ਚੁੱਪ ਰਹਿਕੇ ਨਾ ਡਰਿਆ ਕਰ
ਕਰਨਾ ਜੋ ਉਹ ਕਰਿਆ ਕਰ।
ਬੁੱਕਲ਼ ਵਿੱਚ ਗੁੜ ਭੰਨਣਾ ਕਿਉੰ
ਸ਼ਰ੍ਹੇ ਆਮ ਦਮ ਭਰਿਆ ਕਰ।
ਹਾਕਮ ਹੁਕਮ ਚਲਾਉੰਦੇ ਰਹਿਣ
ਈਨ ਮੰਨ ਨਾਂ ਜਰਿਆ ਕਰ ।
ਲੱਖ ਉੱਠਣ ਤੂਫ਼ਾਨ ਸਾਗਰੋੰ
ਲਹਿਰਾਂ ਬਣ ਬਣ ਤਰਿਆ ਕਰ।
ਪੀੜਾਂ ਦਰਦ ਅਤੇ ਤਨਹਾਈਆਂ
ਇਸ਼ਕ ਸੁਗਾਤਾਂ ਜਰਿਆ ਕਰ।
ਵੈਰੀ ਹੱਥ ਤਲਵਾਰ ਲਿਸ਼ਕਦੀ
ਬਣ ਜਾ ਢਾਲ ਨਾ ਹਰਿਆ ਕਰ
ਪੜ੍ਹ ਫ਼ਰਮਾਨ ਬੇ- ਸਮਝੇ ਦਾ
ਦਿਲ ਤੇ ਪੱਥਰ ਧਰਿਆ ਕਰ।
ਬਲਦਾ ਸਿਵਾ ਜੇ ਦੁਸ਼ਮਣ ਦਾ
ਸੇਕ ਸੇਕ ਨਾਂ ਠਰਿਆ ਕਰ।
‘ਕਾਉੰਕੇ’ ਸਮਝ ਹਕੀਕਤ ਯਾਰ
ਖ਼੍ਵਾਬ ਨਾ ਕੱਠੇ ਕਰਿਆ ਕਰ ।