ਭੁੱਲੇ- ਭਟਕਿਆਂ ਨੂੰ ਸਮਝਾਉਣ ਦੇ ਲਈ ,ਚਰਨ ਨਾਨਕ ਨੇ ਪਾਏ ਸੰਸਾਰ ਅੰਦਰ।
ਵੀਹ ਰੁਪਏ ਦੇ ਚੱਲੇ ਨਹੀਂ ਅਜੇ ਮੁੱਕੇ, ਐਸੇ ਲੰਗਰ ਚਲਾਏ ਸੰਸਾਰ ਅੰਦਰ।
ਬਿਨਾਂ ਖ਼ੌਫ਼ ਦੇ ਬਾਬਰ ਨੂੰ ਕਿਹਾ ਜਾਬਰ ,ਮਰਦ - ਏ- ਕਾਮਲ ਸਦਾਏ ਸੰਸਾਰ ਅੰਦਰ ।
ਜੱਗ ਜਣਨੀ ਨੂੰ ਏਨਾ ਸਤਿਕਾਰ ਦੇ ਕੇ ,ਤੂੰ ਸੁੱਤੇ ਭਾਗ ਜਗਾਏ ਸੰਸਾਰ ਅੰਦਰ।
ਸਾਰੇ ਮੰਤਰਾਂ ਦਾ ਹੈ ਇੱਕੋ ਮੂਲ ਮੰਤਰ ,ਸਵੇਰੇ- ਸ਼ਾਮ ਜਪਾਏ ਸੰਸਾਰ ਅੰਦਰ ।
ਮਲਕ ਭਾਗੋ ਤੇ ਲਾਲੋ ਦੀ ਲੈ ਰੋਟੀ, ਸੁੱਚੀ ਕਿਰਤ ਵਿਖਾਏ ਸੰਸਾਰ ਅੰਦਰ।
ਨਾਮ ਜਪਣ ਤੇ ਵੰਡ ਕੇ ਛਕਣ ਵਾਲੇ, ਤੂੰ ਸੇਵਕ ਸਿੱਖ ਬਣਾਏ ਸੰਸਾਰ ਅੰਦਰ।
ਕਰਕੇ ਚਾਰ ਉਦਾਸੀਆਂ ਜੱਗ ਤਾਈਂ, ਵਹਿਮ- ਭਰਮ ਮੁਕਾਏ ਸੰਸਾਰ ਅੰਦਰ।
ਨਾਨਕ ਲਾਮਾ, ਗੁਰੂ ਤੇ ਪੀਰ ਬਾਬਾ ,ਵਲੀ ਹਿੰਦ ਕਹਾਏ ਸੰਸਾਰ ਅੰਦਰ ।
ਪਵਨ ਗੁਰੂ ਤੇ ਪਾਣੀ ਨਾ ਪਿਤਾ ਹੁਣ ਫਿਰ ,ਓ ਹਾੜਾ ਕੌਣ ਬਚਾਏ ਸੰਸਾਰ ਅੰਦਰ।
ਲੱਖਾਂ ਧਰਤੀਆਂ ਆਕਾਸ਼ ਪਤਾਲ ਇਥੇ ,ਡੂੰਘੇ ਭੇਦ ਸਮਝਾਏ ਸੰਸਾਰ ਅੰਦਰ।
ਸਿੱਧਾਂ ਜੋਗੀਆਂ ਨਾਲ ਵਿਚਾਰ ਕਰਕੇ ,ਐਸੇ ਚਰਚੇ ਕਰਵਾਏ ਸੰਸਾਰ ਅੰਦਰ ।
ਕਰਮ-ਕਾਂਡ ਨੂੰ ਮੁੱਢੋਂ ਮੁਕਾ ਬਾਬੇ, ਵਹਿਮ- ਭਰਮ ਮਿਟਾਏ ਸੰਸਾਰ ਅੰਦਰ।
ਚੁੰਮੇ ਮਿੱਟੀ ਕਰਤਾਰਪੁਰ ਕਦਮ ਤੇਰੇ ,ਉਹੀ ਸਰਹੱਦ ਖੁਲ੍ਹਵਾਏ ਸੰਸਾਰ ਅੰਦਰ।
ਤੇਰੀ ਬਾਣੀ ਨੂੰ ਹਿਰਦੇ ਵਸਾਏ ਜਿਹੜਾ, ਜੈ - ਜੈਕਾਰ ਕਰਵਾਏ ਸੰਸਾਰ ਅੰਦਰ।
ਦੁਨੀਆਂ ਗਾਹ ਕੇ ਤੇਰੀ ਜੋ ਸ਼ਰਨ ਪੈਂਦਾ ,ਆਪਣੀ ਕਿਸਮਤ ਚਮਕਾਏ ਸੰਸਾਰ ਅੰਦਰ ।
ਕਿਰਤ ਕਰੇ ਨਾ ਵੰਡ ਨਾ ਛਕੇ ਜਿਹੜਾ, ਸਮਝੋ ਜੀਵਨ ਗਵਾਏ ਸੰਸਾਰ ਅੰਦਰ ।
ਸੱਚੇ ਦਿਲੋਂ ਉਚਾਰੇ ਜੋ ਗੁਰੂ ਨਾਨਕ ,ਬਾਬਾ ਵੇਲ ਵਧਾਏ ਸੰਸਾਰ ਅੰਦਰ।
ਅੰਮ੍ਰਿਤ ਵੇਲੇ ਜਦ ਜਪੁਜੀ ਦੇ ਬੋਲ ਗੂੰਜਣ ,ਚਾਰ- ਚੁਫੇਰਾ ਮਹਿਕਾਏ ਸੰਸਾਰ ਅੰਦਰ।
ਜਿਸ ਜਗ੍ਹਾ ਵੀ ਬਾਬੇ ਨੇ ਚਰਨ ਪਾਏ, ਉੱਜੜੇ ਗਰਾਂ ਵਸਾਏ ਸੰਸਾਰ ਅੰਦਰ।
ਪੰਜੇ ਨਾਲ ਚੱਟਾਨ ਨੂੰ ਰੋਕ ਬਾਬੇ, ਵਲੀ ਕੰਧਾਰੀ ਝੁਕਾਏ ਸੰਸਾਰ ਅੰਦਰ।
ਸਿੱਧਾਂ - ਜੋਗੀਆਂ ਨਾਲ ਸੰਵਾਦ ਕਰਕੇ ,ਅਸਲੀ ਚਾਨਣ ਕਰਾਏ ਸੰਸਾਰ ਅੰਦਰ ।
ਭੋਲ਼ੇ-ਭਾਲ਼ਿਅਾਂ ਨੂੰ ਜਿਹੜੇ ਲੁੱਟਦੇ ਸੀ ,ਬਾਬੇ ਕੰਨ ਫੜਵਾਏ ਸੰਸਾਰ ਅੰਦਰ।
ਕਰਮ- ਕਾਂਡ ਨੂੰ ਜਿਹੜੇ ਸੀ ਸੱਚ ਕਹਿੰਦੇ ,ਤਰਕ ਨਾਲ ਹਰਾਏ ਸੰਸਾਰ ਅੰਦਰ।
ਜ਼ਾਤ - ਪਾਤ ਦੇ ਨਾਂ ਜਿਨ੍ਹਾਂ ਪਾਈ ਵੰਡੀ ,ਵਹਿਮ - ਭਰਮ ਦਬਾਏ ਸੰਸਾਰ ਅੰਦਰ।
ਜਿਨ੍ਹਾਂ ਲੋਕਾਂ ਨੂੰ ਉੱਚਿਆਂ ਨੀਚ ਕਿਹਾ , ਥੋਥੇ ਬੰਧਨ ਹਟਾਏ ਸੰਸਾਰ ਅੰਦਰ।
ਸਿੱਖ ਪੰਥ ਦੇ ਜਿਹੜੇ ਸੀ ਲਾਏ ਬੂਟੇ, ਹੋ ਗਏ ਦੂਣ ਸਵਾਏ ਸੰਸਾਰ ਅੰਦਰ।
ਹਲਵੇ ਮੰਡੇ ਲਈ ਜਿਨ੍ਹਾਂ ਪਾਖੰਡ ਕੀਤੇ, ਬਾਬਾ ਵੇਖ ਘਬਰਾਏ ਸੰਸਾਰ ਅੰਦਰ ।
ਵੇਈਂ ਨਦੀ ਚੋਂ ਨਿਕਲ ਕੇ ਕਿਹਾ ਸਾਰੇ, ਇਕੋ ਨੂਰ ਦੇ ਜਾਏ ਸੰਸਾਰ ਅੰਦਰ।
ਮਾਤਾ ਤ੍ਰਿਪਤਾ ਦੀ ਕੁੱਖ ਸੁਭਾਗ ਹੋ ਗੲੀ, ਬਾਲ ਨਾਨਕ ਜਦ ਆਏ ਸੰਸਾਰ ਅੰਦਰ ।
ਬਾਬੇ ਦੱਸਿਆ ਇੱਕ ਕਰਤਾਰ ਆਪਣਾ, ਬਾਕੀ ਸਾਕ ਪਰਾਏ ਸੰਸਾਰ ਅੰਦਰ ।
ਨਾਮ ਜੱਪੇ ਤੇ ਰਜ਼ਾ ਵਿੱਚ ਰਹੇ ਜਿਹੜਾ, ਉੱਚੀ ਸੁਰਤ ਚੜ੍ਹਾਏ ਸੰਸਾਰ ਅੰਦਰ ।
ਮੋਦੀਖਾਨੇ ਵਿਚ ਤੇਰਾ - ਤੇਰਾ ਤੋਲ ਕੇ ਤੇ ,ਲੰਗਰ ਰਾਸ਼ਨ ਦੇ ਲਾਏ ਸੰਸਾਰ ਅੰਦਰ।
ਬਾਬੇ ਸਾਹਮਣੇ ਉਨ੍ਹਾਂ ਨੇ ਕਰੀ ਤੋਬਾ ਜਿਨ੍ਹਾਂ ਲੋਕ ਡਰਾਏ ਸੰਸਾਰ ਅੰਦਰ।
ਕਿਹਾ ਜੀਵਾਂ 'ਚ ਆਪ ਉਹ ਵੱਸਦਾ ਹੈ, ਜਿਸ ਨੂੰ ਚਾਹੇ ਬੁਲਾਏ ਸੰਸਾਰ ਅੰਦਰ ।
ਸਾਰੇ ਜੀਵਾਂ ਦੇ ਹਿਰਦੇ ਉਪਦੇਸ਼ ਵੱਸੇ, ਚਾਨਣ ਗੁਰੂ ਫੈਲਾਏ ਸੰਸਾਰ ਅੰਦਰ ।
ਪਿਆਸੀ ਧਰਤ ਨੂੰ ਚਰਨਾਂ ਦੀ ਛੋਹ ਦੇ ਕੇ ,ਜਗਤ-ਗੁਰੂ ਸਦਵਾਏ ਸੰਸਾਰ ਅੰਦਰ।
ਜਿਹੜੇ ਗੂੜ੍ਹ ਗਿਆਨ ਦੀਆਂ ਕਰਨ ਗੱਲਾਂ ,ਗੁਰਾਂ ਆਪ ਪੜ੍ਹਾਏ ਸੰਸਾਰ ਅੰਦਰ ।
ਮਾਤ - ਲੋਕ ਵਿਚ ਆਪ ਅਵਤਾਰ ਲੈ ਕੇ , 'ਨ੍ਹੇਰੇ ਦੂਰ ਭਜਾਏ ਸੰਸਾਰ ਅੰਦਰ।
ਨਜ਼ਰਾਂ ਵਿੱਚ ਜੋ ਨੀਚ ਅਖੌਤੀਆਂ ਦੇ, ਫਡ਼ ਕੇ ਬਾਂਹੋਂ ਉਠਾਏ ਸੰਸਾਰ ਅੰਦਰ ।
ਪੀਰ ਜੱਗ ਦਾ ਵੀਰ ਬੇਬੇ ਨਾਨਕੀ ਦਾ ,ਹਰ ਥਾਂ ਫਤਿਹ ਗਜਾੲੇ ਸੰਸਾਰ ਅੰਦਰ।
ਹੱਥ ਜੋੜ ਕੇ ਕਰਾਂ ਅਰਦਾਸ ਬਾਬਾ ,ਫਿਰ ਸਤਯੁੱਗ ਬਣ ਜਾਏ ਸੰਸਾਰ ਅੰਦਰ ।
ਬਾਬਾ ਨਾਨਕਾ ਫੇਰ ਤੂੰ ਪਾ ਫੇਰਾ, ਹਿਰਦੇ ਠੰਢ ਵਰਤਾੲੇ ਸੰਸਾਰ ਅੰਦਰ ।