ਮੇਰਾ ਪਿੰਡ ਮੇਰੇ ਲੋਕ (ਪੁਸਤਕ ਪੜਚੋਲ )

ਹਰਵਿੰਦਰ ਸਿੰਘ ਰੋਡੇ   

Email: harvinderbrar793@gmail.com
Address: ਪਿੰਡ ਤੇ ਡਾਕ:- ਰੋਡੇ
ਮੋਗਾ India
ਹਰਵਿੰਦਰ ਸਿੰਘ ਰੋਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ਦਾ ਨਾਂਅ: ਮੇਰਾ ਪਿੰਡ ਮੇਰੇ ਲੋਕ
ਲੇਖਕ: ਅਵਤਾਰ ਸਿੰਘ ਬਿਲਿੰਗ
ਪ੍ਰਕਾਸ਼ਕ: ਐਵਿਸ ਪਬਲੀਕੇਸ਼ਨਜ਼
ਮੁੱਲ: 650/-, ਪੰਨੇ: 358

     ਮਿੱਟੀ ਨਾਲ ਇਕਮਿਕ ਹੋਏ ਲੋਕਾਂ ਦੀ ਬਾਤ ਪਾਉਂਦੀ ਪੋਥੀ ‘ਮੇਰਾ ਪਿੰਡ ਮੇਰੇ ਲੋਕ’, ਲੁਧਿਆਣੇ ਜਿਲ੍ਹੇ ਵਿੱਚ ਪੈਂਦੇ ਪਿੰਡ ਸੇਹ ਦੇ ਨਿਵਾਸੀ ਅਤੇ ਪਲੇਠੇ ਢਾਹਾਂ ਪੁਰਸਕਾਰ ਸਮੇਤ ਅਨੇਕਾਂ ਮਾਣ-ਸਨਮਾਨ ਪ੍ਰਾਪਤ ਕਰਨ ਵਾਲੇ ਪ੍ਰੋੜ ਨਾਵਲਕਾਰ ਸ. ਅਵਤਾਰ ਸਿੰਘ ਬਿਲਿੰਗ ਦੀ ਉੱਨ੍ਹਵੀਂ ਪੁਸਤਕ ਹੈ। ਲੇਖਕ ਨੇ ਭਾਵੇਂ ਇਹ ਪੋਥੀ ਆਪਣੇ ਪਿੰਡ ਦੇ ਲੋਕਾਂ ਅਤੇ ਪੌਣ-ਪਾਣੀ ਨੂੰ ਆਧਾਰ ਬਣਾ ਕੇ ਲਿਖੀ ਹੈ; ਪ੍ਰੰਤੂ ਹਰੇਕ ਪਾਠਕ ਨੂੰ ਇਹ ਆਪਣੇ ਪਿੰਡ ਦੀ ਗਾਥਾ ਲੱਗਦੀ ਹੈ। ਇਸ ਦਾ ਪਾਠ ਕਰਦਾ ਪਾਠਕ ਤਕਰੀਬਨ ਸਵਾ ਸਦੀ ਲੰਮੀ ਸੈਰ ਦਾ ਆਨੰਦ ਮਾਣਦਾ ਹੈ।

     ਵੱਖ-ਵੱਖ ਸਿਰਲੇਖਾਂ ਹੇਠ ਛਪੇ ਲੇਖਾਂ ਦੇ ਕੱਸਵੇਂ ਫ਼ਿਕਰੇ ਪਾਠਕ ਨੂੰ ਆਪਣੇ ਨਾਲ ਤੋਰਦਿਆਂ ਦਹਾਕਿਆਂ ਪਹਿਲੇ ਰਹਿਣ-ਸਹਿਣ ਦੇ ਦਰਸ਼ਨ ਕਰਵਾਉਣ ਦੇ ਨਾਲ-ਨਾਲ ਮੌਜੂਦਾ ਸਮੇਂ ਦੀਆਂ ਲੋੜਾਂ ਤੇ ਚੁਣੌਤੀਆਂ ’ਤੇ ਝਾਤ ਪੁਆਉਂਦੇ ਹਨ। ਪੋਥੀ ਪੜ੍ਹਦਾ ਪਾਠਕ ਕਦੇ ਹਲਟੀ ਵਾਲੇ ਬਰੋਟੇ ਹੇਠਾਂ ਜਾ ਕੇ ਬਾਬਿਆਂ ਤੋਂ ਕਥਾ-ਕਹਾਣੀਆਂ ਸੁਣਨ ਜਾ ਬੈਠਦਾ ਹੈ, ਕਦੇ ਓਸ ਬਰੋਟੇ ’ਤੇ ਚੜ੍ਹ ਖੜਮਸਤੀਆਂ ਕਰਨ ਲੱਗ ਜਾਂਦਾ ਹੈ, ਕਦੇ ਉੱਚੀ ਬੀਹੀ ਵਾਲੇ ਲੋਕਾਂ ਦੇ ਰੰਗ-ਢੰਗ ਵੇਖਦਾ ਹੈ ਤੇ ਕਦੇ ਉੱਤਰ ਪਾਸੇ ਦੀ ਢਾਬ ਦੇ ਨਿਰਮਲ ਨੀਰ ਤੋਂ ਤ੍ਰੇਹ ਬੁਝਾਉਣ ਲੱਗਦਾ ਹੈ। ਰੰਗ-ਬਰੰਗੇ ਪਿੰਡ ਵਿੱਚ ਵੱਸਦੀਆਂ ਵੱਖੋ-ਵੱਖਰੀਆਂ ਜਾਤ ਬਰਾਦਰੀਆਂ ਅਤੇ ਉਨ੍ਹਾਂ ਦੀ ਆਪਸੀ ਸਾਂਝ ਦੀ ਗੱਲ ਕਰਦਾ ਲੇਖਕ ਆਪਣੇ ਪਿੰਡ ਦੀ ਅਨੇਕਤਾ ਵਿੱਚ ਏਕਤਾ ਦਿਖਾਉਂਦਾ ਹੋਇਆ ਸਾਡੇ ਸੱਭਿਆਚਾਰ ਸੋਹਣੀ ਤਸਵੀਰ ਖਿੱਚਦਾ ਹੈ।
     ਦਿਨੋ ਦਿਨ ਬਦਲ ਰਹੇ ਪਿੰਡ ਦਾ ਨਕਸ਼ਾ ਖਿੱਚਦਾ ਲੇਖਕ ਗਿਰਾਵਟ ਵੱਲ ਜਾ ਰਹੀ ਕਿਰਸਾਣੀ ਨੂੰ ਲੈ ਕੇ ਡਾਢ੍ਹਾ ਚਿੰਤਤ ਹੈ। ਬੇਸ਼ੱਕ ਪਿਛਲੇ ਪੂਰੇ ਇੱਕ ਦਹਾਕੇ ਤੋਂ ਲੇਖਕ ਆਪਣੇ ਪਿੰਡ ਤੋਂ ਦੂਰ ਵਿਦੇਸ਼ ਵਿੱਚ ਰਹਿ ਰਿਹਾ ਹੈ; ਐਪਰ ਆਪਣੇ ਪਿੰਡ ਦੀ ਮਿੱਟੀ ਨਾਲ ਮੋਹ ਹੋਣ ਕਰਕੇ ਉਹਨੂੰ ਪਿੰਡ ਦੀ ਵਿਕ ਰਹੀ ਜ਼ਮੀਨ ਦਾ ਝੋਰਾ ਪਲ਼-ਪਲ਼ ਸਤਾਉਂਦਾ ਮਹਿਸੂਸ ਹੁੰਦਾ ਹੈ। ਸੇਹ ਪਿੰਡ ਦੇ ਅੱਠ ਉੱਦਮੀ ਨੌਜਵਾਨਾਂ ਅਤੇ ਤਿੰਨ ਪੀੜ੍ਹੀਆਂ ਤੋਂ ਸਫ਼ਲ ਨੌਂ ਭੰਗੂ ਭਰਾਵਾਂ ਦੇ ਜ਼ਿਕਰ ਤੋਂ ਇਲਾਵਾ ਲੇਖਕ ਨੇ ਆਪਣੇ ਪਿੰਡ ਦੇ ਅਨੇਕਾਂ ਸਫ਼ਲ ਹੋਏ ਸੱਜਣਾਂ ਦੀ ਸੀਰਤ ਨਿਗਾਰੀ ਕੀਤੀ ਹੈ; ਜਿਸ ਤੋਂ ਪਾਠਕ ਨੂੰ ਉੱਦਮੀ ਬਣਨ ਦੀ ਪ੍ਰੇਰਣਾ ਮਿਲਦੀ ਹੈ। ਇਸਦੇ ਇਲਾਵਾ ਸ. ਬਿਲਿੰਗ ਜੀ ਨੇ ਆਪਣੇ ਪਿੰਡ ਹੋਏ ਨਾਮਵਰ ਕਵੀਸ਼ਰ, ਗਾਇਕ, ਸ਼ਾਇਰ, ਲੇਖਕ, ਹਕੀਮ, ਡਾਕਟਰ, ਮਾਸਟਰ, ਖਿਡਾਰੀ, ਆਜਾਦੀ ਘੁਲਾਟੀਏ, ਫੌਜੀ ਸ਼ਹੀਦ ਤੇ ਅਫ਼ਸਰਾਂ ਦੀ ਬਾਤ ਪਾਈ ਹੈ। ਬਿਨਾਂ ਸ਼ੱਕ ਲੇਖਕ ਦੇ ਪਿੰਡ ਤੋਂ ਬਾਹਰਲੇ ਪਾਠਕ ਨੂੰ ਸੇਹ ਪਿੰਡ ਦੇ ਨਾਮਵਰ ਵਿਅਕਤੀਆਂ ਦੇ ਜੀਵਨ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਹੁੰਦੀ, ਪ੍ਰੰਤੂ ਫਿਰ ਵੀ ਉਨ੍ਹਾਂ ਦੇ ਜੀਵਨ ਤੋਂ ਕੋਈ ਨਾ ਕੋਈ ਸੇਧ ਸੁੱਤੇ-ਸਿੱਧ ਹੀ ਪਾਠਕ ਦੇ ਅੰਦਰ ਘਰ ਕਰ ਜਾਂਦੀ ਹੈ।
     ਲੇਖਕ ਨੇ ਪਿੰਡ ਦੇ ਭੂਗੋਲ ਸਮੇਤ ਆਪਣੇ ਵਡੇਰਿਆਂ ਅਤੇ ਪਿੰਡ ਦੀਆਂ ਪੱਤੀਆਂ ਬਾਰੇ ਬਾਖੂਬੀ ਜਾਣਕਾਰੀ ਦਿੱਤੀ ਹੈ। ਪੁਸਤਕ ਪੜ੍ਹਦਿਆਂ ਲੇਖਕ ਦਾ ਨਾਵਲਕਾਰ ਬਣਨਾ ਤਿੰਨ ਪੀੜ੍ਹੀਆਂ ਦੀ ਘਾਲਣਾ ਮਹਿਸੂਸ ਹੁੰਦੀ ਹੈ। ਤਿੰਨ ਪੀੜ੍ਹੀਆਂ ਦੀ ਘਾਲਣਾ ਇਉਂ ਕਿ ਕਲੀਆਂ ਸੁਣਨ ਦੇ ਸ਼ੌਕੀਨ ਸਾਈਂ ਦਿੱਤਾ ਦਾ ਸਪੁੱਤਰ ਸ. ਨੌਰੰਗ ਸਿੰਘ ਕਵੀਸ਼ਰ ਬਣਦਾ ਹੈ ਤੇ ਅਗਾਂਹ ਜਾ ਕੇ ਕਵੀਸ਼ਰ ਨੌਰੰਗ ਸਿੰਘ ਦਾ ਸਪੁੱਤਰ ਅਵਤਾਰ ਸਿੰਘ ਬਿਲਿੰਗ ਪੰਜਾਬੀ ਦਾ ਸਿਰਮੌਰ ਨਾਵਲਕਾਰ ਹੋ ਨਿੱਬੜਦਾ ਹੈ। ਵੱਡੀ ਗੱਲ ਇਸ ਪੁਸਤਕ ਵਿੱਚ ਇਹ ਹੈ ਕਿ ਇਹਨੂੰ ਪੜ੍ਹਨ ਵਾਲੇ ਪਾਠਕ ਦਾ ਮਨ ਆਪਣੇ ਪਿੰਡ ਦਾ ਇਤਿਹਾਸ ਲਿਖਣ ਲਈ ਬਿਹਬਲ ਹੋ ਉੱਠਦਾ ਹੈ। ਤੁਸੀਂ ਵੀ ਆਪਣੇ ਪਿੰਡ ਦੇ ਪਿਛੋਕੜ ਵਿੱਚ ਝਾਤ ਮਾਰਨ ਦੇ ਇੱਛੁਕ ਹੋ ਤਾਂ ਇਹ ਪੋਥੀ ਪੜ੍ਹਨੀ ਲਾਹੇਵੰਦ ਹੋਵੇਗੀ।