇ ਦੁੱਧ ਗਰਮ ਕਰ ਕੇ ਉਹਨੂੰ ਪਿਲਾਇਆ---ਸਵੇਰ ਦੀ ਉਹਦੀ ਕਿਸੇ ਨੇ ਸਾਰ ਨਹੀਂ ਸੀ ਲਈ---ਕਿਉਂਕਿ ਅੱਜ ਗੁਰਾ ਸਵੇਰ ਦਾ ਘਰੇ ਸੀ ਤੇ ਉਹ ਗੁਰੇ ਤੋਂ ਸਹਿਮਦੀ ਸੀ---ਬਚਾਰੀ ਭੁੱਖੀ ਭਾਣੀ ਨੇ ਇੱਕ ਵਾਰੀ ਵੀ ਦੁੱਧ ਨਾ ਮੰਗਿਆ---ਬੱਸ ਡੱਡਰਿਆਂ ਵਾਂਗ ਇੱਧਰ ਉਧਰ ਰਿੜ੍ਹਦੀ ਰਹੀ---ਦੁੱਧ ਪੀ ਕੇ ਅਜੇ ਉਹ ਸੁੱਤੀ ਹੀ ਸੀ ਕਿ ਗੁਰਾ ਗਿਰਦਾ ਪੈਂਦਾ ਕੋਠੜੀ `ਚ ਆਇਆ ਤੇ ਆਪਣੇ ਬਾਪੂ ਨੂੰ ਹਲੂਣਦਿਆਂ ਬੋਲਿਆ,

“ਬਾਪੂ---ਉਇ ਬਾਪੂ---ਸੁਣਦਾ ਨੀ?? ਤੇਰੇ ਤਿੰਨ ਪੋਤੀਆਂ ਹੋ ਗਈਆਂ---ਦੇਖੇਂਗਾ ਨੀ ਉਠ ਕੇ---ਧਾਅ ਨੀ ਮਾਰੇਂਗਾ?"

ਨਿਰੰਜਣ ਨੇ ਅੱਖਾਂ ਖੋਹਲੀਆਂ---ਪਰ ਨਾਲ ਦੀ ਨਾਲ ਮੀਚ ਲਈਆਂ---ਉਹਨੂੰ ਝੰਜੋੜਦਿਆਂ ਗੁਰਾ ਬੜੀ ਢੇਰ ਤੱਕ ਰੋਂਦਾ ਰਿਹਾ---ਪਤਾ ਨੀ ਮੇਰੇ ਵਿੱਚ ਕਿੱਧਰੋਂ ਐਨੀ ਹਿੰਮਤ ਆਈ ਕਿ ਮੈਂ ਉਹਦੇ ਸਿਰ `ਤੇ ਹੱਥ ਧਰ ਕੇ ਬੋਲੀ,

“ਕੋਈ ਨਾ ਗੁਰੇ---ਜੋ ਭਾਗਾਂ `ਚ ਲਿਖਿਆ ਹੁੰਦੈ ਉਹੀਓ ਹੁੰਦੈ---ਬੰਦੇ ਦੇ ਕੀ ਹੱਥ ਵਸ ਐ? ਦੇਖ ਆਪਾਂ ਸਾਰੇ ਯਤਨ ਕਰ ਲਏ ਸੀਗੇ---ਪਰ ਕਰਮਾਂ ਅੱਗੇ ਕੀ ਜੋਰ ਐ---ਤੂੰ ਹੌਸਲਾ ਕਰ---ਅਸੀਂ ਸਾਰੇ ਤੇਰੇ ਦਰਦ ਨੂੰ ਸਮਝਦੇ ਆਂ---"

ਇੱਕ ਤਰਾਂ ਦਾ ਚਮਤਕਾਰ ਈ ਹੋਇਆ---ਗੁਰਾ ਮੇਰੇ ਗਲ ਲੱਗ ਕੇ ਕਿੰਨੀ ਓ ਦੇਰ ਰੋਂਦਾ ਰਿਹਾ---ਤੇ ਹਟਕੋਰੇ ਭਰਦਿਆਂ ਬੋਲਿਆ,

“ਮਾਸੀ ਮੈਂ ਤੈਨੂੰ ਬਹੁਤ ਬੁਰਾ ਭਲਾ ਕਹਿੰਦਾ ਰਿਹਾ---ਕੀ ਪਤਾ ਰੱਬ ਨੇ ਮੈਨੂੰ ਇਸੇ ਗੁਨਾਹ ਦੀ ਸਜਾ ਦਿੱਤੀ ਐ---"

“ਨਾਅ ਨਾਅ---ਤੈਂ ਮੈਨੂੰ ਕੋਈ ਬੁਰਾ ਭਲਾ ਨੀ ਕਿਹਾ ਕਦੇ---ਮੈਂ ਕਦੇ ਤੇਰੀ ਗੱਲ ਦਾ ਬੁਰਾ ਮਨਾਇਆ ਹੀ ਨਹੀਂ---ਤੂੰ ਪ੍ਰੇਸ਼ਾਨ ਨਾ ਹੋ---ਤੈਨੂੰ ਰੋਂਦਾ ਦੇਖ ਕੇ ਮੇਰਾ ਜੀਅ ਘਟਦੈ---"

“ਮਾਸੀ ਮੈਨੂੰ ਮਾਫ਼ ਕਰ ਦੇ---ਮੈਂ ਤਾਂ ਤੈਨੂੰ ਬਹੁਤ ਦੁਖੀ ਕਰਦਾ ਸੀਗਾ---ਮੈਂ ਹਰ ਵਕਤ ਤੇਰੀ ਆਤਮਾ ਕਲਪਾਉਂਦਾ ਰਿਹਾ---ਅੱਜ ਤੋਂ ਬਾਦ ਮੈਂ ਤੈਨੂੰ ਕਦੇ ਕੁਸ ਨੀ ਕਹਿੰਦਾ---ਮਾਸੀ ਤੂੰ ਧੰਨ ਐਂ---ਬਾਪੂ ਦੀ ਸੇਵਾ ਤਾਂ ਤੂੰ ਮਨੋਂ ਤਨੋਂ ਕਰਦੀ ਈ ਐਂ---ਦੂਜਾ ਤੈ ਗੁੱਡੀ ਵੀ ਸਾਂਭ ਰੱਖੀ ਐ---"ਕਹਿੰਦਿਆਂ ਉਹ ਮੇਰੇ ਪੈਰਾਂ ਕੰਨੀ ਝੁਕਿਆ---ਮੈ ਉਹਦਾ ਸਿਰ ਪਲੋਸਦਿਆਂ ਆਖਿਆ,

“ਦੇਖ ਗੁਰੇ! ਜਿਹੜਾ ਜੀਅ ਦੁਨੀਆਂ ਤੇ ਆਉਂਦੈ---ਆਪਣਾ ਭਾਗ ਨਾਲ ਲੈ ਕੇ ਆਉਂਦੈ---ਇਹ ਕੁੜੀਆਂ ਵੀ ਆਪਣਾ ਭਾਗ ਲਿਖਾ ਕੇ ਲਿਆਈਆਂ ਨੇ---ਰੱਬ ਪੱਥਰ `ਚ ਕੀੜਿਆਂ ਨੂੰ ਅੰਨ ਪਹੁੰਚਾਉਂਦਾ ਐ---ਤਾਂ ਕੀ ਉਹ ਇਹਨਾਂ ਨਿਆਣੀਆਂ ਦੀ ਦੇਖ ਭਾਲ ਨਾ ਕਰੂ?"

ਸ਼ਾਇਦ ਮੇਰੀਆਂ ਗੱਲਾਂ ਦਾ ਗੁਰੇ ਉਤੇ ਕੁੱਝ ਅਸਰ ਹੋਇਆ ਉਹ ਥੋੜਾ ਦਿਲ ਧਰ ਗਿਆ---ਝੁਕਿਆ ਝੁਕਿਆ ਈ ਕੋਠੜੀ ਤੋਂ ਬਾਹਰ ਨਿਕਲ ਗਿਆ---ਜਦੋਂ ਸਵਰਨੀ ਪੇਕੇ ਗਈ ਸੀ ਤਾਂ ਜਾਂਦੀ ਨੂੰ ਮੇਰੀ ਸੱਸ ਨੇ ਚਾਂਦੀ ਦੀ ਕਟੋਰੀ ਤੇ ਸੋਨੇ ਚਾਂਦੀ ਦਾ ਸੁਰਮਚੂ ਦਿੰਦਿਆਂ ਤਾਕੀਦ ਕੀਤੀ ਸੀ ਕਿ ਮੁੰਡਿਆਂ ਨੂੰ ਏਸੇ ਸੋਨੇ ਦੇ ਸੁਰਮਚੂ ਨੂੰ ਸ਼ਹਿਦ ਲਾ ਕੇ ਘੁੱਟੀ ਦੇਣੀ ਐ---ਉਸ ਘੜੀ ਮੈਂ ਸੋਚ ਰਹੀ ਸਾਂ ਕਿ ਸੋਨੇ ਦਾ ਸੁਰਮਚੂ ਤਾਂ ਇੱਕ ਪਾਸੇ ਰਿਹਾ---ਕੁੜੀਆਂ ਨੂੰ ਕਿਸੇ ਨੇ ਸ਼ਾਇਦ ਦੀ ਘੁੱਟੀ ਦਿੱਤੀ ਹੀ ਨਹੀਂ ਹੋਣੀ---ਕੁੜੀਆਂ ਨੂੰ ਸ਼ਹਿਦ ਦੀ ਘੁੱਟੀ?? ਸ਼ਹਿਦ ਦੀ ਗੁੜ੍ਹਤੀ??

36

ਮੈਂ ਇਹ ਦਾਅਵਾ ਤਾਂ ਨੀ ਕਰਦੀ ਕਿ ਮੈਂ ਬਹੁਤ ਸਮਝਦਾਰ ਹਾਂ ਜਾਂ ਮੇਰੇ ਕੋਲ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਈ ਵਿਸ਼ੇਸ਼ ਕਲਾ ਹੈ ਪਰ ਇਨ੍ਹੀ ਦਿਨੀਂ ਆਪ ਮੁਹਾਰੇ ਹੀ ਕੁੱਝ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਸਨ ਜਿਹਨਾਂ ਨੇ ਮੈਨੂੰ ਸਮਝਦਾਰ ਅਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਸੁਘੜ ਸਿਆਣੀ ਔਰਤ ਗਰਦਾਨਣ ਵਿੱਚ ਬਹੁਤ ਅਹਿਮ ਰੋਲ ਨਿਭਾਇਆ।

ਇਨ੍ਹੀਂ ਦਿਨੀ ਦੀਪੋ ਤੇ ਰੂਪੇ ਦਾ ਵਿਆਹ ਸੀ---ਮੈਂ ਨਿਰੰਜਣ ਸਿੰਘ ਅਤੇ ਸਵਰਨੀ ਦੀਆਂ ਤਿੰਨੋਂ ਬੇਟੀਆਂ ਗੁੱਡੀ; ਸੁੱਖੀ ਤੇ ਮੀਤ ਦੀ ਜੀ ਜਾਨ ਤੋਂ ਸੇਵਾ ਕਰਦੀ---ਘਰ ਦਿਆਂ ਉਤੇ ਮੇਰੀ ਇਸ ਸੇਵਾ ਦਾ ਬਹੁਤ ਪ੍ਰਭਾਵ ਪਿਆ---ਵਿਆਹ ਵਿੱਚ ਮੈਂ ਆਪਣੇ ਵੱਲੋਂ ਹਰ ਕੰਮ ਵਿੱਚ ਹੱਥ ਵਟਾਉਂਦੀ ਰਹੀ---ਇਸ ਵਾਰੀ ਗੁਰੇ ਦੇ ਨਾਨਕਿਆਂ ਨੇ ਮੇਰੇ ਨਾਲ ਗੁਰੇ ਦੇ ਵਿਆਹ ਵਾਲਾ ਸਲੂਕ ਤਾਂ ਬੇਸ਼ੱਕ ਨਾ ਕੀਤਾ ਪਰ ਉਹ ਮੇਰੇ ਨਾਲ ਘੁੱਟੇ ਵੱਟੇ ਤੇ ਖਫ਼ਾ ਖਫ਼ਾ ਜ਼ਰੂਰ ਰਹੇ---ਦਿਲ ਵਿੰਨ੍ਹਵੇ ਤਾਅਨੇ ਮਿਹਣੇ ਤਾਂ ਜ਼ਰੂਰ ਮਾਰਦੇ ਰਹੇ---ਗੁਰੇ ਦੀਆਂ ਨਾਨਕੀਆਂ ਮੈਨੂੰ ਜਲੀਲ ਕਰਨ ਦਾ ਕੋਈ ਵੀ ਮੌਕਾ ਖੁੰਝਣ ਨਾ ਦਿੰਦੀਆਂ---ਉਂਜ ਉਹਨਾਂ ਨੇ ਗੁਰੇ ਦੇ ਵਿਆਹ ਵਾਲਾ ਧਮੱਚੜ ਤਾਂ ਨਾ ਪੱਟਿਆ---ਸ਼ਾਇਦ ਉਹ ਸਮਝ ਗਏ ਸਨ ਕਿ ਇਹਨੇ ਮਿੱਟੀ ਨੇ ਕੁਸ ਬੋਲਣਾ ਤਾਂ ਹੈ ਨੀ ਫੇਰ ਕਿਉਂ ਇਸ ਨੂੰ ਤੰਗ ਕਰ ਕੇ ਆਪਣੀ ਸ਼ਰੀਰਕ ਤੇ ਦਿਮਾਗੀ ਤਾਕਤ ਜਾਇਆ ਕੀਤੀ ਜਾਵੇ---ਸਮਝ ਗਏ ਕਿ ਮਿੱਟੀ ਦਾ ਕੀ ਮਾਰਨਾ---

ਮੇਰੀ ਨਰਮੀ, ਸਹਿਨਸ਼ੀਲਤਾ ਅਤੇ ਸੇਵਾ ਭਾਵ ਤੋਂ ਪ੍ਰਭਾਵਿਤ ਹੋ ਕੇ ਹੁਣ ਗੁਰਾ ਦੀਪੋ ਤੇ ਰੂਪਾ ਵੀ ਮੈਨੂੰ ਮਾਸੀ ਕਹਿਣ ਲੱਗ ਪਏ ਪਰ ਇੱਕ ਅਣਦਿਸਦੀ ਦੀਵਾਰ ਸਾਡੇ ਦਰਮਿਆਨ ਹਜੇ ਵੀ ਉਸਰੀ ਹੋਈ ਸੀ---ਉਤੋਂ ਉਤੋਂ ਉਹ ਮੇਰੇ ਨਾਲ ਹੁਣ ਠੀਕ ਪੇਸ਼ ਆਉਣ ਲੱਗ ਪਏ---

ਸਵਰਨੀ ਤਾਂ ਖੈਰ ਮੈਨੂੰ ਤਹਿ ਦਿਲੀ ਤੋਂ ਮੋਹ ਕਰਦੀ---ਮੇਰੇ ਨਾਲ ਹਰ ਗੱਲ ਹਰ ਦੁਖ ਸੁਖ ਸਾਂਝਾ ਕਰਦੀ---ਹਰ ਮਸਲਾ ਮੇਰੇ ਨਾਲ ਹੀ ਵਿਚਾਰਦੀ---ਹਮੇਸ਼ਾ ਮੇਰੀ ਰਾਇ ਅਨੁਸਾਰ ਹੀ ਚਲਦੀ---ਇਸ ਤੋਂ ਪਹਿਲਾਂ ਤਾਂ ਮੈਨੂੰ ਸਾਰੀ ਜ਼ਿੰਦਗੀ ਕਿਸੇ ਨੇ ਰਾਇ ਦੇਣ ਕਾਬਲ ਸਮਝਿਆ ਹੀ ਨਹੀਂ ਸੀ---

ਇੱਕ ਗੱਲ ਦੱਸਾਂ? ਜ਼ਿੰਦਗੀ `ਚ ਮੈਂ ਐਨੀ ਤ੍ਰਿਸਕਾਰਤ, ਅਣਚਾਹੀ, ਅਣਗੌਲੀ, ਨਿਕੰਮੀ, ਨਿਕਾਰੀ, ਨਿਠੱਲੀ ਅਤੇ ਆਲਤੂ ਫਾਲਤੂ ਜੀਵ ਰਹੀ ਹਾਂ ਕਿ ਮੈਨੂੰ ਇੰਨੇ ਪਿਆਰ ਸਤਿਕਾਰ ਦੀ ਆਦਤ ਹੀ ਨਹੀਂ ਸੀ---ਇਹੋ ਜਿਹਾ ਆਦਰ ਸਤਿਕਾਰ ਮੈਂ ਨਾ ਕਦੇ ਆਪਣੇ ਜਿਸਮ ਉਤੇ ਹੰਢਾਅ ਕੇ ਦੇਖਿਆ ਸੀ ਤੇ ਨਾ ਮਨ ਉਤੇ---ਇਸ ਕਰਕੇ ਹੁਣ ਅਚਾਨਕ ਮਿਲਿਆ ਇਹ ਸਨੇਹ ਸਤਿਕਾਰ ਮੈਨੂੰ ਸਹਿਣ ਕਰਨਾ ਔਖਾ ਲੱਗ ਰਿਹਾ ਸੀ---ਇਹ ਸੁਖਾਵਾਂ ਤਾਂ ਲਗਦਾ ਸੀ ਪਰ ਨਾਲ ਦੀ ਨਾਲ ਬੋਝਲ ਵੀ ਲਗਦਾ ਸੀ।

ਮੈਨੂੰ ਕਦੇ ਕਦੇ ਸਾਡੇ ਪਿੰਡ ਦਾ ਗਿੰਦਰ ਯਾਦ ਆਉ਼ਂਦਾ---ਉਹਨੂੰ ਬਚਾਰੇ ਨੂੰ ਬਚਪਨ ਤੋਂ ਲੈ ਕੇ ਕਦੇ ਪੈਰੀਂ ਜੁੱਤੀ ਪਾਉਣ ਨੂੰ ਨਹੀਂ ਸੀ ਜੁੜੀ---ਬਚਾਰਾ ਸਾਰੇ ਪਿੰਡ ਨੂੰ ਜੁੱਤੀਆਂ ਬਣਾ ਬਣਾ ਕੇ ਦਿੰਦਾ ਸੀ ਪਰ ਗਰੀਬੀ ਸਦਕਾ ਉਹਦੇ ਆਵਦੇ ਪੈਰਾਂ ਲਈ ਜੁੱਤੀ ਜੋਕਰੇ ਕਦੇ ਪੈਸੇ ਨਾ `ਕੱਠੇ ਹੋਏ---ਤੇ ਜਦੋਂ ਉਹਦੇ ਵਿਆਹ ਵੇਲੇ ਮਜ਼ਬੂਰੀ ਵੱਸ ਉਸ ਨੂੰ ਜੁੱਤੀ ਪਾਉਣੀ ਪਈ ਤਾਂ ਉਹਦੇ ਪੈਰ ਜੁੱਤੀ `ਚ ਸਮਾਉਣ ਈ ਨਾ---ਕਿਤੇ ਬੜੇ ਹੀਲਿਆਂ ਲਾਲ ਤੇਲ ਲਾ ਕੇ ਉਹਨੂੰ ਜੁੱਤੀ ਪੁਆਈ ਗਈ---ਫੇਰ ਉਹਨੂੰ ਜੁੱਤੀ ਪਹਿਨ ਕੇ ਤੁਰਨਾ ਨਾ ਆਵੇ---ਅਖੇ ਜੁੱਤੀ ਪਾ ਕੇ ਮੇਰਾ ਪੈਰ ਟੇਢਾ ਮੇਢਾ ਟਿਕਦਾ ਐ---ਲੰਗੜਾਅ ਕੇ ਤੁਰੇ ਤਾਂ ਸਹੁਰੇ ਘਰ ਬਰਾਤ ਦੇ ਉਤਾਰੇ ਵੇਲੇ ਕੁੜੀ ਵਾਲੇ ਹੈਰਾਨ---ਆਖਣ ਬਈ ਅਸੀਂ ਤਾਂ ਪ੍ਰਾਹੁਣਾ ਚੰਗਾ ਭਲਾ ਦੇਖ ਕੇ ਆਏ ਸੀ---ਆਹ ਡੁੱਡਾ ਕਿਵੇਂ ਹੋ ਗਿਆ---ਪਤਾ ਨੀ ਉਹਦੇ ਘਰ ਦਿਆ ਨੇ ਕਿਵੇਂ ਗੱਲ ਸੰਭਾਲੀ ਪਰ ਗਿੰਦੇ ਦੇ ਮੂੰਹੋਂ ਸੱਚ ਨਿਕਲ ਗਿਆ---ਆਖਣ ਲੱਗਾ ਕਿ ਜੀ “ਜ਼ਿੰਦਗੀ `ਚ ਮੈਂ ਪੈਰੀਂ ਜੁੱਤੀ ਹੀ ਪਹਿਲੀ ਦਫਾ ਪਾਈ ਐ ਮੈਨੂੰ ਜੁੱਤੀ ਪਾ ਕੇ ਚੱਲਣ `ਚ ਔਖ ਹੋ ਰਹੀ ਐ---ਇਹ ਪੈਰਾਂ ਨੂੰ ਬੱਢਦੀ ਐ---ਮੈਂ ਡੁੱਡਾ ਨੀ ਹਾਂ---"ਜੁੱਤੀ ਉਤਾਰ ਕੇ ਉਹਨੇ ਸਾਰਿਆ ਨੂੰ ਚੱਲ ਕੇ ਦਖਾਉਂਦਿਆਂ ਅੱਗੇ ਸਫਾਈ ਦਿੱਤੀ, “ਲਓ ਜੀ ਦੇਖ ਲਓ---ਮੈਂ ਤਾਂ ਚੰਗਾ ਭਲਾ ਆਂ---ਡੁੱਡਾ ਨੀ ਹੈ ਗਾ ਜੀ"

ਗਿੰਦੇ ਦੀ ਇਸ ਗੱਲ ਉਤੇ ਕਈ ਮਹੀਨੇ ਮਜ਼ਾਕ ਹੁੰਦਾ ਰਿਹਾ---ਤੇ ਇਵੇਂ ਈ ਗਿੰਦੇ ਵਾਂਗ ਮੈਨੂੰ ਫਿਟਕਾਰਾਂ ਲਾਹਣਤਾਂ ਲੈਣ ਦੀ ਹੀ ਆਦਤ ਸੀ---ਇਹ ਸਤਿਕਾਰ ਪਿਆਰ ਤੇ ਤਵੱਜੋ ਮੈਨੂੰ ਵੀ ਗਿੰਦੇ ਦੀ ਜੁੱਤੀ ਵਾਂਗ ਤੰਗ ਕਰ ਰਹੇ ਸਨ---ਇਸ ਬੋਝ ਨਾਲ ਮੈਂ ਕੋਡੀ ਹੋ ਜਾਂਦੀ ਸਾਂ---ਮੇਰੇ ਕੋਲੋਂ ਇਹਦਾ ਭਾਰ ਝੱਲ ਨਹੀਂ ਸੀ ਹੁੰਦਾ---ਹੁਣ ਗੁਰਾ ਆਪਣੇ ਬਾਪ ਨੂੰ ਨੁਹਾ ਦਿੰਦਾ---ਉਹਦੇ ਗੰਦੇ ਕੱਪੜੇ ਖੁਰੇ `ਚ ਸਿੱਟ ਆਉਂਦਾ---ਮੈਨੂੰ ਤਾਂ ਐਨੀ ਸਹਾਇਤਾ ਨਾਲ ਈ ਹੰਧਾ ਲੱਗ ਜਾਂਦਾ---ਮੇਰੀ ਬਹੁਤ ਖੇਚਲ ਬਚ ਜਾਂਦੀ---ਮੈਨੂੰ ਬਹੁਤੀ ਮਗਜ ਖਪਾਈ ਨਾ ਕਰਨੀ ਪੈਂਦੀ।

ਹੁਣ ਗੁਰਾ ਮੈਨੂੰ ਮਾਸੀ ਕਹਿ ਕੇ ਸੱਦਦਾ---ਇਹ ਮੇਰੇ ਲਈ ਬਿਲਕੁਲ ਅਦਭੁੱਤ ਪਲ ਹੁੰਦੇ---ਉਹਦਾ ਰਵੱਈਆ ਵੀ ਦਿਨੋ ਦਿਨ ਮੇਰੇ ਪ੍ਰਤੀ ਨਰਮ ਹੁੰਦਾ ਜਾ ਰਿਹਾ ਸੀ---ਮੈਨੂੰ ਇਹ ਸਭ ਕੁੱਝ ਚੰਗਾ ਚੰਗਾ ਲਗ ਸਵਰਨੀ ਕੁੜੀਆਂ ਨੂੰ ਲੈ ਕੇ ਪੇਕੇ ਚਲੀ ਗਈ---ਗੁੱਡੀ ਮੇਰੇ ਕੋਲ ਹੀ ਸੀ---ਇਸ ਗੱਲ ਦਾ ਵੀ ਸਾਰਿਆਂ ਉਤੇ ਚੰਗਾ ਪ੍ਰਭਾਵ ਪਿਆ---ਸਵਰਨੀ ਜਦੋਂ ਪੇਕਿਆਂ ਤੋਂ ਆਈ ਤਾਂ ਛੂਛਕ ਲੈ ਕੇ ਆਈ---ਇੱਕ ਦਿਨ ਉਹ ਫੇਰ ਬੜੀ ਭਾਵੁਕ ਹੋ ਗਈ---ਉਹ ਛੂਛਕ ਵਿੱਚ ਲਿਆਂਦੇ ਦੋ ਮਰਦਾਵੇਂ ਸੂਟ ਚੱਕ ਕੇ ਮੇਰੇ ਕੋਲ ਲਿਆਈ---ਮੈਂ ਕੁੜੀਆਂ ਨੂੰ ਦੁੱਧ ਪਲਾ ਕੇ ਹਟੀ ਸਾਂ---ਉਹ ਹਫੀ ਹਫੀ ਤੇ ਭਰੇ ਮਨ ਲਾਲ ਬੋਲੀ,

“ਮਾਸੀ---ਮੇਰੀ ਮਾਂ ਨੇ ਇਹ ਦੋਵੇਂ ਸੂਟ ਕੁੜੀਆਂ ਦੇ ਬਾਪ ਲਈ ਦਿੱਤੇ ਨੇ---ਹੁਣ ਦੱਸ ਭਲਾਂ ਇਹ ਸੂਟ ਗੁਰੇ ਨੂੰ ਤਾਂ ਨੀ ਦਿੱਤੇ ਜਾ ਸਕਦੇ---?ਇਹ ਤਾਂ---ਇਹ ਤਾਂ---"

ਮੈਂ ਉਹਦੇ ਹੱਥੋਂ ਸੂਟ ਫੜ ਕੇ ਉਹਨੂੰ ਮੰਜੀ ਤੇ ਬਿਠਾਇਆ---ਤੇ ਸ਼ਾਂਤ ਰਹਿਣ ਲਈ ਕਿਹਾ---ਪਰ ਉਹਦੇ ਸਿਰ ਤਾਂ ਜਿਵੇਂ ਭੂਤ ਸਵਾਰ ਹੋ ਗਿਆ ਸੀ---ਪਾਗਲਾਂ ਵਾਂਗ ਚੀਕਦੀ ਹੋਈ ਤੇ ਮੈਨੂੰ ਦੋਵੇਂ ਮੋਢਿਆਂ ਤੋ ਝੰਜੋੜਦੀ ਹੋਈ ਬੋਲੀ,

“ਮਾਸੀ---ਇਹ ਸੂਟ ਮੇਰੀ ਮਾਂ ਨੇ ਕੁੜੀਆਂ ਦੇ ਬਾਪ ਲਈ ਦਿੱਤੇ ਨੇ---ਕੁੜੀਆਂ ਦੇ ਅਸਲੀ ਬਾਪ ਲਈ---ਤੂੰ ਦੱਸ ਇਹ ਸੂਟ ਗੁਰਾ ਕਿਵੇਂ ਪਹਿਨ ਸਕਦੈ---ਇਹ ਤਾਂ ਜੀਹਦੇ ਦਿੱਤੇ ਗਏ ਨੇ---ਉਹੀਓ ਪਹਿਨੂਗਾ---ਕੁੜੀਆਂ ਦਾ ਬਾਪ---ਮਾਸੀ!"

ਉਹ ਮੇਰੇ ਕਾਬੂ ਨਹੀਂ ਸੀ ਆ ਰਹੀ---ਬੇਬੇ ਨੇ ਵੀ ਉਹਨੂੰ ਕਾਬੂ ਕਰ ਕੇ ਸਾਂਤ ਕਰਨ ਦੀ ਕੋਸ਼ਿਸ਼ ਕੀਤੀ---ਪਰ ਉਹ ਸਾਡੇ ਦੋਹਾਂ ਤੋਂ ਵੀ ਸੰਭਲ ਨਹੀਂ ਸੀ ਰਹੀ---ਗੁੱਡੀ ਡਰ ਨਾਲ ਚੀਕਾਂ ਮਾਰ ਰਹੀ ਸੀ---ਐਨਾ ਰੌਲਾ ਰੱਪਾ ਸੁਣ ਕੇ ਗੁਰਾ ਭੱਜਿਆ ਆਇਆ, ਉਹਨੂੰ ਦੇਖ ਕੇ ਸਵਰਨੀ ਹੋਰ ਵੀ ਝੱਲ ਖਿਲਾਰਨ ਲੱਗੀ,

“ਗੁੱਡੀ ਦੇ ਭਾਪੇ---ਗੁੱਡੀ ਤਾਂ ਤੇਰੀ ਧੀ ਐ---ਇਸ ਤੋਂ ਮੈਂ ਇਨਕਾਰ ਨੀ ਕਰਦੀ---ਪਰ ਆਹ ਦੋਏ ਨਿੱਕੀਆਂ---ਇਹਨਾਂ ਦਾ---ਇਹਨਾਂ ਦਾ ਬਾਪ? ਇਹ ਤੇਰੀਆਂ ਧੀਆਂ ਨਹੀਂ---ਇਹਨਾਂ ਦਾ ਬਾਪ ਟਕਾਣੇ ਆਲਾ---ਟਕਾਣੇ---ਟਕਾਣੇ ਆਲਾ---ਮਹੰਤ ਜੇ---ਜਾਂ ਦੋਆਂ ਚੇਲਿਆ ਚੋਂ ਕੋਈ ਜਣਾ ਹੋਊਗਾ---ਪਰ ਇਹ ਤੇਰੀਆਂ ਧੀਆਂ ਨਹੀਂ---ਮੈਂ ਸੱਚ ਆਖ ਰਹੀ ਆਂ---ਉਨ੍ਹਾਂ ਨੇ ਮੇਰੇ ਨਾਲ ਧੱਕਾ ਸ਼ਾਹੀ---ਜੋਰ ਜਬਰਦਸਤੀ ਕੀਤੀ---ਤਾਂ ਹੀ ਮਾਰੇ ਸੀਘੇ ਤਿੰਨੋ ਜਣੇ---ਇਕ ਮੈਂ ਤੇ ਦੋ ਬੇਬੇ ਨੇ---"

ਗੁਰੇ ਦੇ ਕੋਈ ਗੱਲ ਪੱਲੇ ਨਾ ਪਈ---ਉਹਨੇ ਸੋਚਿਆ ਕਿ ਟਿਕਾਣੇ ਆਲੇ ਮਹੰਤ ਨੇ ਮੁੰਡਾ ਹੋਣ ਦਾ ਉਪਾਅ ਕਰਿਆ ਸੀ ਤੇ ਉਹ ਕਾਮਯਾਬ ਨਾ ਹੋਣ ਦੀ ਸੂਰਤ ਵਿੱਚ ਕੁੜੀਆਂ ਹੋਣ ਸਦਕਾ ਇਹਨੂੰ ਸਦਮਾ ਲੱਗਿਐ---ਉਹ ਵੀ ਸਵਰਨੀ ਨੂੰ ਹੌਸਲਾ ਦੇਣ ਲੱਗ ਪਿਆ---ਉਹਨੂੰ ਵਰਚਾਉਣ ਲੱਗ ਪਿਆ---ਬੇਬੇ ਗੁਰੇ ਨੂੰ ਖਿੱਚ ਕੇ ਬਾਹਰ ਛੱਡ ਆਈ---ਮੈਂ ਹੈਰਾਨ ਪ੍ਰੇਸ਼ਾਨ ਹੋਈ ਝੱਲ ਖਿਲਾਰਦੀ ਸਵਰਨੋ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਸਾਂ---ਉਹ ਰੋਂਦੀ ਹੋਈ ਬੋਲੀ,

“ਬੇਬੇ ਕੀ ਪਤਾ ਉਹ ਮਰ ਈ ਗਿਆ ਹੋਵੇ---ਇਹਨਾਂ ਕੁੜੀਆਂ ਦਾ ਬਾਪ---ਜਿਹੜਾ ਇੱਕ ਮੈਂ ਮਾਰਿਆ ਸੀ ਤੇ ਜਿਹੜੇ ਦੋ ਤੈਂ ਮਾਰੇ ਸੀਗੇ---ਕੀ ਪਤਾ ਉਹਨਾਂ ਚੋਂ ਈ ਕੋਈ ਇਨ੍ਹਾਂ ਦਾ ਬਾਪ ਹੋਵੇ---ਚਲ ਊਂ ਤਾਂ ਚੰਗਾ ਹੋਇਆ---ਉਹ ਮਰ ਈ ਜਾਣਾ ਚਾਹੀਦਾ ਸੀ---ਨਹੀਂ ਤਾਂ---ਬੇਬੇ ਨਹੀਂ ਤਾਂ---"

ਬੇਬੇ ਘਬਰਾਅ ਗਈ---ਸੋਚਣ ਲੱਗੀ ਕਿ ਹੁਣ ਇਹ ਪਾਗਲ ਸਾਰਾ ਭੇਦ ਪਰਦਾ ਖੋਲ੍ਹ ਕੇ ਰਹੂ---ਤੇ ਇੱਕ ਹੋਰ ਸਿਆਪਾ ਖੜ੍ਹਾ ਕਰ ਕੇ ਰਹੂਗੀ---ਉਹ ਸਵਰਨੀ ਨੂੰ ਖਿੱਚ ਕੇ ਮੇਰੀ ਕੋਠੜੀ `ਚ ਲੈ ਗਈ---ਮੈਂ ਵੀ ਮਗਰੇ ਚਲੀ ਗਈ---ਅੰਦਰੋਂ ਕੁੰਡੀ ਲਾ ਕੇ ਬੇਬੇ ਨੇ ਸਵਰਨੀ ਨੂੰ ਮੰਜੇ ਤੇ ਸਿੱਟਿਆ---ਉਹ ਅਜੇ ਵੀ ਸਾਹੋ ਸਾਹ ਹੋਈ ਪਈ ਸੀ---ਬਾਹਰ ਤਿੰਨੋਂ ਕੁੜੀਆਂ ਨੇ ਚੀਕ ਚਿਹਾੜਾ ਪਾ ਰੱਖਿਆ ਸੀ---ਮੈਂ ਕੁੰਡੀ ਖੋਲ੍ਹ ਕੇ ਕੁੜੀਆਂ ਅੰਦਰ ਕੀਤੀਆਂ---ਬੇਬੇ ਨੇ ਗਲ ਵਿੱਚ ਚੁੰਨੀ ਦਾ ਪੱਲਾ ਪਾ ਕੇ ਸਵਰਨੋ ਨੂੰ ਬੇਨਤੀ ਕੀਤੀ,

“ਸਵਰਨੀ---ਪੁੱਤ ਸਿਆਣੀ ਬਣ---ਜੇ ਤੂੰ ਆਇੰ ਭੇਤ ਖੋਲੇਂਗੀ---ਤਾਂ ਆਪਾਂ ਨੂੰ ਸਿੱਧੀ ਜੇਲ੍ਹ ਹੋਣੀ ਐ---ਕੋਠੀ ਬੀ ਲੱਗ ਸਕਦੀ ਐ---ਪੁੱਤ ਤੇਰੀਆਂ ਧੀਆਂ ਰੁਲ ਜਾਣਗੀਆਂ---ਬਚਾਰੀਆਂ ਕੰਨਿਆਂ ਦੇਵੀਆਂ ਪਤਾ ਨੀ ਕਿੱਥੇ ਧੱਕੇ ਖਾਂਦੀਆਂ ਫਿਰਨਗੀਆਂ---ਫੇਰ ਜਿਹੜੀ ਮਰਜ ਦੀ ਕੋਈ ਦਵਾ ਈ ਨੀ ਹੈ---ਉਹਦਾ ਜਿਕਰ ਹੀ ਕਿਉਂ ਕਰਨਾ---"

ਬੇਬੇ ਦੀ ਗੱਲ ਸੁਣ ਦੇ ਸਵਰਨੀ ਥੋੜੀ ਸ਼ਾਤ ਹੋਈ---ਉਹ ਪਸੀਨਾ ਪੂੰਝਦੀ ਹੋਈ ਅੱਖਾਂ ਫਾੜ ਫਾੜ ਕੇ ਸੁਚੇਤ ਹੋਣ ਦੀ ਕੋਸ਼ਿਸ਼ ਕਰ ਰਹੀ ਸੀ।

“ਬੇਬੇ ਮੇਰੇ ਵਸ ਨੀ ਸੀ ਰਿਹਾ---ਮੈਂ ਕੀ ਕਰਾ---ਮੈਂ ਇਹ ਸਭ ਕੁਸ ਭੁੱਲਣ ਦੀ ਕੋਸ਼ਿਸ਼ ਕਰਦੀ ਆਂ---ਪਰ ਨਹੀਂ ਭੁੱਲ ਸਕਦੀ---ਜੋ ਜੋ ਮੇਰੇ ਨਾਲ ਹੋਇਆ---ਬੇਬੇ ਉਹ ਭੁੱਲਣਾ ਆਸਾਨ ਨੀ---ਦੱਸ ਕਿਵੇਂ ਭੁੱਲਾਂ---ਜਿਉਂ ਜਿਉਂ ਕੁੜੀਆਂ ਵੱਡੀਆਂ ਹੁੰਦੀਆਂ ਜਾ ਰਹੀਆਂ ਨੇ ਤਿਉਂ ਤਿਉਂ ਮੇਰੀ ਮਾਨਸਿਕਤਾ ਖਰਾਬ ਹੰੁਦੀ ਜਾ ਰਹੀ ਐ---ਹੋਰ ਸਾਲ ਛਿਆਂ ਮਹੀਨਿਆਂ ਨੂੰ ਇਹ ਬੋਲਣ ਲੱਗ ਜਾਣਗੀਆਂ---ਤਾਂ ਤੇਰੇ ਪੋਤੇ ਨੂੰ ਇਹ ਭਾਪਾ ਆਖਣਗੀਆਂ---ਮੈਂ ਕਿਵੇਂ ਬਰਦਾਸ਼ਤ ਕਰੂੰ---ਮੈਂ ਕਿਵੇਂ ਉਹਦੇ ਨਾਲ ਧੋਖਾ ਕਰੂੰ---ਇਹ ਐਨਾ ਵੱਡਾ ਝੂਠ ਮੇਰੇ ਕੋਲੋਂ ਨਹੀਂ ਬੋਲਿਆ ਜਾਣਾ---ਨਹੀਂ ਬੇਬੇ---ਕਦਾਚਿਤ ਨਹੀਂ---ਕੋਈ ਵੀ ਔਰਤ ਆਪਣੇ ਪਤੀ ਨਾਲ ਇਹੋ ਜਿਹਾ ਝੂਠ ਨਹੀਂ ਬੋਲ ਸਕਦੀ---"

“ਪੁੱਤ ਨਾ ਜਾਣ ਬੁੱਝ ਕੇ ਤੈਂ ਗਲਤੀ ਕੀਤੀ ਐ ਤੇ ਨਾ ਮੈਂ---ਫੇਰ ਪਛਤਾਵਾ ਕਿਸ ਗੱਲ ਦਾ??---"

ਬੇਬੇ ਸੁਰ ਨੀਵੀਂ ਕਰਦਿਆ ਤੇ ਸਵਰਨੀ ਦੇ ਨੇੜੇ ਹੁੰਦਿਆਂ ਅੱਗੇ ਬੋਲੀ,

“ਆਪਾਂ ਉਹ ਸਾਰੇ ਖਤਮ ਕਰ `ਤੇ---ਸਣੇ ਮਹੰਤ ਦੇ---ਆਪਾਂ ਬਦਲਾ ਲੈ ਲਿਆ---ਉਨ੍ਹਾਂ ਨੂੰ ਆਪਣੇ ਕੁਕਰਮਾਂ ਦਾ ਫਲ ਮਿਲ ਗਿਆ---ਹੁਣ ਤੂੰ ਭੁੱਲਣ ਦੀ ਕੋਸ਼ਿਸ਼ ਕਰ---ਇਸੇ `ਚ ਈ ਸਾਰਿਆਂ ਦੀ ਭਲਾਈ ਐ---ਨਹੀਂ ਤਾਂ ਧੀਏ ਐਸੇ ਬਖੇੜੇ ਖੜ੍ਹੇ ਹੋ ਜਾਣਗੇ ਬਈ ਆਪਾਂ ਨੂੰ ਭੱਜਣ ਨੂੰ ਰਾਹ ਨੀ ਮਿਲਣਾ---ਸਿਆਣੀ ਧੀ"

ਮੇਰੀ ਸੋਚ ਫੇਰ ਪਿਛਾਹ ਪਰਤ ਗਈ---ਮੇਰੀ ਸ਼ੁੱਧੀ ਕਰਨ ਦਾ ਸਾਰਾ ਦ੍ਰਿਸ਼ ਮੇਰੀਆਂ ਨਜ਼ਰਾਂ ਸਾਹਮਣੇ ਘੁੰਮਣ ਲੱਗਿਆ---ਸ਼ੁਕਰ ਐ---ਸ਼ੁਕਰ ਐ---ਮੈਂ ਬਚ ਗਈ---ਨਹੀਂ ਤਾਂ ਮੈਂ ਵੀ ਸਵਰਨੀ ਵਾਂਗ ਪਾਗਲ ਹੋਈ ਹੰੁਦੀ---ਇਸੇ ਤਰ੍ਹਾਂ ਮਾਨਸਿਕ ਸੰਤੁਲਨ ਖਰਾਬ ਕਰਕੇ ਘੁੰਮਦੀ ਹੁੰਦੀ---ਮੈਂ ਬਚ ਗਈ---ਮੈਂ ਆਪਣੇ ਨਾਲ ਹੋਈ ਬੀਤੀ ਘਟਨਾ ਬਾਰੇ ਕਦੇ ਬੇਬੇ ਨਾਲ ਜ਼ਿਕਰ ਨਹੀਂ ਸੀ ਕੀਤਾ---ਕਦੇ ਮੌਕਾ ਵੀ ਨਹੀਂ ਸੀ ਆਇਆ---ਤੇ ਉਸ ਦਿਨ ਮੇਰਾ ਜੀਅ ਕਰੇ ਕਿ ਮੈਂ ਵੀ ਬੇਬੇ ਨੂੰ ਸਾਰੀ ਹੱਡ ਬੀਤੀ ਸੁਣਾਵਾਂ---ਪਰ ਸ਼ਾਇਦ ਉਸ ਦਿਨ ਵੀ ਢੁਕਵਾਂ ਮੌਕਾ ਨਹੀਂ ਸੀ---ਸਵਰਨੀ ਨੂੰ ਸਾਭਣਾ ਜ਼ਰੂਰੀ ਸੀ---ਬੇਬੇ ਨੇ ਮੇਰੇ ਸਿਰ ਉਤੇ ਹੱਥ ਧਰ ਕੇ ਮੈਨੂੰ ਅਤੀਤ ਦੀ ਘੁੰਮਣ ਘੇਰੀ `ਚ ਫਸੀ ਨੂੰ ਵਾਪਸ ਲਿਆਂਦਾ---ਉਸ ਨੇ ਬਹੁਤ ਹੀ ਮੋਹ ਨਾਲ ਆਖਿਆ,

“ਮੈਂ ਤਾਂ ਕਦੇ ਦਲੇਰ ਕੁਰ ਨੂੰ ਵੀ ਨੀ ਪੁੱਛਿਆ ਬਈ ਇਹਦੀ ਜਾਨ `ਤੇ ਉਸ ਦਿਨ ਕੀ ਕੀ ਬਣੀਆਂ---ਮੈਂ ਥੋਡੇ ਦੋਆਂ ਕੋਲੋਂ ਸ਼ਰਮਿੰਦਾ ਹਾਂ---ਮੈਂ ਦੋਹੇਂ ਹੱਥ ਜੋੜ ਕੇ ਥੋਤੋਂ ਮਾਫੀ ਮੰਗਦ ਆਂ---ਹੋ ਸਕੇ ਤਾਂ ਬਕਸ ਦਿਓ---"

“ਨਹੀਂ ਬੇਬੇ---ਮੇਰੇ ਨਾਲ ਤਾਂ ਕੋਈ ਐਸੀ ਘਟਨਾ ਵਾਪਰੀ ਏ ਨੀ---ਜਾਂ ਕਹਿ ਲਓ ਬਈ ਮੇਰੀ ਕਿਸਮਤ ਚੰਗੀ ਸੀ---ਮੈਂ ਬਚ ਗਈ---ਜੇ ਮੇਰੇ ਕੋਲ ਸਲਫ਼ਾਸ ਦੀਆਂ ਗੋਲੀਆਂ---" ਮੇਰੀ ਸੱਸ ਨੇ ਮੇਰੇ ਮੂੰਹ ਉਤੇ ਹੱਥ ਰੱਖ ਕੇ ਚੁੱਪ ਕਰਾ ਦਿੱਤਾ---

“ਊਂ ਪੰਡਤੈਣ ਵੀ ਮੇਰੀ ਰੜਕ `ਚ ਐ---ਜੀ ਕਰਦੈ ਉਹਦਾ ਬੀ ਗਾਟਾ `ਤਾਰ ਦਿਆਂ ਕਿਸੇ ਦਿਨ---ਕਦੇ ਕਦੇ ਮੈਨੂੰ ਲਗਦੈ ਬਈ ਇਹ ਮਹੰਤ ਨਾਲ ਮਿਲੀ ਹੋਈ ਸੀ---ਤਾਂ ਹੀ ਪਿੰਡ `ਚ ਜਣੇ ਖਣੇ ਨੂੰ ਮੁੰਡੇ ਬੰਡਦੀ ਫਿਰਦੀ ਸੀ---ਮੈਨੂੰ ਤਾਂ ਡੁੱਬੜੀ ਅਨਪੜ੍ਹ ਮੂਰਖ ਨੂੰ ਹੁਣ ਸਮਝ ਲੱਗੀ ਐ ਬਈ ਤੇਲੀਆਂ ਦੀ ਬਹੂ ਨੂੰ ਵਿਧਵਾ ਹੋਈ ਨੂੰ ਡੂਢ ਸਾਲ ਹੋ ਗਿਆ ਤੀਘਾ---ਉਸ ਨੂੰ ਇਸ ਕਲਮੂੰਹੀ ਨੇ ਟਿਕਾਣੇ ਤੋਂ ਮੁੰਡਾ ਬਕਸਾਅ ਦਿੱਤਾ---ਹੋਰ ਵੀ ਕਈ ਕਿੱਸੇ ਨੇ---ਬਘੇਲਿਆਂ ਕਾ ਰੁਲਦੂ ਫੌਜ `ਚ ਭਰਤੀ ਹੋ ਗਿਆ---ਚਾਰ ਸਾਲ ਛੁੱਟੀ ਨਾ ਆਇਆ---ਮਗਰੋਂ ਮੁੰਡਾ ਹੋ ਗਿਆ---ਉਹ ਵੀ ਇਸੇ ਦਲਾਲਣ ਦੀ ਮਿਹਰਬਾਨੀ ਸਦਕਾ ਹੋਇਆ---ਅਖੇ ਟਿਕਾਣੇ ਆਲਾ ਮਹੰਤ ਅਗੰਮ ਅਗੋਚਰ ਦੀਆਂ ਜਾਣਦੈ---ਕੰਜਰ ਲੁੱਚਾ ਕਿਤੋਂ ਦਾ---ਆਇਆ ਬੜਾ ਬ੍ਰਹਮਗਿਆਨੀ---ਅਹੇ ਜੇ ਲਫੰਗੇ ਸਾਧ ਸਹੀ ਸੰਤਾਂ ਨੂੰ ਵੀ ਬਦਨਾਮ ਕਰਦੇ ਨੇ---"

ਮੈਂ ਜਦੋਂ ਕੁੜੀਆਂ ਨੂੰ ਲੈਣ ਗਈ ਸਾਂ ਤਾਂ ਹਫੜਾ ਤਫੜੀ `ਚ ਕੋਠੜੀ ਦੇ ਦਰਵਾਜ਼ੇ ਦੀ ਚਿਟਕਣੀ ਲਾਉਣੀ ਭੁੱਲ ਗਈ---ਗੁਰਾ ਕੰਨ ਲਾ ਕੇ ਸਾਡੀ ਤਿੰਨਾਂ ਦੀ ਸਾਰੀ ਗੱਲਬਾਤ ਸੁਣਦਾ ਰਿਹਾ---ਉਹ ਪੰਜਿਆਂ ਭਾਰ ਪੋਲਾ ਪੋਲਾ ਤੁਰਦਾ ਸਾਡੇ ਕੋਲ ਆ ਕੇ ਢਾਕਾਂ ਤੇ ਹੱਥ ਧਰ ਕੇ ਖੜ੍ਹਾ ਹੋ ਗਿਆ---ਸਾਡੇ ਤਿੰਨਾਂ ਉਤੇ ਸੌ ਘੜਾ ਪਾਣੀ ਦਾ ਪੈ ਗਿਆ---ਅਸੀਂ ਬੁਰੀ ਤਰ੍ਹਾਂ ਡਰ ਗਈਆਂ---ਗੁਰੇ ਦੀਆਂ ਅੱਖਾਂ `ਚ ਖੂਨ ਉਤਰਿਆਂ ਹੋਇਆ ਸੀ---ਉਹਨੇ ਕਸ ਕੇ ਮੁੱਠੀਆਂ ਮੀਚੀਆਂ ਹੋਈਆਂ ਸਨ---ਉਹਦਾ ਮੂੰਹ ਵੀ ਗੁੱਸੇ ਨਾਲ ਲਾਲ ਸੁਰਖ ਹੋਇਆ ਪਿਆ ਸੀ---ਸਾਡੀ ਉਸ ਨੂੰ ਕੁੱਝ ਵੀ ਕਹਿਣ ਦੀ ਹਿੰਮਤ ਨਾ ਹੋਈ---ਬੇਬੇ ਨੇ ਚੇਤੇ ਉਤੇ ਸਾਰਾ ਭਾਰ ਪਾਉਂਦਿਆਂ ਦਰਵਾਜ਼ੇ ਵੱਲ ਤੱਕਦੀ ਨੇ ਕਿਹਾ,

“ਕੁੜੇ ਮੈਂ ਤਾ ਦਰਵਾਜੇ ਦੀ ਕੁੰਡੀ ਲਾਈ `ਤੀ---ਇਹ ਕੀਹਨੇ ਖੋਲ੍ਹੀ ਐ---ਗੁਰਾ ਅੰਦਰ ਕਿਵੇਂ ਆ ਗਿਆ---???"

ਮੈਂ ਹੋਰ ਵੀ ਕੰਬਣ ਲੱਗੀ---ਹੁਣ ਮੇਰੀ ਖੈਰ ਨੀ---ਕਿਉਂਕਿ ਕੁੜੀਆਂ ਨੂੰ ਕੋਠੜੀ `ਚ ਲਿਆਉਂਦੇ ਸਮੇਂ ਕੁੰਡੀ ਤਾਂ ਮੈਂ ਹੀ ਖੁੱਲ੍ਹੀ ਛੱਡ ਆਈ ਸਾਂ---ਮੇਰੀ ਜੀਭ ਤਾਲੂ ਨਾਲ ਜਾ ਲੱਗੀ---ਕੁੰਡੀ ਲੱਗੀ ਹੋਣ ਦੇ ਭਰਮ ਸਦਕਾ ਅਸੀਂ ਨਿਸਚਿੰਤ ਸਾਂ ਕਿ ਕੋਈ ਅੰਦਰ ਆ ਕੇ ਸਾਡੀਆਂ ਗੱਲਾਂ ਸੁਣ ਈ ਨੀ ਸਕਦਾ---ਪਰ ਇਹ ਤਾਂ ਅਨਰਥ ਈ ਹੋ ਗਿਆ---ਪਤਾ ਨੀ ਹੁਣ ਕਿਸ ਕਿਸ ਦੀ ਸ਼ਾਮਤ ਆਉਂਦੀ ਐ---

ਕਦੇ ਕਦੇ ਬੜੀ ਅਜੀਬੋ ਗਰੀਬ ਸਥਿਤੀ ਉਤਪਨ ਹੋ ਜਾਂਦੀ ਐ---ਬੇਬੇ ਗੁਰੇ ਦੇ ਪੈਰ ਫੜ ਕੇ ਬਹਿ ਗਈ---ਮੈਂ ਅਤੇ ਸਵਰਨੀ ਦੋਵੇਂ ਹੱਥ ਬੰਨ੍ਹੀ ਉਸ ਕੋਲੋਂ ਰਹਿਮ ਦੀ ਭੀਖ ਮੰਗ ਰਹੀਆਂ ਸਾਂ---ਤਿੰਨੋਂ ਨਿਰਦੋਸ਼ ਸਾਂ ਪਰ ਔਰਤਾਂ ਸਾਂ ਨਾ, ਇਸ ਕਰਕੇ ਨੀਵੀਆਂ ਹੋਈ ਖੜ੍ਹੀਆਂ ਸਾਂ---ਗੁਰਾ ਅੱਖਾਂ ਮੀਚੀ ਤੇ ਗਰਦਨ ਉਤਾਹ ਨੂੰ ਕਸ ਕੇ ਖੜ੍ਹਿਆ ਸੀ---

ਕਿਹੜੇ ਵੇਲੇ ਉਹ ਬਿਜਲੀ ਦਾ ਕਰੰਟ ਲੱਗਣ ਵਾਂਗ ਕੋਠੜੀ ਚੋਂ ਨਿਕਲ ਕੇ ਦਲਾਨ ਟੱਪ ਕੇ ਵੱਡੇ ਦਰਵਾਜ਼ੇ ਨੂੰ ਪਾਰ ਕਰ ਕੇ ਬੀਹੀ ਵਿੱਚ ਨੂੰ ਭੱਜ ਨਿਕਲਿਆ, ਸਾਨੂੰ ਕੱਖ ਪਤਾ ਨਾ ਲੱਗਿਆ---ਜਦ ਨੂੰ ਅਸੀਂ ਤਿੰਨੋਂ ਜਣੀਆਂ ਮੇਨ ਦਰਵਾਜ਼ੇ ਤੱਕ ਆਈਆਂ---ਉਦੋਂ ਤੱਕ ਉਹ ਬੀਹੀ ਦਾ ਮੋੜ ਮੁੜ ਕੇ ਅੱਖਾਂ ਤੋਂ ੳਝਣ ਈ ਹੋ ਗਿਆ---ਬੇਬੇ ਉਹਦੇ ਮਗਰ ਭੱਜੀ---ਮੈਂ ਤੇ ਸਵਰਨੀ ਵੀ ਮਗਰੇ ਗਈਆਂ ਪਰ ਉਹ ਕਦੋਂ ਡਾਹੀ ਦੇਣ ਵਾਲਾ ਸੀ---ਹਨੇਰੇ `ਚ ਉਹ ਅਲੋਪ ਹੀ ਹੋ ਗਿਆ।

ਰਾਤ ਡਰਾਉਣੀ ਹੋ ਚੱਲੀ ਸੀ---ਹੁਣ ਪਤਾ ਨੀ ਕਿਸ ਕਿਸ ਦਾ ਗਾਟਾ ਉਤਰਨਾ ਹੈ---ਗੁਰੇ ਨੇ ਗੁੱਸੇ `ਚ ਆਏ ਹੋਏ ਨੇ ਕੁੜੀਆਂ ਮਾਰ ਦੇਣੀਆਂ ਨੇ---ਬੇਬੇ ਕੁੱਟ ਛੱਡਣੀ ਐ---ਸਵਰਨੀ ਨੂੰ ਤੇ ਮੈਨੂੰ ਤਾਂ ਟੁਕੜੇ ਟੁਕੜੇ ਕਰ ਕੇ ਸਾਹ ਲਵੇਗਾ---ਅਸੀਂ ਸੋਚ ਰਹੀਆਂ ਸਾਂ ਕਿ ਇਹ ਗੱਲ ਗੁਰੇ ਦੇ ਕੰਨੀ ਨਹੀਂ ਸੀ ਪੈਣੀ ਚਾਹੀਦੀ---ਕੁੰਡੀ ਖੁੱਲ੍ਹੀ ਛੁਟ ਜਾਣ ਵਾਲੀ ਗਲਤੀ ਮੈਂ ਆਪਣੇ ਉਤੇ ਨਾ ਲਈ---ਜ਼ਿੰਦਗੀ `ਚ ਇਹ ਪਹਿਲਾ ਮੌਕਾ ਸੀ ਜਦੋਂ ਮੈਂ ਆਪਣੀ ਗਲਤੀ ਕਿਸੇ ਹੋਰ ਦੇ ਸਿਰ ਮੜ੍ਹ ਦਿੱਤੀ---ਆਪਣੀ ਭੁੱਲ ਬੇਬੇ ਸਿਰ ਮੜ੍ਹ ਦਿੱਤੀ---ਉੱਧਰ ਬੇਬੇ ਵੀ ਬਾਰ ਬਾਰ ਚੇਤੇ ਉੱਤੇ ਭਾਰ ਪਾ ਕੇ ਸੋਚਦੀ ਰਹੀ ਕਿ ਕੁੰਡੀ ਤਾਂ ਮੈਂ ਪੱਕਾ ਅੜਾਈ ਸੀ---ਇਹ ਖੁੱਲ੍ਹੀ ਕਿਵੇਂ ਰਹਿ ਗਈ---ਫੇਰ ਉਸ ਨੇ ਆਪਣਾ ਮਨ ਸਮਝਾ ਲਿਆ ਕਿ ਸ਼ਾਇਦ ਜਲਦਬਾਜ਼ੀ ਅਤੇ ਘਬਰਾਹਟ ਵਿੱਚ ਕੁੰਡੀ ਲੱਗੀ ਹੀ ਨਾ ਹੋਵੇ---

37

ਅਸੀਂ ਬੁੱਤ ਬਣੀਆਂ ਬੈਠੀਆਂ ਸਾਂ---ਬਾਰ ਬਾਰ ਬੂਹੇ ਵੱਲ ਤੱਕਦੀਆਂ ਤੇ ਹੱਥ ਮਲਦੀਆਂ---ਮੈਂ ਤੇ ਸਵਰਨੀ ਬੇਬੇ ਨੂੰ ਇੱਕੋ ਸੁਆਲ ਪੁੱਛ ਰਹੀਆਂ ਸਾ ਕਿ ਬੇਬੇ ਹੁਣ ਕੀ ਬਣੂੰ---ਪਰ ਬੇਬੇ ਡੁੰਨ ਬਾਟਾ ਬਣੀ ਸਾਨੂੰ ਸਿਰਫ ਨਿਹਾਰਦੀ---ਸ਼ਾਇਦ ਉਸ ਕੋਲ ਐਨੀ ਜਲਦੀ ਸਾਡੇ ਸੁਆਲਾਂ ਦਾ ਜਵਾਬ ਹੈ ਈ ਨਹੀਂ ਸੀ---

ਬੇਬੇ ਨੂੰ ਤੇ ਸਾਨੂੰ ਇਹ ਚਿੰਤਾ ਵੀ ਸਤਾਈ ਜਾ ਰਹੀ ਸੀ ਕਿ ਹੁਣ ਟਿਕਾਣੇ `ਚ ਤਾ ਕੋਈ ਹੈ ਨੀ---ਜਿੱਥੇ ਹਰਖ ਦਾ ਭਰਿਆ ਜਾ ਕੇ ਉਹ ਮਹੰਤ ਜਾਂ ਚੇਲਿਆ ਦੀ ਮਾਰ ਕੁਟਾਈ ਕਰ ਕੇ ਆਪਣਾ ਗੁੱਭ ਗੁਲ੍ਹਾਟ ਕੱਢ ਲੈਂਦਾ---ਕਿਤੇ ਊਈਂ ਨਾ ਤੈਸ਼ `ਚ ਆਇਆ ਕਿਸੇ ਖੂਹ ਖਾਤੇ `ਚ ਪੈ ਜਾਵੇ---ਸਵਰਨੀ ਨੇ ਆਉਣ ਵਾਲੇ ਖਤਰੇ ਤੋਂ ਡਰ ਕੇ ਬੇਬੇ ਨੂੰ ਕਿਹਾ,

“ਬੇਬੇ ਆਪਾਂ ਨੂੰ ਘਰ ਦੇ ਬਾਕੀ ਜੀਆਂ ਨੂੰ ਇਹ ਗੱਲ ਤੁਰੰਤ ਦੱਸ ਦੇਣੀ ਚਾਹੀਦੀ ਐ---ਕੀ ਪਤਾ ਉਹ ਕੋਈ ਰਸਤਾ ਕੱਢ ਲੈਣ---ਫੇਰ ਬੇਬੇ ਏਸ ਸਾਰੀ ਘਟਨਾ ਵਿੱਚ ਆਪਾਂ ਤਿੰਨਾਂ ਚੋਂ ਕਿਸੇ ਦਾ ਦੋਸ਼ ਵੀ ਨਹੀਂ---ਹੁਣ ਮਾਮਲਾ ਬਹੁਤਾ ਵਿਗੜ ਗਿਐ---ਗੱਲ ਆਪਣੇ ਵੱਸੋਂ ਬਾਹਰੀ ਹੋ ਗਈ ਐ---ਏਸ ਕਰਕੇ ਸਾਰਿਆਂ ਨੂੰ ਦੱਸ ਦੇਣ `ਚ ਈ ਭਲਾਈ ਐ---"

ਬੇਬੇ ਨੇ ਸਵਰਨੀ ਦੀ ਗੱਲ ਦਾ ਕੋਈ ਉਤਰ ਨਾ ਦਿੱਤਾ---ਉਲਟਾ ਮੈਨੂੰ ਪੁੱਛਣ ਲੱਗੀ,

“ਅੱਛਿਆਂ ਬਹੂ ਤੂੰ ਦੱਸ ਤੇਰੇ ਨਾਲ ਕਿੰਨਿਆ ਨੇ ਗਲਤ ਕੰਮ ਕੀਤਾ?"

“ਨਹੀਂ ਬੇਬੇ---ਮੈਂ ਤਾਂ ਨੌਬਤ ਈ ਨੀ ਆਉਣ ਦਿੱਤੀ---ਮੇਰੇ ਲਵੇ ਤਾਂ ਸਲਫ਼ਾਸ ਦੀਆਂ ਗੋਲੀਆਂ ਸੀਗੀਆਂ---ਸੋ ਮੈਂ ਤਾਂ ਬਚ ਗਈ ਮੈਂ ਬੁਝੀ ਬੁਝੀ ਆਵਾਜ਼ `ਚ ਬੋਲੀ। ਮੈਂ ਬੇਬੇ ਨੂੰ ਟਿਕਾਣੇ ਵਾਲੀ ਸਾਰੀ ਵਾਰਦਾਤ ਸੁਣਾਈ---ਸੁਣ ਕੇ ਬੇਬੇ ਨੇ ਸਾਨੂੰ ਦੋਹਾਂ ਨੂੰ ਗਲ ਨਾਲ ਲਾਇਆ---ਅੱਖਾਂ ਭਰ ਕੇ ਉਹ ਆਖਣ ਲੱਗੀ,

“ਭਾਈ ਥੋਡੀ ਦੋਹਾਂ ਦੀ ਦੁਰਦਸ਼ਾ ਲਈ ਮੈਂ ਈ ਜਿੰਮੇਵਾਰ ਆਂ---ਨਿੱਜ ਮੈਂ ਕਲਹਿਣੀ ਪੰਡਤੈਣ ਦੀਆਂ ਗੱਲਾਂ `ਚ ਆਈ---ਤੇ ਥੋਡੀ ਹਾਅ ਦੁਰਗਤੀ ਕਰਾਈ---ਇੱਕ ਚਿੱਤ ਕਰਦੈ ਬਈ ਪੰਡਤੈਣ ਨੂੰ ਵੀ ਮਹੰਤ ਕੋਲ ਈ ਤੁਰਦੀ ਕਰ ਦਿਆਂ---ਕਿਸੇ ਦਿਨ ਮੌਕਾ ਦੇਖ ਕੇ ਮੁੰਡੀ ਮਰੋੜ ਦਿਆਂ---"

“ਦੇਖ ਬੇਬੇ---ਬੇਸ਼ੱਕ ਪੰਡਤੈਣ ਨੇ ਥੋਨੂੰ ਮਗਰ ਲਾਇਆ ਪਰ ਥੋਨੂੰ ਬੀ ਤਾਂ ਸਮਝ ਚਾਹੀਦੀ ਸੀ---ਤੁਸੀਂ ਸਿਆਣੇ ਬਿਆਣੇ ਹੋ ਕੇ ਮੂਰਖ ਬਣ ਗਏ---ਫੇਰ ਪੰਡਤੈਣ ਦਾ ਕੀ ਕਸੂਰ ਅੇ---ਥੋਨੂੰ ਸੋਚਣਾ ਚਾਹੀਦਾ ਸੀ ਬਈ ਅੱਜ ਕੱਲ੍ਹ ਕਿਹੜੇ ਸ਼ਕਤੀਆਂ ਆਲੇ ਸਾਧ ਨੇ---ਹੁਣ ਤਾਂ ਸਾਧਾਂ ਦੇ ਭੇਖ `ਚ ਬਹੁਤੇ ਲੁਟੇਰੇ ਤੁਰੇ ਫਿਰਦੇ ਨੇ---ਤੂੰ ਧੌਲੇ ਝਾਟੇ ਆਲੀ ਹੋ ਕੇ ਮੂਰਖ ਕਿਉਂ ਬਣੀ---ਤੈਂ ਬੀ ਤਾਂ ਜੁਆਕ ਜੰਮੇ ਨੇ---ਤੂੰ ਦੱਸ ਬਈ ਸਾਡਾ ਬਾਪੂ ਹਿਲ ਤੱਕ ਨੀ ਸਕਦਾ---ਮਾਸੀ ਦਾ ਉਹਦੇ ਨਾਲ ਆਦਮੀ ਤੀਵੀਂ ਵਾਲਾ ਕੋਈ ਰਿਸ਼ਤਾ ਨਾਤਾ ਈ ਨੀ ਹੈਗਾ---ਫੇਰ ਵੀ ਤੂੰ ਜੰਡ ਇਹਨੂੰ ਮਹੰਤ ਕੋਲ ਲੈ ਗਈ---ਉਹ ਮਹਾਂਭਾਰਤ ਵਾਲੀਆਂ ਕਥਾ ਕਹਾਣੀਆਂ ਸਭ ਝੂਠ ਨੇ---ਬੰਦੇ ਨੂੰ ਆਵਦੇ ਦਮਾਗ ਨਾਲ ਵੀ ਸੋਚਣਾ ਚਾਹੀਦੈ---"

ਸਵਰਨੀ ਨੇ ਬੇਬੇ ਨੂੰ ਠਾਹ ਠਾਹ ਸੁਣਾਈਆਂ---ਮੈਂ ਸੁਣ ਕੇ ਸ਼ਰਮਾਅ ਗਈ---ਬੇਬੇ ਨੀਵੀਂ ਪਾਈ ਜਿਵੇਂ ਸਵਰਨੀ ਦੀਆਂ ਗੱਲਾਂ ਉਤੇ ਗੌਰ ਕਰ ਰਹੀ ਸੀ---ਮੈਂ ਬੇਬੇ ਨੂੰ ਫੇਰ ਚੇਤਾ ਕਰਾਇਆ ਕਿ ਘਰਦਿਆਂ ਨੂੰ ਸਾਰੀ ਗੱਲ ਦੱਸ ਕੇ ਗੁਰੇ ਨੂੰ ਲੱਭਣ ਭੇਜਿਆ ਜਾਵੇ---ਪਰ ਬੇਬੇ ਦੀ ਹਿੰਮਤ ਨਹੀਂ ਸੀ ਹੋ ਰਹੀ---ਉਹ ਜੁੱਤੀਆਂ ਪੈਣ ਦੇ ਡਰੋਂ ਟਾਲ ਮਟੋਲ ਕਰ ਰਹੀ ਸੀ---ਅਖ਼ੀਰ ਮੈਂ ਬੇਬੇ ਨੂੰ ਹਲੂਣਿਆ---ਉਹ ਚੁੰਨੀ ਦੀ ਬੁੱਕਲ ਸੰਵਾਰਦੀ ਹੋਈ ਭਾਰੇ ਕਦਮਾ ਨਾਲ ਬਾਹਰ ਨਿਕਲੀ---ਉਹਦੇ ਜਾਣ ਬਾਦ ਅਸੀਂ ਹੋਰ ਵੀ ਇਕੱਲੀਆਂ ਹੋ ਗਈਆਂ---ਮੈਂ ਸਵਰਨੋ ਦਾ ਹੱਥ ਫੜਿਆ---ਉਹ ਠੰਢੀ ਹੋਈ ਪਈ ਸੀ---ਉਹ ਬੋਲੀ,

“ਮਾਸੀ ਜੇ ਗੁੱਡੀ ਦੇ ਭਾਪੇ ਨੂੰ ਕੁਸ ਹੋ ਗਿਆ ਫੇਰ?? ਜੇ ਉਹਨੇ ਹਰਖ `ਚ ਆਏ ਨੇ ਕਿਸੇ ਨਹਿਰ `ਚ ਛਾਲ ਮਾਰ ਦਿੱਤੀ ਜਾਂ???"

“ਸ਼ੁਭ ਸ਼ੁਭ ਬੋਲ ਸਵਰਨੋ---ਐਂ ਨੀ ਸੋਚਦੇ ਹੁੰਦੇ---ਤੂੰ ਗੁਰੇ ਦੀ ਸੁੱਖ ਭਾਲ---ਗੁਰਾ ਬਿਲਕੁਲ ਠੀਕ ਹੋਊਗਾ---ਉਹ ਸਿਆਣਾ ਮੁੰਡਾ ਐ---ਇਹੋ ਜੀ ਗਲਤੀ ਨੀ ਕਰਦਾ---ਹੁਣੇ ਬੇਬੇ ਸਾਰਿਆ ਨੂੰ ਉਹਨੂੰ ਲੱਭਣ ਭੇਜੂਗੀ---" ਮੈਂ ਉਹਦੀ ਗੱਲ ਕੱਟ ਕੇ ਕਿਹਾ ਐਨੇ ਨੂੰ ਬੇਬੇ ਵੀ ਆ ਗਈ---ਉਹ ਉੱਖੜੀ ਉੱਖੜੀ ਬੋਲੀ,

“ਭਾਈ ਤੁਸੀਂ ਵੀ ਮੇਰੇ ਨਾਲ ਚੱਲੋ---ਥੋਡਾ ਬਾਪੂ ਤਾਂ ਮਾੜੀ ਜੀ ਗੱਲ ਸੁਣ ਕੇ ਈ ਡੁੰਨ ਬਾਟਾ ਜਿਹਾ ਹੋ ਗਿਆ---ਸਾਰੀ ਗੱਲ ਸੁਣ ਕੇ ਤਾਂ ਪਤਾ ਨੀ ਕੀ ਹਾਲ ਹੋਊ---ਮੈ ਘਰ ਦੇ ਬਾਕੀ ਜੀਅ ਵੀ ਸੱਦ ਲਏ ਨੇ---ਸਾਰੇ ਦਲਾਨ `ਚ ਨੇ---"

ਅਸੀਂ ਦੋਵੇਂ ਮੁਰਦਿਆਂ ਵਾਂਗ ਬੇਬੇ ਦੇ ਮਗਰ ਮਗਰ ਤੁਰ ਪਈਆਂ---ਬਾਹਰ ਦਲਾਨ `ਚ ਸਾਰਾ ਟੱਬਰ `ਕੱਠਾ ਹੋਇਆ ਵਿਆ ਸੀ---ਸਭ ਜਣੇ ਹੈਰਾਨ ਹੋਏ ਉਬਾਸੀਆਂ ਲੈ ਰਹੇ ਸਨ---ਬੇਬੇ ਨੇ ਗਲ `ਚ ਚੁੰਨੀ ਪਾ ਕੇ ਤੇ ਹੱਥ ਬੰਨ੍ਹ ਕੇ ਅਰਜ਼ ਕੀਤੀ,

“ਦੇਖੋ ਭਾਈ---ਸਾਰੇ ਜਣੇ ਸੁਣ ਲਓ---ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਰਿਆਂ ਤੋਂ ਹੱਥ ਬੰਨ੍ਹ ਕੇ ਮਾਫੀ ਮੰਗਦੀ ਆਂ---ਮੈਂ ਗਲਤੀ ਜਾਣ ਕੇ ਨੀ ਕੀਤੀ ਮੈਥੋਂ ਹੋ ਗਈ---ਫੇਰ ਗਲਤੀ ਬੀ ਅਹੀ ਜੀ ਬਈ ਹੁਣ ਤੁਸੀਂ ਮੈਨੂੰ ਫਾਹੇ ਟੰਗੋ ਤਾਂ ਈ ਕੋਈ ਗੱਲ ਬਣ ਸਕਦੀ ਐ---ਮੇਰੇ ਅਣਜਾਣੇ `ਚ ਕੀਤੇ ਗੁਨਾਹ ਦੀ ਸਜਾ ਫਾਂਸੀ ਤੋਂ ਘੱਟ ਨੀ ਹੋ ਸਕਦੀ---"

ਸਾਰੇ ਜਣੇ ਹੈਰਾਨੀ ਨਾਲ ਬੇਬੇ ਵੱਲ ਦੇਖ ਰਹੇ ਸਨ ਬਈ ਐਸ ਨੇ ਐਡਾ ਕਿਹੜਾ ਗੁਨਾਹ ਕਰ `ਤਾ ਜਿਹਦੀ ਸਜਾ ਫਾਂਸੀ ਤੋਂ ਉਰੇ ਨੀ ਹੋ ਸਕਦੀ---ਫੇਰ ਬੇਬੇ ਨੇ ਮੈਨੂੰ ਟਿਕਾਣੇ ਲਿਜਾਣ ਤੋਂ ਲੈ ਕੇ ਸਵਰਨੀ ਨੂੰ ਲਿਜਾਣ ਅਤੇ ਉਹ ਦਿਨ ਗੁਰੇ ਦੇ ਉਹਨਾਂ ਦੀ ਸਾਰੀ ਗੱਲ ਬਾਤ ਸੁਣ ਲੈਣ ਬਾਦ ਘਰੋਂ ਭੱਜਣ ਤੱਕ ਦੀ ਸਾਰੀ ਕਹਾਣੀ ਵਿਸਥਾਰ ਨਾਲ ਸੁਣਾਈ---ਕਹਾਣੀ ਦੱਸਦਿਆਂ ਦੱਸਦਿਆਂ ਜਿੱਥੇ ਬੇਬੇ ਅਟਕ ਜਾਂਦੀ ਉਥੇ ਮੈਂ ਜਾਂ ਸਵਰਨੀ ਤੰਦ ਫੜ ਲੈਂਦੀਆਂ ਤੇ ਬੇਬੇ ਨੂੰ ਲੀਹੇ ਚਾੜ੍ਹ ਕੇ ਬੋਲਣ ਦਾ ਮੌਕਾ ਮੁਹੱਈਆ ਕਰਵਾ ਦਿੰਦੀਆਂ---

ਐਨੀ ਭਿਅੰਕਰ ਤੇ ਦਿਲ ਦਹਿਲਾਅ ਦੇਣ ਵਾਲੀ ਘਟਨਾ ਸੁਣ ਕੇ ਸਾਰਾ ਟੱਬਰ ਸੁੰਨ ਈ ਹੋ ਗਿਆ---ਇੱਕ ਗੱਲ ਜ਼ਰੂਰ ਐ ਕਿ ਬੇਬੇ ਨੇ ਬਾਰ ਬਾਰ ਜ਼ੋਰ ਦੇ ਕੇ ਸਾਨੂੰ ਦੋਹਾਂ ਨੂੰ ਨਿਰਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਕੀਤੀ---ਸਭ ਜਣੇ ਅੱਖਾਂ ਟੱਡੀ ਇੱਕ ਦੂਜੇ ਦੇ ਮੂੰਹ ਵੱਲ ਤੱਕ ਰਹੇ ਸਨ---ਅਖੀਰ ਮੇਰਾ ਜੇਠ ਬੋਲਿਆ,

“ਐਨਾ ਕੁਸ ਹੋ ਗਿਆ---ਜੱਗੋਂ ਤੇਰਵ੍ਹੀਂ ਹੋ ਗਈ ਪਰ ਸਾਨੂੰ ਕਿਸੇ ਨੇ ਦੱਸਿਆ ਈ ਨੀ---ਹੁਣ ਸਭ ਕੁੱਝ ਹੋ ਬੀਤ ਜਾਣ ਮਗਰੋਂ ਦੱਸਣ ਦਾ ਕੀ ਲਾਭ ਐ---ਦੇਖੋ ਟਿਕਾਣੇ `ਚ ਹੁਣ ਕੋਈ ਮਹੰਤ---ਕੋਈ ਚੇਲਾ ਹੈ ਈ ਨੀ---ਤਿੰਨ ਤਾਂ ਤੁਸੀਂ ਖਤਮ ਈ ਕਰ ਦਿੱਤੇ---ਉਂਜ ਬੇਬੇ ਮੈਂ ਤੇਰੀ ਤੇ ਸਵਰਨੀ ਦੀ ਬਹਾਦਰੀ ਦੀ ਦਾਦ ਦਿੰਨਾਂ ਵਾਂ---ਐਨੀ ਦਲੇਰੀ ਤਾਂ ਮਰਦ ਵੀ ਨੀ ਕਰ ਸਕਦੇ---ਹੁਣ ਮਸਲਾ ਇਹ ਹੈ ਕਿ ਹੁਣ ਕਿਸੇ ਨੂੰ ਦੋਸ਼ ਦਿੱਤਿਆਂ ਜਾਂ ਰੌਲਾ ਪਾਇਆਂ ਆਵਦਾ ਈ ਜਲੂਸ ਨਿਕਲਦੈ---ਜੇ ਹੁਣ ਬੇਬੇ ਨੂੰ ਮੰਦਾ ਚੰਗਾ ਬੋਲਦੇ ਆਂ ਤਾਂ ਵੀ ਸਮੱਸਿਆਂ ਦਾ ਕੋਈ ਸਮਾਧਾਨ ਨੀ ਨਿਕਲਦਾ---ਗਲਤੀ ਤਾਂ ਬੇਬੇ ਦੀ ਬਹੁਤ ਵੱਡੀ ਐ---ਇਹਨੂੰ ਸਾਡੇ ਨਾਲ ਰਾਇ ਕਰਨੀ ਚਾਹੀਦੀ ਸੀ---ਸਾਡੇ ਚੋਂ ਕੋਈ ਬੰਦਾ ਥੋਡੇ ਨਾਲ ਹੁੰਦਾ ਤਾਂ ਮਹੰਤ ਦੀ ਜਾਂ ਕਿਸੇ ਚੇਲੇ ਦੀ ਹਿੰਮਤ ਈ ਨਹੀਂ ਸੀ ਹੋਣੀ ਕਿਸੇ ਪ੍ਰਕਾਰ ਦਾ ਗਲਤ ਕੰਮ ਕਰਨ ਦੀ---ਪਰ ਤੁਸੀਂ ਆਪੇ ਪ੍ਰਧਾਨ ਬਣ ਕੇ ਤੁਰ ਗਈਆਂ---ਤੁਸੀਂ ਤਾਂ ਕੀ---ਅਜਿਹੇ ਕੰਮਾਂ ਨੂੰ ਕਰਨ ਵਕਤ ਤੀਮੀਆਂ ਈ ਜਾਂਦੀਆਂ ਨੇ---ਮਰਦਾਂ ਨੂੰ ਸੂਹ ਈ ਨੀ ਲੱਗਣ ਦਿੰਦੀਆਂ---ਫੇਰ ਬਰਬਾਦ ਹੋਣ ਮਗਰੋਂ ਪਿੱਟਣਗੀਆਂ ਦੁਹੱਥੜੇ ਮਾਰ ਮਾਰ ਕੇ---ਹੁਣ ਜਦ ਤੁਸੀਂ ਆਪ ਗਲਤੀ ਕੀਤੀ ਐ ਤਾਂ ਮਹੰਤ ਜਾ ਚੇਲਿਆਂ ਨੂੰ ਕਾਹਦਾ ਦੋਸ਼ ਦਈਏ?"

ਮੇਰੇ ਜੇਠ ਦੀ ਗੱਲ ਸੁਣ ਕੇ ਬੇਬੇ ਨੂੰ ਘੁਰਦਾ ਹੋਇਆ ਬਾਪੂ ਬੋਲਿਆ,

“ਥੋਡੀ ਮਾਂ ਤਾਂ ਸਿਰੇ ਦੀ ਜੱਭਲ ਐ---ਲੀਰਾਂ ਦਾ ਗੋਧੂ---ਇਹਨੇ ਮੇਰੇ ਕੰਨੀ ਭਿਣਕ ਨੀ ਪਾਈ---ਥੋਨੂੰ ਤਾਂ ਕੀ ਦੱਸਣਾ `ਤੀ---ਹੁਣ ਜੀ ਤਾਂ ਕਰਦੈ ਬਈ ਏਸੇ ਦੀ ਚੁੰਨੀ ਨਾਲ ਇਹਨੂੰ ਗਲ ਫਰਾਹਾ ਦੇ ਦੇਮਾਂ---ਪਰ ਉਹਦੇ ਨਾਲ ਹੱਥ ਕੁਸ ਨੀ ਆਉਣਾ---ਇਹ ਕੁੱਤੀ ਤੀਮੀਂ ਬਿਨਾਂ ਸੋਚੇ ਵਿਚਾਰੇ ਉਸ ਦਲਾਲ ਡਕੈਂਤਣ ਦੇ ਮਗਰ ਲੱਗ ਤੁਰੀ ਤੇ ਬਹੂਆਂ ਦਾ ਨਾਸ ਕਰਾ `ਤਾ---ਇਹਨਾਂ ਦਾ ਤਾਂ ਕਿਧਰੇ ਦੋਸ਼ ਨਜ਼ਰ ਨੀ ਆਉਂਦਾ---ਮੈਂ ਤਾਂ ਕਹਿਨਾ ਬਈ ਪਹਿਲਾਂ ਇਸ ਬੁੱਢੜੀ ਦਾ ਫਾਹਾ ਬੱਢੋ---" ਉਹ ਬੇਬੇ ਵੱਲ ਉਲਰਿਆ---ਬੇਬੇ ਮੇਰੇ ਜੇਠ ਨੂੰ ਚੰਬੜ ਗਈ---ਮੇਰੇ ਦਿਉਰ ਨੇ ਬਾਪੂ ਨੂੰ ਸ਼ਾਂਤ ਕੀਤਾ,

“ਬਾਪੂ ਇਹਨਾਂ ਦੀ ਕਹਾਣੀ ਸੁਣ ਕੇ ਸਮਝ ਨੀ ਲਗਦੀ ਕਿ ਕੀਹਨੂੰ ਸਜ਼ਾ ਦਈਏ---ਬੇਬੇ ਨੇ ਸਿੱਧੇ ਸੁਭਾਅ ਨਾਲ ਪੰਡਤਾਣੀ ਦੀ ਗੱਲ ਮੰਨ ਲਈ---ਸਵਰਨੋ ਤੇ ਇਹਦੀ ਮਾਸੀ ਨੇ ਵਿਰੋਧ ਕੀਤਾ ਪਰ ਇਹਨਾਂ ਦੀ ਬੇਬੇ ਨੇ ਸੁਣੀ ਨਾ---ਹੁਣ ਇੱਕ ਗੱਲੋਂ ਤਾਂ ਤਸੱਲੀ ਐ ਬਈ ਕੁਕਰਮੀ ਮਾਰੇ ਗਏ---ਜਿਹੜਾ ਕੰਮ ਬੇਬੇ ਨੇ ਤੇ ਸਵਰਨੀ ਨੇ ਐਨੀ ਸੂਝ ਬੂਝ ਨਾਲ ਕੀਤਾ ਕਿ ਕੰਨੋ ਕੰਨ ਕਿਸੇ ਨੂੰ ਭਿਣਕ ਨੀ ਪਈ---ਉਹ ਅਸੀਂ ਐਨੀ ਤਰਕੀਬ ਨਾਲ ਨਹੀਂ ਸਾਂ ਕਰ ਸਕਦੇ---ਇਹ ਕੰਮ ਕਰ ਕੇ ਇਹਨਾਂ ਨੇ ਸਾਨੂੰ ਸਜ਼ਾ ਹੋਣੋਂ ਵੀ ਬਚਾ ਲਈ---ਦੇਖੋ ਪਾਪੀ ਮਾਰਨੇ ਤਾਂ ਸੀਗੇ ਈ ਸੀਗੇ---ਅਸੀਂ ਤਾਂ ਸੈਂਦਕ ਮਾਰਦੇ---ਫੇਰ ਸਜਾ ਵੀ ਲਾਜਮੀ ਹੁੰਦੀ ਪਰ ਹੁਣ ਸੱਪ ਵੀ ਮਰ ਗਿਆ ਤੇ ਲਾਠੀ ਵੀ ਬਚ ਗਈ---ਐਨੇ ਗੁੱਪ ਚੁੱਪ ਤਰੀਕੇ ਨਾਲ ਤਰਕੀਬ ਲੜਾ ਕੇ ਤਾਂ ਵੱਡੇ ਵੱਡੇ ਹਢੇ ਹੋਏ ਬਦਮਾਸ ਕਤਲ ਕਰ ਸਕਦੇ ਨੇ---ਉਹ ਵੀ ਤਿੰਨ ਜਣਿਆਂ ਦਾ---ਸਵਰਨੀ ਨੇ ਵੀ ਬਹਾਦਰੀ ਦਿਖਾਈ---ਪਰ ਹੁਣ ਆਪਸ `ਚ ਕਲੇਸ ਪਾਇਆਂ ਜਾਂ ਬਾਹਰ ਭੰਡੀ ਪਿੱਟਿਆਂ ਤਾਂ ਜੱਗ ਹਸਾਈ ਹੋਣੀ ਐ---ਆਪਣੇ ਈ ਘਰ ਦੀ ਮਿੱਟੀ ਕੁੱਟੀ ਜਾਣੀ ਐ---ਲੋਕ ਤਰਾਂ ਤਰਾਂ ਦੀਆਂ ਗੱਲਾਂ ਕਰਨਗੇ---ਬੇਬੇ ਨੂੰ ਮੂਰਖਣੀ ਕਹਿਣਗੇ---ਕੁੜੀਆਂ ਨੂੰ ਹਰਾਮ ਦੀ ਔਲਾਦ ਆਖਣਗੇ---ਸਭ ਤੋਂ ਵੱਡੀ ਗੱਲ---ਕਤਲਾਂ ਦਾ ਸ਼ੱਕ ਸਾਡੇ ਤੇ ਹੋਊਗਾ---ਮਹੰਤ ਤੇ ਚੇਲਿਆਂ ਦੇ ਕਤਲ ਦੇ ਸ਼ੱਕ ਦੀ ਸੂਈ ਸਾਡੇ ਵੱਲ ਘੂੰਮੇਗੀ---ਸੋ ਪਹਿਲਾਂ ਤਾਂ ਮੁੰਡੇ ਨੂੰ ਲੱਭੀਏ---ਕਿਤੇ ਊਈਂ ਹਰਖ ਦਾ ਮਾਰਿਆਂ ਕੋਈ ਗਲਤ ਕਦਮ ਚੁੱਕ ਲਵੇ---"

ਬਾਪੂ ਨੇ ਘਬਰਾਅ ਕੇ ਉਹਦੇ ਮੂੰਹ ਉਤੇ ਹੱਥ ਧਰ ਦਿੱਤਾ---ਸਵਰਨੀ ਬੈਠੀ ਰੋ ਰਹੀ ਸੀ---ਘਰ ਦੀਆਂ ਔਰਤਾਂ ਉਸ ਨੂੰ ਦਿਲਾਸਾ ਦੇ ਰਹੀਆਂ ਸਨ---ਪਰ ਉਹਨਾਂ ਦੇ ਆਪਣੇ ਸ਼ਰੀਰ ਟੁੱਟੇ ਪਏ ਸਨ।

ਸਾਰੇ ਮਰਦ ਗੁਰੇ ਨੂੰ ਲੱਭਣ ਤੁਰ ਪਏ---ਸਾਰਾ ਦਿਨ ਕਿਸੇ ਨੇ ਅੰਨ ਨੂੰ ਮੂੰਹ ਨਾ ਲਾਇਆ---ਆਥਣੇ ਸਾਰੇ ਜਣੇ ਖਾਲੀ ਹੱਥ ਵਾਪਸ ਆ ਗਏ---ਗੁਰੇ ਦੀ ਕਿਸੇ ਨੂੰ ਉੱਘ ਸੁੱਘ ਨਹੀਂ ਸੀ ਲੱਗੀ---ਸਾਰਿਆਂ ਦੇ ਚਿਹਰਿਆਂ ਉਤੇ ਚਿੰਤਾ ਸੀ---ਸਭ ਜਣੇ ਆਪਣੀ ਆਪਣੀ ਕੋਸ਼ਿਸ਼ ਤੇ ਭੱਜ ਦੌੜ ਇੱਕ ਦੂਜੇ ਨਾਲ ਸਾਂਝੀ ਕਰ ਰਹੇ ਸਨ---ਰਾਤ ਫੇਰ ਬੜੀ ਸ਼ਸ਼ੋਪੰਜ ਵਿੱਚ ਨਿਕਲੀ---

ਸਵਰਨੀ ਪਛਤਾਅ ਰਹੀ ਸੀ ਕਿ ਉਹਨੇ ਕਿਉਂ ਐਵੇਂ ਬੇਕਾਬੂ ਹੋ ਕੇ ਸਾਰਾ ਭੇਤ ਪਰਦਾ ਖੋਹਲਿਆ ਜਿਸ ਕਰਕੇ ਐਨਾ ਵੱਡਾ ਬਖੇੜਾ ਸ਼ੁਰੂ ਹੋ ਗਿਆ---ਉਹ ਇਸ ਸਭ ਕੁੱਝ ਲਈ ਆਪਣੇ ਆਪ ਨੂੰ ਹੀ ਦੋਸ਼ੀ ਮੰਨ ਰਹੀ ਸੀ---ਉਹ ਬਾਰ ਬਾਰ ਮਰਨ ਦੀ ਗੱਲ ਕਰ ਰਹੀ ਸੀ ਤੇ ਚੱਕਰ ਖਾ ਖਾ ਕੇ ਗਿਰ ਰਹੀ ਸੀ---

ਗੁਰੇ ਨੂੰ ਸਾਰੀਆਂ ਰਿਸ਼ਤੇਦਾਰੀਆਂ ਅਤੇ ਠੌਰ ਠਿਕਾਣਿਆਂ ਉਤੇ ਲੱਭ ਲਿਆ ਗਿਆ ਸੀ ਪਰ ਉਹਦੀ ਕੋਈ ਉੱਘ ਸੁੱਘ ਨਹੀਂ ਸੀ ਲੱਗ ਰਹੀ---ਸਵਰਨੀ ਤੋਂ ਬਾਦ ਪੰਡਤੈਣ ਖੂਹ ਵਾਲਿਆਂ ਦੀ ਨੂੰਹ ਨੂੰ ਵੀ ਮੁੰਡਾ ਦੁਆਉਣ ਲਈ ਟਿਕਾਣੇ ਲੈ ਕੇ ਗਈ ਸੀ---ਸਵਰਨੀ ਦੀਆਂ ਕੁੜੀਆਂ ਬਾਦ ਉਹਦੇ ਕੋਲ ਮੁੰਡਾ ਹੋਇਆ---ਉਸੇ ਦਿਨ ਸ਼ਾਮੀ ਉਹਨਾਂ ਦੇ ਘਰੋਂ ਪਤਾਸੇ ਵੰਡਣ ਆਈ ਮੁੰਡੇ ਦੀ ਦਾਦੀ ਨੂੰ ਬੇਬੇ ਨੇ ਬਹੁਤ ਬੇਤੁਕਾ ਸੁਆਲ ਪੁੱਛ ਮਾਰਿਆ,

“ਕੁੜੇ ਕੀ ਨਾਓਂ ਐ ਤੇਰਾ---ਦਿਆਲ ਕੁਰੇ---ਭਲਾਂ ਦੀ ਤੇਰੇ ਪੋਤੇ ਦਾ ਮੜੰਗਾ ਕੀਹਦੇ ਤੇ ਗਿਐ?? ਆਪਣੇ ਬਾਪ ਤੇ ਤਾਂ ਨੀ ਗਿਆ ਹੋਣਾ---ਲੈ ਮੈ ਸ਼ਰਤ ਲਾ ਕੇ ਕਹਿਨੀ ਆਂ ਤੇਰੇ ਪੋਤੇ ਦਾ ਮੜੰ੍ਹਗਾ ਆ---ਆ---ਆ---"

ਸ਼ੁਕਰ ਐ ਬੇਬੇ ਬੌਦਣ ਜਿਹੀ ਗਈ---ਨਹੀਂ ਤਾਂ ਉਹ ਕਹਿਣਾ ਚਾਹ ਰਹੀ ਸੀ ਕਿ ਤੇਰੇ ਪੋਤੇ ਦਾ ਮੜੰ੍ਹਗਾ ਮਹੰਤ ਉਹੇ ਗਿਐ---ਪਰ ਦਿਆਲ ਕੁਰ ਨੂੰ ਪੋਤੇ ਦੀ ਖੁਸ਼ੀ `ਚ ਬੇਬੇ ਦੇ ਬੇਤੁਕੇ ਸੁਆਲ ਨੇ ਪੋਹਿਆ ਤੱਕ ਨਾ---ਉਸ ਨੂੰ ਬੇਬੇ ਜੱਭਲੀਆਂ ਮਾਰਦੀ ਲੱਗ ਰਹੀ ਸੀ---ਅਸੀਂ ਵੀ ਹੈਰਾਨ ਬਈ ਇਹ ਕੋਈ ਪੁੱਛਣ ਆਲ ਸੁਆਲ ਸੀ---? ਪਰ ਬੇਬੇ ਨੇ ਅਗਲਾ ਸੁਆਦ ਹੋਰ ਵੀ ਬੇਥੌਹਾ ਪੁੱਛ ਲਿਆ ਜਿਸ ਨੂੰ ਸੁਣ ਕੇ ਦਿਆਲ ਕੁਰ ਦਾ ਮੂੰਹ ਫੱਕ ਹੋ ਗਿਆ,

“ਨਾ ਦਿਆਲ ਕੁਰੇ---ਭਲਾਂ ਦੀ ਤੂੰ ਸਿਆਣੀ ਬਿਆਣੀ ਹੋ ਕੇ---ਬੁੱਢ ਬਲੇ੍ਹਟ ਹੋ ਕੇ ਕਿਸੇ ਹੋਰ ਦੇ ਪੁੱਤ ਪੋਤੇ ਦੇ ਪਤਾਸੇ ਕਿਉਂ ਬੰਡਦੀ ਫਿਰਦੀ ਐ? ਇਹ ਕਿਤੇ ਤੇਰੇ ਪੁੱਤ ਦੀ ਅਣਸ ਐ?? ਇਹ ਤਾਂ ਸਾਰੀ ਖੇਡ੍ਹ ਮਹੰਤ ਜਾਂ ਚੇਲਿਆਂ ਦੀ ਐ---ਤੂੰ ਊਈਂ ਹੁੱਬ ਕੇ ਪਤਾਸੇ ਬੰਡਣ ਤੁਰ ਪਈ---"

ਦਿਆਲ ਕੁਰ ਦਾ ਮੂੰਹ ਦੇਖਣ ਵਾਲਾ ਸੀ---ਉਹ ਕਾਹਲੀ ਕਾਹਲੀ ਪਤਾਸਿਆਂ ਦੀ ਪਰਾਂਤ ਚੱਕ ਕੇ ਸਾਡੇ ਘਰੋਂ ਬਾਹਰ ਹੋ ਗਈ--- ਉਸ ਦੇ ਜਾਣ ਬਾਦ ਅਸੀਂ ਬੇਬੇ ਨੂੰ ਤਾੜਿਆ---ਬੇਬੇ ਦੱਬ ਕੇ ਘੂਰੀ---ਬਈ ਇਹ ਦੀ ਬਚਕਾਨੀ ਹਰਕਤ ਕੀਤੀ? ਅੱਗੋਂ ਬੇਬੇ ਹੱਸ ਕੇ ਬੋਲੀ,

“ਨੀ ਰੁੜ੍ਹ ਪੁੜ੍ਹ ਜਾਣੀਓ---ਤੁਸੀਂ ਤਾਂ ਪਾਗਲ ਓਂ---ਨੀ ਤੁਸੀਂ ਦੇਖਦੀਆਂ ਨੀ ਸਫੈਦ ਪੋਸਾਂ ਦੇ ਮੁੰਡੇ ਦੀ ਸ਼ਕਲ ਇੰਨਬਿੰਨ ਮਹੰਤ ਨਾਲ ਮਿਲਦੀ ਐ---ਉਹੀ ਜੀ ਮੋਟੀ ਗਰਦਨ, ਬੇਦਬਾ ਜਿਸਮ ਤੇ ਚਾਲ ਢਾਲ ਵੀ ਉਹੀ ਜੀ---ਸੋਚ ਕੇ ਦੇਖੋ ਉੱਕਾ ਮਹੰਤ ਤੇ ਗਿਐ---ਬਾਰੀਏ ਕਾ ਪੋਤਾ ਕਿੰਨਾ ਗੋਰਾ ਚਿੱਟੈ---ਟਿਕਾਣੇ ਆਲੇ ਚੇਲਿਆਂ ਬਰਗਾ---ਸੰਧੂਰੀ ਪਿਐ ਜਮ੍ਹਾ ਈ---ਉਹਦੇ ਬਾਪ ਦੀ ਸ਼ਕਲ ਦੇਖੀ ਐ---ਰੰਗ ਕਾਲੇ ਤਵੇ ਨਾਲ ਸ਼ਰਤਾਂ ਲਾਊਦੈ---"

ਫੇਰ ਅੱਗੇ ਬੇਬੇ ਨੇ ਉਹਨਾਂ ਸਾਰੇ ਬੱਚਿਆਂ ਦੀਆਂ ਸ਼ਕਲਾਂ ਜਾ ਤਾਂ ਮਹੰਤ ਨਾਲ ਮਿਲਦੀਆਂ ਦੱਸੀਆਂ ਜਾਂ ਉਹਦੇ ਚੇਲਿਆਂ ਨਾਲ ਜਿਨ੍ਹਾਂ ਨੂੰ ਪੰਡਤੈਣ ਨੇ ਟਿਕਾਣੇ ਆਲੇ ਮਹੰਤ ਕੋਲੋਂ ਮੁੰਡੇ ਹੋਣ ਦੀ ਦਵਾਈ ਖੁਆਈ ਸੀ---ਬੇਬੇ ਦੇ ਧਿਆਨ ਦਵਾਉਣ ਬਾਦ ਅਸੀਂ ਮਹਿਸੂਸ ਕੀਤਾ ਕਿ ਵਾਕਈ ਕਈ ਬੱਚੇ ਤਾਂ ਹੂ-ਬ-ਹੂ ਮਹੰਤ ਦੀ ਸ਼ਕਲ ਦੇ ਸਨ---ਕਈ ਚੇਲਿਆਂ ਵਰਗੇ---ਲਾਟੀਆਂ ਦੇ ਮੁੰਡੇ ਦੀ ਸ਼ਕਲ ਤਾਂ ਜਮ੍ਹਾਂ ਈ ਨੇਪਾਲੀਆਂ ਵਰਗੀ ਸੀ ਛੋਟੀਆਂ ਛੋਟੀਆਂ ਹਸਦੀਆਂ ਤੇ ਤਿੱਖੀਆਂ ਅੱਖਾਂ---ਉਹਨਾਂ ਵਰਗਾ ਗੋਰਾ ਨਿਛੋਹ ਰੰਗ ਤੇ ਕੱਦ ਕਾਠ ਵੀ ਨੇਪਾਲੀਆਂ ਵਰਗਾ---ਹੁਣ ਤੋਂ ਪਹਿਲਾਂ ਇਹ ਗੱਲ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਆਈ ਪਰ ਬੇਬੇ ਦੇ ਦੱਸਣ ਬਾਦ ਸਾਡਾ ਇਹਨਾਂ ਬੱਚਿਆਂ ਦੀਆਂ ਸ਼ਕਲਾਂ ਵੱਲ ਧਿਆਨ ਗਿਆ।

ਦੂਜਾ ਦਿਨ ਸੀ ਗੁਰੇ ਨੂੰ ਘਰੋਂ ਨਿਕਲਿਆਂ---ਘਰ ਦੇ ਦੂਰ ਦੂਰ ਤੱਕ ਉਸ ਨੂੰ ਲੱਭ ਆਏ ਸਨ---ਹੁਣ ਤਾਂ ਪਿੰਡ `ਚ ਵੀ ਰੌਂਣਾ ਪੈ ਗਿਆ ਸੀ ਕਿ ਗੁਰਾ ਬਿਨਾਂ ਘਰੇ ਦੱਸਿਆਂ ਕਿਧਰੇ ਭੱਜ ਗਿਆ ਹੈ---ਲੋਕਾਂ ਨੇ ਉਹਦੇ ਘਰੋਂ ਭੱਜਣ ਨੂੰ ਉਹਦੇ ਘਰ ਕੁੜੀਆਂ ਹੋਣ ਨਾਲ ਜੋੜ ਲਿਆ---ਲੋਕੀਂ ਹਾਅ ਦਾ ਨਾਅਰਾ ਮਾਰਿਆ ਕਰਨ ਤੇ ਅਫ਼ਸੋਸ ਕਰਿਆ ਕਰਨ ਕਿ,

“ਭਾਈ ਬੰਦਾ ਕਰੇ ਵੀ ਤਾਂ ਕੀ ਕਰੇ---ਧੀਆਂ ਦਾ ਤੇਘੜਾ ਘਰੇ ਤੁਰਿਆ ਫਿਰੇ ਤਾਂ ਬੰਦੇ ਨੇ ਦੁਖੀ ਹੋ ਕੇ ਘਰੋ਼ ਨਿਕਲਣਾ ਈ ਹੋਇਆ---ਰੱਬ ਇੱਕ ਜੀ ਦੇ ਦਿੰਦਾ ਤਾਂ ਕੰਨਿਆ ਦੇਵੀਆਂ ਢਕੀਆਂ ਜਾਂਦੀਆਂ---"

ਸੋਚੋ! ਕਿ ਕੁੜੀਆ ਜੀ ਨਹੀਂ ਹੁੰਦੀਆਂ---ਜੀ ਸਿਰਫ ਮੁੰਡਾ ਹੀ ਹੁੰਦਾ ਹੈ ਤੇ ਮੁੰਡੇ ਦੇ ਜੰਮਣ ਨਾਲ ਹੀ ਧੀਆਂ ਢਕੀਆਂ ਜਾਂਦੀਆਂ ਨੇ---ਖੈਰ!

ਘਰ ਦੇ ਮਰਦ ਲਾਨ ਚਾਗ ਦੀਆਂ ਨਹਿਰਾਂ ਤੇ ਖੂਹ ਟੋਭੇ ਦੇਖ ਆਏ---ਪੁਲਸ ਨੂੰ ਇਤਲਾਹ ਦੇ ਆਏ---ਇਲਾਕੇ ਵਿੱਚ ਲਾਅਲਾ ਲਾਅਲਾ ਹੋ ਗਈ ਬਈ ਤਿੰਨ ਧੀਆਂ ਤੋਂ ਡਰ ਕੇ ਗੁਰਾ ਘਰੋਂ ਭੱਜ ਗਿਆ ਹੈ---ਤੁਸੀਂ ਇੱਕ ਗੱਲ ਦੱਸੋ ਬਈ ਜੇ ਭਲਾ ਦੀ ਸਵਰਨੀ ਐਂਜ ਘਰੋਂ ਭੱਜ ਜਾਦੀ ਤਾਂ ਖੰਭਾਂ ਦੀਆਂ ਡਾਰਾਂ ਕਿਹੜਾ ਨਾਬਣ ਜਾਂਦੀਆਂ---ਲੋਕ ਸਵਰਨੀ ਦੇ ਚਰਿੱਤਰ ਹੀਣ ਹੋਣ ਦੀ ਸ਼ੰਕਾ ਪ੍ਰਗਟ ਕਰਦੇ ਹੋਏ ਮੂੰਹ ਜੋੜ ਜੋੜ ਕੇ ਗੱਲਾਂ ਕਰਦੇ---"ਮਰਦ ਨਾਲ ਲੋਕ ਹਮਦਰਦੀ ਦਿਖਾ ਰਹੇ ਨੇ---ਪਰ ਸਵਰਨੀ ਕੁੜੀ ਸੀ, ਔਰਤ ਸੀ, ਉਹ ਵੈਸੇ ਤਾਂ ਗੁਰੇ ਵਾਂਗ ਘਰੋਂ ਨੱਠਣ ਦੀ ਹਿੰਮਤ ਈ ਨਾ ਕਰਦੀ---ਸਵਰਨੀ ਨੇ ਕਿਤੇ ਹਿੰਮਤ ਕੀਤੀ??

ਉਹ ਵੀ ਘਰੋਂ ਨਿਕਲ ਸਕਦੀ ਸੀ---ਉਹ ਤਾਂ ਭੁਗਤ ਭੋਗੀ ਸੀ---ਉਹ ਤਾਂ ਪੜਤਾੜਨਾ ਦੀ ਸ਼ਿਕਾਰ ਹੋਈ ਵੀ ਸੀ---ਗੁਰੇ ਨੇ ਤਾਂ ਸਿਰਫ ਉਹਦੇ ਨਾਲ ਹੋਈ ਬੀਤੀ ਸਿਰਫ ਸੂਣੀ ਹੀ ਸੀ ਤੇ ਸਿਰਫ ਸੁਣ ਕੇ ਈ ਉਹਦੇ ਤਨ ਬਦਨ ਨੂੰ ਅੱਗ ਲੱਗ ਗਈ---ਕੀ ਕੁੜੀਆਂ ਕੇਵਲ ਗੁਰੇ ਦੇ ਘਰ ਈ ਹੋਈਆਂ ਸਨ ਸਵਰਨੋ ਦੇ ਘਰੇ ਨਹੀਂ?? ਖੈਰ! ਥੋਨੂੰ ਸਮਝਦਾਰਾਂ ਨੂੰ ਬਹੁਤਾ ਕੀ ਦੱਸਣਾ---ਤੁਸੀਂ ਤਾਂ ਆਪੇ ਬਥੇਰੇ ਗੁਣੀ ਗਿਆਨੀ ਹੈ---

ਘਰੇ ਕੁੜੀਆਂ ਦੀ ਅੱਡ ਸ਼ਾਮਤ ਆਈ ਹੋਈ ਸੀ---ਜਣਾ ਖਣਾ ਗੁਰੇ ਦੇ ਦੁਖੀ ਹੋ ਕੇ ਘਰੋਂ ਭੱਜਣ ਲਈ ਇਹਨਾਂ ਕੁੜੀਆਂ ਨੂੰ ਹੀ ਦੋਸ਼ੀ ਠਹਿਰਾਉਂਦਾ ਸੀ---ਤੁਸੀਂ ਸੋਚੋ ਕਿ ਜਿਹੜੀ ਲੰਗੜੀ ਆਪਣੇ ਜਿਸਮ ਦਾ ਬੋਝਾ ਵੀ ਚੱਜ ਨਾਲ ਨਹੀਂ ਸੀ ਢੋਅ ਸਕਦੀ---ਉਹਨੂੰ ਚਾਰ ਜੀਅ ਸਾਂਭਣੇ ਪੈ ਗਏ---ਫੇਰ ਜੀਅ ਵੀ ਜੀਆਂ ਵਰਗੇ ਨਹੀਂ---ਸਾਰੇ ਦੇ ਸਾਰੇ ਇੱਕੋ ਜਿਹੇ---ਇੱਕ ਲੋਥ ਬਣਿਆ ਨਰਿੰਜਣ ਸਿੰਘ ਤੇ ਗੁਰੇ ਦੀਆਂ ਤਿੰਨ ਕੁੜੀਆਂ---ਮੈਂ ਈ ਜਾਣਦੀ ਹਾਂ ਕਿ ਮੈਂ ਇਹਨਾਂ ਚਾਰਾਂ ਨੂੰ ਕਿਵੇਂ ਸੰਭਾਲਦੀ ਸਾਂ। ਉਪਰੋਂ ਗੁਰੇ ਦੀ ਚਿੰਤਾ---ਪਤਾ ਨੀ ਕੋਈ ਹੋਰ ਏ ਭਾਣਾ ਨਾ ਵਰਤ ਗਿਆ ਹੋਵੇ---ਚਿੱਤ ਦਿਨ ਰਾਤ ਡਾਵਾਂਡੋਲ ਰਹਿੰਦਾ---ਗੁਰੇ ਬਾਰੇ ਸੋਚ ਕੇ ਹੌਲ ਪੈਂਦੇ ਪਰ ਮੈਂ ਜਿਵੇਂ ਕਿਵੇਂ ਆਪਣੇ ਆਪ ਨੂੰ ਸੰਭਾਲ ਕੇ ਰੱਖਦੀ।


38

ਇਹ ਮਨਹੂਸ ਖਬਰ ਸੁਣ ਕੇ ਗੁਰੇ ਦੇ ਨਾਨਕੇ ਤੇ ਸਹੁਰੇ ਵੀ ਆ ਗਏ---ਗੁਰੇ ਦੇ ਨਾਨਕਿਆਂ ਨੇ ਇਸ ਦੁਰਘਟਨਾ ਲਈ ਮੈਨੂੰ ਜ਼ਿੰਮੇਵਾਰ ਠਹਿਰਾਇਆ---ਉਹਦਾ ਮਾਮਾ ਬੇਬੇ ਨੂੰ ਸੁਣਾ ਕੇ ਆਖੇ,

“ਮਾਸੀਏ ਤੂੰ ਮਤੇਰਾਂ ਨੂੰ ਨੀ ਜਾਣਦੀ---ਇਹਨੇ ਕਿਸੇ ਤਾਂਤਰਿਕ ਕੋਲੋਂ ਤਵੀਤ ਕਰਾ ਕੇ ਖਵਾ ਤੇ ਹੋਣੇ ਗੁਰੇ ਨੂੰ---ਨਹੀਂ ਤਾਂ ਅਹੀ `ਜੀ ਵੀ ਗੱਲ ਨੀ ਕਿ ਕੋਈ ਐਂ ਘਰੋਂ ਭੱਜ ਜਾਏ---ਗੁਰੇ ਦੇ ਸਹੁਰੇ ਵੀ ਮੇਰੇ ਉਤੇ ਹੀ ਸ਼ੱਕ ਕਰਨ ਕਿ ਮੈਂ ਹੀ ਕੋਈ ਜਾਦੂ ਟੂਣਾ ਕਰ ਕੇ ਉਹਨੂੰ ਘਰੋਂ ਭਜਾਇਐ---ਉਹਨਾਂ ਭਾਣੇ ਮੈਂ ਗੁਰੇ ਦੀ ਜਾਇਦਾਦ ਹੜੱਪਣਾ ਚਾਹੁੰਨੀ ਆਂ---ਦੀਪੋ ਵੀ ਸੁਣ ਕੇ ਸਹੁਰਿਆਂ ਤੋਂ ਆ ਗਈ---ਹੋਰ ਰਿਸ਼ਤੇਦਾਰ ਵੀ ਸੁਣ ਸੁਣ ਕੇ ਇਕੱਠੇ ਹੁੰਦੇ ਗਏ।

ਸਵਰਨੀ ਨੂੰ ਮੈਂ ਬਾਰ ਬਾਰ ਹੱਥ ਜੋੜਾਂ ਕਿ ਉਹ ਕਿਸੇ ਵੀ ਕੀਮਤ ਉਤੇ ਸਚਾਈ ਨਹੀਂ ਉੱਗਲੇਗੀ---ਰਿਸ਼ਤੇਦਾਰਾਂ `ਚ ਆਪਣੀ ਮਿੱਟੀ ਨਹੀਂ ਕੁੱਟੇਗੀ---ਜੇ ਮੇਰੇ ਉਤੇ ਰਿਸ਼ਤੇਦਾਰ ਸ਼ੱਕ ਕਰ ਰਹੇ ਨੇ ਤਾਂ ਕੋਈ ਗੱਲ ਨਹੀਂ---ਘਰਦਿਆਂ ਨੂੰ ਤਾਂ ਸਚਾਈ ਪਤਾ ਹੀ ਹੈ।

ਸਾਰੇ ਰਿਸ਼ਤੇਦਾਰ ਗੁਰੇ ਨੂੰ ਲੱਭਦੇ ਲੱਭਦੇ ਥੱਕ ਗਏ---ਹੁਣ ਤਾਂ ਪਲ ਪਲ ਚਿੰਤਾ ਵਧਦੀ ਜਾ ਰਹੀ ਸੀ---ਆਖਰ ਗੁਰਾ ਹੈ ਕਿੱਥੇ?? ਮੈਂ ਥੋਨੂੰ ਦੱਸਿਆ ਸੀ ਕਿ ਮੈਂ ਐਨੀ ਸਮਝਦਾਰ ਤਾਂ ਖੈਰ ਨਹੀਂ ਹਾਂ ਪਰ ਕਦੇ ਕਦ ਮੈਥੋਂ ਧੱਕੇ ਨਾਲ ਸਮਝਦਾਰੀ ਹੋ ਜਾਦੀ ਐ---ਆਥਣੇ ਜਿਹੇ ਮੈ ਬੇਬੇ ਨੂੰ ਕਿਹਾ ਕਿ ਬੇਬੇ ਕੇਰਾਂ ਟਿਕਾਣੇ `ਚ ਜਾ ਕੇ ਵੀ ਦੇਖ ਆਓ---ਕੀ ਪਤਾ ਗੁਰਾ ਉਥੇ ਪਿਆ ਹੋਵੇ---ਮੇਰੀ ਗੱਲ ਸੁਣ ਕੇ ਬੇਬੇ ਦੀਆਂ ਅੱਖਾਂ `ਚ ਇੱਕ ਰੋਸ਼ਨੀ ਜਿਹੀ ਚਮਕੀ---ਬੇਬੇ ਨੇ ਮੇਰੇ ਜੇਠ ਨੂੰ ਟਿਕਾਣੇ ਜਾਣ ਲਈ ਕਿਹਾ---ਇਹ ਗੱਲ ਪਹਿਲਾਂ ਕਿਸੇ ਦੇ ਚਿੱਤ ਚੇਤੇ ਨਹੀਂ ਸੀ ਆਈ---ਇਹ ਲੰਗੜੀ ਨੂੰ ਪਤਾ ਨੀ ਕਿਵੇਂ ਸੁੱਝ ਗਈ।

ਤੇ ਲੰਗੜੀ ਦਾ ਸ਼ੱਕ ਸਹੀ ਨਿਕਲਿਆ---ਜਦੋਂ ਬਾਪੂ ਜੀ ਤੇ ਮੇਰੇ ਜੇਠ ਨੇ ਉੱਥੇ ਜਾ ਕੇ ਦੇਖਿਆ ਤਾਂ ਗੁਰਾ ਮਹੰਤ ਦੇ ਪਲੰਗ ਉੱਤੇ ਲੇਟਿਆ ਪਿਆ ਸੀ---ਦੋ ਦਿਨਾ ਦਾ ਭੁੱਖਾ ਭਾਣਾ ਕਮਜ਼ੋਰ ਹੋਇਆ ਪਿਆ ਸੀ।

ਜਦੋਂ ਗੁਰਾ ਘਰੇ ਆਇਆ ਤਾਂ ਸਾਰਿਆਂ ਦੇ ਮੂੰਹਾਂ ਉੱਤੇ ਚਮਕ ਆ ਗਈ---ਸਾਰਿਆਂ ਨੇ ਉਹਦੇ ਦੁਆਲੇ ਝੁਰਮਟ ਪਾ ਲਿਆ---ਗੁਰੇ ਦੇ ਨਾਨਕੇ ਉਸ ਨੂੰ ਛੂਹ ਛੂਹ ਕੇ ਦੇਖਣ---ਸਵਰਨੀ ਉਹਦੇ ਹੱਥ ਫੜ ਕੇ ਖੜ੍ਹੀ ਸੀ---ਗੁਰਾ ਸਾਰਿਆਂ ਨੂੰ ਦੂਰ ਕਰ ਕੇ ਮੇਰੇ ਗਲ ਲੱਗ ਕੇ ਬਹੁਤ ਹੋਇਆ---ਮੈਨੂੰ ਸਹਾਰਾ ਦੇ ਕੇ ਮੰਜੇ ਤੇ ਬਿਠਾ ਕੇ ਮੇਰੀ ਗੋਦੀ `ਚ ਲੇਟ ਕੇ ਬਹੁਤ ਦੇਰ ਰੋਂਦਾ ਰਿਹਾ---ਉਹ ਰੋਈ ਗਿਆ---ਰੋਈ ਗਿਆ---ਰੋਈ ਹੀ ਗਿਆ।

ਸਵਰਨੀ ਨੇ ਉਸ ਨੂੰ ਚਾਹ ਬਣਾ ਕੇ ਦਿੱਤੀ ਤਾਂ ਮੈਂ ਉਸ ਨੂੰ ਪਿਆਰ ਨਾਲ ਪਲੋਸਦਿਆਂ ਤੇ ਗੋਦੀ `ਚੋਂ ਉਠਾਉਂਦਿਆ ਕਿਹਾ,

“ਉਠ ਪਹਿਲਾ ਚਾਹ ਪੀ ਲੈ ਬੁੱਗੇ---ਫੇਰ ਗੱਲ ਕਰਦੇ ਆਂ---ਨਾਲੇ ਜੇ ਮਾਸੀ ਦਾ ਐਨਾ ਦੀ ਹੇਜ ਮਾਰਦਾ ਸੀ ਤਾ ਘਰੋਂ ਭੱਜਣ ਲੱਗਿਆ ਮਾਸੀ ਨੂੰ ਦੱਸ ਕੇ ਕਿਉਂ ਨਾ ਗਿਆ? ਤੈਨੂੰ ਪਤੈ ਅਸੀਂ ਤੇਰੀ ਕਿੰਨੀ ਚਿੰਤਾ ਕਰਦੇ ਰਹੇ---?"

ਗੁਰੇ ਨੇ ਚਾਹ ਖਤਮ ਕੀਤੀ ਤਾ ਉਹਦੀ ਨਾਨੀ ਗਰਜੀ,

“ਬੇ ਪੁੱਤ ਕਾਹਨੂੰ ਮਤੇਰ ਦੀ ਗੋਦੀ `ਚ ਬੜ ਗਿਆ ਆ ਕੇ? ਇਹ ਤਾਂ ਤੈਨੂੰ ਉਜੜਿਆ ਚਾਹੁੰਦੀ ਐ---ਤੇਰੇ ਮਗਰੋਂ ਬਥੇਰੀ ਖੁਸ਼ ਤੀਘੀ---ਮੂੰਹ ਤੇ ਲਾਲੀਆਂ ਝਗੜਦੀਆਂ ਸੀਗੀਆਂ---ਮਤੇਰ ਪੁੱਤ ਦੇ ਘਰੋਂ ਭੱਜਣ ਬਾਦ ਚਿਹਰੇ ਦਾ ਨੂਰ ਦੇਖਣ ਵਾਲਾ ਸੀ---ਉਰੇ ਆ ਜਾ ਮਾਂ ਦਿਆ ਸ਼ੇਰਾ---ਮੇਰੇ ਲਵੇ---ਆ ਨਾਨੀ ਦੀ ਗੋਦੀ `ਚ ਬੈਠ---ਕੋਈ ਗੱਲ ਬਾਤ ਸੁਣਾਅ---"

“ਨਾਨੀ ਬੱਸ!" ਗੁਰੇ ਨੇ ਉਂਗਲ ਨਾਨੀ ਵੱਲ ਸਾਧਦਿਆਂ ਉਚੀ ਆਵਾਜ਼ ਵਿੱਚ ਕਿਹਾ, “ਬੱਸ ਨਾਨੀ---ਇਹ ਮਤੇਰ ਮਾਂ ਨੀ ਹੈ---ਇਹ ਤਾਂ ਮੇਰੀ ਸਕੀ ਮਾਂ ਐ---ਨਾਨੀ ਤੁਸੀਂ ਮੈਨੂੰ ਇਹਦੇ ਖਿਲਾਫ਼ ਭੜਕਾਉਂਦੇ ਰਹੇ---ਤੇ ਮੈਂ ਥੋਡੀ ਚੱਕ `ਚ ਆ ਕੇ ਇਸ ਦਰਵੇਸਣੀ ਨੁੰ ਐਨਾ ਕਲਪਾਇਆ---ਐਨਾ ਤੜਪਾਇਆ ਕਿ ਰਹੇ ਰੱਬ ਦਾ ਨਾਂ---ਆਪਾਂ ਰੱਬ ਤੋਂ ਡਰੋ---ਇਹ ਤਾਂ ਭਗਤਣੀ ਐ---ਇਹਦੇ `ਚ ਇੱਕ ਵੀ ਕਮੀ ਨੀ---ਰੱਬ ਦਾ ਰੂਪ ਐ ਮੇਰੀ ਮਾਸੀ---"

ਗੁਰਾ ਫੇਰ ਮੇਰੀ ਗੋਦੀ `ਚ ਲੇਟ ਗਿਆ---ਮੈਂ ਉਹਨੂੰ ਡਾਂਟਿਆ,

“ਬੁੱਗੇ ਇਹ ਤੇਰੀ ਨਾਨੀ ਐ---ਵੱਡਿਆਂ ਦੀ ਆਇੰ ਲਾਹ ਪਾਹ ਨੀ ਕਰੀਦੀ---ਇਹ ਤੇਰੇ ਭਲੇ ਲਈ ਆਖਦੀ ਐ ਸਭ ਕੁੱਝ---ਚਲ ਮਾਫੀ ਮੰਗ---ਨਾਨੀ ਤਾਂ ਮਾਂ ਤੋਂ ਵੀ ਵੱਧ ਹੁੰਦੀ ਐ---ਉੱਠ ਪਹਿਲਾਂ ਮਾਫ਼ੀ ਮੰਗ---"

ਮੇਰੇ ਕਹਿਣ ਬਾਦ ਗੁਰੇ ਨੇ ਨਾਨੀ ਤੋਂ ਮਾਫ਼ੀ ਮੰਗੀ ਤੇ ਫੇਰ ਮੇਰੇ ਕੋਲ ਬਹਿ ਗਿਆ---ਸਵਰਨੀ ਉਹਦੇ ਲਈ ਰੋਟੀ ਲੈ ਆਈ---ਥਾਲੀ ਫੜਦਿਆਂ ਉਹ ਬੋਲਿਆ,

“ਮਾਸੀ ਤੈਨੂੰ ਪਤੈ ਨਾਅ---ਬਈ ਮੈਂ ਦੋ ਦਿਨਾਂ ਦਾ ਭੁੱਖਾ ਆਂ---ਮੇਰੇ ਸਰੀਰ `ਚ ਬਹੁਤ ਕਮਜੋਰੀ ਆ ਗਈ ਐ---ਮੈਨੂੰ ਤੂੰ ਆਵਦੇ ਹੱਥਾਂ ਨਾਲ ਰੋਟੀ ਖੁਆ"

ਤੁਸੀਂ ਸੋਚ ਨੀ ਸਕਦੇ ਕਿ ਉਹ ਪਲ ਮੇਰੇ ਲਈ ਕਿੰਨੇ ਅਨਮੋਲ ਸਨ---ਕਿੰਨੇ ਬੇਸ਼-ਕੀਮਤੀ---ਮੈਂ ਗੁਰੇ ਦੇ ਹੱਥੋਂ ਥਾਲੀ ਫੜ ਕੇ ਉਹਨੂੰ ਰੋਟੀ ਖਵਾਈ---ਮੈਂ ਉਸ ਘੜੀ ਦੁਨੀਆਂ ਦੀ ਸਭ ਤੋਂ ਭਾਗਸ਼ਾਲੀ ਔਰਤ ਸਾਂ---ਪਲ ਦੀ ਪਲ ਮੈਂ ਆਪਣੇ ਆਪ ਨੂੰ ਤਿੰਨਾਂ ਲੋਕਾਂ ਦੀ ਮਹਾਰਾਣੀ ਮਹਿਸੂਸ ਕੀਤਾ---ਗੁਰੇ ਦਾ ਇਹ ਵਰਤਾਓ ਘਰ ਦੇ ਬਾਕੀ ਮੈਂਬਰਾਂ ਨੂੰ, ਗੁਰੇ ਦੇ ਸਹੁਰਿਆਂ ਨੂੰ, ਨਾਨਕਿਆਂ ਨੂੰ ਤੇ ਮੇਰੇ ਮਤੇਰ ਬੱਚਿਆਂ ਨੂੰ ਕੋਈ ਅਲੋਕਾਰ ਵਰਤਾਰਾ ਲੱਗ ਰਿਹਾ ਸੀ---ਕਿਸੇ ਨੂੰ ਆਪਣੀਆਂ ਅੱਖਾਂ ਉਤੇ ਯਕੀਨ ਨਹੀਂ ਸੀ ਹੋ ਰਿਹਾ---ਗੁਰੇ ਦੀ ਨਾਨੀ ਤਾੜੀ ਮਾਰ ਕੇ ਉੱਚੀ ਆਵਾਜ਼ ਵਿੱਚ ਬੋਲੀ,

“ਦੇਖਿਆ ਬਈ! ਮੈਂ ਆਖਿਆ ਨੀ ਸੀ ਬਈ ਹੁਣ ਇਹ ਮੁੰਡੇ ਨੂੰ ਕਾਬੂ ਕਰਨ ਲਈ ਕੋਈ ਕਾਲਾ ਜਾਦੂ ਕਰਾਊਗੀ---ਕੋਈ ਟੂਣਾ ਕਰਾਊਗੀ---ਦੇਖ ਲਓ ਮੇਰਾ ਸ਼ੱਕ ਸੱਚ ਨਿਕਲਿਆ---ਮਤੇਰਾਂ ਕਦੇ ਸਕੀਆਂ ਬਣੀਆਂ ਨੇ---? ਕਿਸੇ ਨੇ ਸੱਚ ਕਿਹੈ ਅਖੇ ਝੂਠਾ ਮੋਹ ਮਤੇਈ ਦਾ ਮੂੰਹ ਚੁੰਮੇ ਟੁੱਕ ਨਾ ਦੇਈਦਾ---ਦੇਖ ਲਓ ਮੁੰਡੇ ਦੀਆਂ ਅੱਖਾਂ ਈ ਚੜ੍ਹੀਆਂ ਚੜ੍ਹੀਆਂ ਲਗਦੀਆਂ ਨੇ---ਆਪਾਂ ਮੁੰਡੇ ਨੂੰ ਨਾਲ ਲੈ ਕੇ ਚੱਲਾਂਗੇ---ਉਥੇ ਕਿਸੇ ਸਿਆਣੇ ਕੋਲੋਂ ਇਹਦਾ `ਲਾਜ ਕਰਾਮਾਂਗੇ---ਅਸੀਂ ਨੀ ਮੁੰਡਾ ਮਤੇਰ ਕੋਲ ਛੱਡਣਾ---"

“ਨਾਨੀ---ਈ---ਈ---ਚੁੱਪ---ਕਿਹੈ ਨਾਅ ਬਈ ਮੈਨੂੰ ਨਾ ਪਾਪਾਂ ਦਾ ਅਧਿਕਾਰੀ ਬਣਾਓ---ਮੈਂ ਪਹਿਲਾਂ ਈ ਥੋਡੀਆਂ ਗੱਲਾਂ `ਚ ਆ ਕੇ ਆਪਣੇ ਬਾਪ ਦੀ ਲਾਵਾਂ ਤੇ ਬੈਠੇ ਦੀ ਲਾਹ ਪਾਹ ਕਰ `ਤੀ---ਤੇ ਉਹ ਸ਼ਰਮ ਦਾ ਮਾਰਿਆ ਕਿਹੜੇ ਹਾਲ ਨੂੰ ਪਹੁੰਚ ਗਿਆ---ਮੇਰੀ ਮਾਸੀ ਤਾਂ ਮਹਾਨ ਔਰਤ ਐ---ਕਦੇ ਸੋਚਿਐ ਬਈ ਇਹ ਸਿਰਫ਼ ਰੋਟੀ ਰੋਟੀ ਉਤੇ ਸੱਤ ਮਜਦੂਰਾਂ ਜਿੰਨਾ ਕੰਮ ਕਰਦੀ ਐ---ਸਿਰਫ਼ ਦੋ ਰੋਟੀਆਂ ਬਦਲੇ---ਇਹਦਾ ਦੇਣ ਆਪਾਂ ਸੱਤਾਂ ਜਨਮਾਂ `ਚ ਵੀ ਨੀ ਦੇ ਸਕਦੇ---ਇਹ ਇੱਕ ਤਰਾਂ ਸਾਡੇ ਬਾਪ ਦੀ ਲੋਥ ਨੂੰ ਸਾਂਭੀ ਬੈਠੀ ਐ---ਮੇਰੀਆਂ ਤਿੰਨੋ ਕੁੜੀਆਂ ਦੀ ਸਾਂਭ ਸੰਭਾਲ ਇਹ ਕਰਦੀ ਐ---ਆਪ ਬਚਾਰੀ ਅੱਧੇ ਸਰੀਰ ਦੀ ਮਾਲਕ ਐ ਪਰ ਕੰਮ ਕਰਦੀ ਐ ਸੱਤ ਘੋੜਿਆਂ ਬਰੋਬਰ---ਨਾਨੀ ਇੱਕ ਪਾਸੇ ਸੱਤ ਘੋੜੇ ਜੋੜ ਦਿਓ ਦੂਜੇ ਪਾਸੇ `ਕੱਲੀ ਮਾਸੀ---ਮਾਸੀ ਨੀ ਥੱਕਣੀ, ਘੋੜੇ ਥੱਕ ਜਾਣਗੇ---ਮੈਂ ਇਸ ਦਰਵੇਸਣੀ ਦੀ ਪੁੱਜ ਕੇ ਆਤਮਾ ਦੁਖਾਈ ਐ ਤੇ ਅੱਜ ਪ੍ਰਮਾਤਮਾ ਨੇ ਮੈਨੂੰ ਇਹਦੀ ਸਜਾ ਦੇ ਦਿੱਤੀ ਐ---ਮੈਂ ਇਹਦੀ ਆਤਮਾ ਦੁਖਾਈ---ਇਹਨੂੰ ਲੰਗੜੀ ਪਿੰਗੜੀ ਤੇ ਪਤਾ ਨੀ ਕੀ ਕੀ ਕਿਹਾ---ਰੱਬ ਨੇ ਮੈਨੂੰ ਇਹਦੇ ਨਾਲੋਂ ਵੱਧ ਅਪਾਹਜ ਧੀ ਦੇ ਦਿੱਤੀ---ਬਦਸ਼ਕਲ ਲੰਗੜੀ ਤੇ ਕੁੱਬੀ---ਇਹਨੇ ਕਦੇ ਜਬਾਨੋਂ ਬੋਲ ਕੇ ਮੈਨੂੰ ਬਦ ਦੁਆ ਨੀ ਦਿੱਤੀ--- ਪਰ ਇਹਦੀ ਆਤਮਾ ਤਾਂ ਕਲਪਦੀ ਏ ਹੋਣੀ ਐ---ਤੁਸੀਂ ਮੈਨੂੰ ਪੁੱਠੀ ਪੜ੍ਹਤੀ ਨਾ ਪੜ੍ਹਾਓ---ਨਾਨਾ ਤੇ ਮਾਮੇ ਤਾਂ ਹਮੇਸ਼ਾ ਮੈਨੂੰ ਇਹਦੇ ਖਿਲਾਫ਼ ਉਕਸਾਉਂਦੇ ਰਹੇ---ਤੂੰ ਵੀ ਨਾਲ ਈ ਲੱਗ ਜਾਂਦੀ ਸੀਗੀ---ਮਾਮਾ ਕਿਹਾ ਕਰੇ ਬਈ ਲੰਗੜੀ ਦਾ ਫਾਹ ਬੱਢ ਦੇ ਕੇਰਾਂ---ਇਹਦਾ ਕਿਹੜਾ ਕੋਈ ਲਗਵੰਤੀ ਐ ਜਿਹੜਾ ਇਹਦੇ ਮਰਨ ਬਾਦ ਪੈਰਵੀ ਕਰੂਗਾ---ਇਹ ਪੁੱਠੀ ਮੱਤ ਦਿੰਦੇ ਰਹੇ ਓ ਤੁਸੀਂ---ਤੇ ਇਹਦੀ ਫਰਾਖ ਦਿਲੀ ਦੇਖੀ ਐ? ਜੇ ਮੈਂ ਤੈਨੂੰ ਝਈ ਲੈ ਕੇ ਪਿਆ ਤਾਂ ਤੁਰਤ ਮੈਨੂੰ ਝਿੜਕ ਕੇ ਤੈਥੋਂ ਮਾਫੀ ਮੰਗਵਾਅ ਦਿੱਤੀ---ਇਹ ਹੇਂ ਇਨਸਾਨੀਅਤ---ਮਾਸੀ ਤਾਂ ਮਾਂ ਤੋਂ ਵੀ ਬੱਧ ਅੇਂ---"

ਕਹਿੰਦਿਆਂ ਕਹਿੰਦਿਆਂ ਗੁਰਾ ਫੇਰ ਮੇਰੀ ਗੋਦੀ `ਚ ਲੇਟ ਗਿਆ---ਗੁਰੇ ਦੀਆਂ ਖਰੀਆਂ ਖਰੀਆਂ ਗੱਲਾਂ ਸੁਣ ਕੇ ਗੁਰੇ ਦੇ ਨਾਨਕਿਆਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ---ਉਹਦਾ ਮਾਮਾ ਆਪਣਾ ਭੇਤ ਖੁਲ੍ਹਣ ਸਦਕਾ ਹੋਈ ਬੇਜ਼ਤੀ ਨੂੰ ਮਹਿਸੂਸ ਕਰਦਿਆਂ ਭੁੜਕਿਆ,

“ਗੱਲ ਸੁਣ ਉਇ ਵੱਡਿਆ ਮਾਸੀ ਦਿਆ ਕੁਸ ਲਗਦਿਆਂ---ਮਤੇਰ ਦਿਆ ਸਕਿਆ---ਅਸੀਂ ਤਾਂ ਤੇਰੇ ਭਲੇ ਲਈ ਆਖਦੇ ਸੀ ਸਭ---ਹੁਣ ਜੇ ਤੈਂ ਨਹੀਂ ਆਖੇ ਲੱਗਣਾ ਤਾ ਖਾਹ ਖਸਮਾਂ ਨੂੰ---ਅਸੀਂ ਤੈਥੋਂ ਕਿਹੜਾ ਟਿੰਡੇ ਲੈਣੇ ਨੇ---ਇਹ ਤਾਂ ਸਾਨੂੰ ਮੋਹ ਮਾਰਦਾ ਸੀ ਬਈ ਸਾਡੀ ਮਾਂ ਜਾਈ ਦੀ ਅਣਸ ਐ---ਸਾਨੂੰ ਕੀ ਪਤਾ ਤੀ ਬਈ ਇਹ ਸਾਡੀ ਆਇੰ ਬੇਜ਼ਤੀ ਕਰੂਗਾ---ਨਾਲੇ ਯਾਦ ਰੱਖ ਖਤਾ ਖਾਮੇਗਾ ਖਤਾ---ਫੇਰ ਰੋਇਆਂ ਬੀ ਕੁਸ ਨੀ ਬਣਨਾ---ਉਇ ਮੂਰਖਾ! ਮਤੇਰਾਂ ਨੇ ਤਾਂ ਪੂਰਨ ਭਗਤ ਬਰਗੇ ਨੀ ਬਕਸੇ---ਇਹਨਾਂ ਨੇ ਤਾਂ ਧਰੂ ਬਰਗਿਆਂ ਦੀ ਗੋਡਣੀ ਲਵਾ `ਤੀ---ਤੂੰ ਤਾ ਕਿਹੜੇ ਬਾਗ ਦਾ ਬਾਥੂ ਐਂ---ਦੇਖਦਾ ਜਾਈਂ ਪੁੱਤਰਾ ਪਤਾ ਉਦੋਂ ਈ ਲੱਗਣਾ ਜਦ ਤੋਤਾ ਬਣਾ ਕੇ ਪਿੰਜਰੇ `ਚ ਬੰਦ ਕਰ ਲਿਆ---"

ਉਹਦੀ ਗੱਲ ਕੱਟ ਕੇ ਗੁਰੇ ਦਾ ਨਾਨਾ ਬੋਲਿਆ,

“ਪੁੱਤ ਚੁੱਪ ਕਰ---ਗੁਰੇ ਦਾ ਦੋਸ਼ ਨੀ---ਇਹਦੇ `ਚ ਤਾਂ ਟੂਣੇ ਬੋਲਦੇ ਨੇ---ਕੀਤੀਆਂ ਕਰਾਈਆਂ ਸ਼ੈਆਂ ਬੋਲਦੀਆਂ ਨੇ---ਧਾਗੇ ਬੋਲਦੇ ਨੇ ਭੁੱਟ ਭੁੱਟ---ਮੁੰਡੇ ਨੂੰ ਕਾਹਨੂੰ ਮੰਦਾ ਚੰਗਾ ਬੋਲਦੈਂ---"

ਮੈ ਥੋਨੂੰ ਦੱਸਿਆ ਐ ਨਾਅ ਬਈ ਮੈਂ ਬਹੁਤ ਬੇਭਾਗ ਜੀਵ ਹਾਂ---ਮਨਹੂਸ ਬਦਕਿਸਮਤ ਹਾਂ---ਮੇਰੇ ਕੋਲ ਖੁਸ਼ੀ ਪਲ ਛਿਣ ਤੋਂ ਵੱਧ ਨੀ ਟਿੱਕ ਸਕਦੀ---ਸੋ ਮੈਂ ਜੋ ਗੁਰੇ ਦੇ ਬਦਲੇ ਰਵੱਈਏ ਤੋਂ ਆਨੰਦਿਤ ਹੋ ਰਹੀ ਸਾਂ---ਇਹ ਖੁਸ਼ੀ ਇੱਕ ਦਮ ਉਹਦੇ ਨਾਨਕਿਆਂ ਨੇ ਧੁੰਧਲੀ ਕਰ ਦਿੱਤੀ---ਉਹਨਾਂ ਨੇ ਮੇਰੇ ਵਿਰੁੱਧ ਜ਼ਹਿਰ ਉਗਲ ਕੇ ਇਸ ਖੁਸ਼ੀ ਨੂੰ ਗ੍ਰਹਿਣ ਲਾ ਦਿੱਤਾ---ਕਿਉਂਕਿ ਖੁਸ਼ੀ ਦੇ ਪਲ ਮੇਰੇ ਭਾਗਾਂ ਵਿੱਚ ਬਹੁਤੀ ਦੇਰ ਟਿਕਣੇ ਲਿਖੇ ਹੀ ਨਹੀਂ ਸਨ---ਇਹ ਪਲਾਂ ਛਿਣਾਂ ਤੱਕ ਹੀ ਟਿਕ ਸਕਦੇ ਸਨ---ਪਲਾਂ ਛਿਲਾਂ ਤੱਕ ਹੀ---।

ਗੁਰੇ ਦੇ ਨਾਨਕੇ ਉਸ ਦੇ ਮੇਰੇ ਪ੍ਰਤੀ ਬਦਲੇ ਰਵੱਈਏ ਅਤੇ ਪਿਆਰ ਪਿੱਛੇ ਮੇਰੇ ਵੱਲੋਂ ਕੀਤੇ ਟੂਣੇ ਟਾਮਣਾਂ ਦਾ ਅਸਰ ਦੱਸਦੇ ਰਹੇ---ਪਰ ਜੇ ਮੇਰੇ ਕੋਲ ਇਹੋ ਜਿਹਾ ਕੋਈ ਟੂਣਾ ਟਾਮਣ, ਕੋਈ ਗੈਬੀ ਸ਼ਕਤੀ ਜਾਂ ਕੋਈ ਜਾਦੂ ਹੰੁਦਾ ਤਾਂ ਮੈਂ ਇਸ ਨੂੰ ਬਹੁਤ ਪਹਿਲਾਂ ਹੀ ਵਰਤ ਕੇ ਜ਼ਿੰਦਗੀ ਖੁਸ਼ਵਗਾਰ ਬਣਾ ਚੁੱਕੀ ਹੁੰਦੀ---ਮੈਂ ਜੰਮਣਹਾਰੇ ਧਰਮੀ ਮਾਪਿਆਂ ਉੱਤੇ ਇਹ ਜਾਦੂ ਕਰ ਕੇ ਉਹਨਾਂ ਦਾ ਪਿਆਰ ਜਿੱਤ ਲੈਂਦੀ---ਇਹਨਾਂ ਟੂਣੇ ਟਾਮਣਾਂ ਨਾਲ ਮੈਂ ਨਰਿੰਜਣ ਸਿੰਘ ਨੂੰ ਰਾਜੀ ਬਾਜੀ ਕਰ ਲੈਂਦੀ---ਤਾਂ ਮੈਨੂੰ ਘੱਟੋ ਘੱਟ ਉਹਦਾ ਗੰਦ ਤਾਂ ਨਾ ਹੂੰਝਣਾ ਪੈਂਦਾ---ਮੈਂ ਲਾਵਾਂ ਉਤੇ ਊਲ ਜਲੂਲ ਬੋਲਦੇ ਗੁਰੇ ਨੂੰ ਉਦੋਂ ਹੀ ਕਾਬੂ ਕਰ ਲੈਂਦੀ---ਪਰ ਇਹਨਾਂ ਲੋਕਾਂ ਨੂੰ ਕੌਣ ਸਮਝਾਵੇ? ਇਹਨਾਂ ਨੇ ਮੈਨੂੰ ਜਲੀਲ ਕਰਨ ਲਈ ਕੋਈ ਵੀ ਹੱਥ ਕੰਡਾ ਅਪਨਾਉਣਾ ਸੀ---ਕੋਈ ਵੀ ਪੈਂਤੜਾ ਵਰਤਣਾ ਸੀ---

ਚਲੋ ਛੱਡੋ---ਅਸੀਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕੀਤਾ ਕਿ ਮੁੰਡਾ ਸੁੱਖੀਂ ਸਾਂਦੀ ਘਰੇ ਵਾਪਸ ਆ ਗਿਆ ਹੈ---ਥੋੜੀ ਦੇਰ ਚੁੱਪ ਰਹਿਣ ਮਗਰੋਂ ਗੁਰੇ ਦੀ ਨਾਨੀ ਫੇਰ ਬੁੜ੍ਹਕੀ,

“ਅਸੀਂ ਮਤੇਰ ਕੋਲੋਂ ਕਿਹੜਾ ਧਣੀਆਂ ਲੈਣੈ---ਸਾਨੂੰ ਤਾਂ ਆਪਣੇ ਦੋਹਤੇ ਦੀ ਸਲਾਮਤੀ ਚਾਹੀਦੀ ਐ---ਮੈਂ ਜਾ ਕੇ ਭੂਰੀ ਕੰਬਲੀ ਆਲੇ ਸਾਧ ਕੋਲੋਂ ਜਲ ਕਰਵਾ ਕੇ ਤੇ ਲੈਚੀਅ ਪੜ੍ਹਾ ਕੇ ਭੇਜੂੰਗੀ---ਦੇਖਿਓ ਕੀਤਾ ਕਰਾਇਆ ਕਿਵੇਂ ਭੱਜਦਾ ਐ---"

ਉਹਨਾਂ ਦੀਆਂ ਗੱਲਾਂ ਸੁਣ ਕੇ ਗੁਰਾ ਪ੍ਰੇਸ਼ਾਨ ਹੋ ਰਿਹਾ ਸੀ---ਸਿਰ ਪਟਕਦਿਆਂ ਤੇ ਖੜ੍ਹਾ ਹੁੰਦਿਆਂ ਹੱਥ ਜੋੜ ਕੇ ਬੋਲਿਆ,

“ਨਾਨੀ ! ਮਾਸੀ ਨਾ ਘਰੋਂ ਬਾਹਰ ਜਾਂਦੀ ਐਂ---ਨਾ ਕੋਈ ਜੋਤਸ਼ੀ ਪਾਂਡਾ, ਸਿਆਣਾ ਇਹਦੇ ਕੋਲ ਆਉਂਦੈ---ਇਹ ਕਿਹੜੇ ਵੇਲੇ ਟੂਣਾ ਕਰਾ ਦਿੰਦੀ ਹੋਣੀ---ਪੇਕੇ ਇਹਦੇ ਨੀ ਕਦੇ ਆਉਂਦੇੇ---ਉਰੇ ਪਿੰਡ `ਚ ਇਹਦੀ ਕੋਈ ਸਿਆਣੂੰ ਪਛਾਣੂੰ ਤੀਮੀਂ ਨੀ ਹੈਅ---ਏਸ ਕਰਕੇ ਇਹਦੇ ਉਤੇ ਇਹੋ ਜਿਹੇ ਇਲਜਾਮ ਨਾ ਲਾਓ---ਨਾਲੇ ਮੇਰੀ ਇੱਕ ਗੱਲ ਸੁਣੋ---" ਪਲ ਕੁ ਰੁਕ ਕੇ ਉਹ ਅੱਗੇ ਬੋਲਿਆ, “ਅੱਗੇ ਤੋਂ ਮੇਰੀ ਮਾਸੀ ਬਾਰੇ ਕੁਸ ਬੀ ਮੰਦਾ ਨੀ ਬੋਲਣਾ---ਬਾਪੂ ਇੱਕ ਲੇਖੇ ਨਾਲ ਮੁਰਦਿਆਂ ਹਾਣ ਪਿਐ---ਨਾ ਹੋਸ਼ ਨਾ ਹਵਾਸ---ਇਹ ਉਹਦਾ ਅੱਗਾ ਤੱਗਾ ਕਰ ਰਹੀ ਐ---ਇਹਨੂੰ ਭਲਾ ਸਾਥੋਂ ਕੀ ਲਾਲਚ ਹੋ ਸਕਦੈ? ਇਹਨੂੰ ਨਾ ਜਮੀਨ ਦਾ ਲਾਲਚ---ਨਾ ਪੈਸੇ ਟਕੇ ਦਾ---ਤੁਸੀਂ ਬੇਬੇ ਬਾਪੂ ਨੂੰ ਪੁੱਛ ਲਓ ਬਈ ਕਦੇ ਮਾਸੀ ਨੇ ਇੱਕ ਰੁਪੱਈਆਂ ਤੱਕ ਮੰਗਿਆ ਹੋਵੇ---ਕਿਸੇ ਦਵਾ ਦਾਰੂ ਲਈ ਕੋਈ ਪੈਸਾ ਟਕਾ ਮੰਗਿਆ ਹੋਵੇ---ਇਹ ਤਾਂ ਬੱਸ ਦੋ ਰੋਟੀਆਂ ਦੀ ਰਵਾਦਾਰ ਐ---ਤੁਸੀਂ ਆਵਦੇ ਮਨੋ ਈ ਨਾ ਇਹਦੇ ਬਾਰੇ ਪੁੱਠੀ ਸਿੱਧੀ ਰਾਇ ਬਣਾਈ ਜਾਇਆ ਕਰੋ---"

ਸਭ ਜਣੇ ਗੁਰੇ ਦੇ ਮੂੰਹ ਵੱਲ ਹੈਰਾਨੀ ਨਾਲ ਤੱਕ ਰਹੇ ਸਨ---ਸਵਰਨੀ ਗੁੱਡੀ ਨੂੰ ਚੱਕ ਕੇ ਬਾਹਰ ਲਿਆਈ ਤੇ ਆਖਣ ਲੱਗੀ,

“ਨਾਨੀ---ਆਹ ਗੁੱਡੀ ਮਾਸੀ ਨੇ ਈ ਪਾਲ ਕੇ ਦਖਾ `ਤੇ---ਇਹ ਤਾਂ ਬਚਣੀ ਈ ਨਹੀਂ ਸੀ---ਮਾਸੀ ਤਾਂ ਕਿਸੇ ਦੇਵੀ ਦਾ ਰੂਪ ਐ---ਤੜਕੇ ਉਠ ਕੇ ਰੱਬ ਤੋਂ ਪਹਿਲਾਂ ਨਾਓਂ ਲੈਣ ਵਾਲੀ ਐ---ਕਦੇ ਗੁੱਸਾ ਨੀ ਕਰਦੀ---ਕੋਈ ਕੁਸ ਕਹੀ ਜਾਵੇ ਕਦੇ ਤਲਖੀ ਨਾਲ ਨੀ ਬੋਲਦੀ---ਨਾ ਕਿਸੇ ਨੂੰ ਬੁਰਾ ਬੋਲਦੀ ਐ ਤੇ ਨਾ ਕਿਸੇੇ ਦਾ ਬੁਰਾ ਚਿਤਵਦੀ ਐ---ਸਾਰਾ ਦਿਨ ਕੰਮ `ਚ ਲੱਗੀ ਰਹਿੰਦੀ ਐ---ਮਾਸੀ ਦਾ ਕੋਈ ਦੁਸ਼ਮਣ ਨੀ ਹੋਣਾ ਦੁਨੀਆਂ `ਚ---ਨਾਨੀ, ਜੇ ਮਾਸੀ ਚਾਹੁੰਦੀ ਤਾਂ ਜਮੀਨ ਵੰਡਾਅ ਕੇ ਪੇਕੀਂ ਤੁਰ ਜਾਂਦੀ---ਉਥੇ ਬੈਠੀ ਬੈਠੀ ਹੀ ਖਰਚਾ ਮੰਗਦੀ---ਸਾਰਾ ਕਾਨੂੰਨ ਤੀਮੀਆਂ ਦੇ ਹੱਕ `ਚ ਭੁਗਤਦਾ ਐ---ਪਰ ਇਹ ਭਲੇਮਾਣਸ ਉਰੇ ਈ ਸਿਰਫ ਰੋਟੀ ਰੋਟੀ ਬਦਲੇ ਆਪਣੇ ਹੱਡ ਵਾਹੰੁਦੀ ਐ---ਇਹ ਕੀਹਦੇ ਕੋਲੋਂ ਟੂਣਾ ਕਰਵਾਅ ਕੇ ਲੈ ਆਈ ਹੋਣੀ ਭਲਾਂ ਦੀ? ਨਾਲੇ ਇਹ ਗੁੱਡੀ ਦੇ ਭਾਪੇ ਨੂੰ ਕਿਉਂ ਟੂਣਾ ਕਰੂਗੀ---ਉਹ ਕਿਤੇ ਇਹਦਾ ਸ਼ਰੀਕ ਐ---? ਤੁਸੀਂ ਊਈਂ ਨਾ ਮਾਸੀ ਦੇ ਮਗਰ ਹੱਥ ਧੋ ਕੇ ਪਏ ਰਹੋ---"

ਸਵਰਨੀ ਨੇ ਵੀ ਨਾਨਕਿਆਂ ਦੀ ਗਰਦ ਝਾੜ ਦਿੱਤੀ---ਨਾਨੀ ਤੇ ਮਾਸੀ ਉਹਨੂੰ ਕਣੱਖੀਆਂ ਝਾਕ ਰਹੀਆਂ ਸਨ ਪਰ ਸਵਰਨੋ ਧੜੱਲੇ ਆਲੀ ਕੁੜੀ ਸੀ---ਸੋ ਉਹਨੇ ਨਾਨਕਿਆਂ ਨੂੰ ਫਾੜ ਫਾੜ ਸੁਣਾਈਆਂ।

ਆਥਣ ਤੱਕ ਸਾਰੇ ਰਿਸ਼ਤੇਦਾਰ ਗੁਰੇ ਨੂੰ ਸਮਝੌਤੀਆਂ ਅਤੇ ਪਿਆਰ ਦੇ ਕੇ ਆਵਦੇ ਆਵਦੇ ਘਰੀਂ ਚਲੇ ਗਏ---ਉਸ ਰਾਤ ਫੇਰ ਘਰ ਦੇ ਸਾਰੇ ਜੀਅ ਦਲ੍ਹਾਨ `ਚ ਜੁੜ ਕੇ ਬੈਠੇ---ਗੁਰਾ ਮੇਰੇ ਕੋਲ ਆ ਕੇ ਬਹਿ ਗਿਆ---ਪਹਿਲਾਂ ਤਾਂ ਸਾਰਿਆਂ ਨੇ ਮੇਰੇ ਅਤੇ ਸਵਰਨੀ ਨਾਲ ਹੋਈ ਦੁਰਘਟਨਾ ਲਈ ਸਰੋਸਰੀ ਬੇਬੇ ਨੂੰ ਜ਼ਿੰਮੇਵਾਰ ਠਹਿਰਾਇਆ---ਬੇਬੇ ਦੀ ਫ਼ਜੀਹਤ ਵੀ ਬਹੁਤ ਕੀਤੀ---ਬਾਪੂ ਨੇ ਤਾਂ ਬੇਬੇ ਦੀ ਮਾਂ ਭੈਣ ਇੱਕ ਕਰ ਤੀ---ਬੇਬੇ ਭਿੱਜੀ ਬਿੱਲੀ ਬਣੀ ਬੈਠੀ ਸੀ---ਮੇਰੇ ਜੇਠ ਨੇ ਬੇਬੇ ਦੀ ਲਾਹ ਪਾਹ ਹੁੰਦੀ ਦੇਖ ਕੇ ਕਿਹਾ,

“ਬਾਪੂ ਜੋ ਵੀ ਹੈ---ਬੇਬੇ ਦੀ ਬਹਾਦਰੀ ਦੀ ਦਾਦ ਦੇੇਣੀ ਬਣਦੀ ਐ---ਦੋ ਬੰਦੇ ਟਪਕਾਅ ਦਿੱਤੇ---ਸਵਰਨੀ ਨੇ ਵੀ ਕਮਾਲ ਕੀਤੀ---ਹੁਣ ਬਾਰ ਬਾਰ ਇਹ ਗੱਲ ਨੀ ਚਤਾਰਨੀ---ਬੱਸ"

“ਬੇ ਕਾਹਦੀ ਬਹਾਦਰੀ ਪੁੱਤ---ਮੈਨੂੰ ਤਾਂ ਮਹੰਤ ਕੋਲੋਂ ਬਦਲਾ ਲੈਣਾ ਤੀਘਾ---ਮੇਰੇ ਅੰਦਰ ਜਹਿਰ ਘੁਲੀ ਪਈ ਸੀ---ਮੇਰੀਆਂ ਬਹੂਆਂ ਨਾਲ ਕੀਤੀ ਜੋਰ ਜਬਰਦਸਤੀ ਦੀ ਸਜਾ ਤਾਂ ਕੰਜਰਾਂ ਨੂੰ ਦੇਣੀ ਓ ਸੀਗੀ---ਮੈਂ ਤਾਂ ਘਰੋਂ ਸਿਰ ਧੜ ਦੀ ਬਾਜੀ ਲਾ ਕੇ ਗਈ ਸਾਂ---ਸਾਰਾ ਪਿੰਡ ਗੁਰਦੁਆਰੇ ਅੱਪੜਿਆ ਹੋਇਆ ਸੀ ਸੰਤਾਂ ਦੇ ਪ੍ਰਵਚਨ ਸੁਣਨ ਖਾਤਰ---ਬੱਸ ਮੈਨੂੰ ਢੁਕਵਾਂ ਮੌਕਾ ਮਿਲ ਗਿਆ---ਤੇ ਮੈਂ ਹਰਾਮੀਆਂ ਕੋਲੋਂ ਬਦਲਾ ਲੈ ਲਿਆ---"

ਸਾਰੇ ਜਣੇ ਗੰਭੀਰ ਤੇ ਉਦਾਸ ਸਨ---ਸਵਰਨੀ ਉੱਚੀ ਉੱਚੀ ਰੋਣ ਲੱਗ ਪਈ---ਬੇਬੇ ਨੇ ਉਹਨੂੰ ਚੁੱਪ ਕਰਾਉਂਦਿਆਂ ਅੱਗੇ ਕਿਹਾ,

ਮੈਂ ਪਛਤਾਵਾ ਕਰ ਰਹੀ ਆਂ ਆਪਣੀ ਭੁੱਲ ਦਾ---ਅਣਜਾਣੇ `ਚ ਕੀਤੀ ਭੁੱਲ ਦਾ ਵੀ ਮੈਂ ਪਛਤਾਵਾ ਕਰ ਰਹੀ ਸਾਂ---ਤੁਸੀਂ ਸਹਿਜ ਹੋਣ ਦੀ ਕੋਸ਼ਿਸ਼ ਕਰੋ---"

“ਪਰ ਮੈਨੂੰ ਇਹ ਦੱਸੋ ਬਈ ਮੈਂ ਇਹਨਾਂ ਕੁੜੀਆਂ ਦਾ ਕੀ ਕਰੂੰ---ਕਦੇ ਕਦੇ ਜੀ ਕਰਦੈ ਗਲ ਗੂਠਾ ਦੇ ਦਿਆਂ---ਮੈਥੋਂ ਨੀ ਬਰਦਾਸ਼ਤ ਹੁੰਦੀਆਂ ਇਹ ਹਰਾਮਜਾਦੀਆਂ---ਇਹਨਾਂ ਨੂੰ ਦੇਖ ਕੇ ਮੈਨੂੰ ਟਿਕਾਣੇ ਆਲੀ ਸਾਰੀ ਘਟਨਾ ਜਾਦ ਆ ਜਾਂਦੀ ਐ---ਇਹਨਾਂ ਦਾ ਫਾਹਾ ਬੱਢੋ ਪਹਿਲਾਂ---ਨਾ ਅੱਖਾਂ ਨੂੰ ਦਿਸਣਗੀਆਂ ਤੇ ਨਾ ਮੇਰਾ ਮਨ ਦੁਖੀ ਹੋਊ"

“ਭਾਈ ਇਹਨਾਂ ਕੰਨਿਆਂ ਦੇਵੀਆਂ ਦਾ ਕੀ ਕਸੂਰ ਐ---ਇਹਨਾਂ ਨੂੰ ਕਿਸ ਗੁਨਾਹ ਬਦਲੇ ਗਲ ਗੂਠਾ ਦੇ ਦੀਏ---ਏਹਨਾਂ ਮਾਸੂਮ ਜੁਆਕੜੀਆਂ ਨੂੰ ਮਾਰ ਕੇ ਕਿਹੜਾ ਜਖਮ ਭਰ ਜਾਣਗੇ? ਕੋਈ ਹੋਰ ਹੱਲ ਲੱਭਦੇ ਆਂ---ਇਸ ਸਮੱਸਿਆ ਦਾ ਕੋਈ ਸਟੀਕ ਸਮਾਧਾਨ"

ਉਸ ਰਾਤ ਬਹੁਤ ਦੇਰ ਤੱਕ ਸਭ ਜਣੇ ਇਸ ਸਮੱਸਿਆ ਦਾ ਸਮਾਧਾਨ ਲੱਭਣ ਦੀ ਕੋਸ਼ਿਸ਼ ਕਰਦੇ ਰਹੇ---ਪਰ ਦੋਸਤੋ! ਇਸ ਸਮੱਸਿਆ ਦਾ ਕੋਈ ਸਮਾਧਾਨ ਹੈ ਜੋ ਕੱਢਿਆ ਜਾ ਸਕਦਾ? ਕੋਈ ਮਰਹਮ ਹੈ ਜੋ ਮੇਰੇ ਤੇ ਸਵਰਨੀ ਦੇ ਜ਼ਖਮਾਂ ਨੂੰ ਰਾਹਤ ਦੇ ਸਕਦੀ ਹੋਵੇ??

ਇਹ ਗੱਲਾਂ ਸੁਣ ਕੇ ਗੁਰਾ ਭੁੱਬਾਂ ਮਾਰ ਕੇ ਰੋ ਪਿਆ---ਸਾਰਿਆਂ ਨੇ ਗੁਰੇ ਨੂੰ ਚੁੱਪ ਕਰਾਉਂਦਿਆਂ ਸਮਝਾਇਆ ਕਿ ਦੇਖ ਪੁੱਤ ਇਸ ਸਾਰੀ ਘਟਨਾ ਵਿੱਚ ਸਵਰਨੋ ਤੇ ਤੇਰੀ ਮਾਸੀ ਦਾ ਰਤੀ ਭਰ ਵੀ ਦੋਸ ਨੀ ਹੈ---ਜੇ ਬੇਬੇ ਦੀ ਮੰਨੀਏ ਤਾਂ ਉਹ ਵੀ ਬੇਕਸੂਰ ਐ---ਇਹ ਤਾਂ ਸਮਾਜ ਦੀ ਧੀਆਂ ਪ੍ਰਤੀ ਗੰਦੀ ਸੋਚ ਦਾ ਦੋਸ਼ ਐ---ਅਸੀਂ ਜੋ ਪੁੱਤਾਂ ਪਿੱਛੇ ਪਾਗਲ ਹੋਏ ਫਿਰਦੇ ਆਂ---ਧੀਆਂ ਨੂੰ ਨਫ਼ਰਤ ਕਰਦੇ ਆਂ---ਸਾਡੀ ਇਹ ਧਾਰਣਾ ਇਸ ਦੁਖਾਤ ਲਈ ਜ਼ਿੰਮੇਵਾਰ ਐ---ਅਸੀਂ ਸਾਰੇ ਸਮਾਜ ਦੇ ਲੋਕ ਹੀ ਇਹੋ ਜਿਹੀਆਂ ਦੁਖਦ ਘਟਨਾਵਾਂ ਲਈ ਦੋਸ਼ੀ ਤੇ ਜ਼ਿੰਮੇਵਾਰ ਹਾਂ---ਸਮਾਜ ਦੀ ਧੀਆਂ ਪ੍ਰਤੀ ਸੋਚ ਬਦਲਨ ਦੀ ਲੋੜ ਐ---"

ਇਹ ਮੇਰਾ ਦਿਉਰ ਆਖ ਕਿਹਾ ਸੀ---ਉਹਦੀ ਗੱਲ ਹੈ ਵੀ ਸੋਲਾਂ ਆਨੇ ਸੱਚ ਸੀ---ਜਦ ਤੱਕ ਸਮਾਜ ਧੀਆਂ ਨੂੰ ਜੀ ਆਇਆਂ ਨਹੀਂ ਆਖਣਾ ਸਿੱਖਦਾ---ਆਪਣੀ ਧੀਆਂ ਪ੍ਰਤੀ ਸੋਚ ਨੀ ਬਦਲਦਾ---ਉਦੋਂ ਤੱਕ ਔਰਤਾਂ ਨਾਲ ਇਹੋ ਜਿਹੀਆਂ ਹਿਰਦੇ ਵੇਧਕ ਘਟਨਾਵਾਂ ਵਾਪਰਦੀਆਂ ਰਹਿਣਗੀਆਂ---ਵਾਪਰਦੀਆਂ ਹੀ ਰਹਿਣਗੀਆਂ---।

ਉਸ ਦਿਨ ਦੀ ਬੈਠਕ ਵੀ ਬੇਨਤੀਜਾਂ ਹੀ ਖ਼ਤਮ ਹੋ ਗਈ---ਜਦੋਂ ਸਭ ਜਣੇ ਉਠ ਕੇ ਤੁਰ ਗਏ ਤਾਂ ਗੁਰਾ ਨਿੱਕੇ ਬੱਚੇ ਵਾਂਗ ਬੋਲਿਆ,

“ਮਾਸੀ ਅਸੀਂ ਅੱਜ ਕੱਲੇ ਨੀ ਸੌਣਾ---ਸਾਨੂੰ ਡਰ ਲਗਦੈ---ਅਜੇ ਇੱਕ ਅਜੀਬ ਜਿਹਾ ਭੈਅ ਮਨ `ਚ ਦੁਬਕਿਆ ਹੋਇਆ ਬੈਠਾ ਐ---ਮਾਸੀਂ ਅਸੀਂ ਅੱਜ ਤੇਰੀ ਕੋਠੜੀ `ਚ ਈ ਸੌਂ ਜਾਈਏ? ਮਾਸੀ ਡਰ ਕਿਸੇ ਹੋਰ ਕੋਲੋਂ ਨਹੀਂ ਆਪਣੇ ਆਪ ਤੋਂ ਈ ਲੱਗ ਰਿਹੈ।"

“ਹਾਂਅ ਹਾਂਅ ਬੁੱਗੇ---ਕਿਉਂ ਨੀ---ਕੁੜੀਆਂ ਤਾਂ ਸੌਂਦੀਆਂ ਈ ਮੇਰੇ ਲਵੇ ਨੇ---ਤੁਸੀਂ ਬੀ ਆਪਣੀਆਂ ਮੰਜੀਆਂ ਕੋਠੜੀ `ਚ ਈ ਡਾਹ ਲਓ---ਮੈਨੂੰ ਵੀ ਸਹਾਰਾ ਹੋ ਜੂ---"

ਉਹਨਾਂ ਨੇ ਆਪਣੀਆਂ ਮੰਜੀਆਂ ਮੇਰੀ ਕੋਠੜੀ `ਚ ਈ ਡਾਹ ਲਈਆਂ---ਨਿਰੰਜਣ ਸਿੰਘ ਦੇ ਘੁਰਾੜੇ ਸੁਣ ਕੇ ਗੁਰਾ ਬੋਲਿਆ,

“ਮਾਸੀ ਤੇਰੀ ਹਿੰਮਤ ਐ ਜੋ ਲੋਥ ਬਣੇ ਬਾਪੂ ਕੋਲ ਸੌਂ ਰਹਿੰਨੀ ਐ---ਮੈਨੂੰ ਤਾਂ ਕੱਲੇ ਨੂੰ ਬਲਾਈਂ ਡਰ ਲੱਗੇ---ਮਾਸੀ---?"

ਆਦਤ ਪੈ ਜਾਂਦੀ ਐ ਬੁੱਗੇ---ਸ਼ੁਰੂ ਸ਼ੁਰੂ `ਚ ਤਾਂ ਮੈਨੂੰ ਵੀ ਭੈਅ ਆਉਂਦਾ ਸੀ---ਪਰ ਫੇਰ ਹੌਲੀ ਹੌਲੀ ਆਦਤ ਪੈ ਗੀ---ਹੁਣ ਨੀ ਡਰ ਲਗਦਾ---"

ਉਂਜ ਮੈਂ ਇਹ ਨਹੀਂ ਸਾਂ ਕਹਿਣਾ ਚਾਹੁੰਦੀ---ਕਿਉਂਕਿ ਭੈਅ ਤਾਂ ਮੈਨੂੰ ਵੀ ਲਗਦਾ ਸੀ ਤੇ ਹੁਣ ਵੀ ਲਗਦਾ ਸੀ---ਪਰ ਮੈਂ ਕਹਿਣਾ ਚਾਹੰੁਦੀ ਸਾਂ ਕਿ ਮੁੱਲ ਖਰੀਦ ਬਾਂਦੀ ਗੋਲੀ ਨੂੰ ਡਰ ਨੀ ਲੱਗ ਸਕਦਾ---ਕਿਉਂਕਿ ਉਹਦੀ ਚੇਤਨਾ ਤਾਂ ਮੁੱਲ ਵਿਕੀ ਹੁੰਦੀ ਐ ਤੇ ਅਵਚੇਤਨ ਨੂੰ ਕਦੇ ਕੁੱਝ ਮਹਿਸੂਸ ਈ ਨੀ ਹੁੰਦਾ---ਨਾ ਡਰ ਨਾ ਭੈਅ ਨਾ ਖੁਸ਼ੀ ਨਾ ਗਮੀ---।

“ਮਾਸੀ ਊਂ ਅਸੀਂ ਸਾਰੇ ਤੈਨੂੰ ਪਾਗਲ ਸਮਝਦੇ ਆਂ---ਸਭ ਤੈਨੂੰ ਝੱਲੀ ਮਾਈ ਈ ਸਮਝਦੇ ਨੇ---ਪਰ ਇੱਕ ਗੱਲ ਤਾਂ ਤੈਅ ਹੈ ਕਿ ਇਸ ਸਮੱਸਿਆ ਦਾ ਸਮਾਧਾਨ ਵੀ ਤੂੰ ਈ ਕੱਢੇਂਗੀ---ਸਿਰਫ ਤੂੰ---ਇਸ ਸਮੱਸਿਆ ਦਾ ਸਮਾਧਾਨ ਤੇਰੇ ਬਿਨਾ ਹੋਰ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ---ਨਾਲੇ ਮਾਸੀ ਤੈਂ ਮੈਨੂੰ ਇਹ ਤਾਂ ਪੁੱਛਿਆ ਈ ਨੀ ਬਈ ਮੈਂ ਦੋ ਦਿਨ ਕਿੱਥੇ ਰਿਹਾ---ਕਿਵੇਂ ਰਿਹਾ---"

“ਬੁੱਗੇ ਮੌਕਾ ਈ ਨੀ ਮਿਲਿਆ---ਜਦੋਂ ਤੂੰ ਆਇਆ ਤਾਂ ਘਰੇ ਤੇਰੇ ਨਾਨਕੇ, ਸਹੁਰੇ ਤੇ ਹੋਰ ਰਿਸ਼ਤੇਦਾਰ ਬੈਠੇ ਸਨ---ਉਨ੍ਹਾਂ ਦੇ ਜਾਣ ਬਾਦ ਆਪਾਂ ਘਰ ਘਰ ਦੇ ਈ ਰਲ ਕੇ ਬਹਿ ਗਏ---ਮੈਂ ਕਿਸ ਵੇਲੇ ਤੈਨੂੰ ਇਹ ਸਭ ਪੁੱਛਦੀ? ਪਰ ਇੱਕ ਗੱਲ ਤੈਨੂੰ ਮੰਨਣੀ ਪੈਣੀ ਐ ਬਈ ਤੇਰੀ ਮਾਸੀ ਨੂੰ ਤੇਰੀ ਅੰਤਾਂ ਦੀ ਚਿੰਤਾ ਸੀ---ਪਰ ਤੂੰ ਘਰੋਂ ਭੱਜਿਆ ਈ ਕਿਉਂ??"

ਗੁਰਾ ਇੱਕ ਝਟਕਾ ਖਾਕੇ ਮੰਜੀ ਤੋ ਉਠਦਿਆਂ ਬੋਲਿਆ,

“ਮੈਂ ਤਾਂ ਉਸ ਦਿਨ ਥੋਡੀਆਂ ਗੱਲ ਸੁਣ ਕੇ ਪਾਗਲ ਈ ਹੋ ਗਿਆ ਸੀਗਾ---ਮੇਰੇ ਦਮਾਗ ਤੇ ਐਨਾ ਬੋਝ ਪਿਆ ਬਈ ਮੈਂ ਤਾਂ ਸਿੱਧਾ ਨਹਿਰ `ਚ ਛਾਲ ਮਾਰ ਦਿੰਦਾ---ਪਰ ਮਾਸੀ ਜੇ ਤੂੰ ਸੱਚ ਮੰਨੇ ਤਾਂ ਮੈਂ ਤੈਨੂੰ ਇੱਕ ਗੱਲ ਦੱਸਾਂ---ਮੈਨੂੰ ਮੇਰੀ ਮਾਸੀ ਨੇ ਮਰਨੋਂ ਰੋਕ ਲਿਆ---ਮਾਸੀ ਮੈਨੂੰ ਨੀ ਪਤਾ ਤੂੰ ਈ ਮੈਨੂੰ ਬਾਹੋਂ ਫੜ ਕੇ ਟਿਕਾਣੇ `ਚ ਛੱਡ ਕੇ ਆਈ---ਤੂੰ ਈ ਉਸ ਦਿਨ ਮੈਨੂੰ ਸਮਝਾਉਂਦੀ ਰਹੀ ਕਿ ਗੁਰੇ ਕੋਈ ਗਲਤ ਕੰਮ ਨੀ ਕਰਨਾ---ਤੂੰ ਹੀ ਮੈਨੂੰ ਪ੍ਰਵਚਨ ਸਣਾਉਂਦੀ ਰਹੀ ਕਿ ਮੇਰਾ ਤੇ ਸਵਰਨੀ ਦਾ ਕੋਈ ਦੋਸ਼ ਨਹੀਂ---ਸਾਨੂੰ ਕਿਸੇ ਕਿਸਮ ਦੀ ਸਜਾ ਦੇਣੀ ਬਣਦੀ ਈ ਨੀ---ਨਾਲੇ ਤੂੰ ਸਿਆਣਾ ਬਣ---ਫੇਰ ਤੈਂ ਸਮਝਾਇਆ ਬਈ ਕੁੜੀਆਂ ਤਾਂ ਉੱਕਾ ਨਿਰਦੋਸ਼ ਨੇ---ਤੇ ਜਿਨ੍ਹਾਂ ਨੇ ਕੁਕਰਮ ਕੀਤਾ ਉਹਨਾਂ ਨੂੰ ਸਜਾ ਮਿਲ ਗਈ---ਮਾਸੀ ਤੂੰ ਆਹ ਵੀ ਆਖਦੀ ਰਹੀ ਕਿ ਮਰ ਗਿਆਂ ਨਾਲ ਕਾਹਦਾ ਮਾਖਤਾ? ਜਦ ਮਹੰਤ ਤੇ ਚੇਲੇ ਮਰ ਈ ਗਏ---ਉਨ੍ਹਾਂ ਨੂੰ ਕੀਤੇ ਕੁਕਰਮਾਂ ਦੀ ਸਜਾ ਮਿਲ ਈ ਗਈ ਤਾਂ ਰੋਸਾ ਕਿਸ ਗੱਲ ਦਾ? ਸੋ ਮਾਸੀ ਮੈਂ ਤਾਂ ਦੋਏਂ ਦਿਨ ਤੇਰੇ ਪ੍ਰਵਚਨ ਈ ਸੁਣਦਾ ਰਿਹਾ---ਜੇ ਤੈਂ ਮੈਨੂੰ ਸਿੱਧੇ ਰਾਹ ਨਾ ਪਾਇਆ ਹੁੰਦਾ ਤਾਂ ਸੱਚ ਮੰਨੀ ਮੈਂ ਪਤਾ ਨੀ ਕਿਹਨੂੰ ਕਿਹਨੂੰ ਕਤਲ ਕੀਤਾ ਹੁੰਦਾ---ਕੀਹਦੇ ਕੀਹਦੇ ਖੂਨ `ਚ ਹੱਥ ਰੰਗੇ ਹੁੰਦੇ---ਪਰ ਤੇਰੇ ਉਪਦੇਸ਼ ਨੇ ਮੇਰੇ ਹੱਥ ਨਿਰਦੋਸ਼ਾਂ ਦੇ ਖੂਨ `ਚ ਰੰਗਣੋਂ ਬਚਾਅ ਲਏ---ਮਾਸੀ ਤੈਂ ਸੱਚੀਂ ਮੈਨੂੰ ਬਚਾਅ ਲਿਆ---ਨਹੀਂ ਤਾਂ ਉਸ ਦਿਨ ਜਿਹੜਾ ਮੇਰੇ ਸਿਰ ਭੂਤ ਸਵਾਰ ਹੋਇਆ ਸੀ---ਉਹ ਕੋਈ ਕਾਰਾ ਕਰਵਾਅ ਕੇ ਈ ਸਾਹ ਲੈਂਦਾ---ਮੈਂ ਤੈਨੂੰ ਸੀਸ ਝੁਕਾਉਨਾ ਮਾਸੀ---ਤੇਰੀ ਸਹਿਨਸ਼ੀਲਤਾ ਤੋਂ ਤਾਂ ਮੈਂ ਬਹੁਤ ਸਿੱਖਿਆ ਲਈ ਐ---ਨਹੀਂ ਤਾਂ ਉਰੇ ਘਰ `ਚ ਥੋਡੀਆਂ ਮੁੰਡੀਆਂ ਰੁਲਦੀਆਂ ਹੁੰਦੀਆਂ---ਤੇ ਐਨੇ ਕਤਲ ਕਰ ਕੇ ਮੈਂ ਪਾਗਲ ਹੋਇਆ ਹੁੰਦਾ---"

ਇਹ ਗੁਰਾ ਕੀ ਕਹਿ ਰਿਹਾ ਸੀ? ਮੈਂ ਐਨੇ ਮਾਣ ਸਨਮਾਨ ਦੇ ਯੋਗ ਸਾਂ ਭਲਾਂ?? ਉਹ ਮੈਨੂੰ ਐਨਾ ਮਾਣ ਕਿਉਂ ਦੇ ਰਿਹਾ ਸੀ---ਪਰ ਮੈਨੂੰ ਉਹਦਾ ਮੋਹ ਆਇਆ ਬੀਰੇ ਵਰਗਾ ਮੋਹ---ਉਹ ਸੱਚੀ ਪੰਘਰ ਗਿਆ ਸੀ---ਮੇਰੇ ਪ੍ਰਤੀ ਉਹਦਾ ਰਵੱਈਆਂ ਬੀ ਨਰਮ ਤੇ ਆਦਰ ਭਾਵ ਵਾਲਾ ਹੋ ਗਿਆ ਸੀ---ਘਰ `ਚ ਖਿੱਲਰੀਆਂ ਮੁੰਡੀਆਂ ਦਾ ਦ੍ਰਿਸ਼ ਚਿਤਵਦਿਆਂ ਮੇਰੇ ਲੂ ਕੰਡੇ ਖੜ੍ਹੇ ਹੋ ਗਏ---ਮੈਂ ਗੁਰੇ ਨੂੰ ਹੋਰ ਵੀ ਸ਼ਾਂਤ ਕਰਨ ਲਈ ਉਹਨੂੰ ਸਮਝਾਇਆ,

“ਦੇਖ ਬੁੱਗੇ---ਤੈਸ਼ `ਚ ਆ ਕੇ ਕੀਤਾ ਕੋਈ ਵੀ ਕੁਕਰਮ ਬੰਦੇ ਲਈ ਪਛਤਾਵੇ ਦਾ ਕਾਰਣ ਬਣ ਜਾਂਦੈ---ਇੱਕ ਪਲ ਦਾ ਗੁੱਸਾ ਬੰਦੇ ਲਈ ਸਾਲਾਂ ਦੀ ਸਮੱਸਿਆ ਖੜ੍ਹੀ ਕਰ ਦਿੰਦੈ---ਤੈਂ ਆਪਣਾ ਮਨ ਸਮਝਾਅ ਕੇ ਤੇ ਗੁੱਸਾ ਥੁੱਕ ਕੇ ਅਕਲਮੰਦੀ ਕੀਤੀ---ਨਹੀਂ ਤਾਂ ਆਪਾਂ ਬਰਬਾਦ ਹੋਏ ਹੁੰਦੇ---"

“ਮਾਸੀ ਤਾਂ ਹੀ ਮੈਂ ਤੇਰੀ ਗੱਲ ਮੰਨਦਾ ਰਿਹਾ---ਮੈਂ ਘਰੋਂ ਭੱਜਿਆ ਤਾਂ ਨਹਿਰ ਕਿਨਾਰੇ ਜਾ ਕੇ ਸਾਹ ਲਿਆ---ਮਗਰੋਂ ਮਾਸੀ ਤੂੰ ਆ ਗਈ---ਜਿਉਂ ਈ ਮੈਂ ਨਹਿਰ `ਚ ਛਾਲ ਮਾਰਨ ਲੱਗਿਆ ਤਾਂ ਤੈਂ ਝੱਟ ਮੇਰੀ ਬਾਂਹ ਫੜ ਲਈ---ਮੈਨੂੰ ਪਿੱਛੇ ਧਰੂਹ ਲਿਆ---ਮੈਂ ਹੱਕਾ ਬੱਕਾ ਤੇਰੇ ਮੂੰਹ ਕੰਨੀ ਦੇਖਾਂ---ਪਰ ਤੂੰ ਚੁੱਪ ਚੁਪੀਤੀ ਮੈਨੂੰ ਟਿਕਾਣੇ ਲੈ ਆਈ---ਮਾਸੀ ਜੇ ਤੂੰ ਮੈਨੂੰ ਉਸ ਵੇਲੇ ਘਰੇ ਲੈ ਆਉਂਦੀ ਤਾਂ ਮੈਂ ਬਿਨਾ ਹੀਲ ਹੁੱਜਤ ਤੇਰੇ ਨਾਲ ਘਰੇ ਵੀ ਆ ਜਾਂਦਾ---ਪਰ ਤੂੰ ਮੈਨੂੰ ਟਿਕਾਣੇ ਲੈ ਗਈ---ਸ਼ਾਇਦ ਤੂੰ ਮੈਨੂੰ ਦਖਾਉਣਾ ਚਾਹੰੁਦੀ ਸੈਂ ਕਿ ਉਥੇ ਹੁਣ ਕੁੱਝ ਨੀ ਹੈ---ਟਿਕਾਣਾ ਉਜਾੜ ਹੋਇਆ ਪਿਐ---ਸਾਰੇ ਸਾਧ ਦੌੜ ਗਏ ਨੇ---ਆਪਾਂ ਹੁਣ ਇਸ ਥਾਂ ਨੂੰ ਕਿਸੇ ਚੰਗੇ ਕੰਮ ਵਾਸਤੇ ਵਰਤੀਏ---ਮਾਸੀ ਮੇਰੇ ਦਮਾਕ `ਚ ਕਈ ਸਕੀਮਾਂ ਆਈਆਂ ਪਰ ਮੈਂ ਕਿਸੇ ਦਿਨ ਤਾਏ ਨਾਲ ਤੇ ਸਰਪੰਚ ਨਾਲ ਗੱਲ ਕਰ ਕੇ ਤੈਨੂੰ ਦੱਸੂੰ ਬਈ ਆਪਾਂ ਉਥੇ ਕੀ ਕਰਨੈ।"


--ਚਲਦਾ--