ਇੱਕ ਦੂਜੇ ਦੇ ਰੱਬ ਗੁਰਿੰਦਰ ਸਿੰਘ ਕਲਸੀ ਦਾ ਪਹਿਲਾ ਅਤੇ ਰੁਮਾਂਸ ਭਰਪੂਰ ਨਾਵਲ ਹੈ।ਨਾਵਲ ਮੱਧਵਰਗੀ ਪਰਿਵਾਰਾਂ ਦੀ ਕਹਾਣੀ ਹੈ।ਇਸ ਦੇ ਪਾਤਰ ਆਰਥਿਕ ਪੱਖੋੰ ਖੁੱਲ੍ਹਾ ਹੱਥ ਹੋਣ ਦੇ ਬਾਵਜੂਦ ਮਾਨਸਿਕ ਸਮੱਸਿਆਵਾਂ ਦਾ ਸੰਤਾਪ ਭੋਗਦੇ ਹਨ।
ਨਾਵਲ ਦੇ ਵੱਡੇ ਹਿੱਸੇ ਵਿੱਚ ਮੁਹੱਬਤ ਦੀਆਂ ਕਾਲੀਆਂ- ਘਟਾਵਾਂ ਖਿਆਲਾਂ ਦੇ ਅੰਬਰ ਵਿੱਚ ਛਾਈਆਂ ਰਹਿੰਦੀਆਂ ਹਨ।ਖੁਸ਼ੀਆਂ ਦੇ ਮੋਰ ਕੂਕਦੇ ਹਨ।ਸੰਧੂਰ ਦੀ ਉਦਾਸੀ ਤੇ ਜ਼ਿੰਦਗੀ ਦੀ ਗੱਡੀ ਪਲਟ ਜਾਣ ਵਾਲੇ ਹਾਦਸਿਆਂ ਦਾ ਰੁਦਨ ਹੈ। "ਪਰਨੀਤ ਦੇ ਵਿਆਹ ਨੂੰ ਸੱਤ ਦਿਨ ਹੋ ਚੁੱਕੇ ਸਨ ਪਰ ਇਹਨਾਂ ਸੱਤਾਂ ਦਿਨਾਂ ਵਿੱਚ ਉਹ ਸੱਤ ਜਨਮਾਂ ਦੀ ਇੱਕਲਤਾ ਭੋਗ ਚੁੱਕੀ ਸੀ।"

ਸੰਖੇਪਤਾ ਤੇ ਉਤਸੁਕਤਾ ਬਰਕਰਾਰ ਰੱਖਣਾ ਨਾਵਲਕਾਰ ਦਾ ਗੁਣ ਹੈ।ਉਹ ਆਪਣੀ ਮਨੋਵਿਗਿਆਨ ਸੂਝ ਨਾਲ਼ ਮਨੁੱਖੀ ਵਲਵਲਿਆਂ ਨੂੰ ਖੂਬਸੂਰਤੀ ਨਾਲ਼ ਰੂਪਮਾਨ ਕਰਨ ਵਿੱਚ ਪ੍ਰਬੀਨ ਹੈ।ਪਾਤਰਾਂ ਦਾ ਵਾਰਤਾਲਾਪ ਪੁਆਧੀ ਪੰਜਾਬੀ ਵਿੱਚ ਹੈ । ਬਥੇਰੀਆਂ ਕੁੜੀਆਂ ਮਰਦੀਆਂ ਤੀਆਂ ਇਹਦੇ ਉੱਪਰ ,ਰਿਸ਼ਤੇ ਵੀ ਬਥੇਰੇ ਆਏ। ਸਾਡੀਆਂ ਤਾਂ ਦੇਹਲੀਆਂ ਘਸਾ ਤੀਆਂ ਲੋਕਾਂ ਨੇ।" ਕਹਾਣੀ ਸਰਕਾਰੀ ਨੌਕਰੀ ਕਰਦੀ ਪਰਨੀਤ ਦੁਆਲੇ ਘੁੰਮਦੀ ਹੈ।ਉਸ ਦਾ ਅਧਿਆਪਕ ਪਤੀ ਜ਼ਿੰਦਗੀ ਦੀ ਪਾਠਸ਼ਾਲਾ ਤੋਂ ਸਬਕ ਲੈਣ ਦੀ ਥਾਂ ਨਸ਼ਿਆਂ ਦੀ ਬਸਤੀ ਵਿੱਚ ਜਾ ਵੜਦਾ ਹੈ।ਉਸਦੀ ਮੌਤ ਕਾਰਨ ਪਰਨੀਤ ਅੰਦਰ ਇੱਕਲਤਾ ਅਤੇ ਭਟਕਣ ਪੈਦਾ ਹੁੰਦੀ ਹੈ । ਜ਼ਿੰਦਗੀ ਦੀਆਂ ਸਮੀਕਰਣਾਂ ਦੇ ਅਰਥ ਬਦਲ ਜਾਂਦੇ ਹਨ।ਉਸਦਾ ਦੁਬਾਰਾ ਵਿਆਹ ਹੋ ਜਾਂਦਾ ਹੈ ਪਰ ਪਹਿਲਾਂ ਭੋਗਿਆ ਸੰਤਾਪ ਉਸਦੇ ਮਨ ਨੂੰ ਸਥਿਰ ਨਹੀਂ ਹੋਣ ਦਿੰਦਾ । ਉਹ ਜੀਵਨ ਵਿੱਚ ਸੁੱਚਤਾ ਅਤੇ ਸੰਪੂਰਨਤਾ ਦੀ ਭਾਲ ਵਿੱਚ ਲਗਾਤਾਰ ਗਤੀਸ਼ੀਲ ਰਹਿੰਦੀ ਹੈ। ਉਹ ਆਪਣੇ ਜੀਵਨ ਦੇ ਕਾਲੇ ਪਰਛਾਵਿਆਂ ਵਿੱਚੋੰ ਜੀਵਨ ਦੇ ਨਕਸ਼ ਲੱਭਦੀ ਹੈ।ਆਪਣੇ ਵਿਭਾਗ ਦੇ ਵਿਆਹੇ ਵਰੇ ਸਹਿਕਰਮੀ ਸਮੀਪ ਨਾਲ਼ ਉਸਦੀ ਨੇੜਤਾ ਹੋ ਜਾਂਦੀ ਹੈ।ਇਸ ਰਿਸ਼ਤੇ ਵਿੱਚ ਦੂਰ ਅੰਦੇਸ਼ੀ ਤੇ ਸਮਾਜਿਕ ਜਿੰਮੇਵਾਰੀਆਂ ਦੀ ਥਾਂ ਭਾਵਨਾਵਾਂ ਦੀਆਂ ਛੱਲਾਂ ਉੱਠਣ ਲੱਗਦੀਆਂ ਹਨ। ਦੋਵਾਂ ਦਾ ਰੁਮਾਂਸ ਇੱਕ ਦੂਜੇ ਵਿੱਚ ਰੱਬ ਅਤੇ ਭਵਿੱਖ ਦੇਖਣ ਲੱਗਦਾ ਹੈ। ਇਹ ਸਰੀਰਕ ਆਕਰਸ਼ਣ ਦੀ ਥਾਂ ਜਜ਼ਬਾਤੀ ਸਾਂਝ ਦੇ ਧਰਾਤਲ 'ਤੇ ਹੜ੍ਹ ਦੇ ਵੇਗ ਵਾਂਗ ਵਿਚਰਦਾ ਹੈ।
ਸਮਾਜਿਕ ਮਰਿਆਦਾ ਦੀ ਕਰੜਾਈ ਦੇ ਘੇਰਿਆਂ ਨੂੰ ਤੋੜ ਕੇ ਮਾਣੇ ਜਾ ਰਹੇ ਇਸ ਰਿਸ਼ਤੇ ਵਿੱਚ ਸ਼ੱਕ ਅਤੇ ਚੁਗਲ਼ਖੋਰਾਂ ਦੀ ਭੱਦਰਕਾਰੀ ਕਾਰਨ ਵੱਡੀ ਹਲਚਲ ਮੱਚਦੀ ਹੈ ਅਤੇ ਰਿਸ਼ਤਾ ਤੀਲਾ ਤੀਲਾ ਹੋ ਜਾਂਦਾ ਹੈ।ਨਾਵਲਕਾਰ ਨੇ ਨਾਰੀ ਮਨ ਦੇ ਭੇਦਾਂ ਦੀ ਗਹਿਰਾਈ ਨੂੰ ਨਾਪਣ ਦਾ ਯਤਨ ਕੀਤਾ ਹੈ। ਉਹ ਮੌਕਾਪ੍ਰਸਤ ਰਾਜਨੀਤੀ , ਨਸ਼ਿਆਂ ਦੀ ਵਿਕਰਾਲ ਸਮੱਸਿਆ ਵਿਚਲਾ ਕਾਲਾ ਸੱਚ ,ਸਰਕਾਰੀ ਕਰਮਚਾਰੀਆਂ ਅੰਦਰ ਆਈਆਂ ਕੁਰੀਤੀਆਂ, ਵੋਟਾਂ ਸਮੇਂ ਅਧਿਆਪਕਾਂ ਦੀ ਖੱਜ਼ਲ-ਖੁਆਰੀ ਖਾਸ ਕਰਕੇ ਪੁਲਿਸ ਅਤੇ ਆਡਿਟ ਕਰਨ ਵਾਲੇ ਕਰਮਚਾਰੀਆਂ ਦੇ ਭ੍ਰਿਸ਼ਟਾਚਾਰ 'ਤੇ ਗੰਭੀਰ ਸੁਆਲ ਖੜ੍ਹੇ ਕਰਦਾ ਹੈ।