ਕਿਤਾਬ ‘ਮਹਾਰਾਣੀ ਮਾਂ’ ਲੋਕ ਅਰਪਤ
(ਖ਼ਬਰਸਾਰ)
ਅੰਮ੍ਰਿਤਸਰ - ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੇ ਅਧੀਨ ਚਲ ਰਹੇ ਸਾਡਾ ਨਾਟ ਘਰ ਅੰਮ੍ਰਿਤਸਰ ਦੇ ਵਿਹੜੇ ਵਿਚ ਹਰ ਸੋਮਵਾਰ ਦੀ ਤਰ੍ਹਾਂ ਇਸ ਵਾਰ ਵੀ ਬੀਤੀ ਸ਼ਾਮ ਨੂੰ ਹਾਸਿਆਂ ਨਾਲ ਭਰਪੂਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਪ੍ਰੋਗਰਾਮ ਦਾ ਨਾਮ "ਆਜੋ ਹੱਸੀਏ" ਰੱਖਿਆ ਗਿਆ। ਪ੍ਰੋਗਰਾਮ 'ਚ ਸੋਨਾ ਅਕੈਡਮੀ ਦੇ ਅਦਾਕਾਰਾਂ ਵਲੋਂ ਪਹਿਲਾਂ ਲਗਭਗ ਅਲੋਪ ਹੁੰਦੀ ਜਾ ਰਹੀ ਕਲਾ ਭੰਡ ਮਰਾਸੀਆਂ ਦੀ ਪੇਸ਼ਕਾਰੀ ਕੀਤੀ ਗਈ। ਫਿਰ ਛੋਟੇ ਛੋਟੇ ਬੱਚਿਆਂ ਨੇ ਹਾਸਿਆਂ ਨਾਲ ਭਰਪੂਰ ਲਘੂ ਨਾਟਕ ਦੀ ਪੇਸ਼ਕਾਰੀ ਕੀਤੀ। ਪੇਸ਼ਕਾਰੀਆਂ ਦੇਖ ਕੇ ਦਰਸ਼ਕ ਹੱਸ ਹੱਸ ਕੇ ਲੋਟ-ਪੋਟ ਹੁੰਦੇ ਵੇਖੇ ਗਏ। ਇਸ ਮੌਕੇ ਹਿਊਮਨ ਰਾਈਟ ਐਂਟੀ ਕੁਰੱਪਸ਼ਨ ਦੇ ਸੀਨੀਅਰ ਪ੍ਰੈਜੀਡੈਂਟ " ਸੁਮਿਤ ਖੰਨਾ" ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੁਮਿਤ ਖੰਨਾ ਨੂੰ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਅਤੇ ਲਵਲੀ ਪ੍ਰੋਡਕਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਰੰਗਕਰਮੀ ਸਾਹਿਤ ਸਭਾ ਦੇ ਮੈਂਬਰ ਬਲਵਿੰਦਰ ਚਾਵਲਾ ,ਆਰ ਜੀਤ, ਸੋਨੂੰ ਹੂੰਝਣ, ਗਗਨਦੀਪ ਸਿੰਘ ,ਰਵੀ ਸੇਖੋ, ਮਲਕੀਤ ਸਿੰਘ ਭੱਟੀ, ਮੋਹਿਤ ਚਾਵਲਾ ,ਮਨਿੰਦਰ ਸਿੰਘ ਨੌਸ਼ਹਿਰਾ ਆਦਿ ਨੇ ਬਹੁਤ ਵਧੀਆ ਹਾਸਿਆਂ ਨਾਲ ਭਰਪੂਰ ਕਵਿਤਾਵਾਂ ਪੇਸ਼ ਕੀਤੀਆਂ । ਇਸ ਉਪਰੰਤ "ਰਾਜਾ ਹੰਸਪਾਲ" ਦੀ ਕਹਾਣੀਆਂ ਵਾਲੀ ਕਿਤਾਬ "ਮਹਾਰਾਣੀ ਮਾਂ" ਵੀ ਲੋਕ ਅਰਪਣ ਕੀਤੀ ਗਈ । ਇਸ ਮੌਕੇ ਸਾਡਾ ਨਾਟ ਘਰ (ਸੋਨਾ ਅਕੈਡਮੀ) ਦੇ ਸਰਪ੍ਰਸਤ ਦਲਜੀਤ ਸੋਨਾ ਨੇ ਦੱਸਿਆ ਕਿ ਸਾਡਾ ਨਾਟ ਘਰ 'ਚ ਹਰ ਸੋਮਵਾਰ ਸ਼ਾਮ ੬ ਵਜੇ ਇਕ ਨਾਟਕ ਖੇਡਿਆ ਜਾਂਦਾ ਹੈ ,ਜਿਸ ਨੂੰ ਵੇਖਣ ਕੋਈ ਵੀ ਬਿਨਾਂ ਕਿਸੇ ਟਿਕਟ ਦੇ ਆ ਸਕਦਾ ਹੈ। ਭੰਡ ਮਰਾਸੀ 'ਚ ਨਵਦੀਪ ਕਲੇਰ ਅਤੇ ਪਰਮਜੀਤ ਸਿੰਘ ਤੇ ਕੌਮੇਡੀ ਲਘੂ ਨਾਟਕ 'ਚ ਸੀਰਤ,ਹਰਮਨ ਤੇ ਲਵਪ੍ਰੀਤ ਸਿੰਘ ਨੇ ਮੁੱਖ ਭੂਮਿਕਾ ਨਿਭਾਈ। ਇਸ ਮੌਕੇ ਇਕਵਾਕ ਸਿੰਘ ਪੱਟੀ, ਇਕਬਾਲ ਸਿੰਘ , ਹਰਪਿੰਦਰ ਜੀਤ ਕੌਰ, ਰੰਗਕਰਮੀ ਮੈਗਜ਼ੀਨ ਦੇ ਮੁੱਖ ਸੰਪਾਦਕ ਸਤਨਾਮ ਸਿੰਘ ਮੂਧਲ ਤੇ ਫ਼ਿਲਮ ਡਾਇਰੈਕਟਰ ਅਨੀਸ਼ ਵੀ ਮੌਜੂਦ ਸਨ।