ਸੱਜਣਾ ਮਨ ਨੂੰ ਭਾਉੰਦਿਆ
ਕਦੇ ਵਤਨੀ ਫੇਰਾ ਪਾ,
ਵੇ ਮੈਂ ਚਕਵੀ ਸੋਹਣੇ ਚੰਨ ਦੀ
ਮੇਰੇ ਚਾਵਾਂ ਨੂੰ ਰੁਸ਼ਨਾ ।
ਤੈਨੂੰ ਨਦੀਆਂ ਸਿਜਦਾ ਕਰਦੀਆਂ
ਤੂੰ ਭਰ ਵਗਦਾ ਦਰਿਆ,
ਵੇ ਮੈਂ ਵਾਂਗ ਪਪੀਹੇ ਤੜਫਦੀ
ਕੋਈ ਬੂੰਦ ਸਵਾਂਤੀ ਪਾ ।
ਵੇ ਮੈਂ ਪਿਆਸੀ ਤੇਰੀ ਮਹਿਕ ਦੀ
ਮੈਨੂੰ ਸੀਨੇ ਦੇ ਨਾਲ ਲਾ,
ਤੇਰੇ ਬਾਗ਼ੀ ਚੰਦਨ ਮਹਿਕਦੇ
ਤੇ ਤੂੰ ਕਸਤੂਰੀ ਵਾਅ ।
ਮੈਂ ਪੀਂਘਾਂ ਪਾਵਾਂ ਪਿੱਪਲੀੰ
ਤੂੰ ਝੂਟਾ ਬਣ ਕੇ ਆ.
ਮੈਂ ਬਾਜ਼ੀਆਂ ਲਾਵਾਂ ਅੰਬਰੀੰ
ਵੇ ਕੋਈ ਐਸੇ ਖੰਭ ਲਿਆ ।
ਅਗਲੇ ਜਨਮ ਵਿੱਚ ਮਿਲਣ ਦਾ
ਹਾੜਾ! ਲਾਰਾ ਨਾ ਤੂੰ ਲਾ,
ਕਿਵੇਂ ਪਲਕਾਂ ਨਾਲ਼ੋਂ ਤੋੜਲਾਂ
ਅੱਖੀਂ ਸੁਪਨੇ ਲਏ ਸਜਾ ।
ਨਿੱਤ ਤਲ਼ੀਏੰ ਦੀਵੇ ਬਾਲ ਕੇ
ਮੈਂ ਤੱਕਦੀ ਤੇਰਾ ਰਾਹ ,
ਮੈਂ ਧਰਤੀ ਸੱਜਣਾ ਹਾੜ੍ਹ ਦੀ
ਤੂੰ ਸਾਵਣ ਬਣ ਕੇ ਭਾਅ ।
ਵੇ ਮੈਂ ਦੀਵੇ ਬਾਲਾਂ ਘਿਉ ਦੇ
ਤੇ ਗਲ਼ੀਆਂ ਚੁੰਮ ਲਵਾਂ ,
ਲੈ ਫੁਲਕਾਰੀ ਵੰਡਾਂ ਸ਼ੀਰਨੀ
ਕੋਈ ਖਤ ਆਉਣ ਦਾ ਪਾ।
ਜਾਂ ਫਿਰ ਦੱਸ ਮਜਬੂਰੀਆਂ
ਤੇ ਕਾਹਤੋਂ ਏਨੀਆਂ ਦੂਰੀਆਂ
ਤੂੰ ਮੈਨੂੰ ਵੀ ਸਮਝਾ
ਵੇ ਪ੍ਰਦੇਸੀਆ, ਮੈਨੂੰ ਵੀ ਸ਼ਮਝਾ
ਵੇ ਪ੍ਰਦੇਸੀਆ ਵੇ ਪ੍ਰਦੇਸੀਆ।