ਨਾਮ ਹੀ ਆਖਰ ਪਾਰ ਉਤਾਰੇ
(ਕਵਿਤਾ)
ਗਰਦਿਸ਼ ਵਿੱਚ ਨੇ ਅੰਬਰ ਤਾਰੇ, ਵੇਖੋ ਜੀ।
ਘੁੰਮਣ ਘੇਰੀ ਪਾਸੇ ਚਾਰੇ, ਵੇਖੋ ਜੀ।
ਸੂਰਜ ਘੁੰਮੇ, ਧਰਤੀ ਘੂੰਮੇ, ਘੁੰਮਣ ਖਿਤਿਜ-ਖਲਾਵਾਂ।
ਹੁਕਮ ਹੈ ਉਸਦਾ ਰੁਕੇ ਨਾ ਕੋਈ, ਨਾ ਦਿਨ-ਰਾਤ,ਦਿਸ਼ਾਵਾਂ।
ਅੰਬਰ ਲਟਕੇ ਬਿਨਾ ਸਹਾਰੇ, ਦੇਖੋ ਜੀ।
ਗਰਦਿਸ਼ ਵਿੱਚ ਨੇ ਅੰਬਰ ਤਾਰੇ, ਵੇਖੋ ਜੀ।
ਦੁਨੀਆਂ ਟਿਕਣ ਦੀ ਥਾਂ ਨਾ ਕੋਈ, ਚਲੋ-ਚਲੀ ਦਾ ਮੇਲਾ।
ਹਰ ਕੋਈ ਆਉਂਦਾ ਕੱਲ-ਮੁਕੱਲਾ, ਜਾਂਦਾ ਦਿਸੇ ਇਕੇਲਾ।
ਰੱਬ ਬਿਨਾ ਨਾ ਹੋਰ ਸਹਾਰੇ, ਵੇਖੋ ਜੀ।
ਗਰਦਿਸ਼ ਵਿੱਚ ਨੇ ਅੰਬਰ ਤਾਰੇ, ਵੇਖੋ ਜੀ।
ਕਰੇ ਕਰਾਵੇ ਉੱਪਰ ਵਾਲਾ ਚਿੰਤਾ ਕਾਹਦੀ ਸਾਊ?
ਉਸਦੀ ਮਰਜ਼ੀ ਮੰਨਣਾ ਸਿੱਖ ਲੈ, ਸਭ ਆਪੇ ਹੋ ਜਾਊ।
ਆਪ ਜੀਵਾਵੇ ਆਪੇ ਮਾਰੇ, ਵੇਖੋ ਜੀ।
ਗਰਦਿਸ਼ ਵਿੱਚ ਨੇ ਅੰਬਰ ਤਾਰੇ, ਵੇਖੋ ਜੀ।
ਉਸ ਦਾ ਨਾਮ ਧਿਆਉਣਾ ਸਿੱਖ ਲੈ, ਜੇ ਪਾਉਣਾ ਛੁਟਕਾਰਾ।
ਆਉਣ ਜਾਣ ਤੋਂ ਜਾਨ ਛੁਡਾਉਣੀ, ਇਕੋ ਨਾਮ ਸਹਾਰਾ।
ਨਾਮ ਹੀ ਆਖਰ ਪਾਰ ਉਤਾਰੇ, ਵੇਖੋ ਜੀ।
ਗਰਦਿਸ਼ ਵਿੱਚ ਨੇ ਅੰਬਰ ਤਾਰੇ, ਵੇਖੋ ਜੀ।