ਵਿਪਸਾ ਬੇ ਏਰੀਆ ਵਲੋਂ ਸਾਹਿਤਕ ਮਿਲਣੀ
(ਖ਼ਬਰਸਾਰ)
ਹੇਵਰਡ -- ਬੀਤੇ ਦਿਨੀਂ ਵਿਪਸਾ ਬੇਅ ਏਰੀਆ ਵਲੋਂ ਜ਼ੂਮ ਲਿੰਕ ਰਾਹੀਂ ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਇਸ ਸਾਲ ਦੀ ਪਲੇਠੀ ਸਾਹਿਤਕ ਮਿਲਣੀ ਕੀਤੀ ਗਈ। ਇਸ ਮਿਲਣੀ ਵਿਚ 102 ਵਰ੍ਹੇ ਦੀ ਦੀਰਘ ਆਯੂ ਅਤੇ ਸਫ਼ਲ ਜੀਵਨ ਯਾਤਰਾ ਪੂਰੀ ਕਰਕੇ ਗਏ ਪ੍ਰੋ. ਗੁਰਬਖ਼ਸ਼ ਸਿੰਘ ਸੱਚਦੇਵ ਜੀ ਦੀ ਵਿਛੜੀ ਰੂਹ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ। ਸ਼ਰਧਾਂਜਲੀ ਸੈਸ਼ਨ ਦੇ ਸ਼ੁਰੂ ਵਿਚ ਲਾਜ ਨੀਲਮ ਸੈਣੀ ਨੇ ਮਾਨਵਵਾਦੀ ਸੋਚ ਦੇ ਧਾਰਨੀ ਅਤੇ ਸੰਜੀਦਾ ਸਾਹਿਤਕਾਰ ਪ੍ਰੋ. ਗੁਰਬਖ਼ਸ਼ ਸਿੰਘ ਸੱਚ ਦੇਵ ਦੀ ਸਾਹਿਤਕ ਦੇਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਸੁਪਨੇ ਤੇ ਸੰਤਾਪ’ ਅਤੇ ‘ਪੰਖ ਪਿੰਜਰਾ ਤੇ ਪਰਵਾਜ਼’ ਕਹਾਣੀ ਸੰਗ੍ਰਹਿਾਂ ਦੇ ਸਹਿ ਸੰਪਾਦਤ ਰਹੇ ਅਤੇ ਪ੍ਰੋ. ਹਰਭਜਨ ਵਲੋਂ ਉਨ੍ਹਾਂ ਦੀ ਕਵਿਤਾ ਦੀ ਪੁਸਤਕ ‘ਇਹ ਚਿਰਾਗ ਤੇਰੇ ਬਲਣ ਹਮੇਸ਼ਾਂ ਸੰਪਾਦਤ ਕੀਤੀ ਗਈ।ਇਸ ਉਪਰੰਤ ਸੁਰਿੰਦਰ ਸੀਰਤ ਨੇ ਭਰੇ ਮਨ ਨਾਲ ਸ਼ਰਧਾਂਜਲੀ ਭੇਟ ਕਰਦੇ ਕਿਹਾ ਕਿ ਪ੍ਰੋ. ਸੱਚਦੇਵ ਕੋਮਲ ਵਿਚਾਰਧਾਰਾ ਦੇ ਅਵਤਾਰ ਸਨ।ਉਨ੍ਹਾਂ ਦੇ ਪਿਤਾ ਦਾ ਨਾਮ ਅਤੇ ਕੱਦ-ਕਾਠ ਪ੍ਰੋ. ਗੁਰਬਖ਼ਸ਼ ਸਿੰਘ ਸੱਚਦੇਵ ਨਾਲ ਬਹੁਤ ਮਿਲਦਾ ਹੋਣ ਕਾਰਣ ਉਹ ਉਨ੍ਹਾਂ ਵਿਚੋਂ ਆਪਣੇ ਪਿਤਾ ਦਾ ਅਕਸ ਵੇਖਦੇ ਸਨ।ਚਰਨਜੀਤ ਸਿੰਘ ਪੰਨੂੰ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ਘਰ ਵਿਚ ਪ੍ਰੋੋ. ਸੱਚਦੇਵ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਉਥੇ ਸਮੁੱਚੀ ਵਿਪਸਾ ਵਲੋਂ ਉਨ੍ਹਾਂ ਦੀ ਵਿਛੜੀ ਰੁਹ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹ ਇਕ ਬਹੁਤ ਸੁਹਿਰਦ ਇਨਸਾਨ ਸਨ। ਸੁਰਜੀਤ ਟੋਰਾਂਟੋ ਨੇ ਕਿਹਾ ਕਿ ਜ਼ਿੰਦਗੀ ਇਕ ਸਾਗਰ ਦੀ ਤਰ੍ਹਾਂ ਹੈ, ਜਿਸ ਵਿਚ ਲਹਿਰਾਂ ਆਉਂਦੀਆਂ ਹਨ ਅਤੇ ਜਾਂਦੀਆਂ ਹਨ ਅਤੇ ਅੰਤ ਸਾਗਰ ਵਿਚ ਹੀ ਸਮਾ ਜਾਂਦੀਆਂ ਹਨ। ਪ੍ਰੋ. ਸੱਚਦੇਵ ਦਾ ਸੁਭਾਅ ਵੀ ਸਾਗਰ ਦੀ ਤਰ੍ਹਾਂ ਸ਼ਾਤ ਸੀ ਅਤੇ ਮੇਰੀ ਅਰਦਾਸ ਹੈ ਕਿ ਉਨ੍ਹਾਂ ਦੀ ਵਿਛਛੀ ਰੂਹ ਹਮੇਸ਼ਾਂ ਸ਼ਾਤ ਰਹੇ। ਅਮਰਜੀਤ ਕੌਰ ਪੰਨੂੰ ਨੇ ਕਿਹਾ ਕਿ ਪ੍ਰੋ. ਸੱਚਦੇਵ ਦਾ ਉਨ੍ਹਾਂ ਦੀ ਕਹਾਣੀ ਕਲਾ ਨੂੰ ਹੱਲਾ ਸ਼ੇਰੀ ਦੇਣਾ ਉਨ੍ਹਾਂ ਲਈ ਅਰਥ ਭਰਪੂਰ ਸੀ। ਜਗਜੀਤ ਨੌਸ਼ਿਹਵੀ ਨੇ ਕਿਹਾ ਕਿ ਉਹ ਉਨ੍ਹਾਂ ਦੀ ਉੱਚੀ-ਸੁੱਚੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਸਨ। ਅੱਜ ਤੋਂ ਵੀਹ ਕੁ ਸਾਲ ਪਹਿਲਾਂ ਉਨ੍ਹਾਂ ਵਲੋਂ ਅਮ੍ਰਿਤਸਰ ਦੀਆਂ ਯਾਦਾਂ ਨਾਲ਼ ਸਾਂਝ ਪਾਉਣਾ ਹਮੇਸ਼ਾਂ ਯਾਦ ਰਹੇਗਾ। ਬੀਬੀ ਸੁਰਜੀਤ ਕੌਰ ਨੇ ਕਿਹਾ ਕਿ ਸਾਨੂੰ ਸਭ ਨੂੰ ਉਨ੍ਹਾਂ ਦੇ ਨਕਸ਼ੇ-ਕਦਮ ’ਤੇ ਚੱਲਦੇ ਹੋਏ ਆਪਸੀ ਵੈਰ-ਵਿਰੋਧ, ਈਰਖਾ ਅਤੇ ਹਊਮੇ ਤਿਆਗਣੀ ਚਾਹੀਦੀ ਹੈ। ਡਾ. ਸੁਖਵਿੰਦਰ ਕੰਬੋਜ ਨੇ ਕਿਹਾ ਕਿ ਉਹ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਉਨ੍ਹਾਂ ਤੋਂ ਪ੍ਰਭਾਵਿਤ ਸਨ ਕਿਉਂਕਿ ਕਾਲਜ ਵਿਚ ਵਾਪਰੀ ਇਕ ਘਟਨਾ ਵਕਤ ਉਹ ਵਿਦਿਆਰਥੀਆਂ ਦੇ ਹੱੱਕ ਵਿਚ ਖੜ੍ਹੇ ਸਨ ਤੇ ਉਨ੍ਹਾਂ ਕਿਹਾ ਸੀ ਕਿ ਰਾਜਨੀਤਕ ਵਿਚਾਰਾਂ ਕਰਕੇ ਯੋਗ ਵਿਦਿਆਰਥੀਆਂ ਨੂੰ ਕਾਲਜ ਵਿਚੋਂ ਸਸਪੈਂਡ ਕਰਨਾ ਵਾਜਬ ਨਹੀਂ ਹੈ। ਉਹ ਜ਼ਿੰਦਗੀ ਨੂੰ ਜਿਊਣ ਦੇ ਅਰਥਾਂ ਨੂੰ ਭਰਪੂਰ ਕਰਨਾ ਜਾਣਦੇ ਸਨ।ਇਸ ਸੈਸ਼ਨ ਦਾ ਮੁਲਾਂਕਣ ਪਿਆਰਾ ਸਿੰਘ ਕੁੱਦੋਵਾਲ ਨੇ ਕਰਦਿਆਂ ਕਿਹਾ ਕਿ ਪ੍ਰੋ. ਸੱਚਦੇਵ ਦੀ ਯਾਦ ਹਮੇਸ਼ਾਂ ਸਾਡੇ ਦਿਲਾਂ ਵਿਚ ਮਹਿਕਦੀ ਰਹੇਗੀ। ਇਸ ਉਪਰੰਤ ਪ੍ਰੋ. ਸੱਚਦੇਵ ਦੇ ਪਰਿਵਾਰ ਵਿਚੋਂ, ਹਰਮੀਤ ਸੱਚਦੇਵ, ਮਧੂ ਅਤੇ ਕਮਲ ਨੇ ਵਿਪਸਾ ਦਾ ਧੰਨਵਾਦ ਕਰਦੇ ਕਿਹਾ ਕਿ ਸਾਨੂੰ ਨਹੀਂ ਸੀ ਪਤਾ ਕਿ ਸਾਡੇ ਪਿਤਾ ਜੀ ਦੀ ਸਾਹਿਤ ਅਤੇ ਸਮਾਜ ਨੂੰ ਵੱਡੀ ਦੇਣ ਹੈ। ਇਸ ਉਪਰੰਤ ਕਵੀ ਦਰਬਾਰ ਵਿਚ ਮਹਿੰਦਰ ਸਿੰਘ ਸੰਘੇੜਾ, ਚਰਨਜੀਤ ਸਿੰਘ ਪੰਨੂੰ, ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਟੋਰਾਂਟੋ, ਬੀਬੀ ਸੁਰਜੀਤ ਕੌਰ, ਸੁਰਜੀਤ ਸਖੀ, ਜਗਜੀਤ ਨੌਸ਼ਿਹਰਵੀ, ਡਾ. ਸੁਖਵਿੰਦਰ ਕੰਬੋਜ, ਪ੍ਰੋ. ਸੁਰਿੰਦਰ ਸੀਰਤ, ਗੁਲਲਸ਼ਨ ਦਿਆਲ, ਕੁਲਵਿੰਦਰ ਅਤੇ ਲਾਜ ਨੀਲਮ ਸੈਣੀ ਨੇ ਹਿੱਸਾ ਲਿਆ।ਮੰਚ ਸਚਾਲਨ ਕ੍ਰਮਵਾਰ ਲਾਜ ਨੀਲਮ ਸੈਣੀ ਅਤੇ ਕੁਲਵਿੰਦਰ ਨੇ ਨਿਭਾਇਆ। ਅੰਤ ਵਿਚ ਡਾ. ਕੰਬੋਜ ਨੇ ਸਭ ਦਾ ਧੰਨਵਾਦ ਕੀਤਾ।