ਮੈਨੂੰ ਪੜ੍ਹੇ-ਲਿਖੇ ਲੋਕਾਂ ਨੇ ਧੋਖਾ ਦਿੱਤਾ (ਲੇਖ )

ਮਨਜੀਤ ਤਿਆਗੀ   

Email: englishcollege@rocketmail.com
Cell: +91 98140 96108
Address:
ਮਲੇਰਕੋਟਲਾ India
ਮਨਜੀਤ ਤਿਆਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਡਾਕਟਰ ਭੀਮ ਰਾਓ ਅੰਬੇਦਕਰ ਨੇ ਸਾਰੀ ਉਮਰ ਮਨੁੱਖਤਾ ਦੀ ਭਲਾਈ ਲਈ ਕੰਮ ਕੀਤਾ ਖਾਸ ਤੌਰ ’ਤੇ ਉਹ ਦੱਬੇ-ਕੁਚਲੇ ਲੋਕਾਂ ਨੂੰ ਸਮਾਜਿਕ ਤੇ ਆਰਥਿਕ ਬਰਾਬਰੀ ਦਿਵਾਉਣ ਲਈ ਤਤਪਰ ਰਹਿੰਦੇ ਸਨ। ਇਕ ਵਿਚਾਰ ਦਾ ਅਕਸਰ ਹੀ ਉਹ ਜ਼ਿਕਰ ਕਰਦੇ ਕਿ ਜਦੋਂ ਕੋਈ ਹਿੰਦੂ ਔਰਤ ਗਰਭਵਤੀ ਹੁੰਦੀ ਹੈ ਤਾਂ ਉਹ ਦੇਖਦੀ ਹੈ ਕਿ ਜੱਜ ਦੀ ਕੁਰਸੀ ਕਿੱਥੇ ਖਾਲੀ ਹੈ ਤਾਂ ਕਿ ਅੱਗੇ ਜਾ ਕੇ ਉਹ ਆਪਣੇ ਬੇਟੇ ਨੂੰ ਇਸ ’ਤੇ ਬਿਠਾਉਣ ਦਾ ਪ੍ਰਬੰਧ ਕਰ ਸਕੇ। ਇਸ ਤੋਂ ਉਲਟ ਜਦੋਂ ਕੋਈ ਗ਼ਰੀਬ ਔਰਤ ਗਰਭਵਤੀ ਹੁੰਦੀ ਸੀ ਉਹ ਦੇਖਦੀ ਸੀ ਕਿ ਕਾਰਪ੍ਰੇਸ਼ਨ ਵਿੱਚ ਕੋਈ ਝਾੜੂ ਵਾਲੇ ਜਮਾਦਾਰ ਦੀ ਪੋਸਟ ਖਾਲੀ ਹੈ ਕਿ ਨਹੀਂ। ਇਸ ਸਮੇਂ ਦੌਰਾਨ ਅੰਗਰੇਜ਼ ਸਰਕਾਰ ਨੇ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਅਤੇ ਹਿੰਦੂ ਯੂਨੀਵਰਸਿਟੀ ਬਨਾਰਸ ਨੂੰ ਕਈ ਲੱਖ ਰੁਪਏ ਦੀ ਗਰਾਂਟ ਮਨਜੂਰ ਕਰ ਦਿਤੀ। ਦੋਨੋ ਯੂਨੀਵਰਸਿਟੀਆਂ ਨੂੰ ਵਿਸ਼ੇਸ ਪੈਕੇਜ ਦੇਣ ਦੀ ਖ਼ਬਰ ਜਿਵੇਂ ਹੀ ਡਾ. ਅੰਬੇਦਕਰ ਨੂੰ ਮਿਲੀ ਉਹ ਅੰਗਰੇਜ਼ ਗਵਰਨਰ ਨੂੰ ਮਿਲੇ। ਉਨ੍ਹਾਂ ਨੇ ਆਪਣੀ ਵਿਦਵਤਾ ਭਰਭੂਰ ਗੱਲਬਾਤ ਨਾਲ ਗਵਰਨਰ ਨੂੰ ਸਰਕਾਰੀ ਖ਼ਰਚੇ ’ਤੇ ਅਛੂਤ ਬੱਚਿਆਂ ਦੇ ਬੈਚ ਨੂੰ ਉੱਚ-ਸਿੱਖਿਆ ਪ੍ਰਾਪਤ ਕਰਨ ਲਈ ਇੰਗਲੈਂਡ ਭੇਜਣ ਲਈ ਹਾਂ ਕਰਵਾ ਲਈ। ਇਸ ‘ਕੋਲੋਂਬੋ ਪਲਾਨ’ ਤਹਿਤ 1944 ’ਚ 15 ਵਿਦਿਆਰਥੀਆਂ ਦਾ ਪਹਿਲਾ ਬੈਚ ਭੇਜਿਆ ਗਿਆ ਤੇ 1946 ’ਚ 16 ਵਿਦਿਆਰਥੀਆਂ ਦਾ ਦੂਜਾ ਬੈਚ ਭੇਜਿਆ ਗਿਆ। ਦੂਜੇ ਬੈਚ ਵਿੱਚ ਐਮ. ਆਰ. ਬੋਡਲੇ, ਬੀ. ਡੀ. ਖੋਵਰਾਗੜੇ, ਬੀ. ਬੀ. ਕਦਮ, ਏ. ਆਰ. ਕਾਇਲ, ਵਾਈ. ਸੀ. ਗਾਇਕਵਾੜ, ਟੀ. ਬੀ. ਆਵਾਲੇ, ਕੋਲਾਟਾ ਰਲਦੇਵ ਸਿੰਘ, ਚੌਧਰੀ ਰੇਅ, ਪੀ. ਕੇ. ਕਾਇਲ, ਐਮ. ਏ. ਕਾਂਬਲੇ,  ਡੀ. ਐਸ. ਯੇਜੂਰੀਕਰ, ਐਸ. ਬੀ. ਗਾਇਕਵਾੜ, ਐਨ.ਜੀ.ਓ.ਕੇ.,  ਐਮ. ਐਮ. ਵਾਨਖੇੜੇ, ਐਲ. ਆਰ. ਬਹਿਰਾ, ਸਿਧਾਰਥ ਮੁਲਾਹਰੀ ਦਿਖਲੇ, ਸ਼ਾਮਲ ਸਨ। ਦੂਜੇ ਬੈਚ ਵਿੱਚ ਭਾਵੇਂ ਬੀ. ਡੀ. ਗੋਵਰਾਗੜੇ ਆਪਣੇ ਖ਼ਰਚੇ ’ਤੇ ਪੜ੍ਹਾਈ ਕਰਨ ਗਏ ਸਨ ਪਰ ਉਹ ਲੰਮਾ ਸਮਾਂ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੁੜੇ ਰਹੇ।ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਡਾ. ਅੰਬੇਦਕਰ ਨੇ ਹੀ ਸਿਫਾਰਸ਼ ਕੀਤੀ ਸੀ ਤੇ ਉਨ੍ਹਾਂ ਨੂੰ ਨਸੀਅਤ ਦਿੱਤੀ ਸੀ ਕਿ ਉੱਥੇ ਉਹ ਬਿਨਾਂ ਭੇਦ-ਭਾਵ ਤੋਂ ਹੋਰਨਾਂ ਜਾਤਾਂ ਦੇ ਵਿਦਿਆਰਥੀਆਂ ਵਾਂਗ ਉੱਚ ਸਿੱਖਿਆ ਪ੍ਰਾਪਤ ਕਰਨਗੇ ਤੇ ਕੋਈ ਪੈਸਾ ਵੀ ਖ਼ਰਚ ਨਹੀਂ ਕਰਨਾ ਪਵੇਗਾ। ਅੰਬੇਦਕਰ ਜੀ ਨੇ ਉਨ੍ਹਾਂ ਨੂੰ ਨਸੀਅਤ ਦਿੰਦੇ ਹੋਏ ਕਿਹਾ ਸੀ, “ਜਦੋਂ ਤੁਸੀਂ ਸਿੱਖਿਅਤ ਅਤੇ ਕਾਬਿਲ ਇਨਸਾਨ ਬਣ ਗਏ ਤਾਂ ਵਾਪਿਸ ਆ ਕੇ ਸਮਾਜ ਨੂੰ ਗ਼ਰੀਬੀ ਤੇ ਅਗਿਆਨਤਾ ਦੀ ਦਲਦਲ ’ਚੋਂ ਕੱਢਣ ਲਈ ਜ਼ਰੂਰ ਯਤਨ ਕਰਨਾ”। ਡਾ. ਅੰਬੇਦਕਰ ਗਿਆਨ ਨੂੰ ਇਕ ਸ਼ਕਤੀ ਵਜੋਂ ਲੈਂਦੇ ਸਨ। ਉਹ ਕਿਹਾ ਕਰਦੇ ਸਨ ਕਿ ਅਨੁਸੂਚਿਤ ਜਾਤੀਆਂ ਦੇ ਲੋਕ ਉਨ੍ਹਾਂ ਚਿਰ ਆਪਣੀ ਸੁਤੰਤਰਤਾ ਅਤੇ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਜਿੰਨ੍ਹਾਂ ਚਿਰ ਉਹ ਗਿਆਨ ਦੇ ਖ਼ੇਤਰ ’ਚ ਡੂੰਘਾ ਨਹੀਂ ਉਤਰਦੇ। ਉਹ ਚਾਹੁੰਦੇ ਸਨ ਕਿ ਦਲਿਤ ਸਮਾਜ ਦੇ ਵਿਦਿਆਰਥੀ ਗਿਆਨ ਹਾਸਲ ਕਰਨ ਅਤੇ ਸਮਾਜ ਨੂੰ ਅਗਵਾਈ ਦੇਣ। ਪਰ ਹੋਇਆ ਇਸ ਤੋਂ ਉਲਟ ਕਿਉਂਕਿ ਬਹੁਤੇ ਦਲਿਤ  ਵਿਦਿਆਰਥੀ  ਪੜ੍ਹ ਕੇ ਵਿਦੇੇਸ਼ਾਂ ਵਿੱਚ ਹੀ  ਸੈਟਲ ਹੋੋ ਗਏੇੇ।ਪੜ੍ਹਾਈ ਪੂਰੀ ਕਰਨ ਉਪਰੰਤ ਦੋਨੋ ਬੈਚਾਂ ਦੇ ਵਿਦਿਆਰਥੀਆਂ ਵਿਚੋਂ ਸਿਰਫ਼ ਦੋ ਚਾਰ ਵਿਦਿਆਰਥੀਆਂ ਨੇ ਹੀ ਸਮਾਜ ਦੀ ਭਲਾਈ ਲਈ ਸਮਾਂ ਦਿੱਤਾ। ਜਿਨ੍ਹਾਂ ਵਿੱਚੋਂ ਸ੍ਰੀ ਐਨ.ਜੀ.ਓ.ਕੇ. ਪ੍ਰਮੁੱਖ ਸਨ। ਸ੍ਰੀ ਐਨ.ਜੀ.ਓ.ਕੇ. ਨੇ ਭਾਰਤ ਵਾਪਿਸ ਆ ਕੇ ਆਈ. ਏ. ਐਸ. ਦੀ ਨੌਕਰੀ ਪ੍ਰਾਪਤ ਕੀਤੀ ਤੇ ਆਪਣੇ ਸੇਵਾ ਕਾਲ ਦੌਰਾਨ ਹੀ ਨਹੀਂ ਸਗੋਂ ਰਿਟਾਇਰਮੈਂਟ ਤੋਂ ਬਾਅਦ ਵੀ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੁੜੇ ਰਹੇ। ਜਦੋਂ ਦੋਵੇ ਬੈਚਾਂ ਦੇ ਜ਼ਿਆਦਾਤਰ ਪੜ੍ਹਾਕੂਆਂ ਨੇ ਆਮ ਲੋਕਾਂ ਲਈ ਕੁਝ ਵੀ ਨਾ ਕੀਤਾ ਤਾਂ  ਡਾ. ਅੰਬੇਦਕਰ ਦਾ ਸੁਪਨਾ ਚਕਨਾ-ਚੂਰ ਹੋ ਗਿਆ। ਡਾਕਟਰ ਅੰਬੇਡਕਰ ਨੇ ਸੋਚਿਆ ਸੀ ਕਿ ਜੇਕਰ ਉਹ ਵਿਦੇਸ਼ਾਂ ਦੀ ਆਜ਼ਾਦ ਫ਼ਿਜ਼ਾ ਵਿਚ, ਜਾਤੀਵਾਦੀ ਅਤੇ  ਮਨੂੰਵਾਦੀ ਸਿਸਟਮ ਤੋਂ ਦੂਰ ਰਹਿ ਕੇ, ਪੜ੍ਹ ਕੇੇ ਆਪਣੇ ਸਮਾਜ ਲਈ ਇੰਨਾ ਕੁਝ ਕਰ ਸਕਦਾ ਹੈ ਤਾਂ ਵੀਹ-ਤੀਹ ਦਲਿਤ ਵਿਦਿਆਰਥੀ ਤਾਂ  ਬਹੁਤ ਵੱਡੇ ਪੱਧਰ ’ਤੇ ਸਮਾਜਿਕ ਪਰਿਵਰਤਨ ਕਰ ਦੇਣਗੇ। ਸਮਾਂ ਬੀਤਣ ਦੇ ਨਾਲ-ਨਾਲ ਲੋਕ ਪੜ੍ਹ-ਲਿਖ ਕੇ ਸਰਕਾਰੀ ਬਾਬੂ ਤਾਂ ਬਣਦੇ ਰਹੇ ਪਰ ਬਾਬਾ ਸਾਹਿਬ ਦੀ ਇਸ  ਉਮੀਦ ਨੂੰ ਬੂਰ ਨਾ ਪਿਆ। ਡਾਕਟਰ ਅੰਬੇਦਕਰ ਨੇ ਸਮਾਜ ਨੂੰ ਉਥਾਨ ਵੱਲ ਲਿਜਾਣ ਲਈ ‘ਪੜੋ੍ਹ, ਜੁੜੋ ਤੇ ਸੰਘਰਸ਼ ਕਰੋ’ ਨਾਮ ਦਾ ਅਰਥਭਰਪੂਰ ‘ਮੂਲ ਮੰਤਰ’  ਦਿੱਤਾ। ਪਰ ਬਾਬਾ ਸਾਹਿਬ ਵੱਲੋਂ ਦਿੱਤੇ ਪਹਿਲੇ ਆਦੇਸ਼ ‘ਸਿੱਖਿਅਤ ਬਣੋ’ ਦੇ ਅਨੁਸਾਰ ਕੁੱਝ ਲੋਕਾਂ ਨੇ ਵਿੱਦਿਆ ਪ੍ਰਾਪਤੀ ਨੂੰ ਆਪਣੀ ਨਿੱਜੀ ਸਫ਼ਲਤਾ ਦਾ ਸਾਧਨ ਬਣਾ ਕੇ ਆਪਣੇ ਪਰਿਵਾਰ ਤੱਕ ਹੀ ਸੀਮਤ ਕਰ ਲਿਆ। ਦੂਜਾ ਆਦੇਸ਼ ‘ਸੰਘਰਸ਼ ਕਰੋ’ ਨੂੰ ਸਿਰਫ ਸਿਆਸੀ ਲੀਡਰਾਂ ਦਾ ਕੰਮ ਸਮਝ ਕੇ ਉਸ ਨੂੰ ਅਣਗੌਲਿਆ ਕਰ ਦਿੱਤਾ। ਤੀਜੇ ਆਦੇਸ਼ ‘ਸੰਗਠਿਤ ਹੋਵੋ’ ਦੇ ਅਨੁਸਾਰ ਉਸ ਬਾਰੇ ਸਮਾਜ ਦਾ ਰਵੱਈਆ ਹੀ ਉਲਟ ਦਿਸ਼ਾ ਵੱਲ ਹੋ ਗਿਆ।
 ਇਹ ਸਭ ਵਰਤਾਰਾ ਦੇਖ ਕੇ  ਡਾ. ਅੰਬੇਦਕਰ ਨੇ 18 ਮਾਰਚ 1956 ’ਚ ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਵਿਖੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਿਨ ਕਰਦੇ ਹੋਏ ਆਪਣੇ ਭਾਸ਼ਣ ’ਚ ਬਹੁਜਨ ਸਮਾਜ ਦੇ ਪੜ੍ਹੇ-ਲਿਖੇ ਲੋਕਾਂ ਤੋਂ ਤੰਗ ਆ ਕੇ ਇਹ ਕਹਿਣਾ ਪਿਆ ਸੀ ਕਿ “ਪੜ੍ਹੇ-ਲਿਖੇ ਲੋਕਾਂ ਨੇ ਮੈਨੂੰ ਧੋਖਾ ਦਿੱਤਾ ਹੈ” ਮੈਂ ਸੋਚਿਆ ਸੀ ਕਿ ਇਹ ਪੜ੍ਹ ਲਿਖ ਕੇ ਆਪਣੇ ਸਮਾਜ ਦੇ ਲਈ ਇਮਾਨਦਾਰੀ ਨਾਲ ਕੰਮ ਕਰਨਗੇ ਲੇਕਿਨ ਮੈਂ ਦੇਖ ਰਿਹਾ ਹਾਂ ਕਿ ਇਹ ਆਪਣਾ ਤੇ ਆਪਣੇ ਪਰਿਵਾਰ ਦਾ ਹੀ ਪੇਟ ਪਾਲਣ ’ਚ ਮਗਨ ਹਨ। ਮੇਰੇ ਚਾਰੇ ਪਾਸੇ ਛੋਟੇ ਤੇ ਵੱਡੇ  ਬਾਬੂਆਂ ਦੀ ਭੀੜ ਇਕੱਠੀ ਹੋ ਗਈ ਹੈ, ਜੋ ਕਿਸੇ ਕੰਮ ਦੀ ਨਹੀਂ ਹੈ ਅਤੇ ਹੁਣ ਮੈਂ ਇਨ੍ਹਾਂ ਪੜ੍ਹੇ-ਲਿਖੇ ਲੋਕਾਂ ਦੇ ਲਈ ਨਹੀਂ ਬਲਕਿ ਪਿੰਡਾਂ ’ਚ ਰਹਿ ਰਹੇ ਬੇ-ਸਹਾਰਾ ਲੋਕਾਂ ਦੀ ਲੜਾਈ ਹੀ ਲੜਾਂਗਾ।”  
ਵਰਤਮਾਨ ਸਮੇਂ ਦੇ ਸੰਦਰਭ ’ਚ ਵੀ ਬਾਬਾ ਸਾਹਿਬ ਦਾ ਉਪਰੋਕਤ ਸ਼ਿਕਵਾ ਪੜ੍ਹੇ-ਲਿਖੇ ਇਕ ਅਕ੍ਰਿਤਘਣ ਵਰਗ ’ਤੇ ਅੱਜ ਵੀ ਢੁੱਕਦਾ ਹੈ ਜਿਸ ਨੂੰ ਬਾਬਾ ਸਾਹਿਬ ਦੀ ਬਦੌਲਤ ਸਕੂਲ ਜਾਂ ਕਾਲਜ ’ਚ ਦਾਖ਼ਲਾ ਮਿਲਿਆ, ਵਜ਼ੀਫ਼ਾ ਮਿਲਿਆ ਤੇ ਡਿਗਰੀ ਮਿਲੀ। ਪੜ੍ਹਾਈ  ਪੂਰੀ ਕਰਨ ਉਪਰੰਤ ਜਦੋਂ ਇਹ ਭੁੱਖ-ਨੰਗ ਨਾਲ ਲੜਦੇ  ਹੋਏ ਦੋ ਵੇਲੇ ਦੀ ਰੋਟੀ ਲਈ ਦਿਨ ਕਟੀ ਕਰ ਰਹੇ ਸਨ ਉਸ ਸਮੇਂ ਬਾਬਾ ਸਾਹਿਬ ਦੇ ਥਾਪੜੇ ਨਾਲ ਇਨ੍ਹਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲ ਗਈਆਂ। ਸਰਕਾਰੀ ਮੁਲਾਜ਼ਮ ਬਣਦਿਆ ਹੀ ਇਨ੍ਹਾਂ ਦਾ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ। ਚੰਗੇ ਭਵਿੱਖ ਜਾਂ ਦਾਜ ਦੇ ਲਾਲਚ ਕਾਰਨ ਇਹ ਨੌਜਵਾਨ ਲੜਕੇ-ਲੜਕੀਆਂ ਵਿਆਹ ਵੀ ਸਿਰਫ ਸਰਕਾਰੀ ਮੁਲਾਜ਼ਮ ਨਾਲ ਹੀ ਕਰਾਉਂਦੇ ਹਨ। ਫਿਰ ਤਨਖ਼ਾਹਾਂ ’ਤੇ ਲੋਨ ਲੈ ਕੇ ਪਹਿਲਾ ਕੋਠੀ ਤੇ ਫਿਰ ਕਾਰ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਖ਼ਪਤਵਾਦ ਕਲਚਰ ’ਚ ਲੁਪਤ ਹੋ ਕਿ ਇਹ ‘ਖਾਓ-ਪੀਓ ਐਸ ਕਰੋ’ ਦੇ ਸਿਧਾਂਤ ’ਤੇ ਚਲਦਿਆਂ ਆਪਣੇ ਸਮਾਜ ਤੋਂ ਦੂਰ ਹੁੰਦੇ ਜਾਂਦੇ ਹਨ। ਬਦਲੀ ਦੇ ਡਰ ਤੋਂ ਇਹ ਕਿਸੇ ਸਮਾਜਿਕ ਸੰਗਠਨ ਨਾਲ ਜੁੜਨ ਤੋਂ ਗੁਰੇਜ਼ ਕਰਦੇ ਹਨ। ਇਹ ਜਨਾਬ ਤਾਂ ਗੋਡੇ ਜਾਂ ਮੋਢੇ ਦੇ ਦਰਦ ਜਾਂ ਸਮੇਂ ਦੀ ਘਾਟ ਦਾ ਬਹਾਨਾ ਲਾ ਕੇ ਸਮਾਜ ਭਲਾਈ ਦੇ ਕਾਰਜਾ ਤੋਂ ਪਰੇ੍ਹ ਰਹਿਣਾ ਹੀ ਪਸੰਦ ਕਰਦੇ ਹਨ ਕਿਉਂਕਿ ਇਹ ਸਭ ਇਹਨਾ ਨੂੰ ਸਮੇਂ ਦੀ ਬਰਬਾਦੀ ਲੱਗਦੇ ਹਨ। ਕਈ ਅਫ਼ਸਰਾਂ ਨੂੰ ਤਾਂ ਆਪਣੇ ਅਹੁਦੇ ਦਾ ਇਨਾ ਗਰੂਰ ਹੁੰਦਾ ਹੈ ਕਿ ਉਹ ਆਪਣੇ ਸਮਾਜ ਨੂੰ ਹੀ ਤੁੱਛ ਸਮਝਦੇ ਹਨ ਪਰ ਜਦੋਂ ਕਦੇ ਇਨ੍ਹਾਂ ਨੂੰ ਦੂਜੇ ਪਾਸੇ ਤੋਂ ਕੋਈ ਦੂਰਕਾਰ, ਫਿਟਕਾਰ ਜਾਂ ਬਿਪਤਾ ਪੈਂਦੀ ਹੈ ਫਿਰ ਇਹਨਾ ਕੋਲ ਇਕ ਹੀ ਗੱਲ ਹੁੰਦੀ ਹੈ ਕਿ ਦਲਿਤ ਹੋਣ ਕਰਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਜਿਹੀ ਸਥਿਤੀ ਵਿਚ ਇਨ੍ਹਾਂ ਨੂੰ ਆਪਣੇ ਸਮਾਜ ਦੇ ਸੰਗਠਨ ਜਾਂ ਰਾਜਨਿਤਿਕ ਪਾਰਟੀ ਯਾਦ ਆਉਂਦੀ ਹੈ।ਅਸਲ ਵਿਚ ਇਹ ਇਕ ਬੋਗਸ ਜ਼ਿੰਦਗੀ ਜਿਉਂਦੇ ਹਨ। ਦੂਜੇ ਧਰਮ ਦੇ ਦੇਵੀ-ਦੇਵਤਿਆਂ ਦੀ ਪੂਜਾ ਕਰਕੇ, ਵਰਤ ਰੱਖ ਕੇ ਤੇ ਤਿਉਹਾਰ ਮਨਾ ਕੇ ਆਪਣੇ ਆਪ ਨੂੰ ਉਸ ਸਮਾਜ ਦਾ ਮੈਂਬਰ ਹੋਣ ਦਾ ਭਰਮ ਪਾਲਦੇ ਹਨ ਭਾਵੇਂ ਇਹ ਵਰਗ ਆਪਣੀ ਜਾਤੀ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਕਲੋਨੀ ਅਤੇ ਵਿਭਾਗ ਦਾ ਹਰ ਬੰਦਾ ਸੱਚਾਈ ਤੋਂ ਵਾਕਫ਼ ਹੁੰਦਾ ਹੈ। ਇਨ੍ਹਾਂ ਦੇ ਬੱਚਿਆਂ ਨੂੰ ਵੀ ਵੱਖ-ਵੱਖ ਦਿਨਾਂ ਦੇ ਵਰਤਾਂ ਤੇ ਹੋਰ ਬਾਬਿਆਂ ਦੀ ਜਾਣਕਾਰੀ ਤਾਂ ਵਾਧੂ ਹੁੁੰਦੀ ਹੈ ਪਰ ਗਲਾ ਚੋਂ ਕੁੱਜੇ ਤੇ ਲੱਕ ਨਾਲੋ ਝਾੜੂ ਲਹਾ ਕੇ ਇਨਸਾਨ ਵਾਲਾ ਜੀਵਨ ਦਿਵਾਉਣ ਵਾਲੇ  ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਜੀਵਨ ਬਾਰੇ ਕੁੱਝ ਨਹੀਂ ਪਤਾ ਹੁੰਦਾ।  (ਤਰੱਕੀ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਜਿਸ ਸ਼ਖ਼ਸੀਅਤ ਦੀ ਬਦੌਲਤ ਤਰੱਕੀ ਹੋ ਰਹੀ ਹੈ ਉਸ ਦੇ ਸਿਧਾਂਤ ‘ਪੇ ਬੈਕ ਟੂ ਸੋਸ਼ਾਇਟੀ’ ਤੇ ਮਿਸ਼ਨ ਨੂੰ ਭੁਲਣਾ ਤਾਂ ਉਸ ਸ਼ਖ਼ਸੀਅਤ ਨਾਲ ਗੱਦਾਰੀ ਹੀ ਹੈ )। ਇਹ ਇਕ ਸੱਚਾਈ ਹੈ ਕਿ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਲੋਕਾਂ ਨੇ ਅੰਬੇਦਕਰਵਾਦ ਨੂੰ ਜਿਉਂਦਾ ਰੱਖਣ ’ਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ; ਰਾਖਵੇਕਰਨ ਰਾਹੀਂ ਨੌਕਰੀਆਂ ਕਰਦੇ ਜ਼ਿਆਦਾਤਰ ਸਰਕਾਰੀ ਬਾਬੂਆਂ ਨੂੰ ਤਾਂ ਆਪਣੇ ਘਰਾਂ ’ਚ ਅੰਬੇਦਕਰ ਦੀ ਫੋਟੋ ਲਗਾਉਣ ’ਚ ਵੀ ਸ਼ਰਮ ਆਉਂਦੀ ਹੈ।
     ਡਾ. ਅੰਬੇਦਕਰ ਦੀ ਸੋਚ ਸੀ ਕਿ ਜਿਸ ਸਮਾਜ ਵਿਚ 10 ਵਕੀਲ, 20 ਡਾਕਟਰ ਅਤੇ 30 ਇੰਜੀਨੀਅਰ ਹੋਣਗੇ ਉਸ ਸਮਾਜ ਦੀ ਤਰਫ਼ ਕੋਈ ਅੱਖ ਉਠਾ ਕੇ ਨਹੀਂ ਦੇਖ ਸਕੇਗਾ। ਲੇਕਿਨ ਡਾਕਟਰ ਅੰਬੇਦਕਰ ਦੀ ਇਸ ਸੋਚ ਨੂੰ ਅਸੀਂ ਗ਼ਲਤ ਸਾਬਿਤ ਕਰ ਦਿੱਤਾ। ਅੱਜ ਕਿੰਨੇ ਹੀ ਵਕੀਲ ਸਮਾਜ ਵਿਚ ਹਨ, ਕਿੰਨੇ ਹੀ ਡਾਕਟਰ ਸਮਾਜ ਵਿਚ ਹਨ ਅਤੇ ਕਿੰਨੇ ਹੀ ਇੰਜਨੀਅਰ ਮੌਜੂਦ ਹਨ। ਇਸਦੇ ਇਲਾਵਾ ਤਹਿਸੀਲਦਾਰ, ਆਈ.ਏ.ਐਸ., ਆਈ.ਪੀ.ਐਸ., ਡੀ.ਐਸ.ਪੀ, ਐਸ.ਐਸ.ਪੀ. ਅਤੇ ਹੋਰ ਅਫ਼ਸਰ ਕੇਵਲ ਬਾਬਾ ਸਾਹਿਬ ਦੇ ਸਖ਼ਤ ਮਿਹਨਤ ਦੇ ਕਾਰਨ ਹੀ ਬਣੇ ਹਨ। ਬੇਸ਼ੱਕ ਉਹ ਇਹ ਕਹਿਣ ਕਿ ਅਸੀਂ ਆਪਣੀ ਮਿਹਨਤ ਨਾਲ ਬਣੇ ਹਾਂ ਪਰ ਇਹ ਇਨ੍ਹਾਂ ਦਾ ਇਕ ਭਰਮ ਹੀ ਹੈ।ਕੀ 1950 ਤੋਂ ਪਹਿਲਾਂ ਇਨ੍ਹਾਂ ਦੇ ਪੂਰਵਜ ਮਿਹਨਤ ਨਹੀਂ ਕਰਦੇ ਸਨ? ਜ਼ਰਾ ਇਨ੍ਹਾਂ ਨੂੰ ਪੁੱਛੋ ਕਿ ਇਹ ਸਮਾਜ ਕਿੱਥੇ ਖੜ੍ਹਾ ਸੀ, ਸਿਰਫ 72 ਸਾਲ ਪਹਿਲਾ। ਜਦੋਂ ਆਜ਼ਾਦ ਭਾਰਤ ਦਾ ਸੰਵਿਧਾਨ ਨਹੀਂ ਸੀ ਬਣਿਆ। ਹਜ਼ਾਰਾਂ ਸਾਲਾਂ ਤੌਂ ‘ਸ੍ਰਿਸ਼ਟੀ ਦੇ ਰਚਣਹਾਰ’ ਨੇ ਇਨ੍ਹਾਂ ਦੀ ਕਿਸਮਤ ’ਚ ਕੋਈ ਅਧਿਕਾਰ ਤਾਂ ਕੀ ਲਿਖਣਾ ਸੀ  ਸਗੋਂ  ਮੱਥੇ ’ਤੇ ਬਦਨਸੀਬ, ਬਦਕਿਸਮਤ, ਬਦਜਾਤ ਤੇ ਨੀਚ’ ਦੀ ਮੋਹਰ ਲਗਾ ਕੇ ਧਰਤੀ ਦੀਆਂ ਗੰਦੀਆਂ ਬਦਸੂਰਤ ਬਸਤੀਆਂ ਵਿਚ ਭੇਜ ਦਿੱਤਾ ਸੀ! ਪ੍ਰੰਤੂ ਡਾ. ਅੰਬੇਦਕਰ ਨੇ ਉਹਨਾਂ ਬਸਤੀਆਂ ਦੀ ਤਕਦੀਰ ਬਦਲਣ ਲਈ ਜੋ ਸੰਘਰਸ਼ ਕੀਤਾ, ਜੋ ਕ੍ਰਾਂਤੀ ਕੀਤੀ ਉਸ ਦਾ ਨਤੀਜ਼ਾ ਤੁਸੀ ਆਪਣੇ ਪਹਿਰਾਵੇ, ਵਿੱਦਿਆ, ਕਾਰ ਅਤੇ ਆਪਣੀ ਕੋਠੀ ’ਚ ਪਏ ਮਹਿੰਗੇ ਫਰਨੀਚਰ ਨੂੰ ਵੇਖ ਕੇ ਅਸਾਨੀ ਨਾਲ ਲਗਾ ਸਕਦੇ ਹੋ। ਕੀ ਕੋਈ ਭਗਵਾਨ ਅੱਜ ਤੱਕ ਅਜਿਹਾ ਕਰ ਸਕਿਆ ਹੈ? ਕੀ ਇਨ੍ਹਾਂ ਦੀ ਪੂਜਾ, ਭਗਤੀ, ਅਰਾਧਨਾ, ਧਾਰਮਿਕ ਯਾਤਰਾਵਾਂ, ਧਰਮ, ਅਣਗਿਣਤ ਭਗਵਾਨ ਇਨ੍ਹਾਂ ਨੂੰ ਉਹ ਕੁਝ ਦੇ ਸਕੇ, ਜੋ ਇਕੱਲੇ ਡਾ. ਅੰਬੇਦਕਰ ਨੇ ਸੰਵਿਧਾਨ ਬਣਾ ਕੇ ਦੇ ਦਿੱਤਾ ਹੈ।
ਜਿਵੇਂ ਕਿ ਪਹਿਲਾਂ ਹੀ ਜ਼ਿਕਰ ਕੀਤਾ ਜਾ ਚੁੱਕਿਆ ਹੈ ਕਿ ਭਾਵੇਂ ਬਾਬਾ ਸਾਹਿਬ ਦਾ ਸ਼ਿਕਵਾ ਬਹੁਜਨ ਸਮਾਜ ਦੇ ਪੜ੍ਹੇ-ਲਿਖੇ ਵਰਗ ’ਤੇ ਅੱਜ ਵੀ ਢੁੱਕਦਾ ਹੈ ਪਰ ਫਿਰ ਵੀ ਕੁੱਝ ਅਜਿਹੇ ਜਾਗਦੇ ਤੇ ਜੁਝਾਰੂ ਨੌਜਵਾਨ ਹਨ ਜਿਨ੍ਹਾਂ ਨੇੇ ਆਮ ਲੋਕਾਂ ਨੂੰ ਸੰਵਿਧਾਨ ਅਤੇ ਮੌਲਿਕ ਅਧਿਕਾਰਾਂ ਦਾ ਅਸਲੀ ਅਰਥ ਸਮਝਾਇਆ। ਵੋਟ ਦਾ ਅਧਿਕਾਰ, ਲੋਕਤੰਤਰ ਅਤੇ ਸਰਕਾਰਾਂ ਦੀ ਬਣਤਰ ਦੀ ਸਹੀ ਤੇ ਸਮਝ ਪੈਣ ਵਾਲੀ ਵਿਆਖਿਆ ਕੀਤੀ। ਵੋਟ ਦੀ ਅਸਲ ਕੀਮਤ, ਸ਼ਾਸਨ ਤੇ ਪ੍ਰਸ਼ਾਸਨ ਦੇ ਅਰਥ ਆਮ ਪੇਂਡੂਆਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਹ ਨੌਜਵਾਨ ਇਹ ਦੱਸਣ ਲਈ ਤੱਤਪਰ ਰਹਿੰਦੇ ਹਨ ਕਿ ਸੰਵਿਧਾਨ ਰਾਹੀਂ ਮਿਲਿਆ ਰਾਖਵਾਂਕਰਨ ਗਾਂਧੀ, ਨਹਿਰੂ ਜਾਂ ਕਾਂਗਰਸ ਦੀ ਦੇਣ ਨਹੀਂ ਬਲਕਿ ਸ਼ਾਹੂ ਛਤਰਪਤੀ ਅਤੇ ਡਾ. ਅੰਬੇਦਕਰ ਦੀ ਦੇਣ ਹੈ। ਇਹ ਉਹ ਜਾਗਦੇ ਲੋਕ ਹਨ ਜੋ ਅੱਜ ਵੀ ਲੋਕਾਂ ਨੂੰ ਪਿੰਡ-ਪਿੰਡ, ਗਲੀ-ਗਲੀ, ਸ਼ਹਿਰ-ਸ਼ਹਿਰ ਘੁੰਮ ਕੇ ਸਮਝਾਉਣ ਲਈ ਯਤਨਸ਼ੀਲ ਰਹਿੰਦੇ ਹਨ।
ਬਾਬਾ ਸਾਹਿਬ ਦਾ ਸ਼ਿਕਵਾ ਦੂਰ ਕਰਨ ਲਈ ਪੜ੍ਹੇ-ਲਿਖੇ ਵਰਗ ਨੂੰ ਸਪੁੱਤਰ ਬਣ  ਕੇ ਬਾਬਾ ਸਾਹਿਬ ਦੇ ਕਾਫ਼ਲੇ ਨੂੰ ਅੱਗੇ ਵਧਾਉਣ ਲਈ  ਬਹੁਨੁਕਾਤੀ ਪ੍ਰਗਰਾਮ ਉਲੀਕਣ ਦੀ ਲੋੜ੍ਹ ਹੈ।ਜਿਵੇਂ ਕਿ:
ਸਭ ਤੋਂ ਪਹਿਲਾਂ ਦਲਿਤ ਸਮਾਜ ਦੇ ਪੜ੍ਹੇ-ਲਿਖੇ ਵਰਗ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਵਰਤ ਜਾਂ ਪੂਜਾ ਨਾਲ ਨਹੀਂ ਸਗੋਂ ਬਾਬਾ ਸਾਹਿਬ ਦੀ ਬਦੌਲਤ ਹੀ ਉਨ੍ਹਾਂ ਨੂੰ ਪੜ੍ਹਾਈ, ਨੌਕਰੀ, ਕਾਰ ਤੇ ਕੋਠੀ ਨਸੀਬ ਹੋਈ ਹੈ।ਜੇ ਬਾਬਾ ਸਾਹਿਬ ਵੀ ਸਿਰਫ਼ ਆਪਣੇ ਬਾਰੇ ਹੀ ਸੋਚਦੇ ਤਾਂ ਇਹ ਲੋਕ ਅੱਜ ਵੀ ਪਿੰਡਾਂ ਤੇ ਸ਼ਹਿਰਾਂ ਤੋਂ ਬਾਹਰ ਕੁੱਲੀਆਂ ’ਚ ਬੁਨੀਆਦੀ ਸ਼ਹੂਲਤਾਂ ਤੋਂ ਸੱਖਣਾ ਜੀਵਨ ਬਤੀਤ ਕਰ ਰਹੇ ਹੁੰਦੇ।(ਅੱਖਾਂ ਬੰਦ ਕਰਕੇ ਸਿਰਫ ਮਹਿਸੂਸ ਕਰਕੇ ਦੇਖੋ ਨਾਨੀ ਯਾਦ ਆ ਜਾਵੇਗੀ! )  ਅੰਬੇਦਕਰਵਾਦ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ।ਇਸ ਲਈ ਜ਼ਰੂਰੀ ਹੈ ਕਿ ਡਾਕਟਰ ਅੰਬੇਦਕਰ ਦੇ ਜੀਵਨ ਬਾਰੇ ਪੜ੍ਹ ਕੇ  ਤੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣ ਕੇ ਇਸ ਬਾਰੇ ਹੋਰਾਂ ਨੂੰ ਦੱਸੋ। ਅਧਿਆਪਕ ਵਰਗ ਇਸ ਨੇਕ ਕੰਮ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦਾ ਹੈ। ਗਿਆਨ ਪ੍ਰਾਪਤ ਹੋਣ ਦੇ ਨਾਲ ਹੀ ਕਲਪਨਿਕ ਬਾਬਿਆਂ ਦੀਆਂ ਫੋਟੋਆਂ ਘਰੋਂ ਗਾਇਬ ਹੋ ਜਾਣਗੀਆਂ, ਰਾਹੂ, ਕੇਤੂ ਤੁਹਾਡੇ ਮੋਢਿਆਂ ਤੋਂ ਉਤਰ ਕੇ ਦੂਰ ਭੱਜ ਜਾਣਗੇ, ਤੁਹਾਡੀ ਕੁੁੰਡਲੀ ਦੀਆਂ ਸਾਰੀਆਂ ਗੁੰਝਲਾਂ ਸੁਲਝ ਜਾਣਗੀਆਂ ਤੇ ਸ਼ੁੱਭ-ਅਸ਼ੁਭ ਦੇ ਕੁਚੱਕਰ ’ਚੋ ਨਿੱਕਲ ਕੇ ਤੁਸੀਂ ਬਾਬਿਆਂ ਦੀਆਂ ਚੋਂਕੀਆਂ ਭਰਨਾ ਵੀ ਭੁੱਲ ਜਾਉਂਗੇ। 
ਸਮਾਜ ਦੇ  ਉਥਾਨ ਲਈ ਬਾਬਾ ਸਾਹਿਬ ਦਾ ਸੁਝਾਅ ਸੀ,  “ਜੋ ਲੋਕ ਸਰਕਾਰੀ ਨੌਕਰੀ ਕਰਦੇ ਹਨ ਉਨ੍ਹਾਂ ਦਾ ਫਰਜ਼ ਹੈ ਕਿ ਆਪਣੀ ਕਮਾਈ ਦਾ 20ਵਾਂ ਭਾਗ ਆਪਣੀ ਮਰਜ਼ੀ ਨਾਲ ਦਾਨ ਕਰਦੇ ਰਹਿਣ ਤਾਂ ਹੀ ਗ਼ਰੀਬ ਸਮਾਜ ਦਾ ਵਿਕਾਸ ਹੋਵੇਗਾ। ਨਹੀਂ ਤਾਂ ਇੱਕ ਹੀ ਪਰਿਵਾਰ ਸੁੱਖੀ ਹੋਵੇਗਾ। ਜੋ ਲੜਕਾ ਪਿੰਡ ਵਿਚ ਪੜ੍ਹਦਾ ਹੈ, ਉਸ ਤੋਂ ਪੂਰੇ ਸਮਾਜ ਨੂੰ ਉਮੀਦ ਹੁੰਦੀ ਹੈ। ਇਕ ‘ਸਿੱਖਿਅਤ ਸਮਾਜ ਸੇਵਕ’ ਉਹਨਾਂ ਲਈ ਵਰਦਾਨ ਸਿੱਧ ਹੋ ਸਕਦਾ ਹੈ”।
ਨੌਜਵਾਨਾਂ ਨੂੰ ਉਚੇਰੀ ਅਤੇ ਕਿੱਤਾ-ਮੁੱਖੀ ਵਿੱਦਿਆ ਲਈ ਵਿਸ਼ੇਸ਼ ਤੌਰ ’ਤੇ ਉਤਸਾਹਿਤ ਕਰਨਾ ਚਹੀਦਾ ਹੈ।ਪੜ੍ਹਾਈ ਵਿਚ ਹੁਸ਼ਿਆਰ ਵਿਦਿਆਰਥੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਕਿੱਤੇ ਦੀ ਚੋਣ ਸਬੰਧੀ ਸਹੀ ਦਿਸ਼ਾ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਕਿ ਰੁਜ਼ਗਾਰ ’ਤੇ ਲੱਗ ਕੇ ਉਹ ਆਰਥਿਕ ਤੌਰ ’ਤੇ ਮਜ਼ਬੂਤ ਹੋ ਸਕਣ ਤੇ ਸਮਾਜ ਸੇਵਾ ਦੇ ਕਾਰਜਾਂ ’ਚ ਆਪਣਾ ਯੋਗਦਾਨ ਪਾ ਸਕਣ। ਬਾਬਾ ਸਾਹਿਬ ਦੀ ਵੀ ਇਹ ਇੱਛਾ ਸੀ ਕਿ ਦਲਿਤ ਸਮਾਜ ਦੇ ਵਿਦਿਆਰਥੀ ਗਿਆਨ ਹਾਸਲ ਕਰਨ ਅਤੇ ਸਮਾਜ ਨੂੰ ਅਗਵਾਈ ਦੇਣ।
ਹਰੇਕ ਪਿੰਡ ਵਿਚ ਲਾਇਬ੍ਰੇਰੀ ਖੋਲ ਕੇ ਬਹੁਜਨ ਸਮਾਜ ਨਾਲ ਸਬੰਧਿਤ ਅਤੇ ਜੀਵਨ ਨੂੰ ਸੇਧ ਦੇਣ ਵਾਲੀਆਂ ਕਿਤਾਬਾਂ ਉਪਲਬਧ ਕਰਵਾਉਣੀਆਂ ਚਾਹੀਦੀਆਂ ਹਨ। ਲਾਇਬ੍ਰੇਰੀ ਸਮਾਜ ਦੀ ਮਾਨਸਿਕ ਸਿਹਤ ਤੰਦਰੁਸਤ ਰੱਖਣ ’ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।ਲਾਇਬ੍ਰੇਰੀ ਅੰਧਵਿਸ਼ਵਾਸ, ਅਨਪੜ੍ਹਤਾ ਅਤੇ ਅਗਿਆਨਤਾ ਨੂੰ ਦੂਰ ਕਰਕੇ ਵੱਖ-ਵੱਖ ਧਰਮਾਂ, ਜਾਤਾਂ ਅਤੇ ਫਿਰਕਿਆਂ ਵਿੱਚ ਵੰਡੇ ਸਮਾਜ ਨੂੰ ਜੋੜਨ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ।
ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਗਿਲੇ-ਸ਼ਿਕਵੇ ਭੁੱਲ ਕੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। 
ਸੰਵਿਧਾਨ ਨਾਲ ਛੇੜ-ਛਾੜ ਜ਼ਾਰੀ ਹੈ, ਅਜਿਹੇ ਮਾਹੌਲ ਵਿਚ ਗ਼ਰੀਬ ਸਮਾਜ ਦੇ ਵਿਸ਼ੇਸ਼ ਅਧਿਕਾਰਾਂ ਨੂੰ ਘੱਟ ਜਾਂ ਖ਼ਤਮ ਕੀਤਾ ਜਾ ਸਕਦਾ ਹੈ। ਇਸ ਲਈ ਪਿੰਡ-ਪਿੰਡ ਨੌਜਵਾਨਾਂ ਦੀਆਂ ਯੂਨਿਟਾਂ ਜਾਂ ਸਮਾਜ ਭਲਾਈ ਕਲੱਬ ਬਣਾ ਕੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਬੁੱਧ ਧਰਮ ਧਾਰਣ ਕਰਨ ਸਮੇਂ ਡਾਕਟਰ ਅੰਬੇਦਕਰ ਜੀ ਦੀਆਂ 22 ਪ੍ਰਤਿਗੀਆਵਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਚਾਹੀਦਾ ਹੈ ਤਾਂ ਕਿ ਤਰਕ ਨਾਲ ਗੱਲ ਕੱਟਣ ਵਾਲੇ ਲੀਡਰ ਪੈਦਾ ਕੀਤੇ ਜਾ ਸਕਣ।
ਆਪਣੇ ਘਰ  ਅਤੇ ਮੋਬਾਇਲ ਦੀ ਸਕਰੀਨ ’ਤੇ ਡਾਕਟਰ ਅੰਬੇਦਕਰ  ਦੀ ਫੋਟੋ ਲਾ ਕੇ ਹਰ ਪਲ ਆਪਣੇ ਮਿਸ਼ਨ ਨੂੰ ਯਾਦ ਰੱਖਿਆ ਜਾ ਸਕਦਾ ਹੈ।
ਸਿਹਤਮੰਦ ਸਮਾਜ ਲਈ ਜ਼ਰੂਰੀ ਹੈ ਕਿ ਨੌਜਵਾਨ ਲੜਕਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਤੇ ਲੜਕੀਆਂ ਨੂੰ ‘ਔਰਤ ਦੀ ਜ਼ਿੰਦਗੀ ’ਚ ਹਿੰਦੂ ਕੋਡ ਬਿਲ ਦੀ ਮੱਹਤਤਾ’ ਵਿਸ਼ੇ ’ਤੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
‘ਕਮਿਊਨਲ ਐਵਾਰਡ’ ਦੀ ਬਦੌਲਤ ‘ਪੂਨਾ ਪੈਕਟ’ ਦੇ ਨਤੀਜ਼ੇ ਵਜੌਂ ਬਣੇ ਰਾਜਨਿਤਕ ਲੀਡਰਾਂ ਨੂੰ ਪਾਰਲੀਮੈਂਟ ’ਚ  ਗੁੰਗੇ-ਬੋਲੇ ਬਣ ਕੇ ਨਹੀਂ ਬੈਠਣਾ ਚਾਹੀਦਾ ਸਗੋਂ ਆਪਣੇ ਸਮਾਜ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
     ਬਾਬਾ ਸਾਹਿਬ ਦੇ ਸੰਘਰਸ਼ ਤੋਂ ਪਹਿਲਾਂ ਦਲਿਤ ਸਮਾਜ ਇਕ ਮੁਰਦਾ ਸਮਾਜ ਸੀ। ਸੰਵਿਧਾਨ ਲਾਗੂ ਹੋਣ ਤੋਂ ਬਾਅਦ ਇਹ ਜਿਊਂਦਾ ਸਮਾਜ ਬਣ ਗਿਆ ਤੇ ਹੁਣ ਇਸ ਨੂੰ ਜਾਗਦਾ ਸਮਾਜ ਬਣਉਣ ਲਈ ਪੜ੍ਹੇ-ਲਿਖੇ ਵਰਗ ਦੀ ਜ਼ਿਮੇਵਾਰੀ ਹੈ ਕਿ ਉਹ ਇਮਾਨਦਾਰੀ ਨਾਲ ਬਾਬਾ ਸਾਹਿਬ ਦੇ ਮੂਲ ਸਿਧਾਂਤ ‘ਪੜ੍ਹੋ, ਜੁੜ੍ਹੋ ਤੇ ਸੰਘਰਸ਼ ਕਰੋ’ ’ਤੇ ਪਹਿਰਾ ਦੇਵੇ।