ਮੈਂ ਕੋਈ ਵਿਦਵਾਨ ਨਹੀਂ ਹਾਂ, ਹਉਂ ਦੇ ਰੁਲਿਆ, ਗ਼ਲਤਾਨ ਨਹੀਂ ਹਾਂ ।
ਅੱਖਰ ਅੱਖਰ, ਲੀਕ ਲੀਕ 'ਤੇ, ਤੱਪਦਾ, ਕੁੜ੍ਹਦਾ, ਬੁੱਧਵਾਨ ਨਹੀਂ ਹਾਂ ।
ਮੇਰੀ ਮੈਂ ਨੂੰ, ਨਿੱਤ ਪਾਵੋ ਪੱਠੇ, ਖ਼ਲਾਰ ਦਿਊਂ ਨਹੀਂ, ਸਭ ਜੋ ਇਕੱਠੇ,
ਇੱਜ਼ਤਾਂ ਲੀਰ, ਅਦਬ ਤਾਰਾਂ ਤਾਰਾਂ, ਮੈਂ ਕੋਈ, ਚੁਗਲਦਾਨ ਨਹੀਂ ਹਾਂ ।
ਕੀਤਾ ਮੈਂ ਹੈ, ਇਤਿਹਾਸਕ ਕਾਰਾ, ਮੇਰੇ ਬਿਨ ਨਹੀਂ, ਪਾਰ ਉਤਾਰਾ,
ਅਲੋਚਕ ਹਰ ਦਾ ਸੀਨਾ ਵਿੰਨ੍ਹਾਂ, ਤਣਿਆ ਕੱਬਾ, ਕਮਾਨ ਨਹੀਂ ਹਾਂ ।
ਸ਼ਾਮ ਸਵੇਰੇ ਰੱਜ ਖੇਹ ਉਡਾਵਾਂ, ਝਾਟੇ ਖੋਲ੍ਹ ਸਿਰ ਸਵਾਹ ਪੁਆਵਾਂ,
ਬਿਖ ਜੁਬਾਨੋਂ ਚੋਅ ਚੋਅ ਪੈਂਦਾ, ਚਿੱਕੜ ਦਾ, ਸੁਲਤਾਨ ਨਹੀਂ ਹਾਂ ।
ਚਾਰ ਚਪਾਟੇ, ਕਰ ਬਹਾਂ ਇਕੱਠੇ, ਮੂੰਹ ਅਸਮਾਨੀਂ, ਹੂਕਣ ਠੱਠੇ,
ਆਪੇ ਥੁੱਕਾਂ, ਮੂੰਹ ਆਪਣੇ ਪਾਵਾਂ, ਸੂਝ ਅਕਲ ਤੋਂ ਕਾਣ ਨਹੀਂ ਹਾਂ ।
ਕਲਮ ਘਸਾਈਆਂ, ਪੰਡਾਂ ਛਾਪੇ, ਆਪੇ ਲੇਖਕ, ਮੈਂ ਉਸਤਤੀ ਆਪੇ,
ਮੰਜੀ ਥੱਲਿਓਂ, ਮੈਂ ਹੀ ਤਾਂ ਸੁਣਿਆ, ਸਰੋਤਾਂ ਦਾ, ਘਮਸਾਨ ਨਹੀਂ ਹਾਂ ।
ਮੇਰੇ ਪਹਿਲੋਂ, ਸਭ ਜੰਮੇ ਸੀ ਮੂਰਖ਼, ਸਭ ਕੁਝ ਮੈਥੋਂ, ਸ਼ੁਰੂ ਆ ਹੋੋਵੇ,
ਤਾਰਨਹਾਰ ਦਾ ਭਰਮ ਪਾਲ ਕੇ, ਕੰਵਲ ਮੈਂ, ਭਗਵਾਨ ਨਹੀਂ ਹਾਂ ।