ਤਲੀ ਤੇ ਇਸ਼ਕ ਦੀ ਮਚਦੀ ਅੱਗ-ਤਲੀ ਦੀ ਅੱਗ (ਪੁਸਤਕ ਪੜਚੋਲ )

ਤੇਜਿੰਦਰ ਚੰਡਿਹੋਕ   

Cell: +91 95010 00224
Address:
India
ਤੇਜਿੰਦਰ ਚੰਡਿਹੋਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੀ. ਮਾਰਕੰਡਾ ਆਪਣੀ ਨਵੀਂ ਕਾਵਿ ਪੁਸਤਕ ‘ਤਲੀ ਦੀ ਅੱਗ’ ਲੈ ਕੇ ਪਾਠਕਾਂ ਦੀ ਕਚਿਹਰੀ ਵਿੱਚ ਹਾਜ਼ਰ ਹੋਇਆ ਹੈ। ਮਾਰਕੰਡਾ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਉਸਨੇ ਇਸ ਤੋਂ ਪਹਿਲਾਂ ਕਈ ਕਾਵਿ ਸੰਗ੍ਰਹਿ, ਸਫ਼ਰਨਾਮੇ, ਸ਼ਬਦ ਚਿੱਤਰ, ਆਲੋਚਨਾ, ਅਨੁਵਾਦ ਅਤੇ ਸੰਪਾਦਨਾ ਦੀਆਂ ਕਰੀਬ ਦਰਜਨ ਪੁਸਤਕਾਂ ਨਾਲ ਸਾਹਿਤ ਜਗਤ ਵਿੱਚ ਪ੍ਰਪੱਕ ਤੌਰ ਤੇ ਪ੍ਰਵੇਸ਼ ਕੀਤਾ ਹੋਇਆ ਹੈ। ਨਾਲ ਨਾਲ ਉਸਨੂੰ ਪੱਤਰਕਾਰੀ ਵਿੱਚ ਵੀ ਲੋਕਾਂ ਦੀ ਮੁਹੱਬਤ ਮਿਲੀ ਹੋਈ ਹੈ। 
ਕਵਿਤਾ ਦਾ ਨਿਰੰਤਰ ਵਹਿਣ ਕਿਸੇ ਮਹਾਂ ਕਾਵਿ ਨੂੰ ਜਨਮ ਦਿੰਦਾ ਹੈ ਜਿਸ ਨੂੰ ਅਸੀਂ ਲੰਬੀ ਕਵਿਤਾ ਵੀ ਕਹਿੰਦੇ ਹਾਂ। ਇਸੇ ਤਰ੍ਹਾਂ ਦੀ ਕਵਿਤਾ ਜੋ ਇਸ਼ਕ ਹਕੀਕੀ ਤੋਂ ਇਸ਼ਕ ਮਿਜ਼ਾਜੀ ਦਾ ਸਫ਼ਰ ਤਹਿ ਕਰਦੀ ਤਰਕ-ਵਿਤਰਕ ਨਾਲ 25 ਕਾਵਿ ਖੰਡਾਂ ਵਿੱਚ ਵੰਡੀ ਗਈ ਹੈ। ਤਲੀ ਦੀ ਅੱਗ ਪੁਸਤਕ ਵਿੱਚ ਮਾਰਕੰਡਾ ਨੇ ‘ਚਰਨ ਬੰਦਨਾ’ ਤੋਂ ਸ਼ੁਰੂ ਕਰਕੇ ਅਗੇ 25 ਹੋਰ ਕਵਿਤਾਵਾਂ ਇਕੋ ਹੀ ਥੀਮ ਵਿੱਚ ਲਿਖੀਆਂ ਹਨ। ਪੁਸਤਕ ਉਹਨਾਂ ਇਸ਼ਕ ਵਿੱਚ ਗੜੁੱਚੇ ਪਿਆਰਿਆਂ ਨੂੰ ਸਮਰਪਣ ਕੀਤੀ ਹੈ ਜਿਹੜੇ ਇਸ਼ਕ ਦੀ ਅੱਗ ਆਪਣੀ ਤਲੀ ਤੇ ਬਾਲੀ ਰੱਖਦੇ ਹਨ। ਕਵੀ ਦਸਦਾ ਹੈ ਕਿ ਉਸਨੇ ਇਹ ਪੁਸਤਕ ਲਿਖਣ ਲਈ ਕਿੰਨਾ ਸੰਘਰਸ਼ ਕੀਤਾ ਹੈ। ਜਦੋਂ ਮਨ ਵਿੱਚ ਕਵਿਤਾ ਉਗਣੀ ਸ਼ੁਰੂ ਹੋ ਜਾਵੇ ਤਾਂ ਉਹ ਜਿੰਨਾ ਚਿਰ ਸੰਪੂਰਨ ਨਹੀਂ ਹੋ ਜਾਂਦੀ ਕਵੀ ਦੇ ਮਨ ਤੇ ਭਾਰੂ ਰਹਿੰਦੀ ਹੈ ਅਤੇ ਕਵੀ ਦੇ ਮਨ ਨੂੰ ਟਿਕ ਕੇ ਨਹੀਂ ਬਹਿਣ ਦਿੰਦੀ, ਇਹੀ ਹਾਲ ਸਾਡੇ ਮਾਰਕੰਡਾ ਦਾ ਰਿਹਾ ਜਦੋਂ ਤੱਕ ਇਹ ਕਵਿਤਾ (ਕਾਵਿ ਸੰਗ੍ਰਹਿ) ਨੇ ਪੂਰਨ ਰੂਪ ਨਹੀਂ ਲਿਆ ਉਹ ਸ਼ਾਂਤ ਨਹੀਂ ਰਹਿ ਸਕਿਆ।
ਕਵੀ ਕਹਿੰਦਾ ਹੈ ਕਿ ਇਸ਼ਕ ਇਕ ਅਜੇਹੀ ਭਾਵਨਾ ਹੈ ਜਿਸ ਤੋਂ ਸੰਨਿਆਸੀ, ਯੋਗੀ ਵੀ ਨਹੀਂ ਬੱਚ ਸਕਦੇ। ਹੀਰ-ਰਾਂਝਾ, ਸੱਸੀ-ਪੁਨੂੰ, ਸ਼ੀਰੀ-ਫਰਿਹਾਦ ਆਦਿ ਅਨੇਕਾਂ ਅਜੇਹੇ ਪ੍ਰੇਮੀ ਹੋਏ ਹਨ ਜਿਨ੍ਹਾਂ ਨੇ ਇਸ਼ਕ ਦੀ ਅੱਗ ਵਿੱਚ ਹੀ ਜੀਵਨ ਬਤੀਤ ਕੀਤਾ ਹੈ। ਹੱਥਲੀ ਪੁਸਤਕ ਵਿੱਚ ਵੀ ਇਸੇ ਇਸ਼ਕ ਹਕੀਕੀ ਦੀ ਗੱਲ ਕੀਤੀ ਗਈ ਹੈ। ਇਸ਼ਕ ਤਾਂ ਕੱਚੇ ਘੜਿਆਂ ਤੇ ਵੀ ਤਰਨ ਲਾ ਦਿੰਦੈ ਭਾਵੇਂ ਇਲਮ ਹੁੰਦੈ ਕਿ ਇਸ ਨੇ ਪਾਰ ਨਹੀਂ ਲਾਉਣਾ। 
‘ਕੱਚਿਆਂ ਆਖਰ
ਕੱਚ ਕਮਾਉਣਾ
ਇਸ਼ਕ ਝਨਾਂ
ਕਿੱਦਾਂ ਦੱਸ ਤਰਜੇ।’----ਪੰਨਾਂ 48
ਕਵੀ ਵਲੋ ਲਿਖੇ ਕਾਵਿ-ਖੰਡਾਂ ਵਿੱਚੋ-
‘ਅੱਖਾਂ ਗਲੀਆਂ 
ਦੇ ਵੱਲ ਦੌੜਨ
ਮਨ ਦਾ ਮੀਤ 
ਨਾ ਮਿਲਦਾ ਕੋਈ’  ---ਪੰਨਾਂ 24
ਬਿਨਾਂ ਕਿਸੇ ਸੱਜਣ ਪਿਆਰੇ ਦੇ ਜ਼ਿੰਦਗੀ ਵਿੱਚ ਕਿੰਨਾ ਖ਼ਲਾਅ ਪੈਦਾ ਹੁੰਦਾ ਹੈ, ਇਸ ਦਾ ਅਨੁਮਾਨ ਤਾਂ ਉਹੀ ਲਗਾ ਸਕਦਾ ਹੈ ਜੋ ਇਸ਼ਕ ਵਿੱਚੋਂ ਲੰਘਦਾ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਜਿਸ ਤਨ ਲਗੇ ਸੋਈ ਤਨ ਜਾਣੇ। ਇਸ਼ਕ ਵਿੱਚ ਪੈਰ ਰੱਖਣ ਵਾਲੇ ਨੂੰ ਕਿਸੇ ਦੀ ਲੱਜ, ਸ਼ਰਮ, ਹਯਾ ਦੀ ਬਿਲਕੁੱਲ ਪ੍ਰਵਾਹ ਨਹੀਂ ਹੁੰਦੀ ਜਦੋਂ ਸ਼ਾਇਰ ਲਿਖਦਾ ਹੈ-
‘ਹੁਣ ਦੁਨੀਆਂ ਤੋਂ 
ਲੱਜਾ ਕੇਹੀ
ਸ਼ਰਮ ਹਯਾ ਤੋਂ
ਮੂਲ ਨਾ ਡਰਸਾਂ’ ---ਪੰਨਾਂ 35
ਇਸ਼ਕ ਭਾਵੇ ਪੁਰਸ਼ ਨੂੰ ਹੋਵੇ ਜਾਂ ਨਾਰੀ ਨੂੰ ਪਰ ਸਮਾਜ ਵਿੱਚ ਨਾਰੀ ਨੂੰ ਚਲਿਤੱਰਵਾਨ ਦੱਸਿਆ ਹੈ ਕਿ ਨਾਰੀ ਦੇ 365 ਚਲਿਤੱਰ ਹੁੰਦੇ ਹਨ। ਕਵੀ ਕਹਿੰਦਾ ਹੈ-
‘ਤੂੰ ਨਾਰੀ
ਪਰ ਖੇਖਣਹਾਰੀ
ਰਾਜ ਕੁਮਾਰ ਦੇ
ਰਾਹ ਕਿਓਂ ਆਵੇਂ।’ ----ਪੰਨਾਂ 55 ਅਤੇ
‘ਨਾਗ ਦੀ ਜਾਈਏ
ਛੱਡਦੇ ਖਹਿੜਾ
ਕਿਉਂ ਫ਼ੱਕਰਾਂ
ਦੀ ਨੀਂਦ ਉਡਾਵੇਂ।’----ਪੰਨਾਂ 56
ਇਸੇ ਤਰ੍ਹਾਂ ਹੇਠ ਲਿਖੀਆਂ ਪੰਕਤੀਆਂ ਵੀ ਗੌਰ ਤਲਬ ਹਨ-
‘ਹੋਈ ਤੇਰੀ, ਰਹਿਸਾਂ ਤੇਰੀ
ਇਹ ਪੱਕਾ ਸਿਰਨਾਵਾਂ।’---ਪੰਨਾਂ 70
‘ਤੇਰੀ ਰੂਹ ਨੂੰ, ਰੂਹ ’ਚ ਉਤਾਰ ਲੈ,
ਦੇਹ ਨੂੰ ਪਹਿਰਨ, ਵਾਂਗ ਖਿਲਾਰ ਲੈ।’--ਪੰਨਾਂ 79   ਅਤੇ
‘ਮੈਂ ਤੇਰੇ ਅੰਗ ਸੰਗ ਹਾਂ,
ਜਿਵੇਂ ਪੌਣਾਂ ਸੰਗ ਖੁਸ਼ਬੂ ਰਹਿੰਦੀ ਹੈ।’--ਪੰਨਾਂ 85
ਗੱਲ ਕੀ, ਹਥਲੀ ਖੰਡ-ਕਾਵਿ ਪੁਸਤਕ ਵਿਚ ਨਰ-ਨਾਰੀ ਦੇ ਅੰਦਰ ਸੁਲਘਦੇ ਇਸ਼ਕ ਦੇ ਅੰਗਿਆਰ, ਉਸ ਦੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਨੂੰ ਰੋਕਿਆ ਨਹੀਂ ਜਾ ਸਕਦਾ ਤੇ ਉਹ ਕਾਮ ਵੇਗ ਦੇ ਹੱੜ ਵਿੱਚ ਵਹਿ ਤੁਰਦਾ ਹੈ। ਪੁਸਤਕ ਵਿੱਚ ਦਰਸ਼ਨ ਸਿੰਘ ਟਿੱਬਾ ਵਲੋਂ ਹਰ ਖੰਡ-ਕਾਵਿ ਨਾਲ ਬਣਾਏ ਸਬੰਧਤ ਸਕੈਚ ਚਿੱਤਰ ਪੁਸਤਕ ਦੀ ਖ਼ੂਬਸੂਰਤੀ ਨੰੂ ਚਾਰ ਚੰਦ ਲਾਉਦੇ ਹਨ। ਮੇਰੀਆਂ ਸ਼ੁਭ ਇਛਾਵਾਂ ਉਸ ਨਾਲ ਹਨ।