ਤੇਰੇ ਬਾਝੋ ਕਿਸ ਤਾਈਂ ਸੱਜਣ, ਦਿਲ ਦਾ ਹਾਲ ਸਣਾਵਾਂ।
ਬਿਰਹਾ ਦੀਆਂ ਪੀੜਾਂ ਪੈਂਦੀਆਂ, ਗੀਤ ਕਿਵੇਂ ਮੈਂ ਗਾਵਾਂ।
ਯਾਦਾਂ ਵਾਲਾ ਮੈਂ ਲੈ ਕੇ ਚਰਖਾ, ਮਨ ਦੇ ਵਿਹੜੇ ਡਾਹਾਂ,
ਪੂਣੀ ਲੈ ਇੱਕ ਪਿਆਰਾਂ ਵਾਲੀ, ਉਸ ਨੂੰ ਕੱਤੀ ਜਾਵਾਂ।
ਦਰਵਾਜਾ ਹਿਲਦਾ ਨਾਲ ਹਵਾ ਦੇ, ਬੂਹੇ ਵਲ ਉਠ ਭੱਜਾਂ,
ਯਾਦ ਕਰਾਂ ਤੇ ਔਸੀਆਂ ਪਉਂਦੀ, ਰਾਹੀਂ ਨੈਣ ਵਿਛਾਵਾਂ,
ਸੁਪਨੇ ਵਿਚ ਜਦ ਸੂਰਤ ਤੇਰੀ ਦੇ, ਦਰਸ਼ਨ ਹੋ ਹਨ ਜਾਂਦੇ,
ਸਾਰਾ ਦਿਨ ਫਿਰ ਤੀਆਂ ਦੇ ਵਰਗਾ, ਚਾਵਾਂ ਵਿਚ ਲੰਘਾਵਾਂ।
ਸੌਣ ਮਹੀਨੇ ਪੀਘਾਂ ਪਾਈਏ, ਮਿਲ ਪਿੱਪਲ ਬੋੜਾਂ ਤੇ,
ਪੀਂਘ ਚੜਾਂਦੀ ਮੈਂ ਤੇਰੇ ਨਾਂ ਦਾ, ਪੱਤਾ ਤੋੜ ਲਿਆਵਾਂ।
ਢੱਡ ਸਰੰਗੀ ਵਾਲੇ ਗੀਤ ਕਿਤੇ, ਜਦ ਵਜਦੇ ਹਾਂ ਸੁਣਦੀ,
ਦਿਲ ਕਰਦਾ ਹੈ ਨਾਮ ਤਿਰਾ ਲੈ ਕੇ, ਮੈਂ ਵੀ ਹੇਕਾਂ ਲਾਵਾਂ।
ਬਿੰਨਾ ਦੀਦਾਰ ਕਿਆਮਤ ਵਰਗਾ, ਉਹ ਦਿਨ ਗੁਜਰੇ ਮੇਰਾ,
ਸੌਹ ਖੁਦਾ ਦੀ ਜਿਸ ਦਿਨ ਮਿਲ ਜਾਵੇਂ, ਧਰਤੀ ਪੈਰ ਨ ਲਾਵਾਂ।
ਇਹ ਕੰਚਨ ਵਰਗੀ ਦੇਹ ਅਮਾਨਤ, ਤੇਰੀ ਖਾਤਰ ਸਾਭੀ,
ਜਦ ਮਰਜੀ ਤੂੰ ਆ ਜਾਈ ਸਿੱਧੂ, ਤੇਰੀ ਝੋਲੀ ਪਾਵਾਂ।