ਮੈ ਉਸ ਸਮੇ ਦੀ ਗੱਲ ਕਰ ਰਿਹਾ ਹਾਂ ਜਦੋਂ ਪਿੰਡਾਂ ਵਿੱਚ ਹਰ ਪਰਿਵਾਰ ਦੇ ਸੱਤ ਸੱਤ ਅੱਠ ਅੱਠ ਬੱਚੇ ਹੁੰਦੇ ਸਨ ਅਤੇ ਰਹਿਣ ਵਾਸਤੇ ਕੱਚੀਆ ਇੱਟਾ ਨਾਲ ਬਣੇ ਕੱਚੇ ਕੋਠੇ ਤੇ ਕੋਠੜੀਆਂ ਹੁੰਦੀਆਂ ਸਨ। ਜੋ ਕਾਫ਼ੀ ਠੰਡੇ ਤੇ ਹਵਾਦਾਰ ਹੁੰਦੇ ਸਨ ਅਤੇ ਅੱਜ ਕੱਲ ਦੇ ਏ ਸੀ ਨਾਲ਼ੋਂ ਜ਼ਿਆਦਾ ਅਨੰਦ ਦਿੰਦੇ ਸੀ।ਡੰਗਰਾਂ ਵਾਸਤੇ ਵੱਖਰੇ ਢਾਰੇ ਹੁੰਦੇ ਸਨ। ਉਦੋਂ ਖੇਤੀ ਬਾੜੀ ਅਤੇ ਸਿੰਚਾਈ ਦੇ ਬਹੁਤ ਘੱਟ ਸਾਧਨ ਸਨ, ਟਾਵਾਂ ਟਾਵਾਂ ਕਿਤੇ ਟਿੰਡਾਂ ਵਾਲਾ ਖੂਹ ਦੇਖਣ ਨੂੰ ਮਿਲਦਾ ਸੀ, ਜੋ ਬਲਦ ਨਾਲ ਚੱਲਦੇ ਸੀ, ਖੇਤੀ ਵੀ ਬਲਦਾਂ ਨਾਲ ਹੱਲ ਵਾ ਕੇ ਹੁੰਦੀ ਸੀ ਜਿਸ ਕਰ ਕੇ ਫਸਲਾ ਵੀ ਘੱਟ ਹੁੰਦੀਆਂ ਸਨ। ਲੋਕ ਗਰੀਬੀ ਦੀ ਰੇਖਾ ਚ ਰਹਿ ਕੇ ਮਸਾਂ ਗੁਜ਼ਾਰਾ ਕਰਦੇ ਸੀ, ਜੋ ਤਕਰੀਬਨ ਹਰ ਘਰ ਵਿੱਚ ਇੱਕ ਬੰਦਾ ਛੜਾ ਰਹਿ ਜਾਂਦਾ ਸੀ। ਕਈਆਂ ਬੱਚਿਆ ਦੇ ਮਾਂ ਬਾਪ ਛੋਟੇ ਹੁੰਦਿਆ ਹੀ ਸਵੱਰਗ ਸੁਧਾਰ ਜਾਂਦੇ ਸਨ ਅਤੇ ਉਹ ਬੱਚੇ ਜਵਾਨੀ ਦੀ ਦਹਿਲੀਜ਼ ਜਦੋਂ ਪਾਰ ਕਰ ਜਾਂਦੇ ਸੀ ਅਨਾਥ ਹੋਣ ਕਾਰਨ ਅਕਸਰ ਛੜੇ ਰਹਿ ਜਾਂਦੇ ਸਨ ਉਨ੍ਹਾਂ ਦੀ ਪਿੰਡ ਵਿੱਚ ਅੱਲ ਛੜਿਆਂ ਦਾ ਢੱਬਰ ਕਰ ਕੇ ਵੱਜਦੀ ਸੀ। ਛੜੇ ਆਮ ਕਰ ਕੇ ਬੱਕਰੀਆਂ ਮੱਝਾਂ ਪਾਲ ਕੇ ਆਪਣਾ ਗੁਜ਼ਾਰਾ ਕਰਦੇ ਸਨ। ਇੰਨਾ ਦਾ ਚੁੱਲਾ ਜੋ ਮਿੱਟੀ ਦਾ ਬਣਿਆਂ ਹੁੰਦਾ ਸੀ ਅਕਸਰ ਹਮੇਸ਼ਾ ਬਲਦਾ ਰਹਿੰਦਾ ਸੀ, ਜੋ ਵਿਹਲੜ ਬੰਦੇ ਆਣ ਕੇ ਇੰਨਾਂ ਕੋਲ ਆ ਕੇ ਹਾਸਾ ਮਖੌਲ ਕਰਦੇ ਸਨ, ਇੰਨਾਂ ਦਾ ਪਤੀਲਾ ਹਮੇਸ਼ਾ ਚੁੱਲੇ ਉੱਪਰ ਚੜਿਆ ਰਹਿੰਦਾ ਸੀ। ਕਈ ਸੁਵਾਣੀਆ ਪਾਥੀਆਂ ਦੀ ਧੁਖਦੀ ਹੋਈ ਧੂਣੀ ਅਗਲੇ ਦਿਨ ਅੱਗ ਬਾਲਣ ਲਈ ਸਵਾਹ ਵਿੱਚ ਨੱਪ ਦਿੰਦੀਆਂ ਸਨ।ਜਦੋਂ ਕਦੀ ਕਿਸੇ ਦੇ ਘਰ ਚ ਅੱਗ ਨਹੀਂ ਮਿਲਦੀ ਸੀ ਤਾਂ ਉਹ ਘਰ ਛੜਿਆ ਦਾ ਹੁੰਦਾ ਸੀ ਜਿੱਥੋਂ ਅੱਗ ਮਿਲ ਜਾਂਦੀ ਸੀ।ਜਦੋਂ ਪਿੰਡ ਵਿੱਚ ਕਦੀ ਰਾਸ ਪੈਂਦੀ ਸੀ।ਇਹ ਛੜੇ ਮੌਰਲੀ ਕਤਾਰ ਦੇ ਵਿੱਚ ਜਾ ਕੇ ਬੈਠ ਜਾਂਦੇ ਸਨ।ਰਾਸ ਦੇਖਣ ਲਈ ਇਹ ਸਾਰਿਆ ਲੋਕਾ ਨਾਲ਼ੋਂ ਅੱਗੇ ਹੰਦੇ ਸਨ।ਕਈ ਵਾਰੀ ਇਹ ਛੜੇ ਜਦੋਂ ਰਾਸਧਾਰੀਆ ਮੁੰਡਾ ਲੜਕੀ ਦਾ ਰੂਪ ਧਾਰ ਕੇ ਨੱਚਦਾ ਸੀ ਉਨਾ ਦੇ ਨਾਲ ਆਪਣੇ ਫੇਰੇ ਲੈ ਕੇ ਆਪਣੇ ਵਿਆਹ ਦੀ ਕਾਮਨਾ ਪੂਰੀ ਕਰਦੇ ਸਨ, ਆਪਣੇ ਮੁੰਹ ਵਿੱਚ ਨੋਟ ਪਾ ਕੇ ਲੈਣ ਲਈ ਪ੍ਰੇਰਦੇ ਸਨ। ਜਦੋਂ ਪਿੰਡਾਂ ਵਿੱਚ ਖੁਸਰੇ ਭੰਡ ਕਿਸੇ ਦੇ ਵਿਆਹ ਜਾਂ ਨਵ ਜੰਮੇ ਬੱਚੇ ਦੀ ਖ਼ੁਸ਼ੀ ਵਿੱਚ ਆਉਂਦੇ ਸਨ, ਇਹ ਉਨ੍ਹਾਂ ਨੂੰ ਦੇਖਣ ਵਿੱਚ ਮੋਹਰੀ ਹੁੰਦੇ ਸਨ। ਜਦੋਂ ਬਾਜ਼ੀਗਰ ਬਾਜ਼ੀ ਪਾਉਂਦੇ ਸਨ ਉਨਾ ਦੇ ਕਾਰਨਾਮੇ ਦੇਖ ਤਾੜੀਆਂ ਮਾਰਦੇ ਸਨ, ਦਾਣਿਆਂ ਵਾਲੀ ਭੱਠੀ ਤੇ ਰਾਤ ਬਾਰਾ ਬਾਰਾ ਵਜੇ ਤੱਕ ਰਾਤ ਨੂੰ ਅੱਗ ਸੇਕਦੇ ਸਨ, ਇੱਕ ਦੂਜੇ ਨਾਲ ਠੱਠਾ ਮਖੌਲ ਕਰਦੇ ਸਨ। ਹੁਣ ਦੇ ਜ਼ਮਾਨੇ ਵਾਂਗ ਅਸ਼ਲੀਲਤਾ ਨਹੀਂ ਸੀ, ਕਰੈਕਟਰ ਪੱਖੋਂ ਇਹ ਛੜੇ ਬਹੁਤ ਉੱਚੇ ਸਨ।ਵਿਆਹ ਸ਼ਾਦੀਆਂ ਚ ਜਦੋਂ ਨਾਨਕਾ ਮੇਲ ਆਉਦਾ ਸੀ ਇਹ ਅੱਗੇ ਹੋ ਕੇ ਦੇਖਦੇ ਸਨ, ਅਕਸਰ ਕੁੜੀਆ ਛੜਿਆਂ ਪ੍ਰਤੀ ਗੀਤ ਬੋਲਦੀਆਂ ਸਨ।
ਛੜੇ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਮੱਝ ਝੁੰਗ ਜੇ, ਕਿਉਂਕਿ ਦਿਉਰ ਛੋਟਾ ਹੁੰਦਾ ਸੀ ਤੇ ਭਾਬੀ ਦਾ ਗਹਿਣਾ ਹੁੰਦਾ ਸੀ ਤੇ ਲਾਡਲਾ ਹੁੰਦਾ ਸੀ। ਅਕਸਰ ਕੁੜੀਆ ਵਿਆਹ ਮੌਕੇ ਸਿੱਠਣੀਆਂ ਦੇਦੀਆ ਸਨ, ਜਾਂ ਤਾਂ ਛੜਿਉ ਵਿਆਹ ਕਰਵਾ ਲਉ,ਨਹੀਂ ਤਾਂ ਵੜ ਜਾਉ ਖੂਹ ਦੀ ਟਿੰਡ ਵਿੱਚ ਵੇ,ਛੜੇ ਨਹੀਂ ਰੱਖਣੇ ਪਿੰਡ ਵਿੱਚ ਵੇ। ਜਦੋਂ ਪਿੰਡ ਚ ਮੇਲਾ ਜਾਂ ਛਿੰਜ ਪੈਂਦੀ ਸੀ। ਇਹ ਬੜੇ ਚਾਅ ਨਾਲ ਦੇਖਦੇ ਸੀ। ਪਿੰਡ ਦੀ ਧੜੇਬੰਦੀ ਵਿੱਚ ਇੰਨਾ ਦਾ ਹੱਥ ਹੁੰਦਾ ਸੀ ਵਿਹਲੇ ਹੋਣ ਕਾਰਨ ਇੱਕ ਦੂਜੇ ਦੀ ਗੱਲ ਵਲ ਪਾ ਕੇ ਲੜਾਉਣ ਵਿੱਚ ਵੀ ਇੰਨਾ ਦਾ ਹੱਥ ਹੁੰਦਾ ਸੀ।ਜੇ ਕਰ ਪਿੰਡ ਵਿੱਚੋਂ ਇੰਨਾ ਨੂੰ ਕੋਈ ਮੁੰਡਾ ਚਾਚਾ ਜਾਂ ਤਾਇਆ ਕਹਿੰਦਾ ਸੀ ਬੜੇ ਖੁਸ਼ ਹੁੰਦੇ ਸਨ।ਸਮੇ ਦੀ ਨਜ਼ਾਕਤ ਨਾਲ ਪੰਜਾਬੀ ਗਾਣਿਆਂ ਦੇ ਮਸ਼ਹੂਰ ਕਰੈਕਟਰ ਛੜੇ ਵੀ ਖਤਮ ਹੋ ਗਏ ਹਨ।