ਆਈ ਮੁੱਢ ਕਦੀਮੋਂ ਨਾਲ ਜਬਰ ਦੇ ਲੜਦੀ ਹੈ ਸਿੱਖੀ।
ਬਾਬੇ ਨਾਨਕ ਨੇ ਜਦ ਬੂਟਾ ਸਿੱਖੀ ਦਾ ਲਾਇਆ ਸੀ,
ਜੀਹਨੂੰ ਵੇਖ ਕੇ ਬਾਦਸ਼ਾਹ ਬਾਬਰ ਵੀ ਘਬਰਾਇਆ ਸੀ,
ਜਦੋਂ ਨਾਲ ਮਾਸੂਮਾਂ ਉਸਨੇ ਵੇਖੀ ਖੜਦੀ ਹੈ ਸਿੱਖੀ।
ਆਈ ਮੁੱਢ ਕਦੀਮੋਂ-----------------
ਜਦ ਸੱਚ ਨੂੰ ਜਬਰ ਦੇ ਨਾਲ ਡਰਾਉਣਾ ਚਾਹਿਆ ਸੀ,
ਫਿਰ ਪੰਜਵੇਂ ਗੁਰੂ ਨੇ ਤਵੀ ਤੇ ਆਸਣ ਲਾਇਆ ਸੀ ,
ਵੇਖੀ ਅੱਗ ਦੇ ਉਤੇ ਬੈਠੀ ਬਾਣੀ ਪੜਦੀ ਹੈ ਸਿੱਖੀ।
ਆਈ ਮੁੱਢ ਕਦੀਮੋਂ ਨਾਲ-----------
ਜਬਰੀ ਜਾਂਦਾ ਜਦੋਂ ਹਿੰਦੂ ਧਰਮ ਛਡਾਇਆ ਸੀ,
ਫਿਰ ਨੌਵੇਂ ਗੁਰਾਂ ਨੇ ਸੀਸ ਆਪਣਾ ਭੇਟ ਚੜਾਇਆ ਸੀ,
ਉਬਲਦੀਆਂ ਦੇਗਾਂ ਵਿਚ ਵੇਖੀ ਕੱੜਦੀ ਹੈ ਸਿੱਖੀ।
ਆਈ ਮੁੱਢ ਕਦੀਮੋਂ ਨਾਲ----------
ਪੀਸਣ ਪੀਸ ਸਵਾ ਮਣ ਖੰਨੀ ਤੇ ਕੀਤਾ ਗੁਜਾਰਾ ਸੀ,
ਮੰਗੀ ਨਾ ਮਾਫੀ ਸੀਸ ਉਤੇ ਜਦ ਚੱਲਦਾ ਆਰਾ ਸੀ,
ਤੋਪਾਂ ਮੂਹਰੇ ਹਿੱਕ ਤਾਣ ਵੇਖੀ ਅੜਦੀ ਹੈ ਸਿੱਖੀ।
ਭੁਲਣੇ ਨਹੀਂ ਚਮਕੌਰ ਚ ਸਿੱਖਾਂ ਜੋ ਜੌਹਰ ਵਿਖਾਏ ਸੀ,
ਤਲਵਾਰਾਂ ਅੱਗੇ ਵਾਂਗ ਪੁਤਲੀਆਂ ਵੈਰੀ ਨਚਾਏ ਸੀ,
ਸਰਹੰਦ ਚ ਵੇਖੀ ਕੰਧਾਂ ਦੇ ਵਿਚ ਖੜਦੀ ਹੈ ਸਿੱਖੀ।
ਆਈ ਮੁੱਢ ਕਦੀਮੋਂ ਨਾਲ------------
ਸਿੱਖ ਨਾਂ ਕਿਸੇ ਤੋਂ ਡਰਦਾ ਅਤੇ ਨਾ ਡਰਾਉਦਾ ਹੈ,
ਸੱਚ ਲਈ ਲੜਦਾ ਸਿੱਧੂ ਮੱਥਾ ਝੂਠ ਨਾਲ ਲਾਉਂਦਾ ਹੈ,
ਸੱਚ ਦੀ ਸ਼ਮਾਂ ਤੇ ਪਰਵਾਨੇ ਵਾਂਗ ਸੜਦੀ ਹੈ ਸਿੱਖੀ।
ਆਈ ਮੁੱਢ ਕਦੀਮੋਂ ਨਾਲ ਜਬਰ ਦੇ ਲੜਦੀ ਹੈ ਸਿੱਖੀ।