ਰਿਸ਼ਤਿਆਂ ਦੀ ਮਰਿਆਦਾ ਅਤੇ ਸਮਾਜਿਕ ਬਰਾਬਰੀ ਹੀ ਦੀਵਾਲੀ ਹੈ
(ਲੇਖ )
ਦੁਸ਼ਹਿਰੇ ਦਾ ਤਿਉਹਾਰ ਲੰਘਦੇ ਸਾਰ ਹੀ ਸਾਰਿਆਂ ਦਾ ਧਿਆਨ ਦੀਵਾਲੀ ’ਤੇ ਆ ਜਾਂਦਾ ਹੈ। ਸਭ ਚਾਅ ਅਤੇ ਮਲਾਰ ਨਾਲ ਦੀਵਾਲੀ ਦਾ ਇੰਤਜ਼ਾਰ ਕਰਨ ਲਗਦੇ ਹਨ। ਇਹ ਰੌਸ਼ਨੀਆਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ। ਜਿਉਂ ਹੀ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਆਪਣੀ ਦਸਤਕ ਦੇ ਕੇ ਜਾਂਦਾ ਹੈ, ਹਰ ਬੱਚੇ ਬੁੱਢੇ, ਜਵਾਨ, ਹਰ ਨੌਕਰੀਪੇਸ਼ਾ ਇੰਸਾਨ ਅਤੇ ਹਰ ਦੁਕਾਨਦਾਰ ਦੇ ਮਨ ’ਚ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਫ਼ੁਲਝੜੀਆਂ ਵਾਂਗ ਖੌਰੂ ਪਾਉਣ ਲਗਦੀਆਂ ਹਨ। ਖੁਸ਼ੀ ’ਚ ਉਭਰਿਆਂ ਚਾਅ ਅਤੇ ਮਲਾਰ ਵੇਖਣ ਵਾਲਾ ਹੁੰਦਾ ਹੈ। ਦੀਵਾਲੀ ਦੀਵਿਆਂ ਦਾ ਤਿਉਹਾਰ ਹੈ। ਇਸ ਦਿਨ ਸਾਰੇ ਨਗਰ ਖੇੜੇ ਵਿੱਚ ਦੀਵੇ ਜਲਾ ਕੇ ਦੀਪਮਾਲਾ ਕੀਤੀ ਜਾਂਦੀ ਹੈ। ਇਹ ਦੀਪਮਾਲਾ ਭਗਵਾਨ ਸ੍ਰੀ ਰਾਮ ਚੰਦਰ ਜੀ ਮਹਾਰਾਜ ਦੇ ਚੌਦਾਂ ਸਾਲ ਦਾ ਬਨਵਾਸ ਕੱਟਣ ਤੋਂ ਬਾਅਦ ਬੁਰਾਈ ਅਤੇ ਹੰਕਾਰ ’ਤੇ ਜਿੱਤ ਹਾਸਿਲ ਕਰਨ ਉਪਰੰਤ ਅਯੁੱਧਿਆ ਪਰਤਣ ਦੀ ਖ਼ੁਸ਼ੀ ਵਿੱਚ ਅਯੁੱਧਿਆ ਦੇ ਨਿਵਾਸੀਆਂ ਵੱਲੋਂ ਕੀਤੀ ਗਈ ਸੀ। ਉਦੋਂ ਤੋਂ ਹੀ ਇਹ ਪ੍ਰਥਾ ਸਾਰੇ ਦੇਸ਼ ਅਤੇ ਰਾਮ ਨਾਮ ਲੇਵਾ ਸੰਗਤਾਂ ਦੇ ਦਿਲਾਂ ਵਿੱਚ ਘਰ ਕੀਤੀ ਹੋਈ ਹੈ। ਉਹ ਉਦੋਂ ਤੋਂ ਹੀ ਇਸ ਪ੍ਰਥਾ ਦਾ ਪਾਲਣ ਕਰਦੇ ਆਏ ਹਨ।
ਸ੍ਰੀ ਰਾਮਾਇਣ ਵਿੱਚ ਹਜ਼ਾਰਾਂ ਸਾਲ ਪਹਿਲਾਂ ਤ੍ਰੇਤਾ ਯੁੱਗ ਵਿੱਚ ਹੋਏ ਅਯੁੱਧਿਆ ਦੇ ਮਹਾਰਾਜਾ ਦਸ਼ਰਥ ਅਤੇ ਜਨਕਪੁਰੀ ਦੇ ਰਾਜਾ ਜਨਕ ਦੇ ਪਰਿਵਾਰਾਂ ਦੀ ਇੱਕ ਕਥਾ ਹੈ। ਇਸ ਸਮੁੱਚੇ ਵਰਤਾਰੇ ਵਿੱਚ ਜੋ ਲੱਛਣ ਉੱਘੜ ਕੇ ਸਾਹਮਣੇ ਆਉਂਦੇ ਹਨ, ਉਸ ਅਨੁਸਾਰ ਰਾਜ ਭਾਗ ਦੀ ਲਾਲਸਾ ਵਿੱਚ ਡੁੱਬੀ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਦੀ ਸੌਤੇਲੀ ਮਾਂ ਕੈਕਈ ਆਪਣੇ ਪੁੱਤਰ ਭਰਤ ਵਾਸਤੇ ਕਿਸ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੀ ਹੈ। ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ, ਮਾਤਾ ਸੀਤਾ ਅਤੇ ਲਛਮਣ ਅਜਿਹੇ ਮਹਾਂਪਾਤਰ ਹਨ, ਜਿੰਨ੍ਹਾਂ ਦੀ ਸਮੁੱਚੀ ਜੀਵਨ ਲੀਲ੍ਹਾ ਵਿੱਚ ਇਕ ਗੱਲ ਉੱਭਰ ਕੇ ਸਪੱਸ਼ਟ ਹੁੰਦੀ ਹੈ ਕਿ ਇੱਕ ਭਰਾ, ਇੱਕ ਪਤਨੀ, ਇੱਕ ਪਤੀ ਅਤੇ ਸਭ ਤੋਂ ਵਧੇਰੇ ਇੱਕ ਮਨੁੱਖ ਹੋਣ ਦੀ ਅਤੇ ਇਨਸਾਨੀ ਕਦਰਾਂ ਕੀਮਤਾਂ ਦੀ ਸਥਾਪਤੀ ।
ਇਨ੍ਹਾਂ ਇੰਸਾਨੀ ਕਦਰਾਂ–ਕੀਮਤਾ ਤੇ ਪਹਿਰਾ ਦੇਣਾ ਅਤੇ ਉਹਨਾਂ ਨੂੰ ਆਪਣੀ ਜਿੰਦਗੀ ’ਚ ਲਾਗੂ ਕਰਨ ਦੇ ਨਾਲ–ਨਾਲ ਹਰ ਇੰਸਾਨ ਨੂੰ ਆਪਣੇ ਪਾਕ–ਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰੱਖਣ ਦੀ ਲੋਕਾਂ ਨੂੰ ਪ੍ਰੇਰਣਾ ਦੇਣ ਦੇ ਕਾਰਨ ਜੋ ਰੋਸ਼ਣ ਤਸਵੀਰ ਸਾਹਮਣੇ ਆਉਂਦੀ ਹੈ, ਉਹੀ ਦੀਵਾਲੀ ਮਨਾਉਣ ਦਾ ਕਾਰਨ ਜਾਪਦਾ ਹੈ।
ਦੀਵਾਲੀ ਦਾ ਇਹ ਤਿਉਹਾਰ, ਭਗਵਾਨ ਸ੍ਰੀ ਰਾਮ ਚੰਦਰ ਜੀ ਮਹਾਰਾਜ ਨਾਲ ਹੀ ਸਬੰਧਤ ਹੈ। ਉਹ ਭਗਵਾਨ ਰਾਮ ਚੰਦਰ ਜੀ, ਜਿਨ੍ਹਾਂ ਨੂੰ ਮਰਯਾਦਾ ਪਰਸ਼ੋਤਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਇਕ ਅਜਿਹੇ ਮਹਾਂ ਗਿਆਨੀ ਵਿਦਵਾਨ ਸਨ ਜਿਨ੍ਹਾਂ ਨੇ ਸਾਰੇ ਰਿਸ਼ਤਿਆਂ ਦੀ ਮਰਿਆਦਾ ਨੂੰ ਪ੍ਰਭਾਸ਼ਿਤ ਕੀਤਾ।
ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਬਾਲ ਅਵਸਥਾ ਵਿੱਚ ਗੁਰੂਕੁਲ ਵਿਖੇ ਸਿੱਖਿਆ ਹਾਸਿਲ ਕਰਨ ਦੌਰਾਣ ਅਤੇ ਬਾਅਦ ਦੇ ਸਾਰੇ ਜੀਵਨ ਵਿੱਚ ਆਪਣੇ ਗੁਰੂ ਦੀ ਹਰ ਗੱਲ ਮੰਨ ਕੇ ਗੁਰੂ ਚੇਲੇ ਦੀ ਮਰਿਯਾਦਾ ਨੂੰ ਪਰਿਭਾਸ਼ਤ ਹੀ ਨਹੀਂ ਕੀਤਾ ਸਗੋਂ ਚਾਰ ਚੰਨ ਵੀ ਲਗਾਏ। ਮਾਤਾ ਸੀਤਾ ਨਾਲ ਸਵੰਬਰ ਵੇਲੇ ਉਹ ਆਪਣੇ ਗੁਰੂ ਜੀ ਨਾਲ ਹੀ ਉਨ੍ਹਾਂ ਦੇ ਹੁਕਮ ਤੇ ਹੀ ਜਨਕਪੁਰੀ ਗਏ ਸਨ। ਉਥੇ ਜਾਣ ਤੇ ਰਾਜਸਭਾ ਵਿੱਚ ਵਿਰਾਜਣ ਤੋਂ ਬਾਅਦ ਵੀ ਗੁਰੂ ਦੇ ਹੁਕਮ ਅਨੁਸਾਰ ਹੀ ਸਵੰਬਰ ਵਾਲਾ ਧਨੁੱਖ (ਧਨੁਸ਼) ਚੁੱਕਿਆ, ਤੋੜਿਆ ਅਤੇ ਸਵੰਬਰ ਵਿੱਚ ਆਪਣੇ ਗੁਰੂ ਅਤੇ ਪੁਰਖਿਆਂ ਦਾ ਮਾਣ ਰੱਖਿਆ।
ਜਦੋਂ ਮਾਤਾ ਕੈਕਈ ਨੇ ਰਾਜਾ ਦਸ਼ਰਥ ਤੋਂ ਆਪਣੇ ਬੀਤੇ ਵਿੱਚ ਸੁਰਖਿਅਤ ਰੱਖੇ ਵਰ ਮੰਗੇ ਕਿ ਰਾਮ ਨੂੰ 14 ਸਾਲਾਂ ਦਾ ਬਨਵਾਸ ਦੇ ਦਿੱਤਾ ਜਾਵੇ ਤਾਂ ਉਸ ਵੇਲੇ ਵੀ ਆਪਜੀ ਨੇ ਮਾਂ–ਪੁੱਤ ਦੀ ਮਰਿਆਦਾ ਨੂੰ ਸਨਮਾਨਿਆ ਅਤੇ ਬਾਅਦ ਵਿੱਚ ਵੀ ਕੈਕਈ ਨੂੰ ਆਪਣੀ ਸਕੀ ਮਾਂ ਦੇ ਬਰਾਬਰ ਹੀ ਹਮੇਸ਼ਾ ਦਰਜਾ ਦਿੱਤਾ। ਪਿਤਾ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਅਤੇ ਪਿਓ–ਪੁੱਤ ਦੇ ਰਿਸ਼ਤੇ ਵਿੱਚ ਪਿਤਾ ਦਾ ਹਰ ਹੁਕਮ ਮੰਨਣ ਦੀ ਮਰਿਆਦਾ ਦਾ ਪਾਲਣ ਕੀਤਾ। ਹਾਲਾਂਕਿ ਬਨਵਾਸ ਮਿਲਣ ਵੇਲੇ ਅਤੇ ਉਨ੍ਹਾਂ ਦੇ ਰਾਜਾ ਬਨਣ ਵਿੱਚ ਸਿਰਫ ਚੰਦ ਕੁ ਘੰਟਿਆਂ ਦਾ ਹੀ ਫਾਸਲਾ ਸੀ। ਰਾਜਪਾਠ ਦਾ ਮੋਹ ਤਿਆਗ ਕੇ ਵੀ ਉਨ੍ਹਾਂ ਨੇ ਤਿਆਗ ਦੀ ਇੱਕ ਮਰਿਆਦਾ ਸਥਾਪਿਤ ਕੀਤੀ।
ਇਸ ਤੋਂ ਬਿਨ੍ਹਾਂ ਵੀ ਆਪਜੀ ਨੇ ਭਰਾਵਾਂ, ਪਤਨੀ, ਮਿੱਤਰਾਂ ਅਤੇ ਭਗਤਾਂ ਨਾਲ ਵੀ ਰਿਸ਼ਤਿਆਂ ਦੀ ਮਰਿਆਦਾ ਸਥਾਪਿਤ ਕੀਤੀ। ਹੋਰ ਤਾਂ ਹੋਰ ਰਾਵਣ ਨਾਲ ਲੜੀ ਜੰਗ ਵੀ ਪੂਰੀ ਤਰ੍ਹਾਂ ਮਰਿਆਦਿਤ ਸੀ। ਬਨਵਾਸ ਤੋਂ ਬਾਅਦ ਮਾਤਾ ਸੀਤਾ ਦਾ ਤਿਆਗ ਵੀ ਰਾਜਧਰਮ ਦੀ ਮਰਿਆਦਾ ਨੂੰ ਸੁਰਜੀਤ ਕਰਨ ਵੱਲ ਹੀ ਇਸ਼ਾਰਾ ਕਰਦਾ ਹੈ। ਜਿੱਥੇ ਉਨ੍ਹਾਂ ਨੇ ਹਰ ਰਿਸ਼ਤੇ ਦੀ ਮਰਿਆਦਾ ਨਿਭਾਈ, ਉਥੇ ਕਿਸੇ ਦੀ ਮਰਿਆਦਾ ਨੂੰ ਸਥਾਪਿਤ ਕਰਨ ਲੱਗਿਆਂ ਕਦੇ ਵੀ ਮੁੰਹ ਤੇ ਕਿਉਂ ਸ਼ਬਦ ਨਹੀਂ ਲਿਆਉਂਦਾ। ਹਰ ਘੜੀ ਖਿੜੇ ਮੱਥੇ ਪ੍ਰਵਾਨ ਕੀਤੀ। ਰਿਸ਼ਤਿਆਂ ਨੂੰ ਨਿਭਾਉਣਾ ਉਨ੍ਹਾਂ ਦੀ ਸਮਰਪਣ ਦੀ ਭਾਵਨਾ ਅਤੇ ਹਰ ਕਾਰਜ ਨੂੰ ਹੱਸ ਕੇ ਪ੍ਰਵਾਨ ਕਰਨਾ ਉਨ੍ਹਾਂ ਦੀ ਧਨਾਤਮਕਤਾ (ਪਾਜ਼ਿਟੀਵਟੀ) ਨੂੰ ਦਰਸ਼ਾਉਂਦਾ ਹੈ।
ਇੱਕ ਹੋਰ ਗੱਲ ਜੋ ਉਭਰ ਕੇ ਸਾਹਮਣੇ ਆਉਂਦੀ ਹੈ, ਉਹ ਇਹ ਕਿ ਉਨ੍ਹਾਂ ਨੇ ਆਪਣੇ ਸਾਰੇ ਬਨਵਾਸ ਦੋਰਾਣ ਔਕੜ ਪੈਣ ’ਤੇ ਉਨ੍ਹਾਂ ਲੋਕਾਂ ਦਾ ਸਾਥ ਤੇ ਪਿਆਰ ਲਿਆ ਜਿਨ੍ਹਾਂ ਨੂੰ ਸਮਾਜ ਵੱਲੋਂ ਪਿੱਛੇ ਸੁਟਿਆ ਹੋਇਆ ਸੀ। ਉਹ ਚਾਹੁੰਦੇ ਤਾਂ ਅਯੁਧਿਆ ਤੋਂ ਲੈ ਕੇ ਲੰਕਾਂ ਤੱਕ ਦੇ ਰਾਹ ਵਿੱਚ ਆਉਂਦੇ ਕਿਸੇ ਵੀ ਰਾਜੇ ਤੋਂ ਮਦਦ ਲੈ ਸਕਦੇ ਸਨ। ਅਯੁਧਿਆ ਤੋਂ ਮਦਦ ਮੰਗਵਾ ਸਕਦੇ ਸਨ ਪਰ ਉਨ੍ਹਾਂ ਨੇ ਕਿਸੇ ਵੀ ਸੰਪੰਨ ਤੋਂ ਸਹਾਇਤਾ ਨਹੀਂ ਲਈ, ਚਾਹੇ ਉਹ ਕਿਸ਼ਕਿੰਧਾ ਦਾ ਰਾਜਾ ਬਾਲੀ ਹੀ ਕਿਉਂ ਨਾ ਹੋਵੇ। ਉਨ੍ਹਾਂ ਨੇ ਬਾਲੀ ਵੱਲੋਂ ਲਤਾੜੇ ਭਰਾ ਸੁਗ੍ਰੀਵ ਦਾ ਸਾਥ ਦੇਣਾ ਜ਼ਿਆਦਾ ਵਾਜਵ ਮੰਨਿਆ। ਸ਼ਬਰੀ ਦੇ ਬੇਰ ਖਾਣਾ ਕੋਈ ਸਾਧਾਰਨ ਘਟਨਾ ਨਹੀਂ ਹੈ, ਉਹ ਵੀ ਜੂਠੇ। ਇਹ ਘਟਨਾ ਵੀ ਉਨ੍ਹਾਂ ਦੀ ਸਮਾਜ ਦੇ ਦੱਬੇ ਲੋਕਾਂ ਨੂੰ ਪਿਆਰ ਦੇਣ ਅਤੇ ਨਾਲ ਲੈ ਕੇ ਚੱਲਣ ਦੀ ਭਾਵਨਾ ਨੂੰ ਹੀ ਉਜਾਗਰ ਕਰਦੀ ਹੈ। ਸਮਾਜਿਕ ਕਦਰਾਂ ਕੀਮਤਾਂ ਅਤੇ ਬਰਾਬਰੀ ਨੂੰ ਦਰਸ਼ਾਉਂਦੀ ਹੈ। ਆਓ ਇਸ ਦੀਵਾਲੀ ਸਿਰਫ ਦੀਵੇ ਪਟਾਕੇ ਹੀ ਨਾ ਬਾਲੀਏ। ਭਗਵਾਨ ਸ੍ਰੀਰਾਮ ਚੰਦਰ ਜੀ ਦਾ ਆਸ਼ੀਰਵਾਦ ਲੈ ਕੇ ਸਮਾਜ ਵਿੱਚ ਬਰਾਬਰੀ ਲਿਆਈਏ। ਹਰ ਰਿਸ਼ਤੇ ਨੂੰ ਸਨਮਾਨ ਦਈਏ ਅਤੇ ਚੰਗੇ ਸਮਾਜ ਦੀ ਸਿਰਜਣਾ ਕਰੀਏ।