ਸਭ ਰੰਗ

  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗੁਰੂ ਨਾਨਕ ਤਪੋਸਥਾਨ, ਮੰਚੂਖਾ, ਅਰੁਣਾਚਲ ਪ੍ਰਦੇਸ਼ ਦੀ ਵਿਸ਼ੇਸ਼ ਯਾਤ੍ਰਾ / ਦਲਵਿੰਦਰ ਸਿੰਘ ਗਰੇਵਾਲ (ਲੇਖ )
  •    ਪੰਜਾਬੀ ਦੇ ਕੁੱਝ ਠੇਠ ਲਫ਼ਜ਼ ਜੋ ਅਲੋਪ ਹੋ ਗਏ ਹਨ / ਗੁਰਮੀਤ ਸਿੰਘ ਵੇਰਕਾ (ਲੇਖ )
  •    ਬੌਧਿਕਤਾ ਤੇ ਸਿਰਜਨਾ ਦਾ ਕਰਮਸ਼ੀਲ ਸਫਰ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਰਿਸ਼ਤਿਆਂ ਦੀ ਮਰਿਆਦਾ ਅਤੇ ਸਮਾਜਿਕ ਬਰਾਬਰੀ ਹੀ ਦੀਵਾਲੀ ਹੈ / ਸੰਜੀਵ ਝਾਂਜੀ (ਲੇਖ )
  •    ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ / ਬ੍ਰਹਮਜਗਦੀਸ਼ ਸਿੰਘ (ਪੁਸਤਕ ਪੜਚੋਲ )
  •    ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਵਿਚ -ਭਾਸ਼ਾ ਵਿਭਾਗ ਨੇ -ਨਹੀਂ ਨਿਭਾਈ ਆਪਣੀ ਜਿੰਮੇਵਾਰੀ / ਮਿੱਤਰ ਸੈਨ ਮੀਤ (ਲੇਖ )
  • ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ (ਕਵਿਤਾ)

    ਜਸਵਿੰਦਰ ਸਿੰਘ ਰੁਪਾਲ   

    Email: rupaljs@gmail.com
    Cell: +91 98147 15796
    Address: 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ ਡਾਕ : ਗੁਰੂ ਨਾਨਕ ਇਜੀਨੀਅਰਿੰਗ ਕਾਲਜ, ਗਿੱਲ ਰੋਡ
    ਲੁਧਿਆਣਾ India 141006
    ਜਸਵਿੰਦਰ ਸਿੰਘ ਰੁਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    1. ਸ਼ਬਦ ਨਾਲ ਨਿਰੰਕਾਰ ,ਆਕਾਰ ਕੀਤੇ

      ਇਹਦੇ ਨਾਲ ਹੀ ਰਚਿਆ ਜਹਾਨ ਸਾਡਾ।

      ਗੁਪਤ ਨਾਮ ਪ੍ਰਗਟ ਹੋਵੇ ਸ਼ਬਦ ਵਿਚੋਂ,

      ਖੰਡਾਂ ਅਤੇ ਬ੍ਰਹਿਮੰਡਾਂ ਦਾ ਗਿਆਨ ਸਾਡਾ।

      ਚੰਚਲ ਮਨ ਦੀ ਭਟਕਣਾ ਮੁੱਕ ਜਾਵੇ,

    ਸ਼ਬਦ ਵਿੱਚ ਲੱਗੇ ਕੇਰਾਂ ਧਿਆਨ ਸਾਡਾ।

    ਅੰਤਰ-ਆਤਮੇ ਸ਼ਬਦ ਦੀ ਧੁਨ ਗੂੰਜੇ,

    ਹੋਵੇ ਬੰਦ ਸਭ ਬਾਹਰੀ ਬਿਖਿਆਨ ਸਾਡਾ।


    ਸੋਮਾ ਸ਼ਬਦ ਦਾ ਨੇ ਗੁਰੂ ਗ੍ਰੰਥ ਸਾਹਿਬ

     ਇਹੀ ਦੀਨ ਹੈ ਇਹੀ ਈਮਾਨ ਸਾਡਾ।

    ਚਰਨੀਂ ਏਸ ਦੇ ਸੀਸ ਝੁਕਾ ਲਈਏ,

    ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ।


    2. ਜਗਤ-ਜਲ਼ਦਾ ਤੱਕਿਆ ਜਦ ਗੁਰੂ ਨਾਨਕ ,,

     ਬਾਬਾ ਨਿਕਲਿਆ ਇਹਨੂੰ ਉਧਾਰਨੇ ਲਈ।

     ਸੋਹਣੇ ਸ਼ਬਦ ਰਚੇ ਪ੍ਰਭੂ-ਪ੍ਰੇਮ ਵਾਲੇ

     ਏਸ ਬਾਣ ਨਾਲ ਜ਼ੁਲਮ ਨੂੰ ਮਾਰਨੇ ਲਈ।

    ਚਹੁੰ ਦਿਸ਼ਾਵਾਂ ਚ ਕਰੀਆਂ ਉਦਾਸੀਆਂ ਜਾਂ,

    ਸੀਨੇ ਤਪਦੇ ਲੁੱਛਦੇ ਠਾਰਨੇ ਲਈ।

    ਜਿਥੋਂ ਕਿਤੋਂ ਵੀ ਮਿਲੀ ਸੀ ਭਗਤ ਬਾਣੀ,

    'ਕੱਠੀ ਕਰੀ ਸੀ ਜਗਤ ਦੇ ਤਾਰਨੇ ਲਈ ।


     ਗੱਦੀ ਦਿੰਦਿਆਂ ਲਹਿਣੇ ਨੂੰ ਦੇ ਪੋਥੀ,

    ਕਿਹਾ ਸ਼ਬਦ ਹੈ ਗੁਣਾਂ ਦੀ ਖਾਨ ਸਾਡਾ।

    ਚਹੰ ਪਾਸੇ ਨੇ ਗੂੰਜਦੇ ਬੋਲ ਤਾਹੀਂ,

    ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ।


    3. ਨਾਨਕ ਜੋਤ ਦੂਜੀ ਵਾਗ ਸ਼ਬਦ ਵਾਲੀ,

      ਅਮਰਦਾਸ ਜੀ ਤਾਈਂ ਸੰਭਾਲ ਦਿੱਤੀ।

    ਕਰਨਾ ਸਿੱਖੀ ਦਾ ਸਦਾ ਪ੍ਰਚਾਰ ਰਹਿਣਾ,

    ਪੋਥੀ ਸ਼ਬਦ ਵਾਲੀ ਓਹੀ ਨਾਲ ਦਿੱਤੀ।

     ਬਾਣੀ ਰਚੀ ਤੀਜੇ ਚੌਥੇ ਗੁਰੂ ਸਾਹਿਬ,

    ਪੰਜਵੇਂ ਪਾਤਸ਼ਾਹ ਘਾਲਣਾ ਘਾਲ ਦਿੱਤੀ।

    ਉਹਨੂੰ ਦੇ ਕੇ ਤਰਤੀਬ  ਗ੍ਰੰਥ ਰਚਿਆ

    ਇਸ ਸੰਪਾਦਕ ਨੇ ਕਰ ਕਮਾਲ ਦਿੱਤੀ।


    ਹਰੀ ਮੰਦਰ ਵਿੱਚ ਜਦੋ  ਪ੍ਰਕਾਸ਼  ਹੋਇਆ,

      ਧਰਤ ਮਉਲੀ ਤੇ ਟਹਿਕੇ ਅਸਮਾਨ ਸਾਡਾ।

    ਏਸ ਸੂਰਜ ਨੇ ਚਾਨਣ ਖਿਲਾਰਿਆ ਏ,

    ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ।


    4. ਸਿੱਖਾਂ ਤਾਈਂ ਸੀ ਗੁਰੂ ਗੋਬਿੰਦ ਜੀ ਨੇ,

    ਪੜ੍ਹਨ ਲਿਖਣ ਦੀ ਆਦਤ ਬਣਾਈ ਸੋਹਣੀ।

    ਸੁਬਹ ਸ਼ਾਮ ਵਿਚਾਰ ਦਰਬਾਰ ਸੋਹੰਦੇ,,

    ਬਾਣੀ ਉਹਨਾਂ ਨੂੰ ਯਾਦ ਕਰਾਈ ਸੋਹਣੀ।

    ਨੌਂਵੇਂ ਪਾਤਸ਼ਾਹ ਨੇ  ਜੋ ਸੀ ਰਚੀ ਬਾਣੀ,

    ਆਦਿ ਗ੍ਰੰਥ ਵਿੱਚ ਗੁਰਾਂ ਚੜ੍ਹਾਈ ਸੋਹਣੀ।

    ਜੀਹਦੇ ਨਾਲ ਸੰਪੂਰਨ ਗ੍ਰੰਥ ਹੋਇਆ,

    ਮਨੀ ਸਿੰਘ ਤੋਂ ਬੀੜ ਲਿਖਵਾਈ ਸੋਹਣੀ।

    ਕਿਹਾ ਏਸ ਨੂੰ ਸੀਸ ਨਿਵਾਇ ਕੇ ਤੇ,

    " ਸ਼ਬਦ ਗੁਰੂ ਹੀ ਸਦਾ ਪ੍ਰਧਾਨ ਸਾਡਾ"

    ਇਹਦੀ ਜੋਤ ਤੋਂ ਜੋਤ ਜਗਾਓ  ਸਾਰੇ,

    ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ।


    5. ਏਸ ਗ੍ਰੰਥ ਅੰਦਰ ਬਾਣੀਕਾਰ ਪੈਂਤੀ,

    ਐਪਰ ਸਭ ਨੇ ਦਿੱਤਾ ਸੰਦੇਸ਼ ਇੱਕੋ।

    ਜਾਤ ,ਧਰਮ ਇਲਾਕੇ ਸਭ ਵੱਖਰੇ ਨੇ,

     ਮਿੱਠੇ ਬੋਲ ਜਿਉਂ ਬੋਲੇ ਦਰਵੇਸ਼ ਇੱਕੋ।

      ਦੁਆਰ ਸੱਚ ਦੇ ਆਣ ਸਭ ਹੋਏ ਕਠੇ

    ਇੱਕ ਮੰਦਰ ਤੇ ਉਹਦਾ ਪ੍ਰਵੇਸ਼ ਇੱਕੋ।

    ਇੱਥੇ ਅੱਲ੍ਹਾ ਵੀ ਉਹੀ ਤੇ  ਰਾਮ ਓਹੀ,

    ਠਾਕੁਰ, ਬੀਠੁਲ, ਖੁਦਾ ਹਮੇਸ਼ ਇੱਕੋ।


    ਅਸੀਂ ਇੱਕੋ  ਅਕਾਲ ਦੀ ਜੋਤ ਸਾਰੇ,

    ਇੱਕੋ ਸ਼ਬਦ ਹੀ ਪੁਰਾਣ ਕੁਰਾਨ ਸਾਡਾ।

    ਇਹਨੂੰ ਖੋਜ ਕੇ ਬ੍ਰਹਮ ਨੂੰ ਪਾ ਲਈਏ,

    ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ।


    6. ਜੀਵਨ ਜਿਊਣ ਦੀ ਜਾਚ  ਗ੍ਰੰਥ ਦੱਸੇ,,

    ਸੇਵਾ, ਨਿਮਰਤਾ, ਸੂਝ ਸਿਖਾਏ ਸਾਨੂੰ।

    ਕਰਮ ਕਾਂਡ ਪਾਖੰਡ ਤੋਂ ਕਰ ਉੱਚਾ,

    ਇੱਕੋ ਨੂਰ ਦੇ ਪ੍ਰੇਮੀ ਬਣਾਏ ਸਾਨੂੰ।

    ਦਿਲ ਚੋਂ ਮੈਲ ਵਿਕਾਰਾਂ ਦੀ ਕੱਢ ਕੇ ਤੇ,

    ਕੁੰਦਨ ਵਾਂਗਰਾਂ ਪਿਆ ਲਿਸ਼ਕਾਏ ਸਾਨੂੰ।

    ਝੂਠੇ ਜੱਗ ਦੇ ਨਸ਼ੇ ਤਿਆਗ ਕੇ ਤੇ,

    ਲੜ  ਨਾਮ ਦਾ ਇੱਕੋ ਫੜਾਏ ਸਾਨੂੰ।


    ਹੁਕਮਨਾਮੇ ਤੋਂ ਦਿਨ ਆਰੰਭ ਹੋਵੇ,

    ਪੂਰਾ ਹੋਏ ਹਰ ਦਿਲੀ ਅਰਮਾਨ ਸਾਡਾ।

    ਦੇਹਧਾਰੀਆਂ ਨੂੰ ਮੱਥਾ ਟੇਕਣਾ ਨਹੀਂ,

    ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ।


    7.ਸਿਦਕ ਧਾਰ ਕੇ ਗ੍ਰੰਥ ਨੂੰ ਪੜ੍ਹੇ ਜਿਹੜਾ,

    ਰੱਬੀ ਧੁਨ ਉਹਦੇ ਦਿਲ ਵਿੱਚ ਵੱਜਦੀ ਏ।

    ਸੁਰਤ ਜਾਏ ਖਿੱਚੀ ਨੈਣ ਬੰਦ ਹੋਵਣ,

    ਮਾੜੀ ਬਿਰਤੀ ਫਿਰ ਆਪ ਹੀ ਭੱਜਦੀ ਏ।

    ਮਿੱਠੀ ਜਿਹੀ ਆਨੰਦ ਦੀ ਹੋਏ ਬਾਰਸ਼,

    ਪਿਆਸੀ ਜੁੱਗਾਂ ਦੀ ਰੂਹ ਹੁਣ ਰੱਜਦੀ ਏ।

    ਸਹਿਜ ਵਿਚ  ਵਿਸਮਾਦ ਦੀ ਬਣੀ ਚਾਦਰ,

    ਪਾਪ- ਕਰਮ ਲੱਖਾਂ ਸਾਡੇ  ਕੱਜਦੀ ਏ।


    ਬਚਨ ਗੁਰਾਂ ਦੇ ਜਦੋਂ ਕਮਾਣ ਲੱਗੇ,

     ਉਹਦੇ ਘਰ ਵਿਚ ਨਾਂ ਪ੍ਰਵਾਨ ਸਾਡਾ।

     ਇਹਦੇ ਬਿਨਾਂ ਨਾ  ਪਲ ਵੀ ਜੀਅ ਸਕੀਏ,

    ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ।


    8 .ਸ਼ਬਦ ਆਖਦਾ ਸੱਚ ਨੂੰ ਜਾਣ ਪਹਿਲਾਂ,

      ਜੀਵਨ ਵਿਚ ਬਣਾ ਲੈ ਆਚਾਰ ਸੱਚਾ।

      ਝੂਠੇ ਡਰ ਨੇ ਦਿਲੋਂ ਕਾਫ਼ੂਰ ਹੁੰਦੇ,

    ਅੰਦਰ ਵੱਸ ਜਾਏ ਜਦੋਂ ਕਰਤਾਰ ਸੱਚਾ।

    ਕਿਸੇ ਰਾਜ ਤੇ ਮੁਕਤੀ ਦੀ ਲੋੜ ਨਾਹੀ,

     ਕਰਨਾ ਮਾਹੀ ਨਾਲ  ਇਕੋ ਪਿਆਰ ਸੱਚਾ।

    ਉਹਦੇ ਰੰਗ ਵਿੱਚ ਰੰਗਿਆ ਜਾਏ ਜੇਕਰ,

    ਕੋਟ ਜਨਮ ਫਿਰ ਦਿੰਦਾ ਸਵਾਰ ਸੱਚਾ।


    ਆਓ ਨਾਮ ਦੇ ਬੀਜੀਏ ਬੀਜ ਸਾਰੇ,

    ਫੇਰ ਹੋਵੇਗਾ ਹਰ ਇੱਕ ਮੈਦਾਨ ਸਾਡਾ।

    ਸਦਾ ਬਖਸ਼ਿਸ਼ਾਂ ਕਰਦਾ ਏ, ਕਰੇਗਾ ਵੀ,

    ਗ੍ਰੰਥ ਗੁਰੂ ਹੈ ਗੁਰੂ ਮਹਾਨ ਸਾਡਾ।


    9.ਗੁਰੂ ਬਣ ਕੇ ਉਦੋਂ ਤੋਂ ਅੱਜ ਤੀਕਰ,

    ਇਹਨੇ ਕੀਤੀ ਹੈ ਰਹਿਨੁਮਾਈ ਸਾਡੀ।

    ਸਦਾ ਕਿਰਤ ਕਰੀਏ ਕੁਝ ਵੰਡੀਏ ਵੀ,

    ਹੋਈ ਜੱਗ ਵਿੱਚ ਖੂਬ ਵਡਿਆਈ ਸਾਡੀ।

    ਸਾਦਾ ਰਹਿ ਕੇ ਹੋਰਾਂ ਦੇ ਕੰਮ ਆਉਣਾ,

    ਸਤਿਗੁਰ ਬਚਨ ਦੀ ਇਹੋ ਕਮਾਈ ਸਾਡੀ।

    ਬਾਣੀ ਧੁਰੋਂ ਅਕਾਲ ਨੇ ਆਪ ਭੇਜੀ,

    ਚਿੰਤਾ ਜੜ੍ਹ ਤੋਂ ਇਸਨੇ ਮਿਟਾਈ ਸਾਡੀ।


    ਸਦਾ ਮੰਗੀਏ ਭਲਾ ਸਰਬੱਤ ਵਾਲਾ,

    ਤਦੇ ਹੌਂਸਲਾ ਬੜਾ ਬਲਵਾਨ ਸਾਡਾ।

    ਰੋਮ ਰੋਮ ਤੋਂ ਇੱਕੋ ਪੁਕਾਰ ਉਠੇ,

    ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ।


    10.ਜਿੱਥੇ ਜਿੱਥੇ ਵੀ ਹੋਵੇ ਪ੍ਰਕਾਸ਼ ਇਹਦਾ,

      ਲੱਗਦੀ ਸ਼ਬਦ ਦੀ ਸਦਾ ਬਹਾਰ ਉੱਥੇ।

      ਓਥੇ ਕਰਤੇ  ਦੀ ਸਿਫਤ ਸਲਾਹ ਹੁੰਦੀ,

    ਸੋਹਣੇ ਸਾਜਾਂ ਦੀ  ਰਹੇ ਟੁਣਕਾਰ ਉੱਥੇ।

    ਲੰਗਰ ਸਦਾ ਲਈ ਉੱਥੇ ਅਟੁੱਟ ਚੱਲਣ,

    ਹਰ ਇੱਕ ਆਏ ਨੂੰ ਮਿਲੇ ਸਤਿਕਾਰ ਉੱਥੇ।

    ਲੋੜਵੰਦ ਦੀ ਲੋੜ ਹਰ ਹੋਏ ਪੂਰੀ,

    ਕਾਇਮ ਗੁਰੂ ਦੇ ਦੱਸੇ ਮਿਆਰ ਉੱਥੇ।

    ਜਿੱਥੇ ਗ੍ਰੰਥ ਹੈ ਦੇਸ਼ ਵਿਦੇਸ਼ ਅੰਦਰ,


     ਝੂਲੇ ਕੇਸਰੀ ਉੱਥੇ ਨਿਸ਼ਾਨ ਸਾਡਾ ।

    ਮਾਣ ਨਾਲ "ਰੁਪਾਲ" ਤੂੰ ਆਖ ਉੱਚੀ,

    ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ ।