ਜ਼ਿੰਦਗੀ ਦੀ ਲੋਅ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜ਼ਰੂਰੀ ਨਹੀਂ ਕਿ ਜਿਸ ਵਿਚ ਸਾਹ ਨਹੀਂ, ਉਹ ਹੀ ਮੁਰਦਾ ਹੈ। ਜਿਸ ਮਨੁੱਖ ਵਿਚ ਕੋਈ ਆਸ ਨਹੀਂ ਉਹ ਵੀ ਤਾਂ ਮੁਰਦਾ ਹੀ ਹੈ। ਤੰਦਰੁਸਤੀ ਅਤੇ ਆਸ ਜ਼ਿੰਦਗੀ ਦੀ ਲੋਅ ਹਨ।ਤੰਦਰੁਸਤ ਬੰਦਾ ਹੀ ਜ਼ਿੰਦਗੀ ਵਿਚ ਕੋਈ ਆਸ ਰੱਖ ਸਕਦਾ ਹੈ। ਸਿਹਤ ਸਭ ਤੋਂ ਵੱਡੀ ਦੌਲਤ ਹੈ। ਜਿਸ ਦੀ ਸਿਹਤ ਠੀਕ ਹੈ, ਉਸ ਦੀ ਉਮੀਦ ਵੀ ਜ਼ਿੰਦਾ ਹੈ ਅਤੇ ਜਿਸ ਦੀ ਜ਼ਿੰਦਗੀ ਵਿਚ ਉਮੀਦ ਬਾਕੀ ਹੈ ਉਸ ਵਿਚ ਸਭ ਕੁਝ ਹੈ। ਬੰਦੇ ਦਾ ਹੌਸਲਾ, ਲਿਆਕਤ, ਦ੍ਰਿੜ ਇਰਾਦਾ, ਪਰਿਵਾਰਕ ਅਤੇ ਸਮਾਜਕ ਪ੍ਰੇਰਨਾ ਅਤੇ ਪਿਆਰ ਅਤੇ ਕਾਮਯਾਬੀਆਂ ਇਸ ਲੋਅ ਨੂੰ ਪ੍ਰਜਵਲਤ ਰੱਖਦੀਆਂ ਹਨ। ਇਹ ਸਭ ਚੀਜ਼ਾਂ ਬੰਦੇ ਨੂੰ ਆਪਣੇ ਪਰਿਵਾਰ ਅਤੇ ਸਮਾਜ ਵਿਚੋਂ ਹੀ ਪ੍ਰਾਪਤ ਹੁੰਦੀਆਂ ਹਨ। ਪਰਿਵਾਰ ਵਿਚ ਬੰਦੇ ਨੂੰ ਸੁਰੱਖਿਆ ਮਿਲਦੀ ਹੈ ਅਤੇ ਉਹ ਵਧਦਾ ਫੁੱਲਦਾ ਹੈ। ਸਮਾਜ ਵਿਚ ਉਸ ਦੀ ਵੱਖਰੀ ਪਛਾਣ ਬਣਦੀ ਹੈ। ਸਮਾਜ ਅਤੇ ਪਰਿਵਾਰ ਦਾ ਸਹਿਯੋਗ ਉਸ ਦੀ ਜ਼ਿੰਦਗੀ ਦੇ ਬੂਟੇ ਲਈ ਧੁੱਪ-ਹਵਾ ਅਤੇ ਖਾਦ-ਪਾਣੀੇ ਦਾ ਕੰਮ ਕਰਦਾ ਹੈ ਅਤੇ ਉਸ ਦੀ ਜ਼ਿੰਦਗੀ ਦੇ ਵਿਗਸਣ ਲਈ ਸਹਾਈ ਹੁੰਦਾ ਹੈ।
ਜਿਹੜਾ ਬੰਦਾ ਪਰਿਵਾਰ ਅਤੇ ਸਮਾਜ ਤੋਂ ਟੁੱਟ ਜਾਂਦਾ ਹੈ ਉਸ ਦੀ ਜ਼ਿੰਦਗੀ ਵਿਚ ਬਹੁਤ ਵੱਡੀ ਕਮੀ ਰਹਿ ਜਾਂਦੀ ਹੈ। ਉਸ ਦਾ ਪੂਰਾ ਵਿਕਾਸ ਨਹੀਂ ਹੋ ਪਾਉਂਦਾ। ਉਸ ਨੂੰ ਪ੍ਰੇਰਨਾ ਦੇਣ ਵਾਲਾ ਕੋਈ ਨਹੀਂ ਹੁੰਦਾ। ਇਸ ਲਈ ਉਸ ਦਾ ਆਤਮ ਵਿਸ਼ਵਾਸ ਖਤਮ ਹੋ ਜਾਂਦਾ ਹੈ। ਉਹ ਢਾਹੂ ਵਿਚਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਨਿਰਾਸ਼ਾ ਵਿਚ ਆ ਜਾਂਦਾ ਹੈ। ਨਿਰਾਸ਼ ਬੰਦਾ ਕਦੀ ਵੀ ਕੋਈ ਮਾਰਕਾ ਨਹੀਂ ਮਾਰ ਸਕਦਾ। ਪਰਿਵਾਰ ਅਤੇ ਸਮਾਜ ਤੋਂ ਟੁੱਟਣ ਕਰਕੇ ਉਹ ਦੁਨੀਆਂ ਦੀ ਐੈੈੈੈਡੀ ਵੱਡੀ ਭੀੜ ਵਿਚ ਵੀ ਇਕੱਲ੍ਹਾਂ ਹੀ ਰਹਿ ਜਾਂਦਾ ਹੈ। ਉਸ ਦਾ ਕੋਈ ਵੀ ਕੰਮ ਕਰਨ ਨੂੰ ਜੀਅ ਨਹੀਂ ਕਰਦਾ। ਉਹ ਆਲਸੀ ਬਣ ਜਾਂਦਾ ਹੈ। ਫਿਰ ਉਹ ਵਿਹਲਾ ਰਹਿਣਾ ਪਸੰਦ ਕਰਦਾ ਹੈ। ਵਿਹਲਾ ਰਹਿਣ ਕਰ ਕੇ ਉਹ ਆਰਥਿਕ ਤੋਰ ’ਤੇ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ’ਤੇ ਗ਼ਰੀਬੀ ਛਾ ਜਾਂਦੀ ਹੈ। ਗ਼ਰੀਬੀ ਗ਼ੁਲਾਮੀ ਦੀ ਨਿਸ਼ਾਨੀ ਹੈ। ਵਿਹਲਾ ਰਹਿਣ ਕਾਰਨ ਉਹ ਸਰੀਰਕ ਤੋਰ ਤੇ ਵੀ ਕਮਜ਼ੋਰ ਹੋ ਜਾਂਦਾ ਹੈ। ਉਸ ਦੀ ਯਾਦਾਸ਼ਤ, ਨਜ਼ਰ, ਸੁਣਨ ਸ਼ਕਤੀ ਅਤੇ ਸਮਝਣ ਸ਼ਕਤੀ ਵੀ ਕਮਜ਼ੋਰ ਹੋ ਜਾਂਦੀ ਹੈ। ਫਿਰ ਉਹ ਦੂਸਰਿਆਂ ਤੇ ਆਸ਼ਰਿਤ ਹੋ ਕਿ ਰਹਿ ਜਾਂਦਾ ਹੈ ਅਤੇ ਡਾਕਟਰਾਂ ਦੇ ਵੱਸ ਪੈ ਜਾਂਦਾ ਹੈ। ਵਿਹਲਾ ਬੰਦਾ ਦੂਸਰਿਆਂ ਦੀਆਂ ਨਜ਼ਰਾਂ ਵਿਚ ਵੀ ਡਿੱਗ ਜਾਂਦਾ ਹੈ। ਅਜਿਹੇ ਲੋਕ ਦੇਸ਼ ਅਤੇ ਸਮਾਜ ਤੇ ਬੋਝ ਹੁੰਦੇ ਹਨ। ਇਸ ਲਈ ਇਕੱਲਾ੍ਹ ਜਾਂ ਵਿਹਲਾ ਰਹਿਣਾ ਜ਼ਿੰਦਗੀ ਲਈ ਇਕ ਵੱਡਾ ਸਰਾਪ ਹੈ। ਜਿਵੇਂ ਪੱਤਾ ਪੌਦੇ ਤੋਂ ਟੁੱਟ ਕੇ ਮੁਰਝਾ ਜਾਦਾ ਹੈ ਉਵੇਂ ਹੀ ਮਨੁੱਖ ਸਮਾਜ ਅਤੇ ਪਰਿਵਾਰ ਤੋਂ ਟੁੱਟ ਕੇ ਮੁਰਝਾ ਜਾਂਦਾ ਹੈ। ਮਨੁੱਖ ਦੀ ਹੋਂਦ ਸਮਾਜ ਅਤੇ ਪਰਿਵਾਰ ਨਾਲ ਹੀ ਕਾਇਮ ਹੈ।
ਬੁਢਾਪਾ ਮਨੁੱਖੀ ਜੀਵਨ ਦੀ ਆਖਰੀ ਸਟੇਜ ਹੈ। ਇਸ ਉਮਰ ਵਿਚ ਵੀ ਬੰਦਾ ਇਕੱਲਤਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੇ ਬਜ਼ੁਰਗ ਪਰਿਵਾਰ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਹੋਨਹਾਰ ਬੱਚੇ ਉਨ੍ਹਾਂ ਦੀ ਠੀਕ ਤਰ੍ਹਾਂ ਸੰਭਾਲ ਕਰਦੇ ਹਨ ਉਹ ਕਾਫੀ ਹੱਦ ਤੋਂ ਇਨ੍ਹਾਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹਨ। ਇਸ ਲਈ ਬੱਚਿਆਂ ਨੂੰ ਆਪਣੀ ਜ਼ਿਮੇਵਾਰੀ ਸਮਝਦੇ ਹੋਏ ਆਪਣੇ ਮਾਤਾ ਪਿਤਾ ਨੂੰ ਪਰਿਵਾਰ ਵਿਚ ਸਤਿਕਾਰ ਨਾਲ ਰੱਖਣਾ ਚਾਹੀਦਾ ਹੈ।
ਇਕੱਲੇ੍ਹ ਅਤੇ ਵਿਹਲੇ ਰਹਿਣ ਨਾਲ ਬੰਦੇ ਨੂੰ ਨਿਰਾਸ਼ਾ ਜਲਦੀ ਘੇਰਦੀ ਹੈ। ਨਿਰਾਸ਼ ਬੰਦਾ ਕੋਈ ਕੰਮ ਠੀਕ ਤਰ੍ਹਾਂ ਨਹੀਂ ਕਰ ਸਕਦਾ। ਆਪਣੀ ਇਕੱਲਤਾ ਵਿਚੋਂ ਨਿਕਲੋ ਅਤੇ ਖ਼ੁਸ਼ੀ ਖ਼ੁਸ਼ੀ ਆਪਣੇ ਪਰਿਵਾਰ ਅਤੇ ਸਮਾਜ ਵਿਚ ਵਿਚਰੋ। ਜ਼ਿੰਦਗੀ ਵਿਚ ਆਪਣੀ ਸਾਰਥਕਤਾ ਸਾਬਤ ਕਰੋ। ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿਚ ਰੁੱਝੇ ਰੱਖੋ। ਨਾਂਹ ਪੱਖੀ ਵਿਚਾਰਾਂ ਨੂੰ ਆਪਣੇ ਜੀਵਨ ਵਿਚ ਥੋੜ੍ਹੀ ਜਿਹੀ ਵੀ ਥਾਂ ਨਾ ਦਿਓ। । ਮਨੁੱਖਾ ਜੀਵਨ ਹੋਣ ਕਰ ਕੇ ਸਮਾਜ ਵਿਚ ਨਰੋਇਆ ਯੋਗਦਾਨ ਪਾਉਣਾ ਤੁਹਾਡਾ ਫ਼ਰਜ਼ ਹੈ। ਇਹ ਸਮਝੋ ਕਿ ਸਮਾਜ ਦਾ ਤੁਹਾਡੇ ਉੱਪਰ ਇਕ ਕਰਜ਼ ਹੈ ਜਿਸ ਨੂੰ ਤੁਸੀਂ ਉਤਾਰਨਾ ਹੈ। ਜਿੰਨਾ ਤੁਸੀਂ ਸਮਾਜ ਅਤੇ ਪਰਿਵਾਰ ਦੇ ਕੰਮ ਆਵੋਗੇ ਉਨੀ ਹੀ ਤੁਹਾਡੀ ਕਦਰ ਵਧੇਗੀ। ਇਸ ਨਾਲ ਤੁਹਾਡਾ ਆਤਮ ਵਿਸ਼ਵਾਸ ਵੀ ਵਧੇਗਾ। ਤੁਸੀਂ ਖ਼ੁਸ਼ ਰਹੋਗੇ। ਖ਼ੁਸ਼ ਵਿਅਕਤੀ ਵਿਚ ਸਿਰਜਣਾ ਸ਼ਕਤੀ ਜ਼ਿਆਦਾ ਹੁੰਦੀ ਹੈ।
ਮੂੰਹ ਅੱਡਿਆਂ ਤਾਂ ਮੱਖੀਆਂ ਵੀ ਮੂੰਹ ਵਿਚ ਨਹੀਂ ਪੈਂਦੀਆਂ। ਪੇਟ ਭਰਨ ਲਈ ਹੱਥ ਪੈਰ ਤਾਂ ਹਿਲਾਉਣੇ ਹੀ ਪੈਂਦੇ ਹਨ ਅਤੇ ਰੋਟੀ ਕਮਾਉਣੀ ਹੀ ਪੈਂਦੀ ਹੈ। ਹਾਂ ਜੇ ਤੁਸੀਂ ਜਲਦੀ ਮਰਨਾ ਚਾਹੁੰਦੇ ਹੋ ਤਾਂ ਬੇਸ਼ੱਕ ਕੋਈ ਕੰਮ ਨਾ ਕਰੋ। ਯਾਦ ਰੱਖੋ ਕਿ ਵਿਹਲਿਆਂ ਦੀ ਕੋਈ ਸ਼ਾਨ ਨਹੀਂ ਹੁੰਦੀ। ਕੰਮ ਕਰ ਕੇ ਹੀ ਆਪਣਾ ਅਤੇ ਕੌਮ ਦਾ ਭੱਵਿਖ ਬਣਦਾ ਹੈ। ਸੰਘਰਸ਼ ਬੇਸ਼ੱਕ ਥਕਾਉਂਦਾ ਹੈ ਪਰ ਉਹ ਸਾਨੂੰ ਬਾਹਰੋਂ ਸੁੰਦਰ ਅਤੇ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਆਪਣੇ ਸਰੀਰ ਤੋਂ ਜਿੰਨਾ ਕੰਮ ਲਉਗੇ, ਓਨਾ ਹੀ ਤੰਦਰੁਸਤ ਰਹੋਗੇ। ਤਲਵਾਰ ਨੂੰ ਜਿੰਨਾ ਵਰਤੋਗੇ ਉਸ ਦੀ ਧਾਰ ਓਨੀ ਹੀ ਤਿੱਖੀ ਹੋਵੇਗੀ ਅਤੇ ਜ਼ਰੂਰਤ ਸਮੇਂ ਵੱਧ ਉਪਯੋਗੀ ਹੋਵੇਗੀ। ਜੇ ਇਸ ਨੂੰ ਨਾ ਵਰਤੋਗੇ ਤਾਂ ਜੰਗਾਲ ਲੱਗਕੇ ਬੇਕਾਰ ਹੋ ਜਾਵੇਗੀ।
ਹਨੇਰੇ ਵਿਚੋਂ ਨਿਕਲ ਕੇ ਚਾਨਣ ਵਿਚ ਆਓ। ਸਦਾ ਚੜ੍ਹਦੀਕਲਾ ਵਿਚ ਰਹੋ। ਆਪਣੇ ਆਪ ਨੂੰ ਕਦੀ ਕਮਜ਼ੋਰ, ਬੇਸਹਾਰਾ ਅਤੇ ਬਦਕਿਸਮਤ ਨਾ ਸਮਝੋ। ਪ੍ਰਮਾਤਮਾ ਨੇ ਤੁਹਾਨੂੰ ਜਿਹੜੀਆਂ ਦਾਤਾਂ ਦਿੱਤੀਆਂ ਹਨ ਉਨ੍ਹਾਂ ਨੂੰ ਘੱਟ ਕਰ ਕੇ ਨਾ ਆਂਕੋ। ਜੋ ਮਿਲਿਆ ਹੈ ਉਸ ਤੇ ਸਬਰ ਕਰੋ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ। ਜੇ ਤੁਸੀਂ ਆਪਣਿਆਂ ਤੋਂ ਉਪਰਲਿਆਂ ਵੱਲ ਦੇਖ ਕੇ ਝੂਰਦੇ ਰਹੋਗੇ ਤਾਂ ਦੁਖੀ ਹੋਵੋਗੇ। ਆਪਣਿਆਂ ਤੋਂ ਹੇਠਲਿਆਂ ਵੱਲ ਨਜ਼ਰ ਮਾਰ ਕੇ ਸੋਚੋ ਕਿ ਪ੍ਰਮਾਤਮਾ ਨੇ ਤੁਹਾਨੂੰ ਕਿੰਨੀਆਂ ਦੌਲਤਾਂ ਅਤੇ ਦਾਤਾਂ ਦਿੱਤੀਆਂ ਹਨ। ਜਿਸ ਜ਼ਿੰਦਗੀ ਤੋਂ ਤੁਸੀਂ ਨਿਰਾਸ਼ ਹੋਈ ਬੈਠੇ ਹੋ ਅਤੇ ਹਰ ਸਮੇਂ ਰੱਬ ਨੂੰ ਗਿਲਾ ਕਰਦੇ ਰਹਿੰਦੇ ਹੋ ਜਾਂ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹੋ, ਹੋ ਸਕਦਾ ਹੈ ਉਹੋ ਜਿਹੀ ਜ਼ਿੰਦਗੀ ਪਾਉਣ ਲਈ ਲੱਖਾਂ ਲੋਕੀ ਤਰਸਦੇ ਹੋਣ।
ਨਿਰਾਸ਼ ਬੰਦਾ ਹਰ ਸਮੇਂ ਡਰ ਦੇ ਸਾਏ ਹੇਠ ਜਿਉਂਦਾ ਹੈ। ਨਿਰਾਸ਼ਾ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਬੇਸ਼ੱਕ ਉਮਰ ਦੇ ਕਿਸੇ ਵੀ ਪੜਾਅ ਤੇ ਹੋਵੋ, ਕਦੀ ਆਸ ਦਾ ਪੱਲਾ ਨਾ ਛੱਡੋ।ਜਿਵੇਂ ਚਾਨਣ ਦੀ ਇਕ ਕਿਰਨ ਗ਼ਹਿਰੇ ਤੋਂ ਗ਼ਹਿਰੇ ਹਨੇਰੇ ਨੂੰ ਦੂਰ ਕਰ ਦਿੰਦੀ ਹੈ ਉਵੇਂ ਹੀ ਆਸ ਦੀ ਇਕ ਕਿਰਨ ਨਿਰਾਸ਼ਾ ਨੂੰ ਦੂਰ ਕਰਦੀ ਹੈ ਅਤੇ ਮਨੁੱਖ ਨੂੰ ਜਿਉਣ ਦੀ ਉੱਜਲ ਰਾਹ ਦਿਖਾਉਂਦੀ ਹੈ। ਹਰ ਸਵੇਰੇ ਇਸ ਵਿਸ਼ਵਾਸ ਨਾਲ ਉੱਠੋ ਕਿ ਅੱਜ ਦਾ ਦਿਨ ਬੀਤੇ ਕੱਲ੍ਹ ਨਾਲੋਂ ਚੰਗਾ ਹੋਵੇਗਾ। ਸਮੱਸਿਆਵਾਂ ਦੀ ਧੁੰਦ ਵਿਚ ਜਿੰਨਾ ਤੁਸੀਂ ਅੱਗੇ ਵਧਦੇ ਜਾਵੋਗੇ ਤੁਹਾਨੂੰ ਅਗਲਾ ਰਸਤਾ ਸਾਫ ਨਜ਼ਰ ਆਉਂਦਾ ਜਾਵੇਗਾ। ਸਮੱਸਿਆ ਤੋਂ ਡਰ ਕੇ ਮੈਦਾਨ ਛੱਡ ਜਾਣਾ ਚੰਗੀ ਗੱਲ ਨਹੀਂ।
ਉਦਮੀ ਬਣੋ ਅਤੇ ਸਦਾ ਆਸ਼ਾਵਾਦੀ ਰਹੋ। ਆਸ਼ਾਵਾਦੀ ਬੰਦਾ ਨਿਰਾਸ਼ਾ ਵਿਚੋਂ ਵੀ ਆਸ਼ਾ ਦਾ ਕੋਈ ਨਾ ਕੋਈ ਰਸਤਾ ਲੱਭ ਹੀ ਲੈਂਦਾ ਹੈ। ਫਿਰ ਉਸ ਲਈ ਅਸੰਭਵ ਕੰਮ ਵੀ ਸੰਭਵ ਹੋ ਜਾਂਦੇ ਹਨ। ਬੇਸ਼ੱਕ ਪੈਸਾ ਜ਼ਿੰਦਗੀ ਵਿਚ ਸਭ ਕੁਝ ਨਹੀਂ ਹੁੰਦਾ ਪਰ ਪੈਸੇ ਤੋਂ ਬਿਨਾ ਵੀ ਨਹੀਂ ਸਰਦਾ। ਪੈਸਾ ਜ਼ਿੰਦਗੀ ਦਾ ਗੁਜ਼ਰਾਨ ਹੈ। ਪੈਸੇ ਨਾਲ ਹੀ ਜ਼ਿੰਦਗੀ ਦੀਆਂ ਕਈ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ ਅਤੇ ਪੈਸੇ ਨਾਲ ਹੀ ਕਈ ਸੁੱਖ ਸਹੂਲਤਾਂ ਖ੍ਰੀਦੀਆਂ ਜਾ ਸਕਦੀਆਂ ਹਨ। ਸਬਰ ਬੇਸ਼ੱਕ ਚੰਗੀ ਚੀਜ਼ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਮਿਹਨਤ ਤੋਂ ਹੀ ਮੂੰਹ ਮੋੜ ਲਓ। ਦੁਨੀਆਂ ਦੌਲਤਾਂ ਤੇ ਤੁਹਾਡਾ ਵੀ ਹੱਕ ਹੈ। ਇਮਾਨਦਾਰੀ ਨਾਲ ਮਿਹਨਤ ਦੀ ਕਮਾਈ ਕਰੋ ਅਤੇ ਗ਼ਰੀਬੀ ਦੀ ਲਾਹਨਤ ਨੂੰ ਦੂਰ ਕਰੋ।। ਤੁਹਾਡੀ ਖ਼ੁਸ਼ਹਾਲੀ ਵਧੇਗੀ ਅਤੇ ਸਰੀਰ ਤੰਦਰੁਸਤ ਰਹੇਗਾ।ਤੁਹਾਡਾ ਆਤਮ ਵਿਸ਼ਵਾਸ ਵਧੇਗਾ। ਤੁਸੀਂ ਨਵੀਂਆਂ ਬੁਲੰਦੀਆਂ ਨੂੰ ਛੁਹੋਗੇ।
ਕਰੋ ਕੁਝ ਐੈੈੈਸਾ ਕਿ ਦੁਨੀਆਂ ਬਣਨਾ ਚਾਹੇ ਤੁਹਾਡੇ ਜੈਸਾ। ਆਪਣੀ ਜ਼ਿੰਦਗੀ ਦੀ ਲੋਅ ਨੂੰ ਕਦੀ ਮੱਠਾ ਨਾ ਪੈਣ ਦਿਓ। ਹੱਕ ਹਲਾਲ ਦੀ ਕਮਾਈ ਵਿਚੋਂ ਕੁਝ ਧਨ ਨਾਲ ਲੋੜਵੰਦਾਂ ਦੀ ਮਦਦ ਕਰੋ। ਉਨ੍ਹਾਂ ਦੀਆਂ ਦੁਆਵਾਂ ਕਮਾਓ। ਆਪਣੇ ਲਈ ਤਾਂ ਸਾਰੇ ਹੀ ਜ਼ਿਉਂਦੇ ਹਨ। ਕੁਝ ਦੇਰ ਦੂਜਿਆਂ ਲਈ ਵੀ ਜੀਅ ਕਿ ਦੇਖੋ, ਕਿੰਨਾ ਅਨੰਦ ਆਉਂਦਾ ਹੈ। ਜ਼ਰੂਰਤ ਵੇਲੇ ਕਿਸੇ ਦੀ ਮਦਦ ਕਰਨਾ ਉਸ ਲਈ ਸਭ ਤੋਂ ਕੀਮਤੀ ਤੋਹਫਾ ਹੁੰਦਾ ਹੈ।ਜਿਸ ਨੂੰ ਵੀ ਤੁਸੀਂ ਮਿਲੋ ਤਾਂ ਇਹ ਸੋਚੋ ਕਿ ਤੁਸੀਂ ਉਸ ਨੂੰ ਕੀ ਦੇ ਸਕਦੇ ਹੋ? ਹੋਰ ਕੁਝ ਨਹੀਂ ਤਾਂ ਤੁਸੀਂ ਉਸ ਨੂੰ ਸ਼ੁੱਭ ਇੱਛਾਵਾਂ ਤਾਂ ਦੇ ਹੀ ਸਕਦੇ ਹੋ। ਕਿਸੇ ਨੂੰ ਸ਼ਾਬਾਸ਼ ਦੇ ਕਹੇ ਹੋਏ ਦੋ ਸ਼ਬਦ ਉਸ ਦੀ ਜ਼ਿੰਦਗੀ ਸਵਾਰ ਸਕਦੇ ਹਨ।