ਝੂਠੀ ਜੱਗ ਦੀ ਪ੍ਰੀਤ (ਕਵਿਤਾ)

ਜਸਵਿੰਦਰ ਸਿੰਘ ਰੁਪਾਲ   

Email: rupaljs@gmail.com
Cell: +91 98147 15796
Address: 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ ਡਾਕ : ਗੁਰੂ ਨਾਨਕ ਇਜੀਨੀਅਰਿੰਗ ਕਾਲਜ, ਗਿੱਲ ਰੋਡ
ਲੁਧਿਆਣਾ India 141006
ਜਸਵਿੰਦਰ ਸਿੰਘ ਰੁਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪ੍ਰੀਤ ਲਾਈ ਤੂੰ ਇੱਕ ਪ੍ਰਮਾਤਮਾ ਨਾਲ, ਝੂਠੀ ਜੱਗ ਦੀ ਪ੍ਰੀਤ ਸੀ ਤੋੜ ਦਿੱਤੀ ।

ਉਸ ਅਨਾਮੀ ਦੇ ਨਾਮ ਨੂੰ ਜਪ ਜਪ ਕੇ,ਸੁਰਤ ਸ਼ਬਦ ਦੇ ਵਿੱਚ ਸੀ ਜੋੜ ਦਿੱਤੀ ।

ਰੂਹ ਸਦਾ ਹੀ ਪ੍ਰਭੂ ਦੇ ਗੀਤ ਗਾਵੇ,ਕੂੜ-ਰੀਤ ਦੁਨੀਆਂ ਵਾਲੀ ਤੋੜ ਦਿੱਤੀ ।

ਜਾਤ-ਪਾਤ ਵਿੱਚ ਗ੍ਰਸੀ ਸੀ ਸੋਚ ਜਿਹੜੀ,ਇੱਕੋ ਜੋਤ ਦੇ ਵੱਲ ਨੂੰ ਮੋੜ ਦਿੱਤੀ ।


ਜਿਹੜੇ ਪੈਰਾਂ ਨੂੰ ਤੁਰਨ ਦੀ ਜਾਚ ਆ ਗਈ, ਉਨ੍ਹਾਂ ਵਾਸਤੇ ਨੈਣ ਵਿਛਾਏ ਤੂੰ ਤਾਂ ।

ਕੰਡੇ ਚੁਭਣ ਨਾ,ਕਿਤੇ ਨਾ ਪੈਣ ਅੱਟਣ, ਖਾਤਰ ਉਨ੍ਹਾਂ ਦੀ ਜੋੜੇ ਬਣਾਏ ਤੂੰ ਤਾਂ ।

ਅੱਗੇ ਲੱਗ ਕੇ ਚਲਣਾ ਦੱਸਿਆ ਸੀ, ਸੱਚੇ ਮਾਰਗ ਦੇ ਪੂਰਨੇ ਪਾਏ ਤੂੰ ਤਾਂ ।

ਅਸਲ ਵਿੱਚ ਸੁੱਚੇ ‘ਸੁੱਚੀ ਕਿਰਤ ਵਾਲੇ’, ਸੁੱਚ-ਜੂਠ ਦੇ ਭੇਦ ਸਮਝਾਏ ਤੂੰ ਤਾਂ ।


ਆਈ ਮੱਥੇ ਤਰੇਲੀ ਸੀ ਬ੍ਰਾਹਮਣਾਂ ਦੇ, ਮਾਲਕ ਨਾਲ ਜਾਂ ਤੱਕਿਆ ਪਿਆਰ ਤੇਰਾ ।

ਊਚ ਨੀਚ ਬਿਰਤੀ ਜੜ੍ਹੋਂ ਹਿੱਲ ਗਈ ਸੀ, ਇੱਕੋ ਜਿਹਾ ਸਭ ਖਾਤਰ ਵਿਵਹਾਰ ਤੇਰਾ ।

ਨੀਚ ਸਮਝ ਤੈਨੂੰ ਘਿਰਣਾ ਕਰਨ ਜਿਹੜੇ,ਉਹਨਾਂ ਲਈ ਵੀ ਖੁਲ੍ਹਾ ਦਰਬਾਰ ਤੇਰਾ ।

ਸ਼ਰਮਸ਼ਾਰ ਹੋਏ ਸਾਰੇ ਕਰਮ-ਕਾਂਡੀ, ਨਾਲ ਨਿਮਰਤਾ ਰਿਦਾ ਸਰਸ਼ਾਰ ਤੇਰਾ ।


ਪ੍ਰਭੂ-ਪ੍ਰੀਤ ਦੇ ਜ਼ਜ਼ਬੇ ਜੋ ਭਰੇ ਦਿਲ ਵਿੱਚ,ਅਮਰ-ਸ਼ਬਦਾਂ ਦੇ ਅੰਦਰ ਸੰਭਾਲ ਦਿੱਤੇ ।

ਰਾਗ ਅਤੇ ਸੰਗੀਤ ਦੀ ਛੋਹ ਦੇ ਕੇ, ਉਚੀ ਸੁਰਤ ਦੇ ਉਚੇ ਖਿਆਲ ਦਿੱਤੇ ।

ਆਦਿ-ਗ੍ਰੰਥ ਖਜ਼ਾਨੇ ਲਈ ਗੁਰੂ ਅਰਜਨ ,ਜੌਹਰੀ ਬਣ ਜੀਰੇ ਸਨ ਭਾਲ਼ ਦਿੱਤੇ ।

ਸਿੱਖ-ਗੁਰੂ-ਪਰਮਾਤਮਾ ਇੱਕ ਹੋਇਆ,ਪਰਦੇ ਸਾਰੇ ਦੇ ਸਾਰੇ ਉਠਾਲ਼ ਦਿੱਤੇ ।


ਤੈਨੂੰ ਭਗਤ ਆਖਾਂ ਜਾਂ ਮੈਂ ਗੁਰੂ ਆਖਾਂ,ਹਰੀ ਆਖਾਂ ਜਾਂ ਹਰੀ ਦਾ ਦਾਸ ਆਖਾਂ ।

ਰਵੀ ਕਈਆਂ ਤੋਂ ਵਧ ਕੇ ਤੇਜ ਤੇਰਾ,ਕਿੱਦਾਂ ਦੱਸ ਖਾਂ ‘ਰਵੀ’ ਦਾ ‘ਦਾਸ’ ਆਖਾਂ ।

ਇੱਧਰ ਉਧਰ ਹਰ ਥਾਂ ਤੂੰ ਹੀਂ ਨਜ਼ਰ ਆਵੇਂ,ਆਮ ਆਖਾਂ ਜਾਂ ਮੈਂ ਤੈਨੂੰ ਖਾਸ ਆਖਾਂ ।

ਤੋਹੀ ਮੋਹੀ ਵਿੱਚ ਫਰਕ ਨਾ ਰਿਹਾ ਕੋਈ,ਤੂੰ ਹੀ ਤੂੰ ਹੀ ਬੱਸ ਸਾਸ ਗਿਰਾਸ ਆਖਾਂ ।


“ਮੋਹ-ਫਾਸ” ਵਿੱਚ ਫਸਿਆ ਹਾਂ ਅਜੇ ਤੀਕਰ,ਕਿਵੇਂ ਛੁੱਟਾਂਗਾ ਏਸ ਜੰਜਾਲ ਵਿੱਚੋਂ ।

ਨਾਮ ਸਿਮਰਨ ਦਾ ਵੱਲ ਨਾ ਜਾਣਦਾ ਹਾਂ,ਤਾਹੀਂਓਂ ਜਾਂਦੇ ਨਹੀਂ ਖਿੰਡੇ ਖਿਆਲ ਵਿੱਚੋਂ ।

ਜਿਵੇਂ ਹਰੀ ਨੂੰ ਬੰਨਿਐ “ਪ੍ਰੇਮ-ਬੰਧਨ”,ਜਾਚ ਮੈਨੂੰ ਵੀ ਓਹੀ ਸਿਖਾਲ਼ ਵਿੱਚੋਂ ।

“ਬੇਗਮਪੁਰੇ” ਦਾ ਵਾਸੀ ਬਣਾ ਕੇ ਤੇ ,ਮੈਲ਼ ਧੋ ਦੇ ਸਾਰੀ ‘ਰੁਪਾਲ’ਵਿੱਚੋਂ ।