'ਨਾ ਰੱਖੀਂ ਯਾਦ ਮੈਨੂੰ' ਕਹਿ ਗਿਆ ਹੈ,
ਉਹ ਤਾਂ ਹੀ ਮੇਰੇ ਮਨ ਤੋਂ ਲਹਿ ਗਿਆ ਹੈ।
ਕਿਸੇ ਮੰਜਿਲ ਤੇ ਉਸ ਨੇ ਪਹੁੰਚਣਾ ਕੀ,
ਜੋ ਰਾਹੀ ਰਾਹ ਦੇ ਵਿੱਚ ਹੀ ਬਹਿ ਗਿਆ ਹੈ।
ਕਦੇ ਉਹ ਪੁੱਤ ਵਧ ਨ੍ਹੀ ਸਕਦਾ ਅੱਗੇ,
ਕਮਾਈ ਪਿਉ ਦੀ ਤੇ ਜੋ ਬਹਿ ਗਿਆ ਹੈ।
ਤਜਾਰਤ ਪਿਆਰ ਨੂੰ ਜੋ ਸਮਝਦਾ ਸੀ,
ਉਹ ਕੱਲਾ ਜ਼ਿੰਦਗੀ ਵਿੱਚ ਰਹਿ ਗਿਆ ਹੈ।
ਉਹ ਹਰ ਵੇਲੇ ਦਿਸੇ ਚਿੰਤਾ 'ਚ ਡੁੱਬਿਆ,
ਉਦ੍ਹੇ ਦਿਲ ਵਿੱਚ ਕੁਝ ਤਾਂ ਬਹਿ ਗਿਆ ਹੈ।
ਉਦ੍ਹਾ ਤੇਰੇ ਬਿਨਾਂ ਸਰਨਾ ਨਹੀਂ ਸੀ,
ਉਹ ਤਾਂ ਹੀ ਜ਼ੁਲਮ ਤੇਰਾ ਸਹਿ ਗਿਆ ਹੈ।
ਉਦੋਂ ਦਾ ਭਾਰ ਲੱਗੇ ਉਹ ਪੁੱਤਾਂ ਨੂੰ,
ਜਦੋਂ ਦਾ ਮੰਜੀ ਤੇ ਪਿਉ ਬਹਿ ਗਿਆ ਹੈ