39
ਮੈ ਜਿਹੜੀ ਗੱਲ ਥੋਨੂੰ ਹੁਣ ਦੱਸਣ ਲੱਗੀ ਆਂ---ਉਹਨੂੰ ਸੁਣ ਕੇ ਤੁਸੀਂ ਦੰਗ ਰਹਿ ਜਾਉਂਗੇ--- ਗੁਰੇ ਦੇ ਘਰੇ ਆਉਣ ਵਾਲੀ ਘਟਨਾ ਤੋ ਕੋਈ ਤਿੰਨ ਚਾਰ ਦਿਨਾਂ ਬਾਦ ਕਾਲੇ ਚਸ਼ਮੇ ਲਾਈ ਤੇ ਸੋਹਣੇ ਸੋਹਣੇ ਕੱਪੜੇ ਪਹਿਨੀ ਦੋ ਸ਼ਹਿਰਨਾਂ ਸਾਡੇ ਬੂਹੇ ਅੱਗੇ ਆਖਣ ਖੜ੍ਹੀਆਂ---ਬੇਬੇ ਨੇ ਇਹਨਾਂ ਉਪਰੀਆਂ ਔਰਤਾਂ ਨੂੰ ਦੇਖ ਕੇ ਬਿਨਾਂ ਕੁੱਝ ਬੋਲੇ ਅੱਖਾਂ ਰਾਹੀਂ ਹੀ ਕਈ ਸੁਆਲ ਪੁੱਛੇ---ਉਹਨਾਂ ਔਰਤਾਂ ਨੇ ਝੁਕ ਕੇ ਬੇਬੇ ਦੇ ਪੈਰੀਂ ਹੱਥ ਲਾਏ---ਉਹਨਾਂ ਚੋਂ ਇੱਕ ਜਣੀ ਬੇਬੇ ਨੂੰ ਹੈਰਾਨ ਜਿਹੀ ਖੜ੍ਹੀ ਦੇਖ ਕੇ ਬੋਲੀ,
“ਸਤਿ ਸ੍ਰੀ ਆਕਾਲ ਮਾਤਾ ਜੀ---ਅਸੀਂ ਆਪਣੀ ਭੈਣ ਅਮਰੋ ਨੂੰ ਮਿਲਣੈ---"
“ਅਮਰੋ?? ਪੁੱਤ ਉਰੇ ਸਾਡੇ ਘਰੇ ਤਾਂ ਕੋਈ ਅਮਰੋ ਨਾਂ ਦੀ ਤੀਮੀਂ ਨੀ ਹੈ---ਥੋਨੂੰ ਗਲਤੀ ਲੱਗ ਗਈ ਹੋਣੀ---ਊਂ ਜੀ ਸਦਕੇ ਆਓ---ਪਾਣੀ ਧਾਣੀ ਪੀਓ---"ਬੇਬੇ ਨੇ ਉਹਨਾਂ ਨੂੰ ਅੰਦਰ ਆਉਣ ਦਾ ਇਸ਼ਾਰਾ ਕਰਦਿਆਂ ਕਿਹਾ---
“ਨਹੀਂ ਮਾਤਾ ਜੀ---ਉਹ ਜੋ ਥੋਡੀ ਨੂੰਹ ਐ ਨਾਅ ਲੰਗੜੀ---ਉਹਦਾ ਨਾਂ ਅਮਰੋ ਐ---ਉਹ ਸਾਡੀ ਭੈਣ ਐ---ਅਸੀਂ ਉਹਨੂੰ ਮਿਲਣ ਆਈਆਂ ਵਾਂ---"
ਬੇਬੇ ਸ਼ਸੋਪੰਜ ਵਿੱਚ ਪਈ ਉਹਨਾਂ ਨੂੰ ਅੰਦਰ ਲੈ ਆਈ---ਉਹਨਾਂ ਦੇ ਮੁਹਰੇ ਮੁਹਰੇ ਤੁਰਦੀ ਨੇ ਬਾਹਰੋਂ ਈ ਮੈਨੂੰ `ਵਾਜ ਮਾਰੀ,
“ਕੁੜੇ ਬਹੂ ਰਾਣੀ---ਦੇਖੀਂ ਤਾਂ ਭਲਾਂ ਤੇਰੀਆਂ ਮਸੇਰ ਭੈਣਾਂ ਤੈਨੂੰ ਮਿਲਣ ਆਈਆਂ ਨੇ---ਪਤਾ ਨੀ ਭਾਈ ਤੇਰੀ ਭੂਆਂ ਜਾਂ ਮਾਮੇ ਦੀਆਂ ਧੀਆਂ ਨੇ---ਬਾਹਰ ਆਈਂ ਕੇਰਾਂ---"
ਮੈਂ ਬਾਹਰ ਨਿਕਲੀ---ਇਹਨਾਂ ਸ਼ਹਿਰਨਾਂ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ---ਮੇਰੀਆਂ ਤਾ ਕੋਈ ਮਾਮੇ ਭੂਆ ਦੀਆਂ ਕੁੜੀਆਂ ਨਹੀਂ ਹਨ ਤੇ ਨਾ ਹੀ ਮੈਂ ਇਹਨਾਂ ਨੂੰ ਜਾਣਦੀ ਪਛਾਣਦੀ ਹਾਂ---ਮੈਂ ਇਹਨਾਂ ਔਰਤਾਂ ਨੂੰ ਟਿਕਾਣੇ ਦੇ ਮਹੰਤ ਅਤੇ ਚੇਲਿਆਂ ਦੇ ਕਤਲ ਨਾਲ ਜੋੜ ਕੇ ਸ਼ੱਕ ਦੀ ਨਿਗਾਹ ਨਾਲ ਦੇਖਿਆ---ਮੈਨੂੰ ਲੱਗਿਆ ਕਿ ਹੋਵੇ ਨਾ ਹੋਵੇ ਇਹ ਔਰਤਾਂ ਟਿੱਲੇ ਦੇ ਚੇਲਿਆ ਵੱਲੋਂ ਭੇਤ ਲੈਣ ਲਈ ਜਾਂ ਕਿਸੇ ਪ੍ਰਕਾਰ ਦੀ ਸੂਹ ਲੈਣ ਲਈ ਭੇਜੀਆਂ ਗਈਆਂ ਨੇ---ਚੋਰ ਨੂੰ ਹਰ ਵਕਤ ਪੁਲਸ ਮਗਰ ਪਈ ਭਾਸਦੀ ਹੁੰਦੀ ਐ---ਇਹ ਜ਼ਰੂਰ ਸਾਡੇ ਘਰ ਕੋਈ ਚਾਲਾ ਕਰ ਕੇ ਜਾਣਗੀਆਂ---ਮੈਂ ਉਹਨਾਂ ਨੂੰ ਅਜੇ ਵੀ ਸ਼ੱਕੀ ਨਿਗਾਹ ਨਾਲ ਈ ਦੇਖ ਰਹੀ ਸਾਂ---ਸੱਚ ਜਾਣਿਓ ਮੈ ਉਹਨਾਂ ਦੇ ਮੂੰਹਾਂ ਵੱਲ ਧਿਆਨ ਨਾਲ ਨਹੀਂ ਦੇਖਿਆ---ਸ਼ਾਇਦ ਮੈਂ ਉਨ੍ਹਾਂ ਨਾਲ ਨਜ਼ਰਾਂ ਮਿਲਾਉਣ ਤੋਂ ਟਲ ਰਹੀ ਸਾਂ---ਮੈਂ ਉਹਨਾਂ ਦੇ ਸ਼ਹਿਰੀ ਡਿਜਾਈਨ ਦੇ ਕੱਪੜੇ ਜੁੱਤੀਆਂ ਵਿੱਚ ਈ ਉਲਝ ਕੇ ਰਹਿ ਗਈ---ਮੈਨੂੰ ਹੈਰਾਨ ਜਿਹੀ ਖੜ੍ਹੀ ਦੇਖ ਕੇ ਉਹਨਾਂ ਵਿਚੋਂ ਇੱਕ ਜਣੀ ਰੋਂਦੀ ਰੋਂਦੀ ਮੈਨੂੰ ਗਲ ਲਾ ਕੇ ਬੋਲੀ,
“ਅਮਰੋ ਅਸੀਂ ਤੇਰੀਆਂ ਭੈਣਾਂ---ਅੱਕੀ ਤੇ ਗੁਜਰੀ---"
ਮੈ ਚੀਕ ਮਾਰ ਕੇ ਪਿਛਾਂਹ ਹਟ ਗਈ---ਇਹ ਮੇਰੀਆਂ ਭੈਣਾਂ ਦੇ ਭੂਤ ਸਾਡੇ ਘਰ ਕਿਵੇਂ? ਮੈਂ ਉਹਨਾਂ ਕੋਲੋਂ ਪਿਛਾਂਹ ਹਟਦੀ ਗਈ---ਪਰ ਉਹ ਦੋਵੇਂ ਮੇਰੇ ਵੱਲ ਵਧਦੀਆਂ ਰਹੀਆਂ---ਮੈਨੂੰ ਹਾਲ ਪਾਹਰਿਆ ਪਾਉਂਦੀਆਂ ਨੂੰ ਬੇਬੇ ਨੇ ਬਾਹੋਂ ਫੜ ਕੇ ਆਖਿਆ,
“ਪੁੱਤ ਇਹਨਾਂ ਦੀ ਗੱਲ ਤਾਂ ਸੁਣ---ਇਹ ਕਿਤੇ ਤੈਨੂੰ ਖਾ ਜਾਣਗੀਆਂ? ਦੇਖ ਤਾਂ ਕਿਵੇਂ ਕਮਲਿਆਂ ਵਾਂਗ ਚੀਕਾਂ ਮਾਰਨ ਡਹੀ ਐ---"
ਹੁਣ ਮੈ ਹੋਰ ਵੀ ਡਰ ਗਈ---ਮੈਂ ਬੇਬੇ ਨੂੰ ਦੱਸਿਆ,
“ਬੇਬੇ ਇਹ ਆਖਦੀਆਂ ਨੇ ਬਈ ਇਹ ਮੇਰੀਆਂ ਭੈਣਾਂ ਨੇ---ਪਰ ਮੇਰੀਆਂ ਭੈਣਾਂ ਤਾਂ ਮਰਗੀਆਂ ਸੀਗੀਆਂ---ਨਹਿਰ `ਚ ਛਾਲ ਮਾਰ ਕੇ ਡੁੱਬ `ਗੀਆਂ ਸੀਗੀਆਂ---"
ਬੇਬੇ ਨੇ ਮੈਨੂੰ ਪੁਚਕਾਰਿਆ ਤੇ ਫੇਰ ਮੈਂ ਬੇਬੇ ਨੂੰ ਚਿੰਬੜਦਿਆਂ ਹੋਇਆਂ ਧਿਆਨ ਨਾਲ ਦੋਹਾਂ ਦੇ ਮੂੰਹਾਂ ਵੱਲ ਤੱਕਿਆ---ਇਹ ਤਾ ਸੱਚੀ ਮੇਰੀਆਂ ਭੈਣਾਂ ਈ ਸਨ---ਮੈਂ ਡਰਦਿਆਂ ਡਰਦਿਆਂ ਉਹਨਾਂ ਨੂੰ ਛੂਹ ਕੇ ਦੇਖਿਆ---ਉਹਨਾਂ ਦੇ ਪੈਰ ਵੀ ਬਹੁਤ ਧਿਆਨ ਨਾਲ ਤੱਕੇ ਬਈ ਜੇ ਪੈਰ ਸਿੱਧੇ ਹੋਏ ਤਾਂ ਇਹ ਮੇਰੀਆਂ ਭੈਣਾਂ ਈ ਹੋਣਗੀਆਂ ਪਰ ਜੇ ਪੈਰ ਪੁੱਠੇ ਹੋਏ ਫੇਰ ਇਹ ਉਹਨਾਂ ਦੇ ਭੂਤ ਹੋਣਗੇ---ਮੈਂ ਗਹੁ ਨਾਲ ਤੱਕਿਆ---ਮੇਰੀਆਂ ਭੈਣਾਂ ਦੇ ਪੈਰ ਸਿੱਧੇ ਈ ਸਨ---
ਮੇਰੀਆਂ ਭੈਣਾ ਸੋਹਣੀਆਂ ਹੋ ਗਈਆਂ ਸਨ---ਮੂੰਹਾਂ ਉਤੇ ਲਾਲੀ ਸੀ---ਸਿਆਣਪ ਸੀ---ਸਵੈ ਵਿਸ਼ਵਾਸ ਸੀ ਤੇ ਇਸ ਆਤਮ ਵਿਸ਼ਵਾਸ ਸਦਕਾ ਉਹ ਸਿਆਣੀਆਂ ਵੀ ਹੋ ਗਈਆਂ ਸਨ---ਭੈਣਾਂ ਨੂੰ ਜਿਉਂਦੀਆਂ ਦੇਖ ਕੇ ਮੈਨੂੰ ਬੇਅੰਤ ਖੁਸ਼ੀ ਹੋਈ---ਮੈਨੂੰ ਡੌਰ ਭੋਰ ਹੋਈ ਖੜ੍ਹੀ ਨੂੰ ਦੇਖ ਕੇ ਮੇਰੀਆਂ ਭੈਣਾ ਹੱਸ ਪਈਆਂ---ਅੱਕੀ ਬੋਲੀ,
“ਤੂੰ ਡਰ ਨਾ ਅਮਰੋ---ਅਸੀਂ ਤੇਰੀਆਂ ਭੈਣਾਂ ਈ ਆਂ ਤੇ ਉਹ ਵੀ ਜਿਊਂਦੀਆਂ---ਅਸੀਂ ਤਾਂ ਮਰੀਆਂ ਈ ਨਹੀਂ ਸਾਂ---ਤੈਨੂੰ ਅਸੀਂ ਸਾਰੀ ਗੱਲ ਦੱਸਾਂਗੀਆਂ---"
ਮੈ ਰੋਂਦੀ ਰੋਂਦੀ ਉਹਦੇ ਗਲ ਨੂੰ ਚੰਬੜ ਗਈ---ਘਰ ਦੇ ਬਾਕੀ ਜੀਅ ਵੀ ਹੈਰਾਨ---ਸਵਰਨੀ ਨੇ ਦਲ੍ਹਾਨ ਵਿੱਚ ਈ ਮੰਜੇ ਡਾਹ ਦਿੱਤੇ---ਉਹ ਬੈਠ ਗਈਆਂ---ਸਵਰਨੀ ਨੇ ਉਹਨਾਂ ਨੂੰ ਖੁਸ਼ੀ ਖੁਸ਼ੀ ਚਾਹ ਪਾਣੀ ਪਲਾਇਆ---ਮੈਂ ਆਪਣੀਆਂ ਭੈਣਾਂ ਨੂੰ ਛੋਹ ਛੋਹ ਕੇ ਦੇਖ ਰਹੀ ਸਾਂ---ਹੁਣ ਮੈਨੂੰ ਤਸੱਲੀ ਹੋ ਗਈ ਸੀ ਕਿ ਇਹ ਮੇਰੀਆਂ ਭੈਣਾ ਈ ਨੇ---ਪਰ ਮਨ ਵਿੱਚ ਇੱਕ ਜਿਗਿਆਸਾ ਅਜੇ ਵੀ ਟਪੂਸੀਆਂ ਮਾਰ ਰਹੀ ਸੀ ਕਿ ਮੇਰੀਆਂ ਭੈਣਾਂ ਨਾਲ ਆਖਰ ਬਣਿਆ ਕੀ? ਜੇ ਇਹ ਮਰੀਆਂ ਨਹੀਂ ਸਨ ਤਾਂ ਕਿੱਥੇ ਤੁਰ ਗਈਆਂ ਸਨ? ਕਿੱਥੇ ਰਹੀਆਂ ਐਨੀ ਦੇਰ? ਮਰਨ ਦਾ ਨਾਟਕ ਕਰ ਕੇ ਕਿਸ ਕੋਲ ਤੇ ਕਿਵੇਂ ਰਹੀਆਂ? ਸ਼ੈਕੜੇ ਸੁਆਲ ਮੇਰੇ ਮਨ ਵਿੱਚ ਭੜਥੂ ਪਾ ਰਹੇ ਸਨ---ਮੇਰਾ ਦਿਲ ਜ਼ੋਰ ਜ਼ੋਰ ਦੀ ਧੜਕ ਰਿਹਾ ਸੀ---ਇਹਦੀ ਠੱਕ ਠੱਕ ਮੇਰੇ ਕੰਨਾਂ ਨੂੰ ਸਾਫ਼ ਸੁਣਾਈ ਦੇ ਰਹੀ ਸੀ---ਖੁਸ਼ੀ ਨਾਲ ਮੈਂ ਬੌਖਲਾਅ ਗਈ ਸਾਂ---ਮੇਰੀ ਅੱਡੀ ਧਰਤੀ ਤੇ ਨਹੀਂ ਸੀ ਲੱਗ ਰਹੀ---ਨਾ ਹੀ ਖੁਸ਼ੀ ਮੈਥੋਂ ਸਾਂਭੀ ਜਾ ਰਹੀ ਸੀ---ਮੈਂ ਘਰੇ ਵੜਦੇ ਗੁਰੇ ਨੂੰ ਖੁਸ਼ੀ `ਚ ਪਾਗਲ ਹੋ ਕੇ ਆਖਿਆ,
“ਗੁਰੇ! ਬੁੱਗੇ ਬੁੱਝ ਤਾਂ ਭਲਾਂ ਦੀ ਕੌਣ ਆਈਆਂ ਨੇ ਆਪਣੇ ਘਰ---ਪਰ ਤੂੰ ਨੀ ਬੁੱਝ ਸਕਦਾ---ਬਿਲਕੁਲ ਨਹੀਂ---" ਗੁਰਾ ਮੈਨੂੰ ਸਿਰਫ਼ ਨਿਹਾਰ ਰਿਹਾ ਸੀ---ਮੈਂ ਉਹਦੀ ਪ੍ਰਤੀਕਿਰਿਆ ਉਡੀਕ ਕੇ ਅੱਗੇ ਕਿਹਾ,
“ਇਹ ਤੇਰੀਆਂ ਮਾਸੀਆਂ ਨੇ---ਉਹੀ---ਈ---ਈ---ਜਿਹੜੀਆਂ ਨਹਿਰ `ਚ ਡੁੱਬ ਕੇ ਮਰ ਗਈਆਂ ਸੀਗੀਆਂ---ਅਸੀਂ ਉਦੋਂ ਬਹੁਤ ਰੋਏ ਸੀਗੇ---ਪਰ ਇਹ ਪਤਾ ਨੀ ਕਿਵੇਂ ਮੁੜ ਜਿਉਂਦੀਆਂ ਹੋ ਕੇ ਆ ਗਈਆਂ---ਦੇਖ ਹੁਣ ਇਹ ਜਿੰਦਾ ਨੇ---ਜਿੰਦਾ---"
ਮੈਂ ਕਮਲਿਆਂ ਵਾਂਗ ਗੁਰੇ ਦਾ ਹੱਥ ਫੜ ਕੇ ਭੈਣਾਂ ਨੂੰ ਛੁਹਾਇਆ ਤੇ ਬੋਲੀ, “ਦੇਖ ਦੇਖ ਇਹ ਮਰੀਆ ਹੋਈਆ ਨਹੀਂ---ਇਹ ਜਿਊਂਦੀਆਂ ਨੇ---ਤੂੰ ਈ ਦੱਸ ਕਿ ਇਹ ਜਿਊਂਦੀਆਂ ਹੈਣ ਜਾਂ ਨਹੀਂ---?"
ਮੇਰੀਆਂ ਭੈਣਾਂ ਦੇ ਪੈਰੀਂ ਪੈਦਿਆਂ ਗੁਰਾ ਬੋਲਿਆ,
“ਮਾਸੀ ਹਾਅ ਕੀ ਕਮਲ ਮਿੱਧਣ ਲੱਗੀ ਹੋਈ ਐ---ਮਰੇ ਬੇ ਬੰਦੇ ਕਿਤੇ ਅਹੇ ਜੇ ਹੁੰਦੇ ਨੇ? ਉਹ ਤਾਂ ਭੂਤਾਂ ਚੜੇਲਾਂ ਬਣ ਜਾਂਦੇ ਨੇ---ਬੜੇ ਬੜੇ ਡਰਾਉਣੇ ਦੰਦਾਂ ਵਾਲੇ---ਖੂਨ ਸਿੱਟਦੀਆਂ ਅੱਖਾਂ ਵਾਲੇ---ਕੰਡਿਆਂ ਵਰਗੇ ਬਾਲਾਂ ਵਾਲੇ---ਬੜੇ ਬੜੇ ਬੇਢਬੇ ਨਹੁੰਆਂ ਵਾਲੇ---ਅਜੀਬ ਚਿਹਰਿਆਂ ਵਾਲੇ---ਦਿਉਆਂ ਵਰਗੇ ਕੱਦ ਕਾਠ ਵਾਲੇ---ਪਰ ਇਹ ਤਾਂ ਸੱਚੀਂ ਮੁੱਚੀਂ ਮੇਰੀਆਂ ਮਾਸੀਆਂ ਨੇ---ਜਿਊਂਦੀਆਂ ਮਾਸੀਆਂ---"
ਮੈਂ ਸ਼ਬਦਾਂ ਰਾਹੀਂ ਉਸ ਪਲ ਦੀ ਖੁਸ਼ੀ ਵਰਣਨ ਨਹੀਂ ਕਰ ਸਕਦੀ---ਮੈਨੂੰ ਸਮਝ ਨਾ ਆਵੇ ਕਿ ਮੈਂ ਕਿਵੇਂ ਭੈਣਾਂ ਦੀ ਖਾਤਰਦਾਰੀ ਕਰਾਂ---ਉਹਨਾਂ ਨੂੰ ਕਿਵੇਂ ਪਲਕਾਂ ਤੇ ਬਠਾਵਾਂ---ਉਹਨਾਂ ਨੂੰ ਕੀ ਦੱਸਾਂ ਤੇ ਕੀ ਪੁੱਛਾਂ---ਮੈਥੋਂ ਬੌਂਦਲੀ ਹੋਈ ਤੋਂ ਤਾ ਸੁਆਲ ਵੀ ਬੇਢਬਾ ਤੇ ਅਜੀਬ ਪੁੱਛਿਆ ਗਿਆ,
“ਭੈਣੇ ਤੁਸੀਂ ਮੇਰੇ ਲਵੇ ਰਹੋਗੀਆਂ ਨਾ---? ਮੈ ਥੋਨੂੰ ਛੇਤੀ ਵਾਪਸ ਨੀ ਜਾਣ ਦੇਣਾ---ਆਪਾਂ ਤਾਂ ਅਜੇ ਕੋਈ ਗੱਲ ਬਾਤ ਵੀ ਨੀ ਕੀਤੀ---ਨਾ ਮੈਂ ਆਵਦਾ ਦੁਖ ਸੁਖ ਥੋਨੂੰ ਦੱਸਿਆਂ ਤੇ ਨਾ ਥੋਡਾ ਪੁੱਛਿਆ---ਹਜੇ ਤਾਂ ਮੈਂ ਥੋਨੂੰ ਟੋਹ ਟੋਹ ਕੇ ਈ ਦੇਖ ਰਹੀ ਆਂ ਬਈ ਤੁਸੀਂ ਜਿੰਦਾ ਹੋ ਜਾਂ ਮਰੀਆਂ ਹੋਈਆਂ---"
“ਹਾਂ---ਹਾਂ---ਅਮਰੋ ਅਸੀਂ ਅਜੇ ਤੇਰੇ ਕੋਲ ਰੁਕਾਂਗੀਆਂ---ਬਹੁਤ ਸਾਰੀਆਂ ਗੱਲਾਂ ਕਰਾਂਗੀਆਂ---ਪਰ ਇੱਕ ਗੱਲ ਤੂੰ ਪੱਕਾ ਮੰਨ ਕਿ ਅਸੀਂ ਜਿੰਦਾ ਹਾਂ---ਤੂੰ ਉਈਂ ਨਾ ਬਾਰ ਬਾਰ ਸਾਨੂੰ ਟੋਹ ਟੋਹ ਕੇ ਦੇਖੀ ਜਾਹ---ਕਮਲਿਆਂ ਵਾਂਗ ਛੂਹੀ ਨਾ ਜਾਹ---"
ਗੁਜਰੀ ਭੈਣ ਨੇ ਹੱਸਦਿਆਂ ਹੋਇਆ ਆਖਿਆ---ਅਜੇ ਤਾਂ ਮੈਥੋਂ ਗੁਰੇ ਦੇ ਬਦਲੇ ਰਵੱਈਏ ਅਤੇ ਪਿਆਰ ਦੀ ਖੁਸ਼ੀ ਹੀ ਸਾਂਭੀ ਨਹੀਂ ਸੀ ਜਾ ਰਹੀ---ਉਪਰੋਂ ਭੈਣਾਂ ਦੇ ਜਿੰਦਾ ਹੋਣ ਦੀ ਖ਼ਬਰ ਦੀ ਖੁਸ਼ੀ---ਤੋਬਾ ਤੋਬਾ---।
ਮੈਂ ਭੱਜ ਕੇ ਕੋਠੜੀ `ਚ ਗਈ---ਸਿਰ ਤੇ ਲਈ ਚੁੰਨੀ ਉਤਾਰ ਕੇ ਮੋਟੀ ਸੂਤੀ ਚੰੁਨੀ ਦੀ ਬੁੱਕਲ ਮਾਰ ਕੇ ਬਾਹਰ ਆਈ---ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ---ਮੈਂ ਆਖਿਆ,
“ਭੈਣੇ ਪਹਿਲੜੀ ਚੁੰਨੀ ਪਤਲੀ ਸੀ---ਉਹਦੇ `ਚ ਐਨੀ ਖੁਸ਼ੀ ਸਾਂਭਣ ਜੋਕਰਾ ਦਮ ਨਹੀ ਸੀ---ਤਾਂ ਹੀ ਮੈਂ ਹੁਣ ਮਜਬੂਤ ਚੁੰਨੀ ਲੈ ਕੇ ਆਈ ਆਂ---ਤਾਂ ਜੋ ਫਟ ਨਾ ਜਾਵੇ---ਐਨੀ ਵੱਡੀ ਖੁਸ਼ੀ ਦਾ ਬੋਝ ਸਹਾਰ ਲਵੇ---" ਮੇਰੀ ਗੱਲ ਸੁਣ ਕੇ ਸਾਰੇ ਹੱਸ ਪਏ---ਗੁਰਾ ਮੈਨੂੰ ਕਮਲੀ ਹੋਈ ਦੇਖ ਕੇ ਬੋਲਿਆ,
“ਅੱਜ ਕੱਲ੍ਹ ਸਾਡੀ ਮਾਸੀ ਪਾਗਲ ਹੋਈ ਫਿਰਦੀ ਐ---ਕਦੇ ਕਦੇ ਤਾਂ ਖੁਸ਼ੀ `ਚ ਇਹ ਪਤਾ ਨੀ ਕੀ ਉੱਘ ਦੀਆਂ ਪਤਾਲ ਮਾਰੀ ਜਾਂਦੀ ਐ---ਪਰ ਸਾਡੀ ਮਾਸੀ ਹੈ ਭੋਲੀ---ਨਿਰਛਲ---ਨਿਰਵੈਰ--- ਤੇ ਸਧਾਰਣ---ਮਨ ਦੀ ਸਾਫ ਐ---ਜੁਆਕਾਂ ਵਰਗਾ ਨਿਰਛਲ ਸੁਭਾਅ ਐ ਸਾਡੀ ਮਾਸੀ ਦਾ---ਇਹ ਨਿਰ ਸੁਆਰਥ ਸੇਵਾ ਕਰਦੀ ਐ---ਸਭ ਦੀ---"
ਪਲ ਕੁ ਰੁਕਦਿਆਂ ਉਹਨੇ ਸਾਰਿਆਂ ਵੱਲ ਤੱਕਦਿਆਂ ਕਿਹਾ,
“ਪਰ ਇੱਕ ਗੱਲ ਐ ---ਮਾਸੀ ਨੇ ਕਰਮ ਬਹੁਤ ਮਾੜੇ ਲਿਖਾਏ ਨੇ---ਕਿਸਮਤ ਮਾੜੀ ਲਿਖਾਅ ਕੇ ਲਿਆਈ ਐ---ਇਹ ਬਹੁਤ ਸੁਘੜ ਸਿਆਣੀ---ਸਮਝਦਾਰ ਤੇ ਗੁਣੀ ਗਿਆਨੀ ਐ ਪਰ ਇਹਦੇ ਗੁਣਾਂ ਤੇ ਚੰਗਿਆਈਆਂ ਦੀ ਕਦੇ ਕਿਸੇ ਨੇ ਕਦਰ ਨੀ ਪਾਈ---ਸਾਡਾ ਬਾਪੂ ਤਾਂ ਇਹਨੇ ਈ ਬਚਾਅ ਕੇ ਰੱਖਿਆ ਹੋਇਐ---ਨਿਰਸੁਆਰਥ ਉਹਦੀ ਸੇਵਾ ਕਰਦੀ ਐ---ਨਾਲੇ ਸਹਿਨਸੀਲਤਾਂ ਦਾ ਤਾਂ ਕੋਈ ਮੁਕਾਬਲਾ ਈ ਨੀ ਹੈਗਾ---ਕੋਈ ਕੁਸ਼ ਬੀ ਆਖੀ ਜਾਵੇ---ਕਿਸੇ ਦਾ ਗੁੱਸਾ ਨੀ ਕਰਦੀ---ਮਾੜਾ ਨੀ ਚਾਹੰੁਦੀ---ਕਿਸੇ ਨੂੰ ਵੀ ਮੰਦਾ ਨੀ ਬੋਲਦੀ---ਬਾਪੂ ਦੇ ਨਾਲ ਨਾਲ ਕੁੜੀਆਂ ਵੀ ਏਸੇ ਨੇ ਸਾਂਭੀਆਂ ਹੋਈਆਂ ਨੇ---ਪਰ ਕਿਸਮਤ ਨੀ ਚੰਗੀ ਲਖਾਈ---"
“ਹਾਂਅ ਬੇਟਾ---ਅਸਲ `ਚ ਬੰਦਿਆਂ ਦੀ ਕਿਸਮਤ ਕੋਈ ਵਿਧਾਤਾ ਨਾ ਦੀ ਸ਼ਕਤੀ ਨਹੀਂ ਲਿਖਦੀ---ਉਹ ਕਿਸੇ ਨੇ ਦੇਖੀ ਈ ਨਹੀਂ---ਸਾਰੀਆਂ ਮਲੋਕਲਪਿਤ ਕਹਾਣੀਆਂ ਨੇ ਪੰਡਤਾਂ ਦੀਆਂ ਘੜੀਆਂ ਹੋਈਆਂ---ਅਸਲ `ਚ ਕਿਸਮਤ ਤਾਂ ਮਾਪੇ ਲਿਖਦੇ ਨੇ---ਤੇ ਧੀਆਂ ਦੀ ਕਿਸਮਤ ਲਿਖਣ ਦੀ ਮਾਪਿਆਂ ਕੋਲੇ ਨਾ ਵਿਹਲ ਐ---ਨਾ ਇੱਛਾ ਤੇ ਨਾ ਲਗਨ---ਸਮਾਂ ਤਾ ਖੈਰ ਉਹਨਾਂ ਕੋਲ ਪੁੱਤਾਂ ਦੀ ਕਿਸਮਤ ਲਿਖਣ ਲਈ ਹੀ ਹੁੰਦਾ ਹੈ---ਸਾਡੀ ਤਾਂ ਤਿੰਨਾਂ ਭੈਣਾਂ ਦੀ ਕਿਸਮਤ ਮਾਪਿਆਂ ਨੇ ਲਿਖਣ ਦੀ ਬਜਾਏ ਪਹਿਲੀ ਲਿਖੀ ਵੀ ਮੇਟ ਦਿੱਤਾ---ਧੁੰਧਲੀ ਕਰ ਦਿੱਤੀ---ਕੀ ਪਤਾ ਕਿਸੇ ਵਿਧਾਤਾ ਨਾ ਦੀ ਸ਼ਕਤੀ ਨੇ ਕੁੱਝ ਚੰਗਾ ਈ ਲਿਖ ਕੇ ਭੇਜਿਆ ਹੋਵੇ---ਪਰ ਜੰਮਦਿਆਂ ਈ ਮਾਪਿਆਂ ਨੇ ਮੱਥੇ ਤੇ ਲਿਖੀ ਤਕਦੀਰ ਉੱਤੇ ਪੋਚਾ ਮਾਰ ਸਿੱਟਿਆ---ਨਫ਼ਰਤ ਦਾ ਪੋਚਾ, ਬੇਕਦਰੀ ਦਾ ਪੋਚਾ, ਫਿਟਕਾਰਾਂ ਦਾ ਪੋਚਾ ਤੇ ਫਿਟਲਾਹਣਤੀ ਦੇ ਪੋਚੇ ਮਾਰ ਮਾਰ ਕੇ ਪਹਿਲਾਂ ਲਿਖੀ ਕਿਸਮਤ ਵੀ ਧੁੰਦਲੀ ਕਰ ਦਿੱਤੀ---ਬੇਟਾ ਕਹਿੰਦੇ ਨੇ ਕੋਈ ਵਿਧਾਤਾ ਨਾਂ ਦੀ ਸ਼ਕਤੀ ਬੰਦੇ ਦੇ ਮੱਥੇ ਉਤੇ ਭਾਗ ਲਿਖਦੀ ਐ---ਪਰ ਕੁੜੀਆਂ ਦੇ ਮੱਥੇ ਤੇ ਲਿਖੀ ਇਹ ਕਿਸਮਤ ਉਹਦੇ ਪੈਦਾ ਹੁੰਦਿਆਂ ਈ ਦੁਰ ਫਿੱਟੇ ਮੂੰਹ ਕਹਿ ਕੇ ਧੋ ਦਿੱਤੀ ਜਾਂਦੀ ਐ---ਬਚਾਰੀਆਂ ਧੀਆਂ ਦਾ ਮੱਥਾ ਕਿਸਮਤ ਖੁਣੋਂ ਸੱਖਣਾ ਈ ਰਹਿ ਜਾਂਦੈ---ਅਸੀਂ ਜ਼ਿੰਦਗੀ ਨੂੰ ਬੜੀ ਬਾਰੀਕੀ ਨਾਲ ਨਿਰਖਿਆ ਪਰਖਿਆ ਐ---ਕਰੀਬ ਤੋਂ ਗਹਿਰਾਈ ਨਾਲ ਵਾਚ ਕੇ ਦੇਖ ਲਿਆ ਹੈ---ਨਤੀਜਾ ਇਹੀ ਕੱਢਿਐ ਬਈ ਧੀਆਂ ਦੀ ਕਿਸਮਤ ਹੁੰਦੀ ਹੀ ਨਹੀਂ---ਮਾਪੇ ਉਹਨਾਂ ਦੀ ਕਿਸਮਤ ਲਿਖਣ ਦੀ ਜਹਿਮਤ ਈ ਨੀ ਉਠਾਉਂਦੇ---ਉਹ ਕਿਸਮਤ ਤਾਂ ਪੁੱਤਾਂ ਦੀ ਲਿਖਦੇ ਨੇ---ਪੁੱਤਾਂ ਦੀ ਕਿਸਮਤ ਵਿੱਚ ਜ਼ਮੀਨਾਂ ਜਾਇਦਾਦਾਂ---ਸੁਖ ਆਰਾਮ ਤੇ ਲਾਡ ਪਿਆਰ ਲਿਖਦੇ ਨੇ---ਕੁੜੀਆਂ ਦੀ ਕਿਸਮਤ ਲਿਖਣ ਲੱਗੀ ਤਾਂ ਬਿੱਧ ਮਾਤਾ ਵੀ ਦਰੈਂਤ ਕਰਦੀ ਐ---ਪੁੱਤਾਂ ਦੇ ਮੱਥੇ ਤੇ ਚੰਗਾ ਚੰਗਾ ਅਤੇ ਧੀਆਂ ਦੇ ਮੱਥੇ ਤੇ ਫਿਟਲਾਹਣਤਾਂ ਲਿਖ ਦਿੰਦੀ ਐ---ਉਹਨੂੰ ਵੀ ਜਿਵੇਂ ਧੀਆਂ ਨਾਲ ਖੁੰਧਕ ਹੁੰਦੀ ਐ---"
ਗੁਰਾ ਮੂੰਹ ਥੱਲੇ ਕਰੀਂ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ---ਉਹ ਉਦਾਸ ਹੋ ਕੇ ਬੋਲਿਆ,
“ਮਾਸੀ ਸੱਚ ਕਹਿ ਰਹੀ ਐਂ---ਕੁੜੀਆਂ ਦੀ ਕਿਸਮਤ ਲਿਖਣ ਲੱਗਿਆਂ ਮਾਪੇ ਸੱਚਮੁਚ ਫਿਟ ਲਾਹਣਤਾਂ ਈ ਲਿਖਦੇ ਨੇ---ਦੁਰ ਫਿੱਟੇ ਮੂੰਹ ਕਹਿ ਕਹਿ ਕੇ ਕੁੜੀ ਦੀ ਖੁਸ਼ ਕਿਸਮਤੀ ਨੂੰ ਬਦਕਿਸਮਤੀ `ਚ ਬਦਲ ਦਿੰਦੇ ਨੇ---ਪਰ ਮਾਸੀ! ਮੈਂ ਵੀ ਉਹਨਾਂ ਕੁਧਰਮੀ ਮਾਪਿਆਂ ਚੋਂ ਈ ਆਂ---ਮੈਂ ਵੀ ਆਪਣੀਆਂ ਧੀਆਂ ਨੂੰ ਨਫਰਤ ਕਰ ਕੇ ਇਹਨਾਂ ਦੇ ਮੱਥੇ ਦਾ ਭਾਗ ਧੁੰਦਲਾ ਕਰ ਦਿੱਤੈ---ਇਹ ਤਾਂ ਸਾਡੀ ਮਾਸੀ ਐ ਜਿਹੜੀ ਇਹਨਾਂ ਨੂੰ ਤਨੋਂ ਮਨੋਂ ਮੋਹ ਕਰਦੀ ਐ---ਨਹੀਂ ਤਾਂ ਮੈਂ ਇਹ ਮਾਰ ਮੁਕਾਅ ਈ ਦਿੱਤੀਆਂ ਹੰੁਦੀਆਂ---ਗੁੱਡੀ ਤਾਂ ਮੈਥੋਂ ਰਾਕਸ਼ ਤੋ ਬਹੁਤ ਸਹਿਮਦੀ ਐ---ਮੈਨੂੰ ਦੇਖ ਕੇ ਸਾਹ ਈ ਰੋਕ ਲੈਂਦੀ ਐ---"
ਹੋਰ ਵੀ ਬਹੁਤ ਗੱਲਾਂ ਹੋਈਆਂ---ਮੇਰੀਆਂ ਭੈਣਾਂ ਕੁੱਝ ਵਧੇਰੇ ਦੀ ਸੁਘੜ ਸਿਆਣੀਆਂ ਬਣ ਗਈਆਂ ਸਨ---ਸਲੀਕੇਦਾਰ ਵੀ ਬਣ ਗਈਆਂ ਸਨ---ਉਹਨਾਂ ਦਾ ਸਵੈ ਵਿਸ਼ਵਾਸ ਵੀ ਵਧ ਗਿਆ ਸੀ---ਹੁਣ ਉਹ ਗੱਲ ਕਰਦੀਆਂ ਝਕਦੀਆਂ ਨਹੀਂ ਸਨ ਸਗੋਂ ਬੜੇ ਧੜੱਲੇ ਨਾਲ ਤੇ ਹੌਸਲੇ ਨਾਲ ਗੱਲ ਕਰਦੀਆਂ ਸਨ---ਉਹਨਾਂ `ਚ ਹੁਣ ਦਲੇਰੀ ਵੀ ਆ ਗਈ ਸੀ---ਉਹਨਾਂ ਦੀਆਂ ਗੱਲਾਂ `ਚ ਇੱਕ ਵਜਨ ਹੁੰਦਾ ਸੀ ਤੇ ਮੂੰਹ ਉਤੇ ਆਤਮ ਵਿਸ਼ਵਾਸ ---ਮੈਂ ਭੈਣਾਂ ਨੂੰ ਬਹੁਤ ਸੁਆਲ ਪੁੱਛਣੇ ਚਾਹੰੁਦੀ ਸਾਂ ਤੇ ਤੁਸੀਂ ਹੱਸੋਗੇ ਕਿ ਮੈਂ ਕਿਹੋ ਜਿਹੇ ਸੁਆਲ ਤੋਂ ਗੱਲ ਸ਼ੁਰੂ ਕੀਤੀ,
“ਭੈਣੇ ਮੈਨੂੰ ਆਇੰ ਦੱਸੋ ਬਈ ਤੁਸੀਂ ਮਰੀਆਂ ਹੋਈਆਂ ਜਿੰਦਾ ਕਿਵੇਂ ਹੋ ਗੀਆਂ---ਥੋਡੇ ਸਹੁਰੇ ਤਾਂ ਆਖਦੇ ਸੀ ਕਿ ਤੁਸੀਂ ਨਹਿਰ `ਚ ਛਾਲ ਮਾਰ ਕੇ ਡੁੱਬ ਗਈਆਂ ਸੀਗੀਆਂ---"
“ਹਾਂਅ---ਨਿੱਕੀਏ---ਅਸੀਂ ਅਸੀਂ---ਅਸੀਂ---" ਮੇਰੀ ਵੱਡੀ ਭੈਣ ਅੱਕੀ ਜਿਵੇਂ ਗੱਲ ਸ਼ੁਰੂ ਕਰਨ ਲਈ ਕਹਾਣੀ ਦਾ ਸਿਰਾ ਲੱਭ ਰਹੀ ਸੀ---ਉਹਨੂੰ ਕੁੱਝ ਨਾ ਔੜਦਾ ਦੇਖ ਕੇ ਗੁਜਰੀ ਉਹਦੇ ਮੋਢੇ ਤੇ ਹੱਥ ਧਰਦਿਆਂ ਬੋਲੀ,
“ਅਮਰੋ ਅਸਲ `ਚ ਅਸੀਂ ਨਹਿਰ `ਚ ਛਾਲ ਮਾਰੀ ਈ ਨਹੀਂ ਸੀਗੀ---ਮੈਂ ਤੈਨੂੰ ਸ਼ੁਰੂ ਤੋਂ ਦੱਸਦੀ ਆਂ---ਤੈਨੂੰ ਪਤਾ ਈ ਐ ਬਈ ਬਾਪੂ ਤੇ ਬੀਰੇ ਨੇ ਉਹਨਾਂ ਈ ਬਦਮਾਸ਼ਾਂ ਨਾਲ ਸਾਡਾ ਰਿਸ਼ਤਾਂ ਕਰ ਦਿੱਤਾ ਸੀ ਜਿਹਨਾਂ ਨੇ ਵਿਆਹ ਤੋਂ ਪਹਿਲਾਂ ਸਾਡੀ ਇੱਜ਼ਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ---ਉਹਨਾਂ ਕੋਲੋਂ ਬੀਰੇ ਨੇ ਨਸ਼ਾ ਪੱਤਾ ਖਾਣ ਲਈ ਤੇ ਹੋਰ ਸ਼ੁਕੀਨੀਆਂ ਪੂਰੀਆਂ ਕਰਨ ਲਈ ਪੈਸੇ ਉਧਾਰ ਲਏ ਹੋਏ ਸੀਗੇ---ਉਹਨਾਂ ਨੇ ਪੱਕੇ ਪਰਨੋਟ ਉਤੇ ਬੀਰੇ ਦੇ ਦਸਖਤ ਲੈ ਕੇ ਪੈਸੇ ਉਧਾਰ ਦਿੱਤੇ ਸੀਗੇ---ਤਾਂ ਜੋ ਬੀਰਾ ਕੱਲ੍ਹ ਨੂੰ ਮੁੱਕਰ ਨਾ ਜਾਵੇ---ਫੇਰ ਜਦੋਂ ਬੀਰਾ ਘਰੋਂ ਭੱਜ ਗਿਆ ਸੀ ਤਾਂ ਬਾਪੂ ਲੱਭਦਾ ਲੱਭਦਾ ਉਹਨਾਂ ਕੋਲ ਗਿਆ---ਦੋਵੇਂ ਪਿਓ ਪੁੱਤ ਸਿਆਸਤੀ ਸੀਗੇ---ਦੋਹਾਂ ਨੇ ਉਹਨਾਂ ਬਦਮਾਸ਼ਾਂ ਨਾਲ ਸਲਾਹ ਕੀਤੀ ਕਿ ਅਸੀਂ ਦੋਵੇਂ ਕੁੜੀਆਂ ਥੋਡੇ ਵੱਲ ਵਿਆਹ ਦਿੰਨੇ ਆਂ---ਬਦਲੇ `ਚ ਤੁਸੀਂ ਵਿਆਹ ਦੇ ਖਰਚੇ ਤੋਂ ਬਿਨ੍ਹਾ ਪੰਜਾਹ ਹਜਾਰ ਰੁਪੱਈਏ ਨਕਦ ਦਿਓ---ਅਸੀਂ ਚਾਰ ਕਿੱਲੇ ਗਹਿਣੇ ਪਈ ਜ਼ਮੀਨ ਛੁਡਾਉਣੀ ਐ ---ਨਹੀਂ ਤਾਂ ਇਹ ਬੈਅ ਹੋ ਜਾਣੀ ਐ ---ਉਹ ਬਦਮਾਸ਼ ਬੰਦੇ ਸਨ---ਉਹਨਾਂ ਨੇ ਛੱਤੀ ਘਾਟਾਂ ਦਾ ਪਾਣੀ ਪੀਤਾ ਹੋਇਆ ਸੀ---ਉਹਨਾਂ ਨੇ ਹਿਸਾਬ ਕਿਤਾਬ ਲਾਇਆ ਕਿ ਦੋਵੇਂ ਕੁੜੀਆਂ ਸੋਹਣੀਆਂ ਨੇ---ਦੇਹ ਵਪਾਰ ਦਾ ਧੰਦਾ ਸੁਰੂ ਕਰਾਂਗੇ---ਤਾਂ ਇਹਨਾਂ ਕੋਲੋਂ ਧੰਦਾ ਕਰਾ ਕੇ ਪੰਜਾਹ ਹਜਾਰ ਤਾਂ ਸਾਲ `ਚ ਈ ਪੂਰੇ ਹੋ ਜਾਣੇ ਨੇ---ਫੇਰ ਆਪਾਂ ਇਹਨਾਂ ਕੋਲੋਂ ਧੰਦਾਂ ਕਰਾ ਕੇ ਕਮਾਈਆਂ ਕਰਿਆ ਕਰਾਂਗੇ---"ਬੋਲਦੀ ਬੋਲਦੀ ਦਾ ਉਹਦਾ ਗੱਚ ਭਰ ਆਇਆ ਗੱਲ ਨੂੰ ਅੱਗੇ ਸ਼ੁਰੂ ਕਰਦੀ ਅੱਕੀ ਆਖਣ ਲੱਗੀ,
“ਅਸਲ `ਚ ਉਹਨਾਂ ਨੇ ਸਾਨੂੰ ਆਪਣੇ ਲਈ ਘੱਟ ਤੇ ਧੰਦਾ ਕਰਾਉਣ ਲਈ ਵੱਧ ਖਰੀਦਿਆਂ ਸੀ---ਫੇਰ ਨਿੱਕੀਏ ਉਹ ਸਾਨੂੰ ਧੰਦਾ ਕਰਨ ਲਈ ਭੇਜਣ ਲੱਗੇ---ਸਾਡੀ ਆਤਮਾ ਕਲਪਦੀ ਕਿ ਅਸੀਂ ਇਹ ਕੰਮ ਨੀ ਕਰਨਾ---ਸਾਨੂੰ ਉਹ ਬਹਤੁ ਕੁੱਟਦੇ ਮਾਰਦੇ---ਪਰ ਅਸੀਂ ਆਪਣੀ ਜ਼ਮੀਰ ਨਹੀਂ ਸਾਂ ਮਾਰ ਸਕਦੀਆਂ--- ਅਸੀਂ ਸਾਰਾ ਦਿਨ ਬਾਪੂ ਤੇ ਬੀਰੇ ਦੇ ਨਾਂ ਦੇ ਕੀਰਨੇ ਪਾਇਆ ਕਰੀਏ---ਉਹਨਾਂ ਨੂੰ ਪੂਰ ਪੂਰ ਕੋਸਿਆ ਕਰੀਏ---ਅਸੀਂ ਪੜ੍ਹੀਆਂ ਲਿਖੀਆਂ ਤਾਂ ਸੀਗੀਆਂ ਨਹੀਂ ਜੋ ਪੁਲਸ ਠਾਣੇ ਜਾ ਕੇ ਉਹਨਾ ਦੀ ਸ਼ਿਕਾਇਤ ਕਰਦੀਆਂ---ਫੇਰ ਸਾਨੂੰ ਅਨਪੜ੍ਹ ਹੋਣ ਸਦਕਾ ਰਾਹ ਰਸਤਾ ਵੀ ਪਤਾ ਨਹੀ ਸੀ---ਇੱਕ ਦਿਨ ਸਾਨੂੰ ਇਹ ਧੰਦਾ ਕਰਨ ਤੋਂ ਇਨਕਾਰ ਕਰਨ ਬਾਦ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਸੀ ਕਿ ਸਾਡੀਆਂ ਚੀਕਾਂ ਸੁਣ ਕੇ ਡਿਸਪੈਂਸਰੀ ਦੀ ਇੱਕ ਨਰਸ ਰਾਹ ਜਾਂਦੀ ਜਾਂਦੀ ਅੰਦਰ ਆ ਗਈ---ਗਲੀ ਗੁਆਂਢ ਤਾਂ ਸਾਡੇ ਘਰ ਵੜਦਾ ਨਹੀਂ ਸੀ ਕਿਉਂਕਿ ਘਰ ਦੇ ਸਾਰੇ ਮਰਦ ਬਦਮਾਸ਼ ਦਸ ਨੰਬਰੀਏ ਸਨ ਤੇ ਉਹਨਾਂ ਦੇ ਗੰਦੇ ਕਾਰਨਾਮਿਆਂ ਸਦਕਾ ਕਿਸੇ ਦਾ ਬਹੁਤਾ ਆਉਣ ਜਾਣ ਨਹੀਂ ਸੀ ਪਰ ਇਹ ਬਿਮਲਾ ਨਾਂ ਦੀ ਨਰਸ ਜ਼ਰੂਰ ਸਭਨਾਂ ਦੇ ਘਰਾਂ `ਚ ਜਾਣ ਵਾਂਗ ਸਾਡੇ ਘਰ ਵੀ ਆ ਜਾਂਦੀ ਸੀ---ਉਸ ਦਿਨ ਉਹ ਸਾਡੀ ਹਾਲਤ ਦੇਖ ਕੇ ਬਹੁਤ ਦੁਖੀ ਹੋਈ---ਇਹ ਦਾਨੀ ਸਾਨੀ ਜਿਹੀ ਔਰਤ ਸੀ---ਇੱਕ ਦੋ ਬਾਰ ਪਹਿਲਾਂ ਵੀ ਅਸੀਂ ਡਿਸਪੈਸਰੀ ਜਾ ਕੇ ਇਹਦੇ ਨਾਲ ਥੋੜਾ ਬਹੁਤਾ ਦੁਖ ਸਾਂਝਾ ਕੀਤਾ ਹੋਇਆ ਸੀ---ਇਹਨੂੰ ਸਾਡੀ ਦੁਰਦਸ਼ਾ ਦੀ ਥੋਹੜੀ ਬਹੁਤੀ ਭਣਕ ਪਹਿਲਾਂ ਵੀ ਹੈ ਸੀ---ਇਹ ਸਾਡੇ ਨਾਲ ਹਮਦਰਦੀ ਰੱਖਦੀ ਸੀ---ਇਹਦਾ ਘਰ ਵਾਲਾ ਨਹਿਰੀ ਵਿਭਾਗ ਵਿੱਚ ਨੌਕਰੀ ਕਰਦਾ ਸੀ ਉਸ ਦਿਨ ਇਸ ਨੇ ਮੇਰੇ ਸਹੁਰੇ ਪ੍ਰੀਵਾਰ ਨੂੰ ਸਮਝਾਇਆ ਤੇ ਪਿਆਰ ਨਾਲ ਦੱਸਿਆ ਬਈ ਅੱਜ ਕੱਲ੍ਹ ਔਰਤਾਂ ਦੀ ਮਾਰ ਕੁਟਾਈ ਕਰਨ ਦਾ ਜ਼ਮਾਨਾ ਨੀ ਹੈ ---ਘਰ ਵਾਲੇ ਪਤਾ ਨੀ ਕੀ ਕਹਿਣਾ ਚਾਹੁੰਦੇ ਸਨ ਪਰ ਸਾਨੂੰ ਛੱਡ ਕੇ ਅੰਦਰ ਤੁਰ ਗਏ---ਸਾਨੂੰ ਪੰਜ ਕੁ ਮਿੰਟ ਬਿਮਲਾ ਨਾਲ ਗੱਲ ਕਰਨ ਦਾ ਮੌਕਾ ਮਿਲ ਗਿਆ---ਅਸੀਂ ਉਸ ਨੂੰ ਆਪਣੀ ਦੁਰਦਸ਼ਾ ਅਤੇ ਜਲਾਲਤ ਭਰੀ ਕਹਾਣੀ ਦੱਸੀ ਤੇ ਨਾਲ ਦੀ ਨਾਲ ਦੱਸਿਆ ਕਿ ਅੱਜ ਅਸੀਂ ਮੌਕਾ ਪਾ ਕੇ ਨਹਿਰ `ਚ ਛਾਲ ਮਾਰ ਦਿਆਂਗੀਆਂ---ਉਸ ਨੇ ਕਿਹਾ ਕਿ ਠੀਕ ਐ ---ਪਰ ਮਰਨ ਤੋਂ ਪਹਿਲਾਂ ਮੈਨੂੰ ਡਿਸਪੈਂਸਰੀ ਦੇ ਕੁਆਟਰ ਨੰਬਰ ਤੇਰਾ `ਚ ਮਿਲ ਕੇ ਜਾਣਾ---ਆਪਾਂ ਕੋਈ ਇਹੋ ਜਿਹੀ ਸਕੀਮ ਬਣਾਵਾਂਗੀਆਂ ਕਿ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ---ਉਹ ਜਲਦੀ ਜਲਦੀ ਮੇਰੀ ਸੱਸ ਕੋਲ ਚਲੀ ਗਈ ਤਾਂ ਜੋ ਕਿਸੇ ਨੂੰ ਸੱਕ ਨਾ ਪਵੇ---ਉਸ ਰਾਤ ਸਾਨੂੰ ਜਾਣ ਦਾ ਮੌਕਾ ਨਾ ਮਿਲਿਆ---ਪਰ ਅਗਲੀ ਰਾਤ ਅਸੀਂ ਮੌਕਾ ਪਾ ਕੇ ਘਰੋਂ ਭੱਜ ਕੇ ਸਿੱਧੀਆਂ ਡਿਸਪੈਂਸਰੀ ਦੇ ਕੁਆਟਰਾਂ ਵੱਲ ਚੱਲੀਆਂ ਗਈਆਂ---ਨਿੱਕੀਏ---ਘਰੋਂ ਭੱਜਣ ਤੋਂ ਲੈ ਕੇ ਬਿਮਲਾ ਦੇ ਕੁਆਟਰ ਤੱਕ ਪਹੁੰਚਣ ਲਈ ਸਾਨੂੰ ਪਤਾ ਨੀ ਕਿੰਨੇ ਈ ਸਾਲ ਲੱਗ ਗਏ---ਕਿਵੇਂ ਅਸੀਂ ਡਰੀਆਂ ਸਹਿਮੀਆਂ ਡਿਗਦੀਆਂ ਪੈਂਦੀਆਂ ਉਹਦੇ ਕੁਆਟਰ `ਚ ਪਹੁੰਚੀਆਂ---ਇਹ ਅਸੀਂ ਈ ਜਾਣਦੀਆਂ ਹਾਂ---ਪਰ ਅਸੀਂ ਮਰਨ ਦੀ ਮਿੱਥ ਲਈ ਸੀ---ਨਹਿਰ `ਚ ਡੁੱਬ ਕੇ ਨਾ ਸਹੀ---ਘਰਦਿਆਂ ਵੱਲੋਂ ਕੁੱਟ ਕੁੱਟ ਕੇ ਮਾਰ ਦਿੱਤੀਆਂ ਜਾਵਾਂਗੀਆਂ---ਉਹ ਸਾਨੂੰ ਦੋਹਾਂ ਨੂੰ ਕੁਆਟਰਾਂ ਦੇ ਪਿੱਛੇ ਬਣੇ ਉਜਾੜ ਸ਼ੈੱਡਾਂ `ਚ ਲੈ ਗਈ---ਉਹਦਾ ਘਰ ਵਾਲਾ ਵੀ ਨਾਲ ਸੀ---ਉਹਦੀ ਲੜਕੀ ਦਿੱਲੀ ਨੌਕਰੀ ਕਰਦੀ ਸੀ ਤੇ ਉਸ ਦਿਨ ਉਹ ਵੀ ਆਈ ਹੋਈ ਸੀ---ਬਿਮਲਾ ਨੇ ਪੂਰਾ ਪੂਰਾ ਖਤਰਾ ਮੁੱਲ ਲੈ ਕੇ ਰਾਤ ਦੇ ਗਿਆਰਾਂ ਵਜੇ ਸਾਨੂੰ ਆਪਣੀ ਕੁੜੀ ਨਾਲ ਦਿੱਲੀ ਭੇਜ ਦਿੱਤਾ---ਅਮਰੋ ਸਾਡੀ ਹਿੰਮਤ ਦੇਖ---ਕਿ ਅਸੀਂ ਕਿੰਨੀ ਦਲੇਰੀ ਕਰਕੇ ਘਰੋਂ ਨਿਕਲੀਆਂ---ਬਿਮਲਾ ਦੀ ਲੜਕੀ ਕੋਲੋਂ ਇੱਕ ਸੁੲਸਾਈਡ ਨੋਟ ਲਿਖਾ ਕੇ ਅਸੀਂ ਬਿਮਲਾ ਨੂੰ ਦਿੱਤਾ ਕਿ ਸਾਡੇ ਮਾਪਿਆਂ ਨੂੰ ਪੋਸਟ ਕਰ ਦੇਵੇ---ਪਤਾ ਨੀ ਥੋਨੂੰ ਇਹ ਮਿਲਿਆਂ ਜਾ ਨਹੀਂ---"
“ਹਾਂ ਹਾਂ---ਭੈਣੇ ਸਾਨੂੰ ਇਹ ਮਿਲ ਗਿਆ ਸੀਗਾ---ਮੈਂ ਪੜ੍ਹ ਕੇ ਸੁਣਾਇਆ ਸੀ ਬੇਬੇ ਬਾਪੂ ਨੂੰ---ਉਹਨਾਂ ਨੂੰ ਥੋਡੇ ਮਰਨ ਦੀ ਚਿੰਤਾ ਨਹੀਂ ਸੀ---ਸਗੋਂ ਇਹ ਡਰ ਸੀ ਕਿ ਕਿਤੇ ਇਹ ਚਿੱਠੀ ਲਿਖਣ ਵਾਲਾ ਬੰਦਾ ਭੇਤ ਈ ਨਾ ਖੋਹਲ ਦੇਵੇ---"ਮੈਂ ਭੈਣ ਦੀ ਗੱਲ ਕੱਟ ਕੇ ਦੱਸਿਆ---ਮੇਰੀਆਂ ਭੈਣਾਂ ਦੇ ਮੂੰਹਾਂ ਉਤੇ ਉਦਾਸੀ ਸੀ---ਥੋਹੜਾ ਰੁਕ ਕੇ ਅੱਕੀ ਨੇ ਅੱਗੇ ਦੱਸਿਆ,
“ਅਸੀਂ ਤਾਂ ਉਹਦੀ ਧੀ ਆਸ਼ਾ ਨਾਲ ਦਿੱਲੀ ਚਲੀਆਂ ਗਈਆਂ---ਘੰਟੇ ਕੁ ਮਗਰੋਂ ਬਿਮਲਾ ਦੇ ਘਰ ਵਾਲੇ ਨੇ ਰੌਲਾ ਪਾ ਦਿੱਤਾ ਕਿ ਦੋ ਜਨਾਨੀਆਂ ਨਹਿਰ ` ਛਾਲ ਮਾਰ ਕੇ ਮਰ ਗਈ ਆਂ ਨੇ---ਬਿਮਲਾ ਨੇ ਈ ਦੱਸਿਆ ਸੀ ਕਿ ਸਾਰੇ ਪਿੰਡ `ਚ ਰੌਲਾ ਪੈ ਗਿਆ---ਸਾਡੇ ਸਹੁਰਿਆਂ ਨੇ ਸਾਨੂੰ ਘਰ `ਚ ਗੈਰ ਹਾਜ਼ਰ ਦੇਖ ਕੇ ਅੰਦਾਜ਼ਾ ਲਾ ਲਿਆ ਕਿ ਇਹ ਅਸੀਂ ਹੀ ਹਾਂ---ਉਹ ਘਬਰਾਅ ਗਏ ਤੇ ਸਾਡੀਆਂ ਲਾਸ਼ਾਂ ਲੱਭਣ ਲਈ ਬਹੁਤ ਕੋਸ਼ਿਸ਼ ਕੀਤੀ---ਉਧਰ ਦਿੱਲੀ ਜਾ ਕੇ ਅਸੀਂ ਬਹੁਤ ਡਰੀਆਂ ਕਿ ਕਿਤੇ ਸਾਡੇ ਸਹੁਰੇ ਸਾਨੂੰ ਲੱਭਦੇ ਲੱਭਦੇ ਉਰੇ ਨਾ ਆ ਜਾਣ---ਆਸ਼ਾਂ ਨੇ ਦਿੱਲੀ `ਚ ਮਹਿਲਾ ਆਸ਼ਰਮ ਦੀ ਇੰਚਾਰਜ ਨੂੰ ਸਾਡੀ ਕਹਾਣੀ ਦੱਸ ਕੇ ਸਾਨੂੰ ਉਥੇ ਦਾਖਲ ਕਰਾ ਦਿੱਤਾ---ਅਮਰੋ---ਉਥੇ ਅਸੀਂ ਬਹੁਤ ਕੁਸ ਸਿੱਖਿਆ---ਨਾਰੀ ਸਸ਼ਕਤੀ ਕਰਣ ਬਾਰੇ---ਆਪਣੇ ਅਧਿਕਾਰਾਂ ਅਤੇ ਹੈਸੀਅਤ ਬਾਰੇ---ਆਪਣੀ ਤਾਕਤ ਬਾਰੇ ਉਥੇ ਜਾ ਕੇ ਈ ਪਤਾ ਲੱਗਿਆ---ਉਥੇ ਰਹਿ ਕੇ ਪੜ੍ਹਾਈ ਵੀ ਕੀਤੀ---ਚੰਗਾ ਸਾਹਿਤ ਪੜ੍ਹਿਆ---ਸਾਡੇ ਵਿੱਚ ਸਵੈ ਵਿਸ਼ਵਾਸ਼ ਵੀ ਜਾਗਿਆ---ਉਥੇ ਅਸੀਂ ਔਰਤਾਂ ਦੇ ਦੁਖ ਦੇਖ ਸੁਣ ਕੇ ਮਹਿਸੂਸ ਕੀਤਾ ਕਿ ਸਾਡਾ ਦੁਖ ਤਾਂ ਉਹਨਾਂ ਦੇ ਦੁਖ ਸਾਹਮਣੇ ਕੁੱਝ ਵੀ ਨਹੀਂ---ਸਿੱਖਦਿਆਂ ਸਿੱਖਦਿਆਂ ਅਸੀਂ ਟਰੇਨਰ ਬਣ ਗਈਆਂ---ਸਾਨੂੰ ਔਰਤਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਭੇਜਿਆ ਜਾਂਦਾ---ਅਸੀਂ ਮਿਹਨਤੀ ਹੋਣ ਸਦਕਾ ਉਥੇ ਹਰਮਨ ਪਿਆਰੀਆਂ ਬਣ ਗਈਆਂ---ਆਸ਼ਰਮ ਵਾਲੇ ਸਾਨੂੰ ਵਿਆਹ ਕਰਾਉਣ ਲਈ ਆਖ ਰਹੇ ਨੇ ਪਰ ਅਸੀਂ ਸੋੋਚ ਵਿਚਾਰ ਕੇ ਵਿਆਹ ਕਰਾਂਗੀਆਂ---ਉਂਜ ਉਥੇ ਵਿਆਹ `ਚ ਆਸ਼ਰਮ ਵਾਲਿਆਂ ਦਾ ਪੂਰਾ ਹੱਥ ਹੁੰਦੈ ---ਪਰ ਫੇਰ ਵੀ ਅਸੀਂ ਤਸੱਲੀ ਕਰ ਕੇ ਈ ਵਿਆਹ ਲਈ ਹਾਂ ਕਰਨੀ ਐ ---ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਪੀਂਦਾ ਐ ---ਅਸੀਂ ਚਾਹੀਏ ਤਾਂ ਆਪਣੇ ਸਹੁਰਿਆਂ ਨੂੰ ਕੈਦ ਕਰਵਾ ਦਈਏ---ਪਰ ਅਸੀਂ ਏਸ ਪਚੜੇ `ਚ ਪੈਣਾ ਈ ਨੀ---ਉਂਜ ਆਸ਼ਰਮ ਦੀ ਇਚਾਰਜ ਨੇ ਪੁਲੀਸ ਰਾਹੀਂ ਸਾਡੇ ਸਹੁਰਿਆ ਨੂੰ ਸਾਰੀ ਇਤਲਾਹ ਦੇ ਦਿੱਤੀ ਐ ਤੇ ਸਾਨੂੰ ਕਿਸੇ ਪ੍ਰਕਾਰ ਦੀ ਹਾਨੀ ਨਾ ਪਹੁੰਚਾਉਣ ਦੀ ਨਸੀਹਤ ਵੀ ਦੇ ਦਿੱਤੀ ਐ ---ਉਹਨਾਂ ਨੇ ਹੋਰ ਵਿਆਹ ਕਰਵਾ ਲਿਐ ---ਹੁਣ ਉਨ੍ਹਾਂ ਨੇ ਔਰਤਾਂ ਮੁੱਲ ਨੀ ਖਰੀਦੀਆਂ ਉਹ ਵਿਅਹ ਕੇ ਲਿਆਂਦੀਆਂ ਹੋਈਆਂ ਨੇ---ਫੇਰ ਸਾਨੂੰ ਤੇਰੀ ਯਾਦ ਆਉਂਦੀ ਸੀ---ਇਕ ਦਿਨ ਅਸੀਂ ਸੋਚਿਆ ਕਿ ਤੈਨੂੰ ਮਿਲ ਆਈਏ---ਪਰ ਤੇਰਾ ਅਤਾ ਪਤਾ ਤਾਂ ਪੇਕਿਆਂ ਤੋਂ ਈ ਕਰਨਾ ਸੀ---ਸੋ ਪਿੰਡ ਗਈਆਂ ਉਥੋਂ ਤੇਰੇ ਬਾਰੇ ਸਾਰੀ ਖਬਰ ਸਾਰ ਪਤਾ ਚੱਲੀ---ਤੇਰਾ ਪਤਾ ਲੈ ਕੇ ਤੈਨੂੰ ਮਿਲਣ ਆ ਗੀਆਂ---"
ਭੈਣਾਂ ਦੀ ਗੱਲ ਸੁਣ ਕੇ ਮੈਂ ਰੱਬ ਦਾ ਸ਼ੁਕਰ ਕੀਤਾ ਕਿ ਉਹਨਾਂ ਨਾਲ ਜੋ ਹੋਇਆ ਚੰਗਾ ਈ ਹੋਇਆ ਨਹੀਂ ਤਾਂ ਬਚਾਰੀਆਂ ਸਹੁਰੇ ਘਰ ਗੰਦਗੀ `ਚ ਈ ਫਸੀਆਂ ਰਹਿੰਦੀਆਂ---ਪਰ ਮੇਰੀ ਸੱਸ ਨੂੰ ਉਹਨਾਂ ਦੀ ਗੱਲ ਬਿਲਕੁਲ ਨਹੀਂ ਚੰਗੀ ਲੱਗੀ---ਉਹ ਭੈਣਾਂ ਨੂੰ ਸੰਬੋਧਨ ਹੋਈ,
“ਭਾਈ ਦੇਖਿਓ ਕੁੜੀਓ---ਕਿਤੇ ਸਾਡੀ ਬਹੂ ਨੂੰ ਨਾ ਬਹੁਤੀ ਹੱਕਾਂ ਦੀ ਪੜ੍ਹਤੀ ਭੜਾ ਜਿਓ---ਸਾਡੀ ਬਹੂ ਤਾਂ ਪੂਰੀ ਆਗਿਆਕਾਰ ਐ ---ਊਈਂ ਭਾਈ ਸਾਡਾ ਨਾ ਘਰ ਪੱਟ ਜਾਇਓ ਕਿਤੇ ਖਾਹਮਖਾਹ ਈ---"
ਬੇਬੇ ਨੂੰ ਉਹਨਾਂ ਦੀ ਗੱਲ ਸੁਣ ਕੇ ਚਿੰਤਾਂ ਹੋ ਗਈ ਕਿ ਕਿਤੇ ਉਹ ਮੈਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਨਾ ਕਰ ਜਾਣ---ਗੁਰਾ ਬੇਬੇ ਨੂੰ ਝਈ ਲੈ ਕੇ ਪਿਆ,
“ਬੁੜ੍ਹੀਏ---ਘੋਟਣਾ ਮਾਰ ਕੇ ਕਪਾਟ ਖੋਲ੍ਹ ਦੂੰ---ਜਬਾਨ ਤੇ ਕਾਬੂ ਰੱਖਿਆ ਕਰ---ਕੋਈ ਘਰੇ ਆਈਆਂ ਪ੍ਰਾਹੁਣੀਆਂ ਨੂੰ ਆਇੰ ਆਖਦਾ ਹੁੰਦੈ? ਨਾਲੇ ਮਾਸੀ ਤਾਂ ਪਹਿਲਾਂ ਈ ਦਸਮੀਂ ਪਾਸ ਐ ---ਉਹਨੂੰ ਪੜ੍ਹੀ ਲਿਖੀ ਨੂੰ ਇਹਨਾਂ ਨੇ ਕੀ ਪੜ੍ਹਤੀ ਪੜ੍ਹਾਉਣੀ ਐ ---ਮਾਸੀ ਤਾਂ ਪਹਿਲਾਂ ਈ ਆਪਣੇ ਹੱਕਾਂ ਪ੍ਰਤੀ ਜਾਗਰੂਕ ਐ ---ਪਰ ਉਹ ਸੰਸਕਾਰਾਂ ਵਾਲੀ ਐ ---ਚਵਲ ਨੀ ਹੈ ---ਜੇ ਉਹਨੇ ਘਰ ਦੀ ਇੱਜਤ ਪੱਟਣੀ ਹੁੰਦੀ ਤਾਂ ਹੁਣ ਤੱਕ ਪੱਟ ਚੁੱਕੀ ਹੁੰਦੀ---ਉਹ ਟਿਕੀ ਹੋਈ ਸੁਆਣੀ ਐ ---"
ਮੇਰੀਆਂ ਭੈਣਾਂ ਨੇ ਗੁਰੇ ਨੂੰ ਚੁੱਪ ਕਰਾਇਆ---ਸਵਰਨੀ ਨੇ ਵੀ ਬੇਬੇ ਦੀ ਗੱਲ ਦਾ ਮੋੜਾ ਦਿੰਦਿਆਂ ਕਿਹਾ,
“ਬੇਬੇ ਤੂੰ ਬਹੁਤੀ ਸਿਆਣੀ ਨਾ ਬਣਿਆ ਕਰ---ਤੇਰੀ ਸਿਆਣਪ ਨੇ ਅਸੀਂ ਦੋਵੇਂ ਬਰਬਾਦ ਕਰ ਰੱਖੀਆਂ---ਜੇ ਤੂੰ ਐਨੀ ਚਤਰ ਐਂ ਤਾਂ ਇਹ ਗਿਆਨ ਪੰਡਤੈਣ ਬਰਗੀਆਂ ਨੂੰ ਦਿਆ ਕਰ ਜਾ ਕੇ--- ਤੈਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਮਾਸੀਆਂ ਨੂੰ?"
ਬੇਬੇ ਨਿਰੁੱਤਰ ਹੋ ਗਈ---ਮੇਰੀਆਂ ਭੈਣਾਂ ਨੇ ਵੀ ਗੱਲ ਬਦਲੀ, “ਕੋਈ ਗੱਲ ਨੀ ਬੇਬੇ? ਅਸੀ ਕੋਈ ਹੋਰ ਗਲ ਕਰਦੇ ਆਂ---ਅਸੀਂ ਆਪਣੇ ਬਚਪਨ ਦੀਆਂ ਗੱਲਾਂ ਕਰਦੀਆਂ ਵਾਂ---"
ਫੇਰ ਅਸੀਂ ਸੱਚੀਂ ਆਪਣੇ ਬਚਪਨ ਦੀਆਂ ਕੌੜੀਆਂ ਕਸੈਲੀਆਂ---ਖੱਟੀਆਂ ਮਿੱਠੀਆਂ ਯਾਦਾਂ ਤਾਜ਼ਾ ਕਰਦੀਆਂ ਰਹੀਆਂ---
ਮੇਰੀਆਂ ਭੈਣਾਂ ਮੇਰੇ ਕੋਲ ਦੋ ਦਿਨ ਰਹੀਆਂ---ਅਸੀਂ ਬਹੁਤ ਗੱਲਾਂ ਕੀਤੀਆਂ---ਮੇਰੇ ਹਾਲਾਤ ਦੇਖ ਕੇ ਉਹ ਬਹੁਤ ਦੁਖੀ ਹੋਈਆਂ---ਮੇਰੀ ਇਸ ਬਦਤਰ ਹਾਲਤ ਲਈ ਬਾਪੂ ਨੂੰ ਜ਼ਿੰਮੇਵਾਰ ਠਹਿਰਾਅ ਕੇ ਉਹਨੂੰ ਬਦ ਦੁਆਵਾਂ ਦਿੱਤੀਆਂ---
ਮੈਂ ਭੈਣਾਂ ਦੇ ਸਹੁਰੇ ਤੁਰ ਜਾਣ ਤੋ ਲੈ ਕੇ ਉਸ ਦਿਨ ਤੱਕ ਦੀ ਵਿਥਿਆ ਸੁਣਾਈ---ਉਹਨਾਂ ਨੇ ਮੈਨੂੰ ਮਹਿਲਾ ਆਸ਼ਰਮ ਚੱਲਣ ਲਈ ਕਿਹਾ---ਪਰ ਮੈ ਉਹਨਾਂ ਨੂੰ ਅਜੇ ਇੰਤਜ਼ਾਰ ਕਰਨ ਲਈ ਕਿਹਾ---
ਮੇਰੀਆਂ ਭੈਣਾਂ ਪੇਕਿਆਂ ਤੋਂ ਹੁੰਦੀਆਂ ਆਈਆਂ ਸਨ---ਉਥੇ ਲੋਕਾ ਨੇ ਉਹਨਾਂ ਨੂੰ ਦੱਸਿਆ ਕਿ ਬੀਰਾ ਅਜੀਬ ਅਜੀਬ ਨਸ਼ੇ ਖਾਣ ਲੱਗ ਪਿਆ ਹੈ---ਉਹ ਬਹੁਤ ਗੰਦੇ ਅਤੇ ਸਰਕਾਰ ਵੱਲੋਂ ਪ੍ਰਤੀ ਬੰਧਿਤ ਗੈਂਗਾਂ ਨਾਲ ਮਿਲ ਗਿਆ---ਪੁਲਸ ਨੇ ਉਹਨੂੰ ਭਗੌੜਾ ਕਰਾਰ ਕਰ ਰੱਖਿਐ ---ਪੁਲਸ ਰੋਜ਼ ਬਾਪੂ ਉਤੇ ਦਬਾਅ ਪਾਉਂਦੀ ਐ ਤੇ ਉਹਦੇ ਹੱਡ ਸੇਕਦੀ ਐ ---ਬੀਰਾ ਕਈ ਵਾਰੀ ਪੁਲਸ ਦੇ ਧੱਕੇ ਚੜ੍ਹਿਐ ਪਰ ਪਤਾ ਨੀ ਕਿਵੇ ਬਚ ਨਿਕਲਦਾ ਰਿਹੈ ---ਸਾਰੀ ਜ਼ਮੀਨ ਤੇ ਘਰ ਵਿਕ ਚੁੱਕੇ ਨੇ---ਪਰ ਬਾਪੂ ਅਜੇ ਵੀ ਬੀਰੇ ਦੀ ਫਿ਼ਕਰ ਕਰਦੈ ---ਅਜੇ ਵੀ ਬੀਰੇ ਦਾ ਦੋਸ਼ ਕੱਢਣ ਦੀ ਬਚਾਇ ਕੀਤੇ ਕਰਾਇਆਂ ਅਤੇ ਜਾਦੂ ਟੂਣਿਆਂ ਨੂੰ ਸਾਰੀ ਬਰਬਾਦੀ ਲਈ ਜ਼ਿੰਮੇਵਾਰ ਠਹਿਰਾੳਂੁਦਾ ਐ ---ਗੁਆਢੀਆਂ ਨੇ ਇਹ ਵੀ ਦੱਸਿਆ ਕਿ ਹੁਣ ਉਹ ਕਦੇ ਕਦੇ ਸਾਨੂੰ ਤਿੰਨਾਂ ਭੈਣਾਂ ਨੂੰ ਯਾਦ ਵੀ ਕਰਦਾ ਹੈ ---ਮੈਨੂੰ ਮਿਲਣਾ ਚਾਹੰੁਦਾ ਹੈ ਪਰ ਕਿਸ ਮੂੰਹ ਨਾਲ ਮਿਲੇ?
ਮੇਰੇ ਵਿਆਹ ਦਾ ਸਾਰਾ ਹਾਲ ਮੇਰੀਆਂ ਭੈਣਾਂ ਨੂੰ ਮੇਰੇ ਪਿਉਕਿਆਂ ਦੇ ਲੋਕਾਂ ਕੋਲੋਂ ਹੀ ਪਤਾ ਲੱਗ ਚੁੱਕਿਆ ਸੀ---ਉਹਨਾਂ ਨੂੰ ਜਦੋਂ ਮੈਂ ਅੱਗੇ ਦਾ ਹਾਲ ਦੱਸਿਆ ਤਾਂ ਦੋਵੇਂ ਮੈਨੂੰ ਬੱਚਿਆਂ ਵਾਗ ਗੋਦੀ `ਚ ਲੈ ਕੇ ਰੋਈਆਂ---ਟਿਕਾਣੇ ਵਾਲੀ ਘਟਨਾ ਨੇ ਤਾਂ ਉਹਨਾਂ ਨੂੰ ਅੰਦਰ ਤੱਕ ਹਿਲਾਅ ਦਿੱਤਾ--- ਮੇਰੀ ਗੱਲ ਸੁਣ ਕੇ ਅੱਕੀ ਕਹਿਣ ਲੱਗੀ,
“ਰਮਾਇਣ `ਚ ਇੱਕ ਪ੍ਰਸੰਗ ਆਉਂਦਾ ਐ ਕਿ ਜਦੋਂ ਸੀਤਾ ਰਾਵਣ ਦੀ ਕੈਦ ਵਿੱਚ ਹੁੰਦੀ ਸੀ ਤਾਂ ਜਿਉਂ ਈ ਰਾਵਣ ਉਹਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਤਾਂ ੳਹ ਘਾਹ ਦਾ ਇੱਕ ਤਿਣਕਾ ਚੱਕ ਕੇ ਆਖਦੀ ਕਿ ਹੇ ਰਾਵਣ ਜੇ ਤੂੰ ਮੇਰੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਤਿਣਕਾ ਤੈਨੂੰ ਭਸਮ ਕਰ ਦੇਵੇਗਾ---ਇਹ ਚਮਤਕਾਰੀ ਤਿਣਕਾ ਸਾਰੀਆਂ ਕੁੜੀਆਂ ਕੋਲ ਹੋਣਾ ਚਾਹੀਦਾ ਐ ---ਕਾਸ਼!ਇਹ ਤਿਣਕਾ ਸਾਰਆਂ ਔਰਤਾਂ ਕੋਲ ਹੁੰਦਾ---ਪਰ ਸ਼ਾਇਦ ਇਹ ਤਿਣਕਾ ਸਿਰਫ਼ ਸੀਤਾ ਕੋਲ ਈ ਸੀ---ਇਹ ਸਾਰੀਆਂ ਕੁੜੀਆਂ ਕੋਲ ਨਹੀਂ ਹੈ ---ਔਰਤ ਨਾਲ ਜਬਰ ਜਿਨਾਹ ਕਰਨ ਵਾਲੇ ਮਰਦਾਂ ਨੂੰ ਭਸਮ ਕਰ ਦੇਣ ਦੀ ਤਾਕਤ ਰੱਖਣ ਵਾਲਾ ਇਹ ਤਿਣਕਾ---ਇਹ ਜਾਦੂਮਈ ਤਿਣਕਾ---ਇਹ ਕ੍ਰਿਸ਼ਮਈ ਤਿਣਕਾ---ਇਹ ਤਿਣਕਾ---ਤਿਣਕਾ---"
ਪਤਾ ਨੀ ਉਹ ਕਿਹੜੇ ਵਹਿਣਾਂ ਚ ਵਹਿ ਗਈ ਸੀ---ਕਿਹੜੇ ਡੂੰਘੇ ਪਾਣੀਆਂ `ਚ ਲਹਿ ਗਈ ਸੀ---ਮੈਂ ਨਿਮਾਣੀ ਨਿਤਾਣੀ ਨੇ ਉਹਨੂੰ ਬਾਹੋਂ ਫੜ ਕੇ ਬਾਹਰ ਧਰੂਹਿਆ,
“ਭੈਣੇ ਇਹ ਤਿਣਕਾ ਸਿਰਫ਼ ਔਰਤ ਦੀ ਤਾਕਤ ਹੈ ---ਉਹਦਾ ਆਤਮ ਵਿਸ਼ਵਾਸ਼---"
ਮੇਰੀ ਭੈਣ ਸੰਭਲ ਗਈ---ਫੇਰ ਦੋਹਾਂ ਨੇ ਮੈਨੂੰ ਹੌਸਲਾ ਦਿੱਤਾ ਕਿਉਂਕਿ ਉਹ ਹੁਣ ਸਸ਼ਕਤ ਔਰਤਾਂ ਸਨ---ਉਹਨਾਂ ਨੇ ਮੈਨੂੰ ਦਿਲਾਸਾ ਦਿੱਤਾ ਤੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਮੇਰੇ ਲਈ ਕੁੱਝ ਚੰਗਾ ਕਰਨਗੀਆਂ---ਮੇਰੀਆਂ ਭੈਣਾਂ ਨੇ ਮੇਰੇ ਨਾਲ ਬਚਪਨ ਵਿੱਚ ਕੀਤੀਆਂ ਬਦਸਲੂਕੀਆਂ ਲਈ ਮਾਫ਼ੀ ਵੀ ਮੰਗੀ---
ਦੋ ਦਿਨ ਉਹਨਾਂ ਨੇ ਮੈਨੂੰ ਲੋਥ ਬਣੇ ਪਤੀ ਪਨਮੇਸਰ ਦੀ ਸੇਵਾ ਕਰਦਿਆਂ ਦੇਖਿਆ ਤਾਂ ਉਹ ਅੰਦਰ ਤੱਕ ਦੁਖ ਗਈਆ---ਮੇਰੀਆਂ ਭੈਣਾਂ ਨੇ ਮਹਿਸੂਸ ਕੀਤਾ ਕਿ ਜਦ ਮੇਰਾ ਇਸ ਲੋਥ ਨਾਲ ਕੋਈ ਰਿਸ਼ਤਾ ਨਾਤਾ ਹੀ ਨਹੀਂ ਹੈ ---ਕੋਈ ਪਤੀ ਪਤਨੀ ਵਾਲਾ ਸੰਬੰਧ ਹੀ ਨਹੀਂ ਹੈ ਤਾਂ ਇਹਦੀ ਸੇਵਾ ਕਿਸ ਲਈ?? ਫੇਰ ਸੇਵਾ ਵੀ ਸੇਵਾ ਵਰਗੀ ਨਹੀਂ---ਇੱਕ ਲੋਥ ਨੂੰ ਸੰਭਾਲਣਾਂ---ਉਸ ਨਾਲ ਖਹੁਝਲਨਾ---ਉਹ ਵੀ ਅੱਧੇ ਅਧੂਰੇ ਸਰੀਰ ਨਾਲ---ਪਰ ਮੈਂ ਉਹਨਾਂ ਨੂੰ ਸਮਝਾਇਆ ਕਿ ਇਹਨਾਂ ਲੋਕਾਂ ਦਾ ਕੋਈ ਦੋਸ਼ ਨਹੀਂ---ਇਹਨਾਂ ਨੇ ਤਾਂ ਮੈਨੂੰ ਮੁੱਲ ਖਰੀਦਿਆ ਐ ---ਕਸੂਰ ਤਾਂ ਧਰਮੀ ਮਾਪਿਆਂ ਦਾ ਐ ---ਇਹ ਬੇਕਸੂਰ ਨੇ---ਦੂਜਾ ਮੈਂ ਆਪਣੀਆਂ ਭੈਣਾਂ ਨੂੰ ਕਿਹਾ ਕਿ ਮੈਂ ਇਸ ਪ੍ਰੀਵਾਰ ਨੂੰ ਛੱਡ ਕੇ ਜਾਂਦੀ ਤਾਂ ਜਾਂਦੀ ਕਿੱਥੇ??ਮਾਪੇ ਤਾਂ ਕੁਮਾਪੇ ਹੋ ਗਏ ---ਤੁਸੀਂ ਮਰ ਗਈਆਂ---ਇਹ ਗੱਲ ਵੱਖਰੀ ਐ ਕਿ ਤੁਸੀਂ ਮਰੀਆਂ ਨਹੀਂ---ਮੇਰਾ ਕੌਣ ਸੀ ਦੁਨੀਆਂ `ਚ---ਭੈਣੇ ਔਰਤ ਨੂੰ ਕੋਈ ਸਹਾਰਾ ਚਾਹੀਦਾ ਹੁੰਦੈ ---ਬੇਸਹਾਰਾ ਔਰਤ ਨੂੰ ਮੇਰੀ ਤਰ੍ਹਾਂ ਗੁਲਾਮੀ ਕਰਨੀ ਹੀ ਕਰਨੀ ਪੈਂਦੀ ਐ ---
ਮੇਰੀਆਂ ਭੈਣਾਂ ਨੇ ਮੈਨੂੰ ਦੋ ਦਿਨ ਨਿਰੰਜਣ ਸਿੰਘ ਦੀ ਸੇਵਾ ਦੇ ਨਾਲ ਨਾਲ ਗੁਰੇ ਦੀਆਂ ਕੁੜੀਆਂ ਦੀ ਸਾਂਭ ਸੰਭਾਲ ਕਰਦਿਆਂ ਦੇਖਿਆ---ਘਰ ਦੇ ਕੰਮਾਂ ਕਾਰਾਂ ਨਾਲ ਲਟੋਪੀਂਘ ਹੰੁਦੇ ਦੇਖਿਆ ਤਾਂ ਉਹ ਮੈਨੂੰ ਆਪਣੇ ਨਾਲ ਚੱਲਣ ਲਈ ਮਜ਼ਬੂਰ ਕਰਨ ਲੱਗੀਆਂ---ਮੈਂ ਭੈਣਾਂ ਕੋਲੋਂ ਅਜੇ ਸਮਾਂ ਮੰਗਿਆਂ---ਸ਼ਾਇਦ ਮੈਂ ਸੋਚ ਰਹੀ ਸਾਂ ਕਿ ਭੈਣਾਂ ਦੇ ਪੈਰਾਂ ਕੋਲ ਤਾਂ ਅਜੇ ਖੜ੍ਹਨ ਜੋਕਰੀ ਆਪਣੀ ਥਾਂ ਤੱਕ ਨਹੀਂ ਹੈ ---ਮੈਨੂੰ ਕਿੱਥੇ ਰੱਖਣਗੀਆਂ---ਸੋ ਮੈਂ ਸਿਆਣੀ ਦਾਦੀ ਬਣ ਕੇ ਕਿਹਾ,
“ਭੈਣੇ ਪਹਿਲਾਂ ਤੁਸੀਂ ਵਿਆਹ ਕਰਾਓ---ਫੇਰ ਮੈਂ ਥੋਡੇ ਲਵੇ ਛੇ ਛੇ ਮਹੀਨੇ ਰਿਹਾ ਕਰੂੰਗੀ---ਅਜੇ ਤਾਂ ਤੁਸੀਂ ਖੁਦ ਆਸ਼ਰਮ `ਚ ਰਹਿੰਦੀਆਂ ਓ---ਨਾਲੇ ਮੈਨੂੰ ਆਪਣੇ ਵਿਆਹ `ਚ ਬੁਲਾਉਣਾ ਨਾ ਭੁੱਲ ਜਿਓ---"
ਉਹਨਾਂ ਨੇ ਬਿਨ੍ਹਾਂ ਬੋਲਿਆਂ ਮੁਸਕਰਾਅ ਕੇ ਮੇਰੇ ਨਾਲ ਵਾਅਦਾ ਕੀਤਾ---ਜਾਂਦੀਆਂ ਹੋਈਆਂ ਭੈਣਾਂ ਮੈਨੂੰ ਸ਼ਗਨ ਵਜੋਂ ਪੈਸੇ ਦੇਣ ਲੱਗੀਆਂ ਪਰ ਮੈਂ ਪੈਸੇ ਲੈਣ ਤੋਂ ਮਨ੍ਹਾਂ ਕਰਦਿਆਂ ਦਲੀਲ ਦਿੱਤੀ,
“ਭੈਣੇ ਪੈਸਿਆਂ ਦਾ ਮੈਂ ਕੀ ਕਰਨੈ ---ਮੈਂ ਕਿਤੇ ਆਉਣਾ ਜਾਣਾ ਈ ਨੀ ਹੁੰਦਾ---ਰੋਟੀ ਪਾਣੀ ਘਰੋਂ ਖਾ ਲਈਦਾ ਅੇ---ਕੱਪੜਾ ਲੀੜਾ ਵੀ ਘਰੋਂ ਈ ਮਿਲ ਜਾਂਦੈ ---ਫੇਰ ਪੈਸੇ ਮੈਂ ਕੀ ਕਰਨੇ ਨੇ---ਜਦੋਂ ਤੁਸੀਂ ਦੁਬਾਰਾ ਆਈਆਂ---ਫੇਰ ਮੈਂ ਥੋਡੇ ਕੋਲੋਂ ਜਿਆਦਾ ਸਾਰੇ ਪੈਸੇ ਲਊ---ਨਾਲੇ ਸਹਿਰ ਜਾ ਕੇ ਸਮਾਨ ਵੀ ਖਰੀਦੂੰ---"
ਉਂਜ ਥੋਨੂੰ ਮੈਂ ਸੱਚ ਦੱਸਦੀ ਆ---ਸਹੁੰ ਖਾ ਕੇ ਯਕੀਨ ਦੁਆਉਨੀ ਆਂ ਬਈ ਮੈਂ ਜੰਮਣ ਤੋਂ ਲੈ ਕੇ ਅੱਜ ਤੱਕ ਇੱਕ ਰੁਪੱਈਆਂ ਵੀ ਆਪਣੇ ਕੋਲ ਨੀ ਰੱਖਿਆ---ਵਜੀਫ਼ਾ ਬਾਪੂ ਤੇ ਬੀਰਾ ਲੈ ਲੈਂਦੇ ਸਨ---ਮੈਂ ਪੈਸੇ ਕਰਨੇ ਵੀ ਕੀ ਸਨ---ਮੇਰੇ ਕਿਹੜਾ ਬੱਚੇ ਸਨ ਜਿਹਨਾਂ ਲਈ ਮੈਂ ਪੈਸੇ ਜੋੜਨੇ ਸਨ---ਜਾਂ ਜ਼ਾਇਦਾਦਾਂ ਬਣਾਉਣੀਆਂ ਸਨ---ਮੇਰਾ ਰੋਟੀ ਪਾਣੀ ਘਰੋਂ ਚੰਗਾ ਚੱਲ ਰਿਹਾ ਸੀ।
40
ਮੇਰੀਆਂ ਭੈਣਾਂ ਗੁਰੇ ਨੂੰ ਤੇ ਮੇਰੇ ਵੱਡੇ ਜੇਠ ਨੂੰ ਮੇਰਾ ਦਸਵੀਂ ਦਾ ਡੁਪਲੀਕੇਟ ਸਰਟੀਫਿ਼ਕੇਟ ਬਣਾਉਣ ਲਈ ਬੇਨਤੀ ਕਰ ਕੇ ਗਈਆਂ ਉਹਨਾਂ ਦੇ ਜਾਣ ਬਾਦ ਸਵਰਨੀ ਨੇ ਗੁਰੇ ਤੇ ਮੇਰੇ ਜੇਠ ਨੂੰ ਬਾਰ ਬਾਰ ਚੇਤਾ ਦੁਆਇਆ ਤੇ ਮਜ਼ਬੂਰ ਵੀ ਕੀਤਾ---ਬਾਪੂ ਬੇਬੇ ਨੇ ਸੁਣ ਦੇ ਮੱਥੇ ਵੱਟ ਪਾਇਆ---ਉਹਨਾਂ ਨੂੰ ਚਿੰਤਾਂ ਹੋ ਗਈ ਕਿ ਕਿਤੇ ਇਹ ਸਰਟੀਫਿ਼ਕੇਟ ਮੈਨੂੰ ਮੇਰੇ ਹੱਕਾਂ ਪ੍ਰਤੀ ਜਾਗਰੂਕ ਈ ਨਾ ਕਰ ਦੇਵੇ---ਕਿਤੇ ਲੰਗੜੀ ਆਪਣੀਆਂ ਭੈਣਾਂ ਵਾਂਗ ਸਮਝਦਾਰ ਈ ਨਾ ਹੋ ਜਾਵੇ---ਬੇਬੇ ਬਾਪੂ ਮੇਰੀਆਂ ਭੈਣਾਂ ਨੂੰ ਵੀ ਨਫ਼ਰਤ ਕਰਦੇ ਸਨ---ਉਹਨਾਂ ਨੂੰ ਲਗਦਾ ਸੀ ਕਿ ਇਹ ਮਰੀਆਂ ਹੋਈਆਂ ਭੂਤਨੀਆਂ ਜਿੰਦਾ ਹੀ ਸਾਡਾ ਘਰ ਖਰਾਬ ਕਰਨ ਲਈ ਹੋਈਆਂ ਨੇ---
ਗੁਰੇ ਨੂੰ ਅਨਪੜ੍ਹ ਹੋਣ ਸਦਕਾ ਸਮਝ ਨਹੀ ਸੀ ਆ ਰਹੀ ਕਿ ਮਾਸੀ ਦਾ ਸਰਟੀਫਿਕੇਟ ਕਿਵੇਂ ਬਣੇਗਾ---ਸੋ ਮੈਂ ਉਸ ਨੂੰ ਆਪਣੇ ਪਿੰਡ ਦੇ ਸਕੂਲ ਦੇ ਹੈਡਮਾਸਟਰ ਜੀ ਨੂੰ ਮਿਲ ਕੇ ਸਾਰੀ ਗੱਲ ਕਰਨ ਦੀ ਰਾਇ ਦਿੱਤੀ---ਮੈਂ ਤੁਹਾਨੂੰ ਦੱਸਣਾ ਭੁੱਲ ਗਈ ਕਿ ਹੈਡਮਾਸਟਰ ਜੀ ਦੋ ਚਾਰ ਵਾਰ ਮੈਨੂੰ ਮਿਲਣ ਆਏ ਨੇ---ਉਹ ਮੇਰੇ ਨਾਲ ਪਿਤਾ ਵਾਂਗ ਮੋਹ ਕਰਦੇ ਸਨ---ਮੈਨੂੰ ਜਿੰਦਗੀ ਦੀਆਂ ਤਲਖੀਆਂ ਨਾਲ ਜੂਝਣ ਲਈ ਹੱਲਾਸ਼ੇਰੀ ਦਿੰਦੇ ਸਨ---ਹਰ ਸਮੱਸਿਆ ਦਾ ਸਾਹਮਣਾ ਕਰਨ ਲਈ ਹਿੰਮਤ ਦਿੰਦੇ---ਉਹ ਜਦੋਂ ਵੀ ਸਾਡੇ ਘਰ ਆਉਂਦੇ ਤਾਂ ਮੇਰੇ ਸਹੁਰਿਆਂ ਕੋਲ ਮੇਰੀ ਬਹੁਤ ਤਾਰੀਫ਼ ਕਰਦੇ---ਮੇਰੀ ਦਰਵੇਸ਼ੀ ਦੀਆਂ, ਈਮਾਨਦਾਰੀ ਦੀਆਂ, ਸੁਘੜਤਾ ਦੀਆਂ, ਨਿਰਛਣ ਸੁਭਾਅ ਦੀਆਂ ਰੱਜ ਕੇ ਤਾਰੀਫ਼ਾਂ ਕਰਦੇ---
ਗੁਰਾ ਤੇ ਮੇਰਾ ਜੇਠ ਹੈਡਮਾਸਟਰ ਕੋਲ ਗਏ---ਉਹਨਾਂ ਨੇ ਸਰਟੀਫਿ਼ਕੇਟ ਫਟਣ ਤੋਂ ਗੱਲ ਸੁਰੂ ਕੀਤੀ ਤੇ ਡੁਪਲੀਕੇਟ ਸਰਟੀਫਿ਼ਕੇਟ ਬਣਾਉਣ ਲਈ ਅਰਜ਼ ਕੀਤੀ ---ਮੁੱਕਦੀ ਗੱਲ ਇਹ ਕਿ ਹੈਡਮਾਸਟਰ ਜੀ ਦੇ ਕੋਸ਼ਿਸ਼ ਕਰਨ ਬਾਦ ਮੇਰਾ ਸਰਟੀਫਿ਼ਕੇਟ ਚਾਰ ਮਹੀਨਿਆਂ `ਚ ਬਣ ਕੇ ਆ ਗਿਆ। ਹੈਡਮਾਸਟਰ ਜੀ ਖੁਦ ਇਹ ਸਰਟੀਫਿ਼ਕੇਟ ਮੈਨੂੰ ਦੇਣ ਆਏ---ਸਰਟੀਫਿ਼ਕੇਟ ਦੇਖ ਕੇ ਮੈਨੂੰ ਉਹ ਪਲ ਯਾਦ ਆ ਗਏ ਜਦੋਂ ਬੀਰੇ ਨੇ ਮੇਰੇ ਸਰਟੀਫਿ਼ਕੇਟ ਦੇਖ ਕੇ ਮੈਨੂੰ ਉਹ ਪਲ ਯਾਦ ਆ ਗਏ ਜਦੋਂ ਬੀਰੇ ਨੇ ਮੇਰੇ ਸਰਟੀਫਿ਼ਕੇਟ ਦੇ ਟੁਕੜੇ ਟੁਕੜੇ ਕਰ ਦਿੱਤੇ ਸਨ---
ਮੇਰੀਆਂ ਅੱਖਾਂ `ਚ ਹੰਝੂ ਦੇਖ ਕੇ ਹੈਡਮਾਸਟਰ ਜੀ ਨੇ ਮੇਰੇ ਸਿਰ ਉਤੇ ਹੱਥ ਰੱਖਿਆ ਤੇ ਮੈਨੂੰ ਹਿੰਮਤ ਬਣਾ ਕੇ ਰੱਖਣ ਦੀ ਪ੍ਰੇਰਣਾ ਦਿੱਤੀ---ਉਸ ਨੂੰ ਮੇਰੀ ਦੁਰਦਸ਼ਾ ਦਾ ਪਤਾ ਤਾਂ ਸੀ ਪਰ ਉਹ ਬਹੁਤੀ ਦਖਲ ਅੰਦਾਜ਼ੀ ਨਹੀਂ ਸੀ ਕਰ ਸਕਦਾ---ਉਸ ਦਿਨ ਉਹ ਮੇਰੀਆਂ ਅੱਖਾਂ `ਚ ਹੰਝੂ ਦੇਖ ਕੇ ਬੋਲਿਆ,
“ਬੇਟਾ ਜੀ! ਤੁਸੀਂ ਅੱਗੇ ਪੜ੍ਹਾਈ ਕਰੋ---ਪ੍ਰਾਈਵੇਟ ਹੀ ਪਲੱਸ ਟੂ ਕਰ ਲਓ---ਉਸ ਤੋਂ ਬਾਦ ਜੇ.ਬੀ.ਟੀ ਜਾਂ ਕੋਈ ਕੰਪਿਊਟਰ ਕੋਰਸ ਕਰ ਲੈਣਾ---ਤੁਹਾਨੂੰ ਨੌਕਰੀ ਮਿਲ ਜਾਣੀ ਐ ---ਹੈਂਡੀਕੈਪਡ ਬੱਚਿਆਂ ਨੂੰ ਨੌਕਰੀ ਜਲਦੀ ਮਿਲਦੀ ਐ ---"
ਮੈਂ ਪਹਿਲਾਂ ਵੀ ਪੜ੍ਹਨਾ ਚਾਹੁੰਦੀ ਸਾਂ ਪਰ ਹਾਲਾਤ ਆਗਿਆ ਨਹੀਂ ਸਨ ਦਿੰਦੇ---ਪਰ ਉਸ ਦਿਨ ਮੈਂ ਮਨ ਬਣਾ ਲਿਆ ਕਿ ਮੈਂ ਪੜ੍ਹਾਈ ਜਾਰੀ ਰੱਖਾਗੀ---ਮੈਂ ਤਾਂ ਪ੍ਰਾਈਵੇਟ ਈ ਪੜ੍ਹਨਾ ਐ ---ਕਿਹੜਾ ਸਕੂਲ ਕਾਲਜ਼ ਜਾਣੈ ---ਹੈਡਮਾਸਟਰ ਜੀ ਨੇ ਮੇਰੇ ਦਸਵੀਂ ਤੋਂ ਬਾਦ ਆਏ ਗੈਪ ਨੂੰ ਪੂਰਾ ਕਰਾਉਣ ਦਾ ਵੀ ਜ਼ਿੰਮਾ ਲਿਆ---ਹੁਣ ਤਾਂ ਗੁਰਾ ਵੀ ਮੇਰੇ ਨਾਲ ਹਮਦਰਦੀ ਤੇ ਪਿਆਰ ਕਰਦਾ ਸੀ ਸੋ ਮੈਨੂੰ ਲੱਗਿਆ ਕਿ ਹੁਣ ਸਵਰਨੀ ਤੇ ਗੁਰਾ ਵੀ ਮੇਰੀ ਸਹਾਇਤਾ ਕਰਨਗੇ। ਜਿੰਨਾ ਕੁ ਸਮਾ ਮਿਲਿਆ ਕਰੇਗਾ ਮੈ ਉਨੀਂ ਦੇਰ ਹੀ ਪੜ੍ਹ ਲਿਆ ਕਰਾਂਗੀ---
ਜਦੋਂ ਮੈਂ ਸਵਰਨੀ ਤੇ ਗੁਰੇ ਨੂੰ ਪੜ੍ਹਾਈ ਵਾਲੀ ਗੱਲ ਦੱਸੀ ਤਾਂ ਉਹ ਬਹੁਤ ਖੁਸ਼ ਹੋਏ---ਹੈਡਮਾਸਟਰ ਜੀ ਕਿਤਾਬਾਂ ਦੇ ਗਏ ਤੇ ਮੈ ਪੜ੍ਹਾਈ ਸ਼ੁਰੂ ਕਰ ਦਿੱਤੀ---ਬੇਬੇ ਬਾਪੂ ਨੂੰ ਇਹ ਨਿਰੀ ਮੂਰਖਤਾ ਲਗਦੀ ਸੀ---ਵਿਆਹੀਆਂ ਵਰਜੀਆਂ ਨੂੰਹਾਂ ਧੀਆਂ ਵੀ ਕਿਤੇ ਪੜ੍ਹਾਈਆਂ ਕਰਦੀਆਂ ਹੰੁਦੀਆਂ ਨੇ---ਪਿੰਡ `ਚ ਕਿਸੇ ਨੂੰ ਪਤਾ ਚੱਲੂ ਤਾਂ ਲੋਕ ਚਰਚਾ ਕਰਨਗੇ---ਨਾਲੇ ਬਦਨਾਮੀ ਹੋਊ---ਖੈਰ! ਮੈਂ ਸਿਰੜੀ ਹੋ ਕੇ ਪੜ੍ਹਦੀ ਰਹਿੰਦੀ---ਮੈਂ ਸਾਰਾ ਦਿਨ ਕੰਮ ਕਰਦੀ---ਨਿਰੰਜਣ ਸਿੰਘ ਨੂੰ ਤੇ ਗੁਰੇ ਦੀਆਂ ਕੁੜੀਆਂ ਨੂੰ ਸਾਂਭਦੀ---ਤੇ ਰਾਤ ਨੂੰ ਕਿਤਾਬਾਂ ਨੂੰ ਹੱਥ ਲਾਉਂਦੀ।
ਪਰ ਮੈ ਥੋਨੂੰ ਬਾਰ ਬਾਰ ਦੱਸਦੀ ਹਾਂ ਕਿ ਮੈਂ ਬਦਕਿਸਮਤ ਹਾਂ---ਨਹਿਸ ਹਾਂ---ਮੇਰੇ ਮਾਪਿਆਂ ਨੇ ਮੇਰੀ ਤਕਦੀਰ ਲਿਖਣ ਲੱਗਿਆ ਖੁਸ਼ਕਿਸਮਤੀ ਸ਼ਬਦ ਕਿਧਰੇ ਵੀ ਨਹੀਂ ਲਿਖਿਆ---ਮੈਂ ਜਿਵੇਂ ਕਿਵੇਂ ਪੜ੍ਹਾਈ ਸ਼ੁਰੂ ਕੀਤੀ ਪਰ ਇਹ ਅਜੇ ਵਕਤ ਨੂੰ ਮਨਜ਼ੂਰ ਨਹੀਂ ਸੀ---।
ਉਨੀਂ ਦਿਨੀਂ ਨਿਰੰਜਣ ਸਿੰਘ ਨੂੰ ਕਈ ਹੋਰ ਬੀਮਾਰੀਆਂ ਨੇ ਵੀ ਘੇਰ ਲਿਆ---ਕਦੇ ਉਹਨੂੰ ਹੱਥੂ ਛਿੜਦਾ ਤਾਂ ਉਹ ਹਾਲੋਂ ਬੇਹਾਲ ਹੋ ਜਾਂਦਾ---ਕਦੇ ਐਸੀ ਖੰਘ ਛਿੜਦੀ ਕਿ ਉਹਦੇ ਡੇਲੇ ਬਾਹਰ ਆਉਣ ਨੂੰ ਹੋ ਜਾਂਦੇ---ਪਿਸ਼ਾਬ ਵਿੱਚ ਖੂਨ ਆਉਣ ਲੱਗ ਪਿਆ---ਉਹ ਦਿਨਾਂ `ਚ ਈ ਸੁੱਕ ਗਿਆ---
ਇੱਕ ਦਿਨ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਹਨੂੰ ਦਾਖਲ ਕਰ ਲਿਆ---ਸਾਰੇ ਚੈੱਕਅੱਪ ਹੋਏ---ਇਲਾਜ ਹੋਇਆ ਪਰ ਪ੍ਰਮਾਤਮਾ ਨਾ ਦੀ ਸ਼ਕਤੀ ਨੂੰ ਕੁੱਝ ਹੋਰ ਈ ਮਨਜ਼ੂਰ ਸੀ---ਹਫ਼ਤਾ ਹਸਪਤਾਲ ਰਹਿ ਕੇ ਉਹ ਪੂਰਾ ਹੋ ਗਿਆ---
ਮੇਰੇ ਸਿਰੋਂ ਰੰਗਲਾ ਦੁਪੱਟਾ ਉਤਾਰ ਦਿੱਤਾ ਗਿਆ---ਚੂੜੀਆਂ ਭੰਨ ਦਿੱਤੀਆਂ ਗਈਆਂ---ਮੈਂ ਸ਼ਾਇਦ ਥੋਨੂੰ ਦੱਸਣਾ ਭੁੱਲ ਗਈ ਕਿ ਮੈਂ ਵਿਆਹ ਤੋਂ ਪਹਿਲਾਂ ਕਦੇ ਚੂੜੀਆਂ ਪਹਿਨੀਆਂ ਈ ਨਹੀਂ ਸਨ---ਪਰ ਸਹੁਰੇ ਆ ਕੇ ਆਪਣੇ ਪਤੀ ਪਨਮੇਸ਼ਰ ਦੀ ਤੰਦਰੁਸਤੀ ਅਤੇ ਲੰਬੀ ਉਮਰ ਲਈ ਮੈਨੂੰ ਸੁਹਾਗਣਾਂ ਵਾਲਾ ਵੇਸ ਧਾਰਣ ਕਰਨਾ ਪੈਣਾ ਸੀ ਤੇ ਸੁਹਾਗਣਾਂ ਦੇ ਵੇਸ ਵਿੱਚ ਚੂੜੀਆਂ ਦਾ ਅਹਿਮ ਸਥਾਨ ਮੰਨਿਆਂ ਜਾਂਦਾ ਹੈ ---ਜੋ ਮੈਂ ਇੱਕ ਲੋਥ ਦੀ ਲੰਮੀ ਉਮਰ ਤੇ ਤੰਦਰੁਸਤੀ ਲਈ ਚੂੜੀਆਂ ਪਹਿਨੀਆਂ ਸਨ---ਮੈਂ ਭਾਵੇਂ ਪਹਿਨਣੀਆਂ ਚਾਹੁੰਦੀ ਸਾਂ ਜਾਂ ਨਾ ਪਰ ਮੈਨੂੰ ਇਹ ਜ਼ਬਰਦਸਤੀ ਪਹਿਨਾਈਆਂ ਗਈਆਂ---ਤੇ ਹੁਣ ਇਹ ਤੋੜ ਦਿੱਤੀਆਂ ਗਈਆਂ---ਭੰਨ ਦਿੱਤੀਆਂ ਗਈਆਂ---
ਖੈਰ! ਪਹਿਲਾਂ ਮੈਂ ਇੱਕ ਲੋਥ ਦੀ ਵਿਆਹੁਤਾ ਸਾਂ---ਪਤਨੀ ਸਾਂ---ਉਹਦੀ ਅਰਧਾਂਗਣੀ ਸਾਂ---ਤੇ ਹੁਣ ਉਹਦੇ ਮਰ ਜਾਣ ਬਾਦ ਮੈਂ ਇਸ ਲੋਥ ਦੀ ਵਿਧਵਾ ਬਣ ਗਈ---ਮੈਨੂੰ ਦੇਖ ਦੇਖ ਕੇ ਔਰਤਾਂ ਨੇ ਵੈਣ ਪਾਏ---ਪਿੱਟ ਸਿਆਪਾ ਕੀਤਾ---ਮੈਨੂੰ ਦੇਖ ਦੇਖ ਕੇ ਔਰਤਾਂ ਝੂਰਦੀਆਂ ਬਈ ਇਸ ਵਿਚਾਰੀ ਦਾ ਭਰੀ ਜੁਆਨੀ `ਚ ਸੁਹਾਗ ਉਜੜ ਗਿਆ---ਤੁਸੀਂ ਦੱਸੋ ਕਿ ਨਿਰੰਜਣ ਸਿੰਘ ਮੇਰਾ ਸੁਹਾਗ ਹੈ ਈ ਕਦੋਂ ਸੀ??
ਮੇਰੇ ਪੇਕਿਉਂ ਕੋਈ ਨਾ ਆਇਆ---ਮੈਂ ਚਾਹੰੁਦੀ ਵੀ ਨਹੀਂ ਸਾਂ ਕਿ ਬਾਪੂ ਮਕਾਣ ਲੈ ਕੇ ਆਵੇ---ਤੇ ਮੇਰੇ ਜ਼ਖਮਾਂ ਉਤੇੇ ਲੂਣ ਨਹੀਂ ਸਗੋਂ ਮਿਰਚਾਂ ਭੁੱਕੇ---ਬੀਰਾ ਤਾਂ ਖੈਰ ਭਗੌੜਾ ਹੋਇਆ ਵਿਆ ਸੀਗਾ---
ਮੇਰੀਆਂ ਭੈਣਾਂ ਜ਼ਰੂਰ ਆਈਆਂ---ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਉਹ ਮੈਨੂੰ ਰੁਲਨ ਨਹੀਂ ਦੇਣਗੀਆਂ---ਉਹਨਾਂ ਦਾ ਅਗਲੇ ਮਹੀਨੇ ਵਿਆਹ ਸੀ---ਮਹਿਲਾ ਆਸ਼ਰਮ ਵਾਲਿਆ ਨੇ ਹੀ ਉਨ੍ਹਾਂ ਲਈ ਰਿਸ਼ਤੇ ਲੱਭੇ ਸਨ---
ਇੱਕ ਗੱਲ ਮੈ ਈਮਾਨਦਾਰੀ ਨਾਲ ਦੱਸਾਂਗੀ---ਉਹ ਇਹ ਕਿ ਮੈਨੂੰ ਨਿਰੰਜਣ ਸਿੰਘ ਦੀ ਮੌਤ ਦਾ ਮਾਸਾ ਵੀ ਦੁਖ ਨਹੀਂ ਸੀ ਹੋਇਆ---ਏਸ ਕਰਕੇ ਨਹੀਂ ਕਿ ਮੈਂ ਉਸ ਨੂੰ ਕੋਈ ਨਫ਼ਰਤ ਕਰਦੀ ਸਾਂ ਜਾਂ ਮੈਂ ਉਹਦੀ ਸੇਵਾ ਕਰਦੀ ਕਰਦੀ ਥੱਕ ਗਈ ਸਾਂ---ਨਾਅ ਨਾਅ---ਇਹ ਗੱਲ ਨਹੀਂ ਸੀ ਬਲਕਿ ਮੈਨੂੰ ਉਹਦੇ ਨਾਲ ਹਮਦਰਦੀ ਸੀ---ਪਰੰਤੂ ਸਾਡੀ ਕੋਈ ਸਾਂਝ ਨਹੀਂ ਸੀ---ਕੋਈ ਰਿਸ਼ਤਾ ਨਾਤਾ ਨਹੀਂ ਸੀ---ਨਾਲੇ ਮੁੱਲ ਖ਼ਰੀਦ ਗ਼ੁਲਾਮ ਦੀਆਂ ਭਾਵਨਾਵਾਂ ਈ ਮਰ ਮੁੱਕ ਜਾਦੀਆਂ ਨੇ---
ਬਾਕੀ ਮੈਂ ਥੋਡੇ ਕੋਲੋਂ ਕੋਈ ਲੁਕ ਲਪੇਟ ਨਹੀਂ ਰੱਖਿਆ---ਤੁਸੀਂ ਵੀ ਸਮਝਦਾਰ ਹੋ---ਜਾਣਦੇ ਹੀ ਹੋ ਕਿ ਜਿਸ ਵਿਅਕਤੀ ਨਾਲ ਤੁਹਾਡਾ ਕੋਈ ਰਿਸ਼ਤਾ ਨਾਤਾ ਹੀ ਨਾ ਹੋਵੇ ਉਹਦੇ ਜੰਮਣ ਮਰਨ ਨਾਲ ਕੋਈ ਬਹੁਤੀ ਸੰਵੇਦਨਾ ਹੁੰਦੀ ਹੀ ਨਹੀਂ---ਉਂਜ ਮੈਂ ਰੋਣ ਧੋਣ ਵਿੱਚ ਸ਼ਾਮਲ ਹੁੰਦੀ ਰਹੀ---ਪੂਰੀ ਤਰਾਂ ਸ਼ਾਮਲ---ਇੱਕ ਵਿਧਵਾ ਹੋਈ ਔਰਤ ਵਾਂਗ ਮੈਂ ਪਿੱਟ ਸਿਆਪਾ ਕਰਨ ਦਾ ਢੋਂਗ ਕੀਤਾ---
ਮੇਰੇੇੇ ਮਨ ਵਿੱਚ ਕਦੇ ਕਦੇ ਇਹ ਖਿਆਲ ਜ਼ਰੂਰ ਆਉਂਦਾ ਕਿ ਜਾਂ ਤਾਂ ਨਿਰੰਜਣ ਠੀਕ ਹੀ ਹੋ ਜਾਂਦਾ---ਜੇ ਇਹਨੇ ਠੀਕ ਨਹੀਂ ਸੀ ਹੋਣਾ ਤਾਂ ਚੰਗਾ ਐ ਨਰਕ ਜੂਨ ਤੋਂ ਛੁਟ ਗਿਆ---ਇਹੋ ਜਿਹੇ ਜੀਣ ਨਾਲੋਂ ਤਾਂ ਮਰਨਾ ਸੌ ਦਰਜੇ ਚੰਗਾ ਐ ---ਵਿਚਾਰਾ ਲਾਚਾਰ ਮੁਹਤਾਜ ਮੰਜੇ ਤੇ ਪਿਆ ਸੀ।
ਮੇਰੇ “ਸੋ ਕਾਲਡ" ਪਤੀ ਦਾ ਕਿਰਿਆ ਕ੍ਰਮ ਹੋ ਗਿਆ---ਮਕਾਣਾਂ ਆ ਕੇ ਮੁੜਦੀਆਂ ਰਹੀਆਂ---ਉਹਦੇ ਫੁੱਲ ਹਰਦੁਆਰ ਗੰਗਾ `ਚ ਪ੍ਰਵਾਹ ਦਿੱਤੇ ਗਏ---ਮੇਰੀਆਂ ਭੈਣਾਂ ਮੈਨੂੰ ਕਈ ਨਵੇਂ ਸੁਪਨੇ ਦਿਖਾ ਕੇ ਵਾਪਸ ਪਰਤ ਗਈਆਂ।
ਹੁਣ ਮੈਂ ਸੱਚ ਮਿੱਚ ਘਰ ਵਿੱਚ ਬੋਝ ਬਣ ਗਈ---ਹੁਣ ਘੱਟੋ ਘੱਟ ਬੇਬੇ ਬਾਪੂ ਨੂੰ ਮੈਂ ਅੱਖਰਨ ਲੱਗੀ---ਚੁਭਣ ਲੱਗੀ---ਹੁਣ ਮੈਂ ਉਹਨਾਂ ਲਈ ਨਿਕੰਮੀ ਹੋ ਗਈ---ਸਿਰਫ਼ ਇੱਕ ਅੰਨਪਾੜ ਜੀਵ--
ਪਰ ਗੁਰਾ ਤੇ ਸਵਰਨੀ ਮੇਰਾ ਕਵਚ ਬਣ ਗਏ---ਘਰ ਵਿੱਚ ਚਾਹੰੁਦਿਆਂ ਹੋਇਆ ਵੀ ਮੈਨੂੰ ਕੋਈ ਕੁੱਝ ਨਹੀਂ ਸੀ ਕਹਿ ਸਕਦਾ---ਹੁਣ ਗੁਰਾ ਤੇ ਸਵਰਨੀ ਮੇਰਾ ਪਹਿਲਾਂ ਨਾਲੋਂ ਵੀ ਵੱਧ ਧਿਆਨ ਰੱਖਣ ਲੱਗ ਪਏ---ਨਿਰੰਜਣ ਦਾ ਮੰਜਾ ਬਿਸਤਰਾ ਤਾਂ ਡਕੌਂਤ ਨੂੰ ਦਾਨ ਕਰ ਦਿੱਤਾ ਸੀ ਹੁਣ ਉਥੇ ਗੁਰੇ ਨੇ ਦੂਸਰਾ ਨਵਾਰੀ ਪਲੰਗ ਡਾਹ ਦਿੱਤਾ ਹੁਣ ਉਹ ਦੋਵੇਂ ਤੇ ਕੁੜੀਆਂ ਮੇਰੀ ਕੋਠੜੀ `ਚ ਈ ਸੌਂਦੇ---ਮੈਨੂੰ ਕੋਈ ਗਿਆਨ ਦੀ ਗੱਲ ਸੁਣਾਉਣ ਦੀ ਫਰਮਾਇਸ਼ ਪਾਉਂਦੇ---ਉਹ ਮੈਨੂੰ ਰੋਟੀ ਖੁਆ ਕੇ ਬਾਦ `ਚ ਆਪ ਖਾਂਦੇ---ਪਰ ਮੈਨੂੰ ਹੁਣ ਘਰ ਵਿੱਚ ਆਪਣੀ ਬੇਕਦਰੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀ---ਗੁਰੇ ਤੇ ਸਵਰਨੀ ਤੋਂ ਬਿਨਾਂ ਬਾਕੀ ਸਾਰੇ ਜਣਿਆ ਦਾ ਮੇਰੇ ਪ੍ਰਤੀ ਰਵੱਈਆਂ ਬਦਲਦਾ ਜਾ ਰਿਹਾ ਸੀ---ਖਾਸ ਕਰ ਬੇਬੇ ਮੈਨੂੰ ਹੁਣ ਬਿਲਕੁਲ ਬਰਦਾਸ਼ਤ ਨਹੀਂ ਸੀ ਕਰਦੀ---
ਕਦੇ ਕਦੇ ਮੇਰਾ ਜੀ ਕਰੇ ਕਿ ਮੈਂ ਆਪਣੀਆਂ ਭੈਣਾਂ ਨਾਲ ਮਹਿਲਾ ਆਸ਼ਰਮ ਚਲੀ ਜਾਵਾਂ---ਕਦੇ ਮਨ ਕਰੇ ਕਿ ਹੈਡਮਾਸਟਰ ਜੀ ਨਾਲ ਗੱਲ ਕਰਾਂ---ਪਰ ਪਤਾ ਨੀ ਮੈਂ ਚਾਹ ਕੇ ਵੀ ਮਰਜ਼ੀ ਨਹੀਂ ਸਾਂ ਕਰ ਸਕਦੀ---ਖਬਰੇ ਮੈਨੂੰ ਕਿਹੜੀ ਗੱਲ ਘਰ ਵਿੱਚ ਰੋਕੀ ਬੈਠੀ ਸੀ---
ਮੇਰਾ ਮਨ ਹੁਣ ਅੱਗੇ ਪੜ੍ਹਾਈ ਕਰ ਕੇ ਨੌਕਰੀ ਕਰਨ ਨੂੰ ਵੀ ਕਰਦਾ ਸੀ ਪਰ ਮੇਰਾ ਪੜ੍ਹਨਾ ਕਿਸੇ ਨੂੰ ਗਵਾਰਾ ਨਹੀਂ ਸੀ---ਤੇ ਫੇਰ ਇੱਕ ਦਿਨ ਗੁਰੇ ਤੇ ਸਵਰਨੀ ਨੇ ਮੈਨੂੰ ਝਕਦਿਆ ਝਕਦਿਆਂ ਕਿਹਾ,
“ਮਾਸੀ! ਦੇਖ ਜੋ ਹੋਣਾ ਸੀ ਸੋ ਹੋ ਗਿਆ---ਉਂਜ ਰੋਟੀ ਖੁਣੋਂ ਅਸੀਂ ਤੈਨੂੰ ਭੁੱਖੀ ਨੀ ਮਰਨ ਦਿੰਦੇ---ਨਾ ਤੈਨੂੰ ਕੋਈ ਕੁਸ ਕਹਿ ਸਕਦਾ ਐ ---ਅਸੀਂ ਤੇਰਾ ਪੂਰਾ ਸਾਥ ਦਿਆਂਗੇ---ਦੇਖ ਹੁਣ ਬਾਪੂ ਰਿਹਾ ਨੀ---ਹੁਣ ਤੇਰੇ ਕੋਲ ਥੋੜਾ ਬਹੁਤਾ ਸਮਾ ਵੀ ਹੁੰਦਾ ਈ ਐ ---ਹੁਣ ਤੂੰ ਆਪਣੀ ਪੜ੍ਹਾਈ ਕਰ---"
ਮੇਰੀਆਂ ਅੱਖਾਂ `ਚ ਬਹੁਤ ਸਾਰੇ ਸੁਆਲ ਦੇਖ ਕੇ ਗੁਰਾ ਬੋਲਿਆ,
“ਮਾਸੀ ਤੂੰ ਕਿਸੇ ਕਿਸਮ ਦੀ ਚਿੰਤਾ ਨਾ ਕਰਿਆ ਕਰ---ਤੈਨੂੰ ਘਰ `ਚ ਕੋਈ ਰੋਕ ਟੋਕ ਕਰੂ ਤਾਂ ਮੈਂ ਬੈਠਾ ਆਂ---ਤੈਨੂੰ ਕੋਈ ਕੁਸ ਕਹੇ ਤਾਂ ਬੇਝਿਜਕ ਮੈਨੂੰ ਦੱਸੀਂ---ਮੈ ਆਪੇ ਸੁਲਝੂੰ---ਪਰ ਜੇ ਡੁੰਨ ਬਾਟਾ ਬਣ ਕੇ ਕੁਸ ਦੱਸੇਂਗੀ ਈ ਨੀ ਤਾਂ ਮੈਂ ਕੁਸ ਨੀ ਕਰ ਸਕਣਾ---"
ਬਾਰ ਬਾਰ ਉਹਨਾਂ ਦੀ ਪ੍ਰੇਰਨਾ ਕਰਨ ਦੇ ਬਾਦ ਮੈਂ ਪੜ੍ਹਾਈ ਸੁਰੂ ਕਰ ਦਿੱਤੀ---ਗੁਰਾ ਬੇਬੇ ਤੇ ਬਾਪੂ ਨੂੰ ਝਿੜਕਦਾ,
“ਬਾਪੂ ਕੰਨ ਖੋਲ੍ਹ ਕੇ ਸੁਣ ਲਓ---ਮਾਸੀ ਨੂੰ ਕਿਸੇ ਤਰਾਂ ਦੀ ਮੰਦੀ ਚੰਗੀ ਨੀ ਕਹਿਣੀ---ਤੁਸੀਂ ਉਹ ਵੇਲਾ ਯਾਦ ਕਰੋ ਜਦੋਂ ਇਹ ਬਾਪੂ ਨੂੰ ਸਾਂਭਦੀ ਸੀ---ਇਹ ਘਰ ਦੀ ਮਾਲਕਣ ਐ ---ਭੱਜ ਕੇ ਨੀ ਸੀ ਆਈ---ਵਿਆਹੀ ਆਈ ਐ ---"
“ਬੇ ਭਾਈ ਅਸੀਂ ਕਿਹੜਾ ਇਹਨੂੰ ਦੰਦੀਆਂ ਬੱਢਦੇ ਆਂ---ਅਸੀਂ ਤਾਂ ਇਹਨੂੰ ਕਦੇ ਕੁਸ ਕਿਹਾ ਈ ਨੀ---ਤੂੰ ਪਤਾ ਨੀ ਕਿਉਂ ਇਹਦਾ ਐਨਾ ਪੱਖ ਲੈਨਾ ਐਂ---"
“ਬੇਬੇ ਇਹ ਸਾਡੀ ਮਾਂ ਐ---ਅਸੀਂ ਇਹ ਦਾ ਪੱਖ ਨੀ ਲਵਾਂਗੇ ਤਾਂ ਹੋਰ ਕਹੀਦਾ ਲਵਾਂਗੇ---ਹੁਣ ਇਹ ਕਿੱਥੇ ਜਾਊ---?"
ਬੇਬੇ ਗੁਰੇ ਤੋਂ ਡਰਦੀ ਮਾਰੀ ਚੁੱਪ ਕਰ ਜਾਂਦੀ--- ਨਹੀਂ ਤਾਂ ਉਹਨੇ ਆਖਣਾ ਸੀ ਕਿ ਇਹ ਵਿਆਹੀ ਕਦੋਂ ਆਈ ਐ ---ਇਹ ਤਾਂ ਮੁੱਲ ਖਰੀਦੀ ਵੀ ਐ ---ਪਰ ਉਹ ਗੁਰੇ ਅਤੇ ਸਵਰਨੋ ਕੋਲੋ ਦਬਦੀ ਸੀ---
ਇੱਕ ਗੱਲ ਹੋਰ---ਬੇਬੇ ਬਾਪੂ ਨੂੰ ਇਹ ਵੀ ਡਰ ਸੀ ਕਿ ਕਿਤੇ ਮੈਂ ਵੀ ਆਪਣੀਆਂ ਭੈਣਾਂ ਵਾਂਗ ਕਿਸੇ ਮਹਿਲਾ ਆਸ਼ਰਮ `ਚ ਨਾ ਜਾ ਕੇ ਬਹਿ ਜਾਵਾਂ---ਪਰ ਮੇਰਾ ਹੁਣ ਘਰ ਵਿੱਚ ਦਮ ਘੁਟਣ ਲੱਗ ਪਿਆ ਸੀ---
41
ਮੇਰੀਆਂ ਭੈਣਾਂ ਦੇ ਵਿਆਹ ਹੋ ਗਏ---ਉਹਨਾਂ ਨੂੰ ਮਨ ਪਸੰਦ ਦੇ ਅਤੇ ਕਦਰ ਕਰਨ ਵਾਲੇ ਜੀਵਨ ਸਾਥੀ ਮਿਲੇ ਸਨ---ਉਹ ਬਹੁਤ ਖੁਸ਼ ਸਨ ਪਰ ਮੈਨੂੰ ਲੈ ਕੇ ਉਹ ਅੰਤਾਂ ਦੀਆਂ ਦੁਖੀ ਸਨ---ਆਪਣੇ ਘਰ ਵਾਲਿਆਂ ਨੂੰ ਮੇਰੇ ਬਾਰੇ ਸਾਰੀ ਸਚਾਈ ਦੱਸ ਕੇ ਉਹ ਉਹਨਾਂ ਨੂੰ ਲੈ ਕੇ ਹੈਡਮਾਸਟਰ ਜੀ ਕੋਲ ਆਈਆਂ---ਹੈਡਮਾਸਟਰ ਜੀ ਆਪਣੇ ਪ੍ਰੀਵਾਰ ਸਮੇਤ ਸਕੂਲ ਦੇ ਪਿੱਛੇ ਬਣੇ ਕਮਰੇ ਵਿੱਚ ਈ ਰਹਿੰਦੇ ਸਨ---ਉਹਨਾਂ ਦੀਆਂ ਦੋ ਲੜਕੀਆਂ ਸਨ ਜਿਹੜੀਆਂ ਪੜ੍ਹ ਲਿਖ ਕੇ ਨੌਕਰੀ ਕਰਦੀਆਂ ਸਨ।
ਉਹ ਚਾਰੇ ਜਣੇ ਹੈਡਮਾਸਟਰ ਕੋਲ ਆਏ ਤਾਂ ਮੇਰੀਆਂ ਭੈਣਾਂ ਨੇ ਉਸ ਨੂੰ ਮੇਰੀ ਨਰਕ ਵਰਗੀ ਜ਼ਿੰਦਗੀ ਬਾਰੇ ਦੱਸਿਆ---ਮੇਰੇ ਅਤੇ ਸਵਰਨੀ ਨਾਲ ਟਿਕਾਣੇ ਵਿੱਚ ਹੋਈ ਸਾਰੀ ਵਾਰਦਾਤ ਸੁਣਾਈ ਤੇ ਟਿਕਾਣੇ ਤੋਂ ਮਿਲੀਆਂ ਸਵਰਨੀ ਦੀਆਂ ਕੁੜੀਆਂ ਬਾਰੇ ਵੀ ਵਿਸਥਾਰ ਨਾਲ ਦੱਸਿਆ---ਉਹਨਾਂ ਨੇ ਇਹ ਵੀ ਦੱਸਿਆ ਕਿ ਮਹੰਤ ਦੀ ਬਦਚਲਨੀ ਦਾ ਸ਼ਿਕਾਰ ਇਹ ਦੋਵੇਂ ਈ ਨੀ ਹੋਈਆਂ ਸਗੋਂ ਇਲਾਕੇ ਦੀਆਂ ਪਤਾ ਨੀ ਕਿੰਨੀਆਂ ਈ ਔਰਤਾਂ ਹੋਈਆਂ ਹੋਣਗੀਆਂ---ਇਸ ਵਿਸ਼ੇ ਉਤੇ ਬਹੁਤ ਦੇਰ ਚਰਚਾ ਹੋਈ---
ਹੈਡਮਾਸਟਰ ਸਾਡੇ ਇਲਾਕੇ ਵਿੱਚ ਇੱਕ ਸਤਿਕਾਰ ਯੋਗ ਵਿਅਕਤੀ ਸੀ---ਉਹਦਾ ਲੋਕੀ ਦਿਲੋਂ ਆਦਰ ਸਤਿਕਾਰ ਕਰਦੇ ਸਨ---ਲੋਕੀਂ ਆਪਣਾ ਵਿਅਕਤੀਗਤ ਦੁਖ ਸੁਖ ਉਹਦੇ ਕੋਲ ਫਰੋਲ ਦੇ ਤੇ ਉਹ ਉਹਨਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਵੀ ਕਰਦਾ---ਆਰਥਿਕ ਪੱਖੋਂ ਅਤੇ ਪੜ੍ਹਾਈ ਵਿੱਚ ਕਮਜ਼ੋਰ ਬੱਚਿਆਂ ਨੂੰ ਫ਼ਰੀ ਪੜ੍ਹਾਉਦਾ ਤੇ ਉਹਨਾਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦਾ---ਵਿਦਿਆਰਥੀ ਉਹਨਾਂ ਨੂੰ ਇੱਕ ਤਰ੍ਹਾਂ ਪੂਜਦੇ ਸਨ---
ਇਲਾਕੇ ਦੇ ਲੋਕ ਉਸ ਨੂੰ ਉੱਚੇ ਇਖ਼ਲਾਕ ਅਤੇ ਈਮਾਨਦਾਰੀ ਸਦਕਾ ਆਦਰ ਦਿੰਦੇ ਸਨ---ਉਹ ਹੈ ਵੀ ਇਸ ਕਾਬਲ ਸੀ---ਕੁੜੀਆਂ ਪ੍ਰਤੀ ਸਵੇਦਨ ਸੀਲ ਅਤੇ ਸਦਗੁਣਾਂ ਸਦਕਾ ਉਹ ਇਲਾਕੇ ਵਿੱਚ ਹਰਮਨ ਪਿਆਰਾ ਵਿਅਕਤੀ ਸੀ---ਉਹ ਵਾਜਬ ਜ਼ਰੂਰਤਮੰਦ ਵਿਦਿਆਰਥੀਆਂ ਦੀ ਆਰਥਿਕ ਸਹਾਇਤਾ ਵੀ ਕਰ ਦਿੰਦਾ ਸੀ---ਲੋਕਾਂ ਦੇ ਅੱਧੇ ਝਗੜੇ ਤਾਂ ਉਹ ਕੋਲ ਬਠਾ ਕੇ ਈ ਹੱਲ ਕਰਵਾ ਦਿੰਦਾ ਸੀ---
ਮੈਨੂੰ ਉਹ ਬਹੁਤ ਪਿਆਰ ਕਰਦਾ ਸੀ---ਦੁਨੀਆਂ ਵਿੱਚ ਜੇ ਕੋਈ ਮੇਰੀ ਹਾਲਤ ਸਮਝਦਾ ਸੀ ਤਾਂ ਸਿਰਫ਼ ਉਹ ਸੀ---ਉਹ ਸਮਝਦਾ ਸੀ ਕਿ ਨਿਰੰਜਣ ਸਿੰਘ ਨਾਲ ਮੇਰਾ ਕਿਸੇ ਪ੍ਰਕਾਰ ਦਾ ਰਿਸ਼ਤਾ ਨਾਤਾ ਨਹੀਂ ਹੈ ---ਅਸੀਂ ਪਤੀ ਪਤਨੀ ਹਾਂ ਹੀ ਨਹੀਂ---ਮੇਰੀਆਂ ਭੈਣਾ ਦੀ ਗੱਲ ਸੁਣ ਕੇ ਉਹਨੇ ਕਿਹਾ,
“ਦੇਖੋ! ਅਮਰੋ ਪੜ੍ਹੀ ਲਿਖੀ ਸਮਝਦਾਰ, ਸ਼ਹਿਣਸ਼ੀਲ, ਚਰਿੱਤਰਵਾਨ, ਗੁਣੀ ਗਿਆਨੀ, ਸੁਲਝੇ ਵਿਚਾਰਾਂ ਵਾਲੀ, ਸੰਵੇਦਨਸ਼ੀਲ ਤੇ ਦਰਵੇਸ਼ ਲੜਕੀ ਐ ---ਉਹਦਾ ਆਪਣੇ ਪਤੀ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਸੀ---ਬੱਸ ਉਥੇ ਉਸ ਨੂੰ ਪਤੀ ਦੀ ਸਾਂਭ ਸੰਭਾਲ ਲਈ ਹੀ ਰੱਖਿਆ ਹੋਇਆ ਸੀ---ਹੁਣ ਆਪਾਂ ਇਲਾਕੇ ਦੇ ਸਰਪੰਚਾਂ ਨਾਲ ਤੇ ਹੋਰ ਪਤਵੰਤੇ ਸੱਜਣਾਂ ਨਾਲ ਵਿਚਾਰ ਵਟਾਂਦਰਾ ਕਰ ਕੇ ਟਿਕਾਣੇ ਵਿੱਚ ਅਣਚਾਹੀਆਂ ਧੀਆਂ ਲਈ, ਲੋੜਵੰਦਾਂ---ਬੇਕਦਰੀਆਂ ਅਤੇ ਬੇਸਹਾਰਾ ਔਰਤਾਂ ਲਈ ਇੱਕ ਮਹਿਲਾ ਆਸ਼ਰਮ ਖੋਲ੍ਹਦੇ ਆਂ---ਨਾਲੇ ਇਸ ਸਮਾਜ ਸੇਵਾ ਦਾ ਥੋਨੂੰ ਤਜਰਬਾ ਹੋ ਗਿਆ ਐ ---ਇਸ ਆਸ਼ਰਮ ਦੇ ਜ਼ਰੀਏ ਆਪਾਂ ਲੋਕਾਂ ਨੂੰ ਧੀਆਂ ਪ੍ਰਤੀ ਸੰਵੇਦਨਸ਼ੀਲ ਹੋਣ ਲਈ ਪ੍ਰੇਰਿਤ ਕਰੀਏ---ਅਗਲੇ ਮਹੀਨੇ ਮੇਰੀ ਵੀ ਰਿਟਾਇਰਮੈਂਟ ਐ ---ਸਾਡੀਆਂ ਕੁੜੀਆਂ ਸੈਟਲਡ ਨੇ---ਅਸੀਂ ਦੋਵੇਂ ਪਤੀ ਪਤਨੀ ਵੀ ਤੁਹਾਡੇ ਨਾਲ ਉਥੇ ਸੇਵਾ ਕਰਿਆ ਕਰਾਂਗੇ---ਤੁਸੀਂ ਵੀ ਸਾਥ ਦਿਓਗੇ---ਅਮਰੋ ਨੂੰ ਇਸ ਆਸ਼ਰਮ ਦੀ ਇੰਚਾਰਜ ਬਣਾ ਦੇਈਏ---ਸਾਰੀ ਸਰਕਾਰੀ ਕਾਰਵਾਈ ਮੈਂ ਕਰੂੰਗਾ---ਮਹਿਲਾਂ ਆਸ਼ਰਮ ਨੂੰ ਰਜਿਸਟਰ ਕਰਾਉਣ ਦਾ ਵੀ ਮੇਰਾ ਜ਼ਿੰਮਾ---ਬੱਸ ਥੋਡਾ ਸਾਥ ਚਾਹੀਦਾ ਹੈ ---ਨਾਲੇ ਲੋਕਾਂ ਨੂੰ ਜਾਗਰਤ ਕਰੀਏ ਕਿ ਇਹਨਾਂ ਬੂਬਨੇ ਸਾਧਾਂ ਕੋਲ ਮੁੰਡੇ ਹੋਣ ਦੀਆਂ ਦਵਾਈਆਂ ਨਹੀਂ ਹਨ---ਉਹ ਤੁਹਾਡੀਆਂ ਧੀਆਂ ਭੈਣਾਂ ਨੂੰ ਖੇਹ ਖਰਾਬ ਕਰਦੇ ਨੇ---ਆਪਾਂ ਸਾਇੰਟਿਫਿ਼ਕ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਾਂਗੇ---"
ਮੇਰੀ ਘਰ ਵਿੱਚ ਤਾਂ ਹੁਣ ਕੋਈ ਬਹੁਤੀ ਜ਼ਰੂਰਤ ਹੈ ਈ ਨਹੀਂ ਸੀ---ਮੈਂ ਵੀ ਕੁੱਝ ਕਰਨਾ ਚਾਹੁੰਦੀ ਸਾਂ---ਮੈਂ ਮਨ ਮਰਜ਼ੀ ਦੇ ਦਿਨ ਬਤੀਤ ਕਰਨੇ ਚਾਹੰੁਦੀ ਸਾਂ---ਸੋ ਜਦੋਂ ਮੈਨੂੰ ਮੇਰੀਆਂ ਭੈਣਾਂ ਨੇ ਮਾਸਟਰ ਜੀ ਦੀ ਤੇ ਆਪਣੀ ਰਾਇ ਦੱਸੀ ਤਾਂ ਮੈਂ ਅੰਦਰੋ ਖਿੜ ਪੁੜ ਗਈ---
ਫੇਰ ਹੈਡਮਾਸਟਰ ਨੇ, ਮੇਰੇ ਦਿਉਰਾਂ ਜੇਠਾਂ ਨੇ, ਗੁਰੇ ਨੇ ਤੇ ਮੇਰੀਆਂ ਭੈਣਾਂ ਨੇ ਦਿਨ ਰਾਤ ਇੱਕ ਕਰ ਕੇ ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਉਚ ਅਧਿਕਾਰੀਆਂ ਨੂੰ ਮਿਲ ਕੇ, ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਸਮਝਾਇਆ ਕਿ ਟਿਕਾਣਾ ਉਜਾੜ ਹੋਇਆ ਪਿਐ ---ਆਪਾਂ ਇਸ ਬਿਲਡਿੰਗ ਤੋਂ ਲਾਭ ਉਠਾਈਏ---ਇੱਥੇ ਪੰਜਾ ਸੱਤ ਕਮਰੇ ਵੀ ਬਣੇ ਹੋਏ ਨੇ---ਚਾਰ ਦੀਵਾਰੀ ਵੀ ਕੀਤੀ ਕੋਈ ਐ ---ਥੋੜਾ ਬਹੁਤਾ ਫ਼ਰਨੀਚਰ ਤੇ ਤਖਤਪੋਸ਼ ਬਗੈਰਾ ਵੀ ਹੈਗੇ ਨੇ---ਕਿਉਂ ਨਾ ਉਥੇ ਲੋੜਵੰਦ ਬੱਚੀਆਂ ਤੇ ਔਰਤਾਂ ਲਈ ਮਹਿਲਾ ਆਸ਼ਰਮ ਬਣਾ ਲਿਆ ਜਾਵੇ---ਥੋੜੀ ਬਹੁਤੀ ਆਨਾਕਾਨੀ ਤੋਂ ਬਾਦ ਹੈਡਮਾਸਟਰ ਜੀ ਦੇ ਕਹਿਣ ਉਤੇ ਅਤੇ ਜ਼ਿੰਮੇਵਾਰੀ ਲੈਣ ਬਾਦ ਲੋਕ ਰਾਜ਼ੀ ਹੋ ਗਏ---ਲੋਕਾਂ ਨੇ ਰਲ ਕੇ ਟਿਕਾਣੇ ਦੀ ਸਫ਼ਾਈ ਕੀਤੀ---ਕੁੱਝ ਦਾਨੀ ਸੱਜਣਾ ਨੇ ਉੱਥੇ ਲੋੜੀਂਦਾ ਸਮਾਨ ਵੀ ਦਾਨ ਕਰ ਦਿੱਤਾ---
ਸਰਵਸੰਮਤੀ ਨਾਲ ਹੈਡਮਾਸਟਰ ਜੀ ਨੂੰ ਮਹਿਲਾ ਆਸ਼ਰਮ ਦਾ ਸਰਪ੍ਰਸਤ ਚੁਣ ਲਿਆ ਗਿਆ---ਮੈਨੂੰ ਆਸ਼ਰਮ ਦੀ ਪ੍ਰਧਾਨ ਜਾਂ ਸੰਚਾਲਕਾ ਚੁਣਿਆ ਗਿਆ---ਮੇਰੀਆ ਭੈਣਾਂ ਦੀ ਡਿਊਟੀ ਔਰਤਾਂ ਬੱਚੀਆਂ ਦੀ ਸਾਂਭ ਸੰਭਾਲ ਤੇ ਲਾਈ ਗਈ---ਕੁਝ ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਵੀ ਸੰਚਾਲਕ ਕਮੇਟੀ ਵਿੱਚ ਰੱਖਿਆ ਗਿਆ---ਲਾਗ ਪਾਸ ਦੇ ਸਰਪੰਚਾਂ ਨੂੰ ਆਸ਼ਰਮ ਦੀ ਕਾਰ ਗੁਜ਼ਾਰੀ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਅਤੇ ਪੂਰੀ ਨਿਗਰਾਨੀ ਦਾ ਕੰਮ ਸੌਂਪ ਦਿੱਤਾ ਗਿਆ---
ਇਸ ਆਸ਼ਰਮ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਉਪਜ ਰਹੇ ਭਰਮ ਭੁਲੇਖੇ ਦੂਰ ਕਰਨ ਲਈ ਮਹਿਲਾ ਮੰਡਲ ਕਰਮਚਾਰੀਆਂ ਦੀ ਡਿਊਟੀ ਲਈ ਗਈ ਇਲਾਕੇ ਦੇ ਐਮ.ਐਲ.ਏ. ਨੇ ਰਸਮੀ ਤੌਰ ਉਤੇ ਆਸ਼ਰਮ ਦਾ ਉਦਘਾਟਨ ਕਰਦਿਆਂ ਆਸ਼ਰਮ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦੁਆਇਆ---ਇਹ ਗੱਲ ਵੱਖਰੀ ਐ ਕਿ ਉਸ ਦਿਨ ਤੋ ਬਾਦ ਉਹਨੇ ਸਹਾਇਤਾ ਤਾਂ ਕੀ ਕਰਨੀ ਸੀ---ਕਦੇ ਆਸ਼ਰਮ ਵੱਲ ਝਾਕਿਆ ਤੱਕ ਨਹੀਂ---।
ਦੋਸਤੋਂ ਮੈਂ ਪੂਰੀ ਤਰਾਂ ਸਮਰਪਿਤ ਹੋ ਕੇ ਮਹਿਲਾ ਆਸ਼ਰਮ ਦੀ ਸ਼ੁਰੂਆਤ ਕੀਤੀ---ਸਭ ਤੋਂ ਪਹਿਲਾਂ ਸਵਰਨੀ ਦੀਆਂ ਤਿੰਨੋ ਕੁੜੀਆ ਦਾ ਦਾਖਲ ਕੀਤਾ ਹੈਡਮਾਸਟਰ ਜੀ ਨੇ ਕੁੱਝ ਵੱਡੇ ਵਪਾਰੀਆਂ ਦੀ ਸਹਾਇਤਾ ਨਾਲ ਆਸ਼ਰਮ ਵਿੱਚ ਨਿੱਕੀਆਂ ਨਿੱਕੀਆਂ ਪੰਘੂੜੀਆਂ, ਝੂਲੇ ਕੁਰਸੀਆਂ ਤੇ ਹੋਰ ਖੇਡਣ ਦਾ ਸਮਾਨ ਮੁਹੱਈਆ ਕਰਵਾ ਦਿੱਤਾ---ਹੈਡਮਾਸਟਰ ਤੇ ਉਹਨਾਂ ਦੀ ਧਰਮ ਪਤਨੀ ਤਾਂ ਆਸ਼ਰਮ ਨੂੰ ਸਮਰਪਿਤ ਹੈ ਈ ਸਨ---ਉਹਨਾਂ ਦੀਆਂ ਬੇਟੀਆਂ ਵੀ ਮੌਕਾ ਲਗਦੇ ਆਸ਼ਰਮ ਦੀ ਸੇਵਾ ਸੰਭਾਲ ਕਰਦੀਆਂ---
ਬੇਬੇ ਬਾਪੂ ਨੂੰ ਹੁਣ ਮੈਂ ਚੰਗੀ ਲੱਗਣ ਲੱਗ ਪਈ ਸਾਂ---ਸਾਰੇ ਮੈਨੂੰ ਬਹੁਤ ਆਦਰ ਸਤਿਕਾਰ ਦਿੰਦੇ ਸਨ---ਇਹ ਖਿਤਾਬ ਮੈਨੂੰ ਮੇਰੀ ਮਿਹਨਤ, ਲਗਨ, ਈਮਾਨਦਾਰੀ, ਨਿਰਛਲਤਾ, ਭੋਲੇਪਣ, ਸੁਘੜਤਾ ਅਤੇ ਹੋਰ ਗੁਣਾਂ ਬਦਲੇ ਇਲਾਕੇ ਦੇ ਲੋਕਾਂ ਨੇ ਬਖ਼ਸ਼ਿਆ ਹੈ ---ਮੈਂ ਹੁਣ ਬੱਢਿਆਂ ਬੁੱਚਿਆਂ ਜੁਆਨਾਂ ਸਭਨਾਂ ਦੀ ਰਾਜਮਾਤਾ ਹਾਂ---
ਮੈਂ ਦਿਨ ਰਾਤ ਮਿਹਨਤ ਕਰ ਕੇ ਇਹ ਆਸ਼ਰਮ ਆਬਾਦ ਕੀਤਾ ਹੈ ---ਅਸੀਂ ਲੋਕਾਂ ਨੂੰ ਤਨੋ ਮਨੋ ਸਮਝਾਉਣ ਲਈ ਲਗਾਤਾਰ ਪ੍ਰੋਗਰਾਮ ਉਲੀਕਦੇ ਹਾਂ ਤੇ ਉਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਧੀਆਂ ਨੂੰ ਮੁੰਡਿਆਂ ਬਰਾਬਰ ਸਮਝੋ---ਔਰਤਾਂ ਸਾਨੂੰ ਕੁੜੀਆਂ ਨੂੰ ਮਾਰਨ ਪਿੱਛੇ ਕਈ ਸਾਰੇ ਠੋਸ ਕਾਰਨ ਵੀ ਦੱਸਦੀਆਂ ਨੇ---ਇਹਨਾਂ ਕਾਰਨਾ ਵਿਚੋਂ ਇੱਕ ਕਾਰਨ ਸਭਨਾ ਦਾ ਸਾਂਝਾ ਹੰੁਦਾ ਹੈ --- ਉਹ ਇਹ ਕਿ ਮਾਪੇ ਧੀਆਂ ਨੂੰ ਪਾਲ ਪੋਸ ਕੇ ਪੜ੍ਹਾਉਣਾ ਲਿਖਾਉਣਾ ਚਾਹੰੁਦੇ ਨੇ ਪਰ ਜਦੋਂ ਇਹ ਕੁੜੀਆਂ ਚਰਿੱਤਰ ਹੀਣ ਹੋ ਕੇ ਮਾਪਿਆਂ ਦੀ ਪੱਗ ਨੂੰ ਦਾਗ ਲਾਉਂਦੀਆਂ ਨੇ---ਮਨ ਮਰਜ਼ੀ ਕਰਦੀਆਂ ਨੇ---ਵਿਆਹ ਤੋਂ ਪਹਿਲਾਂ ਲਿਵ ਇਨ ਰਿਲੇਸ਼ਨਸ਼ਿੱਪ ਵਿੱਚ ਮਸਤ ਹੁੰਦੀਆਂ ਨੇ ਤੇ ਇਹੋ ਜਿਹੇ ਗਿਰੇ ਹੋਏ ਕੰਮ ਕਰਦੀਆਂ ਨੇ---ਘਰੋਂ ਬਾਹਰ ਨਿਕਲ ਕੇ ਜੀਭ ਦਾ ਸੁਆਦ ਪੂਰਾ ਕਰਨ ਲਈ ਅਤੇ ਫੈਸ਼ਨ ਪੂਰੇ ਕਰਨ ਲਈ ਮੁੰਡਿਆਂ ਨਾਲ ਗਲਤ ਮਲਤ ਰਿਸ਼ਤੇ ਬਣਾ ਕੇ ਉਹਨਾਂ ਕੋਲੋਂ ਪੈਸੇ ਲੈਂਦੀਆਂ ਨੇ ਤਾਂ ਮਾਪਿਆਂ ਨੂੰ ਧੀਆਂ ਬੁਰੀਆਂ ਲਗਦੀਆਂ ਨੇ---ਹਾਸਟਲ ਜਾਂ ਪੀ ਜੀ ਵਿੱਚ ਰਹਿੰਦੀਆਂ ਕੁੜੀਆਂ ਜਦੋਂ ਹੋਮੋਸੈਕਸ਼ੁਐਲਿਟੀ ਵਰਗੇ ਰਿਸ਼ਤੇ ਹੰਢਾਉਂਦੀਆਂ ਨੇ ਤਾਂ ਵੀ ਮਾਪੇ ਧੀਆਂ ਪੈਦਾ ਕਰਨ ਤੋਂ ਡਰਦੇ ਨੇ---
ਫੇਰ ਲੋਕੀਂ ਖ਼ਾਸ ਕਰ ਔਰਤਾਂ ਇਹੋ ਜਿਹੀਆਂ ਹਿਰਦੇ ਵੇਧਕ ਉਦਾਹਰਨਾਂ ਦਿੰਦੀਆਂ ਜਿਹਨਾਂ ਵਿੱਚ ਸੌ ਪ੍ਰਤੀਸ਼ਤ ਕੁੜੀਆਂ ਗਲਤ ਹੁੰਦੀਆਂ ਤਾਂ ਅਸੀਂ ਉਹਨਾਂ ਨੂੰ ਸਮਝਾਉਂਦੇ ਕਿ ਲੜਕੇ ਲੜਕੀਆਂ ਦੋਹਾਂ ਨੂੰ ਹੀ ਸ਼ੁਰੂ ਤੋਂ ਨੈਤਿਕਤਾਂ ਦਾ ਪਾਠ ਪੜ੍ਹਾਓ---ਚੰਗੇ ਸੰਸਕਾਰ ਦਿਓ---ਬੱਚਿਆ ਲਈ ਸਮਾਂ ਕੱਢੋ---ਉਹਨਾਂ ਨਾਲ ਦੋਸਤਾਂ ਵਾਂਗ ਰਹੋ---ਤੇ ਜੇ ਲੜਕੀ ਨੇ ਜੀਵਨ ਸਾਥੀ ਦੀ ਸਹੀ ਚੋਣ ਕੀਤੀ ਹੋਵੇ ਤਾਂ ਉਥੇ ਜ਼ਾਤ ਪਾਤ, ਊਚ ਨੀਚ ਨੂੰ ਕਿਨਾਰੇ ਕਰ ਕੇ ਬੱਚੀਆਂ ਦੀ ਖੁਸ਼ੀ ਵਿੱਚ ਸ਼ਾਮਲ ਹੋਵੋ---ਉਹਨਾਂ ਉਤੇ ਭਰੋਸਾ ਕਰੋ---
ਕੁੱਝ ਕੇਸ ਮੇਰੇ ਕੋਲ ਅਜਿਹੇ ਵੀ ਆਉਂਦੇ ਜਿਹਨਾਂ ਵਿੱਚ ਕੁੜੀਆਂ ਕੁਰਾਹੇ ਪਈਆਂ ਹੁੰਦੀਆਂ---ਸਾਡੇ ਆਸ਼ਰਮ ਦੀ ਸੰਬੰਧਿਤ ਟੀਮ ਇਹਨਾਂ ਕੁੜੀਆਂ ਦੀ ਕਾਉਂਸਲਿੰਗ ਕਰਦੀ ਤੇ ਇਹਨਾਂ ਨੂੰ ਸੁਧਾਰਨ ਵਿੱਚ ਪੂਰਾ ਯੋਗਦਾਨ ਪਾਉਂਦੀ---
ਆਸ਼ਰਮ ਵਿੱਚ ਮਨੋਵਿਗਿਆਨਕ ਕਾਉਂਸਲਰ ਵੀ ਆਉਂਦੇ---ਡਾਕਟਰ ਵੀ ਆਉਂਦੇ---ਅਸੀਂ ਇਲਾਕੇ ਵਿੱਚ ਔਰਤਾਂ ਨੂੰ ਬੀਮਾਰੀਆਂ ਪ੍ਰਤੀ ਜਾਗਰੂਕ ਕਰਦੇ---ਏਡਜ਼ ਵਰਗੀ ਨਾ ਮੁਰਾਦ ਬੀਮਾਰੀ ਨੂੰ ਰੋਕਣ ਲਈ ਅਕਸਰ ਐਕਸਪਰਟ ਬੁਲਾ ਕੇ ਜਾਣਕਾਰੀ ਮੁਹੱਈਆ ਕਰਾਉਂਦੇ---ਫ਼ਰੀ ਮੈਡੀਕਲ ਕੈਪਾਂ ਦਾ, ਖੂਨਦਾਨ ਕੈਪਾਂ ਦਾ ਅਤੇ ਅੰਗਦਾਨ ਕੈਪਾਂ ਦਾ ਆਯੋਜਨ ਕਰਦੇ---
ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਲੋਕ ਮੈਨੂੰ ਐਨਾ ਮਾਣ ਕਿਉਂ ਦੇ ਰਹੇ ਸਨ? ਮੈਂ ਆਪਣੇ ਆਪ ਨੂੰ ਉਹਨਾਂ ਦੇ ਸਤਿਕਾਰ ਪਿਆਰ ਦੇ ਬੋਝ ਹੇਠ ਦਬੀ ਹੋਈ ਮਹਿਸੂਸ ਕਰਦੀ---ਮੈਨੂੰ ਹੈਡਮਾਸਟਰ ਵੀ ਰਾਜਮਾਤਾ ਕਹਿ ਕੇ ਬੁਲਾਉਂਦੇ---
ਅਣਚਾਹੀਆਂ ਕੁੜੀਆਂ ਲਈ ਅਸੀਂ ਟਿਕਾਣੇ ਤੋਂ ਬਾਹਰ ਥੋੜੀ ਵਿੱਥ ਉਤੇ ਇਕ ਝੂਲਾ ਲਟਕਾ ਦਿੱਤਾ ਸੀ ਤੇ ਉਹਦੇ ਉਤੇ ਇੱਕ ਘੰਟੀ ਵੀ ਲਗਾ ਦਿੱਤੀ ਸੀ---ਉਥੇ ਲਿਖ ਕੇ ਲਗਾ ਦਿੱਤਾ ਸੀ ਕਿ ਬੱਚੀ ਨੂੰ ਝੂਲੇ ਵਿੱਚ ਛੱਡਣ ਬਾਦ ਘੰਟੀ ਦਾ ਬਟਣ ਦਬਾ ਦਿਓ ਤਾਂ ਜੋ ਸਾਨੂੰ ਅੰਦਰ ਪਤਾ ਲੱਗ ਜਾਵੇ ਕਿ ਕੋਈ “ਧਰਮੀ ਮਾਪੇ"ਆਪਣੀ ਅਣਚਾਹੀ ਧੀ ਨੂੰ ਛੱਡ ਕੇ ਤੁਰ ਗਏ ਨੇ---
ਹੁਣ ਆਸ਼ਰਮ ਵਿੱਚ ਪੱਚ ਤੀਹ ਨਿੱਕੀਆਂ ਬੱਚੀਆਂ ਤੇ ਸੱਤਰ ਬਜ਼ੁਰਗ ਔਰਤਾਂ ਨੇ---ਤੁਹਾਨੂੰ ਇੱਕ ਗੱਲ ਹੋਰ ਦੱਸਾਂ---?? ਸੁਣ ਕੇ ਹੈਰਾਨ ਹੋਵੋਗੇ ਕਿ ਇਹ ਸੱਤਰ ਦੀਆਂ ਸੱਤਰ ਔਰਤਾਂ ਪੁੱਤਾਂ ਵੱਲੋਂ ਤ੍ਰਿਸਕਾਰੀਆਂ ਹੋਈਆਂ ਤੇ ਪੜਤਾੜਿਤ ਕੀਤੀਆਂ ਹੁੰਦੀਆਂ ਨੇ---ਤਕਰੀਬਨ ਸਾਰੀਆਂ ਨੇ ਜੰਮਣੋਂ ਪਹਿਲਾਂ ਧੀਆਂ ਦਾ ਕਤਲ ਕਰਾਇਆ ਹੋਇਐ ---ਇਹ ਹੁਣ ਅਪਰਾਧ ਬੋਲ ਸਦਕਾ ਇਹਨਾਂ ਅਣਚਾਹੀਆਂ ਨਿੱਕੀਆਂ ਬੱਚੀਆਂ ਦੀ ਦੇਖ ਭਾਲ ਕਰਦੀਆਂ ਨੇ---ਉਹਨਾਂ ਦੀ ਪਾਲਣਾ ਪੋਸ਼ਣਾ ਕਰਦੀਆ ਨੇ---ਜੋ ਬੱਚੀਆਂ ਸਕੂਲ ਜਾਣ ਕਾਬਲ ਹੋ ਜਾਂਦੀਆਂ ਨੇ ਉਹਾਂ ਨੂੰ ਟਿਕਾਣੇ ਦੀ ਵੈਨ ਰਾਹੀਂ ਸਕੂਲ ਭੇਜਿਆ ਜਾਦਾ ਹੈ ---ਮੇਰੀ ਦਿਨੋ ਦਿਨ ਮਾਨਤਾ ਵਧਦੀ ਜਾ ਰਹੀ ਐ ---ਮੈਂ ਇਹਨਾਂ ਅਣਚਾਹੀਆਂ ਧੀਆਂ ਦੀ ਸੇਵਾ ਕਰ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਕਝਦੀ ਹਾਂ---ਮੈਨੂੰ ਤਸੱਲੀ ਹੁੰਦੀ ਹੈ ਕਿ ਮੇਰੀ ਮਿਹਨਤ ਸਦਕਾ ਇਨ੍ਹਾਂ ਬੱਚੀਆਂ ਦੀ ਚੰਗੀ ਪਰਵਵਿਸ਼ ਹੋ ਰਹੀ ਐ ---ਇਹ ਨੇਕ ਇਨਸਾਨ ਬਣ ਰਹੀਆਂ ਨੇ---ਸਮਾਜ ਨੂੰ ਚੰਗੀ ਸੇਧ ਦੇਣ ਦੇ ਕਾਬਲ ਬਣ ਰਹੀਆਂ ਨੇ---
ਸਮੇ ਸਮੇ ਤੇ ਕੁੱਝ ਉਚ ਅਧਿਕਾਰੀ, ਸੀ.ਆਈ.ਡੀ. ਵਾਲੇ, ਕੁੱਝ ਜਾਗਰੂਕ ਸੰਸਥਾਵਾਂ ਦੇ ਸੰਚਾਲਕ ਤੇ ਵਿਜੀਲੈਂਸ ਦੇ ਬੰਦੇ ਆਨੀ ਬਹਾਨੀ ਆਸ਼ਰਮ `ਚ ਆ ਕੇ ਚੈਕ ਕਰਦੇ ਨੇ ਕਿ ਕਿਤੇ ਐਥੇ ਬੱਚੀਆਂ ਨਾਲ ਕੋਈ ਗਲਤ ਵਿਵਹਾਰ ਤਾਂ ਨਹੀਂ ਹੋ ਰਿਹਾ---ਕਿਤੇ ਬੱਚੀਆਂ ਦਾ ਦੁਰਉਪਯੋਗ ਤਾਂ ਨਹੀਂ ਹੋ ਰਿਹਾ---ਇਹ ਸੁਰੱਖਿਅਤ ਵੀ ਹਨ??
ਸ਼ਾਇਦ ਇਹ ਲੋਕ ਮਹਿਲਾ ਆਸ਼ਰਮਾਂ ਵਿੱਚ ਔਰਤਾਂ ਦੇ ਦੁਰਉਪਯੋਗ ਦੀਆਂ ਖਬਰਾਂ ਪੜ੍ਹਦੇ ਸਨ ਇਸ ਕਰਕੇ ਇਹ ਲੋਕ ਸੱਚੇ ਸਨ---ਜਦੋਂ ਇਹੋ ਜਿਹੇ ਲੋਕ ਆਉਂਦੇ ਤਾਂ ਅਸੀਂ ਉਹਨਾਂ ਕੋਲੋਂ ਸੁਝਾਅ ਵੀ ਮੰਗਦੇ---ਫੇਰ ਚੰਗੇ ਸੁਝਾਵਾਂ ਉਤੇ ਅਮਲ ਵੀ ਕੀਤਾ ਜਾਂਦਾ---
ਸਾਡਾ ਮਹਿਲਾ ਆਸ਼ਰਮ ਦਾ ਪ੍ਰੀਵਾਰ ਵਧਦਾ ਜਾ ਰਿਹਾ ਹੈ ਪਰ ਇੱਕ ਗੱਲ ਦੱਸੋ---ਕਿ ਕਿਵੇਂ ਮਮਤਾ ਦੀ ਮੂਰਤ ਮਾਂ ਆਪਣੀ ਧੀ ਨੂੰ ਝੂਲੇ `ਚ ਸਿੱਟ ਜਾਂਦੀ ਐ? ਉਹਨੂੰ ਕਿਵੇਂ ਨੀਂਦ ਆਉਂਦੀ ਹੋਣੀ---ਕਿਵੇਂ ਉਹ ਜਿਗਰ ਦੇ ਟੁਕੜੇ ਨੂੰ ਸਿੱਟ ਕੇ ਵਾਪਸ ਪਰਤਦੀ ਹੋਣੀ---
ਪਿਛਲੇ ਹਫਤੇ ਇੱਕ ਅਨੋਖੀ ਘਟਨਾ ਵਾਪਰੀ---ਇੱਕ ਪਤੀ ਪਤਨੀ ਆਸ਼ਰਮ ਵਿੱਚ ਆਏ---ਉਹਨਾਂ ਨੇ ਦੱਸਿਆਂ ਕਿ ਫਲਾਂ ਤਾਰੀਖ ਨੂੰ ਐਨੇ ਵਜੇ ਅਸੀਂ ਆਪਣੀ ਚਾਰ ਪੰਜ ਸਾਲਾ ਦੀ ਧੀ ਤੁਹਾਡੇ ਕੋਲ ਛੱਡ ਗਏ ਸਾਂ---ਅਸੀਂ ਉਸ ਨੂੰ ਇੱਕ ਝਲਕ ਦੇਖਣੀ ਚਾਹੁੰਦੇ ਹਾਂ---
ਰਜਿਸਟਰ ਫਰੋਲ ਕੇ ਦੇਖਣ ਬਾਦ ਮਾਲਤੀ ਨਾਂ ਦੀ ਬੱਚੀ ਨੂੰ ਦਫਤਰ ਵਿੱਚ ਸੱਦਿਆ ਗਿਆ ਜਿਹੜੀ ਸੱਤਾਂ ਕੁ ਸਾਲਾਂ ਦੀ ਹੋ ਗਈ ਸੀ---ਉਸ ਨੂੰ ਸਹਿਜ ਸੁਭਾਅ ਈ ਦੱਸਿਆ ਗਿਆ ਕਿ ਤੇਰੇ ਮਾਤਾ ਪਿਤਾ ਤੈਨੂੰ ਮਿਲਣ ਆਏ ਨੇ---ਤੁਹਾਨੂੰ ਸੁਣ ਕੇ ਤਾਅਜੁਬ ਹੋਵੇਗਾ ਕਿ ਲੜਕੀ ਨੇ ਸੁਣਦਿਆਂ ਸਾਰ ਰੋਹ ਵਿੱਚ ਆ ਕੇ ਮਾਂ ਬਾਪ ਦੇ ਮੂੰਹ ਤੇ ਥੁੱਕ ਦਿੱਤਾ ਅਤੇ ਕੜਕ ਕੇ ਬੋਲੀ,
“ਮਾਪੇ?? ਮੇਰੇ ਮਾਤਾ ਪਿਤਾ?? ਥੂਹ---ਇਹ ਮੇਰੇ ਮਾਪੇ ਨਹੀਂ ਹੋ ਸਕਦੇ ਮੇਰੇ ਮਾਪੇ ਤਾਂ ਮਰ ਗਏ ਨੇ---ਮੈਂ ਤਾਂ ਹੁਣ ਸਿਰਫ਼ ਰਾਜਮਾਤਾ ਦੀ ਬੇਟੀ ਹਾਂ---ਰਾਜ ਮਾਤਾ ਦੀ---ਤੁਸੀਂ ਉਹ ਦਿਨ ਯਾਦ ਕਰੋ ਜਦੋਂ ਮੈਨੂੰ ਰੋਂਦੀ ਕੁਰਲਾਉਂਦੀ ਨੂੰ ਮਹਿਲਾ ਆਸ਼ਰਮ ਦੇ ਝੁਲੇ `ਚ ਸਿੱਟ ਕੇ ਭੱਜ ਗਏ ਸਓ---ਉਦੋਂ ਹੀ ਤੁਸੀਂ ਮੇਰੇ ਲਈ ਮਰ ਗਏ ਸਓ---" ਉਹ ਪਤੀ ਪਤਨੀ ਆਪਣੀ ਧੀ ਦੀ ਗੱਲ ਸੁਣ ਕੇ ਸ਼ਰਮ ਦੇ ਮਾਰੇ ਵਾਪਸ ਪਰਤ ਗਏ---ਮਾਲਤੀ ਨੇ ਉਹਨਾਂ ਦੀ ਇੱਕ ਵੀ ਗੱਲ ਨਹੀਂ ਸੁਣੀ---ਬੋਲਣ ਈ ਨੀ ਦਿੱਤਾ ਕੁੱਝ---।
ਅਸੀਂ ਆਸ਼ਰਮ ਦੀਆਂ ਬੱਚੀਆਂ ਨੂੰ ਬੋਲਡ, ਸਸ਼ਕਤ, ਨਿਡਰ, ਸੱਚ ਦਾ ਸਾਥ ਦੇਣ ਵਾਲੀਆਂ ਬਣਨ ਲਈ ਪੇ੍ਰਰਦੇ ਹਾਂ---ਅੱਗੇ ਹੈਡਮਾਸਟਰ ਜੀ ਕੁੜੀਆਂ ਦੀ ਰੋਜ ਕਲਾਸ ਲਾਉਂਦੇ ਹੁੰਦੇ ਸਨ ਪਰ ਹੁਣ ਵਧੇਰੇ ਰੁਝਾਨਾ ਸਦਕਾ ਉਹ ਸਿਰਫਂ ਐਤਵਾਰ ਨੂੰ ਹੀ ਕਲਾਸ ਲੈਂਦੇ ਨੇ।
ਮੈਂ ਵੈਸੇ ਤਾਂ ਆਸ਼ਰਮ ਤੋਂ ਬਾਹਰ ਘੱਟ ਵੱਧ ਹੀ ਜਾਂਦੀ ਹਾਂ ਪਰ ਕੁੱਝ ਦਿਨ ਹੋਏ ਮੈਨੂੰ ਸ਼ਹਿਰ ਕਿਸੇ ਪ੍ਰੋਗਰਾਮ ਵਿੱਚ ਜਾਣਾ ਪੈ ਗਿਆ---ਸਾਰੇ ਰਸਤੇ ਮੈਂ ਦੇਖਦੀ ਗਈ ਕਿ ਦੀਵਾਰਾਂ, ਦਰਖਤਾਂ ਅਤੇ ਖੰਭਿਆਂ ਉਤੇ ਕੁੱਝ ਇਸ ਤਰ੍ਹਾਂ ਦੇ ਪੋਸਟਰ ਲੱਗੇ ਹੋਏ ਨੇ---ਕਿ “ਜੇ ਤੁਹਾਨੂੰ ਧੀਆਂ ਬੋਝ ਲਗਦੀਆਂ ਨੇ ਤਾਂ ਇਹਨਾਂ ਨੂੰ ਜੰਮਣ ਤੋਂ ਪਹਿਲਾਂ ਨਾ ਮਾਰੋ---ਪੈਦਾ ਕਰ ਕੇ ਸਾਨੂੰ ਦੇ ਦਿਓ---ਰਾਜ ਮਾਤਾ।" ਇਹ ਪੋਸਟਰ ਦੇਖ ਕੇ ਮੈਨੂੰ ਚੰਗਾ ਵੀ ਲੱਗਿਆ ਤੇ ਮਾੜਾ ਵੀ---ਚੰਗਾ ਇਸ ਲਈ ਲੱਗਿਆ ਕਿ ਚਲੋ ਸਾਨੂੰ ਧੀਆਂ ਬਚਾਉਣ ਦਾ ਨਮਿੱਤ ਬਣਾ ਦਿੱਤਾ ਗਿਐ ---ਇਹ ਸਾਡੀ ਖੁਸ਼ਕਿਸਮਤੀ ਐ ---ਮੰਦਾ ਇਸ ਕਰ ਕੇ ਲਗਦਾ ਕਿ ਲੋਕ ਧੀਆਂ ਪ੍ਰਤੀ ਐਨੇ ਜ਼ਾਲਮ ਕਿਉਂ ਨੇ ਕਿ ਧੀਆਂ ਲਈ ਆਸ਼ਰਮ ਬਣਾਉਣ ਦੀ ਨੌਬਤ ਆ ਗਈ ਐ ---
ਖੈਰ---ਤੁਹਾਡਾ ਬਹੁਤ ਬਹੁਤ ਸ਼ੁਕਰੀਆਂ---ਤੁਸੀਂ ਐਨੇ ਤਹੱਮਲ ਨਾਲ ਮੇਰੀ ਜੀਵਨ ਗਾਥਾ ਸੁਣੀ---ਹੁਣ ਤੁਸੀਂ ਏਸ ਇੱਕ ਮੁਕਾਮ ਤੇ ਖੜ੍ਹੀ ਰਾਜਮਾਤਾ ਦੀ ਇੰਟਰਵਿਊ ਲੈਣ ਆਉਂਦੇ ਹੋ ---ਮਿਲਣ ਆਉਂਦੇ ਹੋ ---ਅਖਬਾਰਾਂ ਦੇ ਮੁੱਖ ਪੰਨਿਆਂ ਉਤੇ ਮੈਨੂੰ ਥਾਂ ਦਿੰਦੇ ਹੋ---ਰੇਡੀਓ ਟੀ.ਵੀ ਚੈਨਲਾਂ ਵਾਲੇ ਕਵਰੇਜ ਕਰਨ ਆਉਂਦੇ ਨੇ---ਪਰ ਦੋਸਤੋ---ਔਹ ਸਾਹਮਣੇ ਤੁਰੀਆਂ ਫਿਰਦੀਆਂ ਬੱਚੀਆਂ ਬਾਰੇ ਗੰਭੀਰਤਾ ਨਾਲ ਸੋਚੋ---ਇਹਨਾਂ ਦੇ ਧਰਮੀ ਮਾਪਿਆਂ ਦਾ ਜਿਗਰਾ ਦੇਖੋ---
ਮੈ ਨਾਮ ਵਿਹੂਣੀ---ਅਣਚਾਹੀ---ਅਪਾਹਜ ਮਨਹੂਸ ਨਹਿਸ ---ਲੰਗੜੀ ਤੁਹਾਡਾ ਧਿਆਨ ਇਹਨਾਂ ਬੱਚੀਆਂ ਵੱਲ ਦੁਆਉਣਾ ਚਾਹੰੁਦੀ ਹਾਂ---ਔਹ ਦੇਖੋ ਗੁੱਡੀ---ਕੁੱਬੀ ਕੁੱਬੀ ਤੁਰੀ ਫਿਰਦੀ ਐ ---ਨਿਕੀਆਂ ਦੋਵੇਂ ਵੀ ਧਿਆਨੇ ਲੱਗੀਆਂ ਹੋਈਆਂ ਨੇ---ਹੋਰ ਵੀ ਕਿੰਨੀਆਂ ਸਾਰੀਆਂ---
ਅੱਛਾ ਚਲਦੇ ਚਲਦੇ ਇੱਕ ਸੁਆਲ ਦਾ ਜਵਾਬ ਦਿੰਦੇ ਜਾਓ---ਤੁਸੀ ਆਪਣੇ ਆਪਣੇ ਖਾਤੇ ਵਿੱਚ ਮੇਰਾ ਨਾਂ ਕੀ ਲਿਖੋਗੇ?
ਲੰਗੜੀ??
ਮਰੋ??
ਅਮਰੋ??
ਦਲੇਰ ਕੁਰ??
ਜਾਂ ਫਿਰ ਰਾਜਮਾਤਾ??
ਤੇ ਨਾਂ ਦੇ ਅੱਗੇ ਕੀ ਲਾਉਗੇ??
ਕੰਵਾਰੀ??
ਜਾਂ ਸ੍ਰੀਮਤੀ??
ਤੇ ਜਾਂ ਫਿਰ ਮੈਡਮ ਨਾਮ ਵਿਹੂਣੀ???
--ਸਮਾਪਤ--