ਡਾ. ਜਸਵਿੰਦਰ ਸਿੰਘ ਦੁਆਰਾ ਸੰਪਾਦਤ ਪੁਸਤਕ ਦੀ ਭਰਵੀਂ ਸ਼ਲਾਘਾ (ਖ਼ਬਰਸਾਰ)


ਹੇਵਰਡ: --  ਬੀਤੇ ਦਿਨੀਂ ਵਿਪਸਾ ਬੇ ਏਰੀਆ ਵਲੋਂ ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਸਾਹਿਤਕ ਮਿਲਣੀ ਆਯੋਜਿਤ ਕੀਤੀ ਗਈ। ਇਸ ਮੌਕੇ ਪੰੰਜਾਬੀ ਯੂਨੀਵਰਸਟੀ ਦੇ ਸਾਬਕਾ ਪ੍ਰੋ. ਅਤੇ ਡੀਨ (ਅਕੈਡਿਮਕ ਅਫੇਅਰਜ਼ ਵਲੋਂ ਸੰਪਾਦਤ ਪੁਸਤਕ ‘ਸੁਖਵਿੰਦਰ ਕੰਬੋਜ ਅਤੇ ਕਾਵਿ-ਦ੍ਰਿਸ਼ਟੀ’ ਜ਼ੂਮ ਮਾਧਿਅਮ ਰਾਹੀਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਦੇਸ ਵਿਦੇਸ਼ ਤੋਂ ਵਿਦਵਾਨ ਅਤੇ ਸਾਹਿਤਕਾਰ ਸ਼ਾਮਲ ਹੋਏ। ਇਸ ਪੁਸਤਕ ਬਾਰੇ ਕਸ਼ਮੀਰ ਤੋਂ ਜ਼ੂਮ ਰਾਹੀਂ ਆਪਣੀ ਹਾਜ਼ਰੀ ਭਰ ਰਹੇ ਪ੍ਰੋ. ਸੁਰਿੰਦਰ ਸੀਰਤ ਨੇ ਕਿਹਾ ਕਿ ਡਾ. ਸੁਖਵਿੰਦਰ ਕੰਬੋਜ ਨਾਲ਼ ਉਨ੍ਹਾਂ ਦੀ ਬਹੁਤ ਪੁਰਾਣੀ ਸਾਂਝ ਹੈ। ਸੁਖਵਿੰਦਰ ਦੀ ਸਿਰਜਣਾ ਦਾ ਹਿੱਸਾ ਆਲ਼ੇ ਦੁਆਲ਼ੇ ਜੀਵਨ ਹੰਢਾ ਰਹੇ ਲੋਕਾਂ ਦਾ ਸੱਚ ਹੈ। ਸੁਖਵਿੰਦਰ ਉਹ ਮੋਹਰੀ ਸ਼ਾਇਰ ਹੈ ਜੋ ਪੰਜਾਬੀ ਕਵਿਤਾ ’ਚ ਲਗਾਤਾਰ ਵਾਧਾ ਕਰਦੇ  ਹੋਏ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਰਿਹਾ ਹੈ।ਨਿਮਰਤਾ ਦੇ ਧਾਰਨੀ ਸੁਖਵਿੰਦਰ ਕੰਬੋਜ ਦੀ ਸ਼ਖ਼ਸੀਅਤ ਤੋਂ ਉਹ ਬੇਹੱਦ ਪ੍ਰਭਾਵਿਤ ਹਨ। ਡਾ. ਸੁਰਜੀਤ ਭੱਟੀ ਨੇ ਪੁਸਤਕ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਪੁਸਤਕ ਡਾ. ਜਸਵਿੰਦਰ ਨੇ ਆਪਣੀ ਪੁਖਤਗੀ ਨਾਲ਼ ਸੰਪਾਦਤ ਕੀਤੀ ਹੈ। ਇਸ ਪੁਸਤਕ ਵਿਚ ਲਿਖੇ ਸਾਰੇ ਲੇਖ ਸੁਖਵਿੰਦਰ ਦੀ ਸ਼ਖ਼ਸੀਅਤ ਅਤੇ ਸਿਰਜਣ ਕਲਾ ਦੀ ਹੂ ਬ ਹੂ ਤਸਵੀਰ ਖਿੱਚਦੇ ਹਨ। ਲਿਖਤ ਦਾ ਸ਼ਖ਼ਸੀਅਤ ਨਾਲ ਮਾਂ ਬਾਪ ਵਰਗਾ ਸੰਬੰਧ ਹੁੰਦਾ ਹੈ। ਆਪਣੀ ਲਿਖਤ ਨਾਲ ਅਜਿਹਾ ਸੰਬੰਧ ਸੁਖਵਿੰਦਰ ਨੇ ਬਣਾਇਆ ਹੈ। ਉਸ ਨੇ ਪਿੰਡ, ਪੰਜਾਬ, ਭਾਰਤ ਅਤੇ ਦੁਨੀਆਂ ਨਾਲੋਂ ਕਵਿਤਾ ਨੂੰ ਟੱਟਣ ਨਹੀਂ ਦਿੱਤਾ। ਮਹਾਂ ਨਗਰੀ ਸਭਿਆਚਾਰ ਬੰਦੇ ਨੂੰ ਬੰਦਾ ਰਹਿਣ ਨਹੀਂ ਦਿੰਦਾ। ਇਹ ਸੱਚ ਸੁਖਵਿੰਦਰ ਦੀ ਕਵਿਤਾ ਵਿਚ ਹੈ। ਹਰਿਆਣੇ ਤੋਂ ਜੁੜੇ ਨਿਰਮਲ ਸਿੰਘ ਗੰਗਾ ਨੇ ਕਿਹਾ ਕਿ ਕਵਿਤਾ ਵਿਚ ਆਪਣੇ ਆਪ ਲਈ ਜਾਂ ਸਮਾਜ ਲਈ ਸਵਾਲ ਉਠਾਉਣਾ ਸੁਖਵਿੰਦਰ ਕੰਬੋਜ ਦੀ ਸਿਰਜਣਾ ਦੀ ਵਿਸ਼ੇਸ਼ਤਾ ਹੈ। ਡਾ. ਦਵਿੰਦਰ ਸ਼ੈਫ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਕਿਤਾਬ ਬਹੁਤ ਸੁਹਣੀ ਲੱਗੀ ਹੈ ਅਤੇ ਉਹ ਸੁਖਵਿੰਦਰ ਦੀ ਕਵਿਤਾ ਦਾ ਮੈਟਾ ਅਧਿਐਨ ਕਰਨਗੇ। ਡਾ. ਸੁਰਿੰਦਰ ਧੰਜਲ ਨੇ ਕਿਹਾ ਕਿ ਇਸ ਪੁਸਤਕ ਦੇ ਚਾਰ ਭਾਗਾਂ ਵਿਚ 40 ਦਸਤਾਵੇਜ਼ ਸ਼ਾਮਲ ਹਨ। ਜਿਨ੍ਹਾਂ ਵਿਚ ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਲੇਖਕਾਂ ਦਾ ਸ਼ਾਮਲ ਹੋਣਾ ਪੁਸਤਕ ਦੀ ਵੱਡੀ ਪ੍ਰਾਪਤੀ ਹੈ। ਸੁਖਵਿੰਦਰ ਨੇ ਯੂ ਐਸ ਏ ਦੀ ਹੀ ਨਹੀਂ ਸਗੋਂ ਸਮੁੱਚੀ ਪੰਜਾਬੀ ਕਾਵਿ ਪਰੰਪਰਾ ਨੂੰ ਮਾਣ ਮੱਤਾ ਕੀਤਾ ਹੈ। ਨਾਮਵਰ ਕਹਾਣੀਕਾਰ ਅਜਮੇਰ ਸਿੱਧੂ ਨੇ ਕਿਹਾ ਕਿ ਇਸ ਪੁਸਤਕ ਨੂੰ ਪੜ੍ਹ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਿਆ। ਡਾ. ਜਸਵਿੰਦਰ ਨੇ 369 ਸਫ਼ਿਆਂ ਦੀ ਇਸ ਵੱਡ ਅਕਾਰੀ ਪੁਸਤਕ ਵਿਚ 40-50 ਸਾਲਾਂ ਦੀ ਕਵਿਤਾ ਦੇ ਇਤਿਹਾਸ ਦੇ ਦਰਸ਼ਨ ਕਰਵਾਏ ਹਨ। ਕਵਿਤਾ ਪਹਿਲਾਂ ਕੀ ਸੀ? ਹੁਣ ਕਿੱਥੇ ਖੜ੍ਹੀ ਹੈ? ਡਾ. ਸੁਖਵਿੰਦਰ ਕੰਬੋਜ ਦੀ ਕਵਿਤਾ ਦਾ ਸਮਕਾਲੀ ਕਵਿਤਾ ਵਿਚ ਕੀ ਸਥਾਨ ਹੈ? ਇਸ ਤੋਂ ਵੀ ਵੱਧ ਇਸ ਪੁਸਤਕ ਦਾ ਇਕ ਹੋਰ ਵਧੀਆ ਪੱਖ ਕਿ ਡਾ. ਜਸਵਿੰਦਰ ਨੇ ਅਲੋਚਕਾਂ ਅਤੇ ਲੇਖਕਾਂ ਦੋਵਾਂ ਦੇ ਲੇਖ ਸ਼ਾਮਲ ਕੀਤੇ ਹਨ। ਇਕ ਹੀ ਰਚਨਾ ਨੂੰ ਅਲੋਚਕ ਕਿਵੇਂ ਪਰਖਦਾ ਹੈ ਅਤੇ ਲੇਖਕ ਕਿਵੇਂ ਸੋਚਦੇ ਨੇ ਪੁਸਤਕ ਪੜ੍ਹਨ ਉਪਰੰਤ ਇਹ ਸਵਾਲ ਪਾਠਕ ਦੇ ਮਨ ਵਿਚ ਉੱਠਦਾ ਹੈ? ਉਨ੍ਹਾਂ ਹੋਰ ਕਿਹਾ ਕਿ ਪੁਸਤਕ ਵਿਚ ਲੇਖਕਾਂ ਦੇ ਲੇਖ ਅਲੋਚਕਾਂ ਦੇ ਲੇਖਾਂ ਤੇ ਭਾਰੂ ਪੈ ਰਹੇ ਪ੍ਰਤੀਤ ਹੁੰਦੇ ਹਨ ਜੋ ਸਿਰਜਣਾ ਨੂੰ ਨਵੇਂ ਅਰਥ ਪ੍ਰਦਾਨ ਕਰਦੇ ਹਨ।ਅਲੋਚਨਾ ਵਾਲੀ ਭਾਸ਼ਾ ਦੀ ਤਰੀਫ਼ ਕਰਨੀ ਵੀ ਬਣਦੀ ਹੈ ਕਿਉਂਕਿ ਅਲੋਚਕਾਂ ਨੇ ਇਸ ਭਾਸ਼ਾ ਨੂੰ ਬਹੁਤ ਸਰਲ ਤਰੀਕੇ ਨਾਲ਼ ਲਿਖਿਆ ਹੈ। ਨਵੇਂ ਅਲੋਚਕ, ਨਵੇਂ ਅਰਥ, ਸਾਲਾਂ ਨੂੰ ਮੁਖਾਤਿਬ ਕਵਿਤਾ, ਪਰਵਾਸੀ ਜੀਵਨ ਦਾ ਪਸਾਰ ਅਤੇ ਵਿਸਥਾਰ ਪੁਸਤਕ ਦੀ ਰੌਚਿਕਤਾ ਬਣਦਾ ਹੈ। ਡਾ. ਜਸਵਿੰਦਰ ਸਿੰਘ ਅਤੇ ਡਾ. ਕੰਬੋਜ ਵਧਾਈ ਦੇ ਹੱਕਦਾਰ ਹਨ। ਚਰਨਜੀਤ ਸਿੰਘ ਪਨੂੰ ਨੇ ਕਿਹਾ ਕਿ ਡਾ. ਜਸਵਿੰਦਰ ਨੇ ਇਸ ਪੁਸਤਕ ਨੂੰ ਸੰਪਾਦਤ ਕਰਕੇ ਸਿਰਫ਼ ਡਾ. ਸੁਖਵਿੰਦਰ ਦਾ ਹੀ ਨਹੀਂ ਸਗੋਂ ਪੂਰੀ ਵਿਪਸਾ ਦਾ ਮਾਣ ਵਧਾਇਆ ਹੈ। ਪ੍ਰੋਗਰਾਮ ਦੇ ਅੰਤ ਵਿਚ ਡਾ. ਜਸਵਿੰਦਰ ਨੇ ਸਿੰਘ ਨੇ ਕਿਹਾ ਕਿ ਇਸ ਪੁਸਤਕ ਦੀ ਸੰਪਾਦਨਾ ਦਾ ਅਨੁਭਵ ਖੁਸ਼ਗਵਾਰ ਰਿਹਾ। ਜਿੱਥੇ ਵੀ ਇਹ ਪੁਸਤਕ ਪੁੱਜੀ ਹੈ ਇਸ ਦੀ ਸ਼ਲਾਘਾ ਹੋਈ ਹੈ। ਸੁਖਵਿੰਦਰ ਨੇ ਆਪਣੀ ਕਵਿਤਾ ਵਿਚ ਭਾਰਤ ਦੀ ਕ੍ਰਾਂਤੀਕਾਰੀ ਸੰਵੇਦਨਾ ਨੂੰ ਜੋੜਿਆ ਹੈ। ਇਹ ਕਵਿਤਾ ਪੰਜਾਬੀ ਸਾਹਿਤ ਵਿਚ ਆਪਣਾ ਵਿਸ਼ੇਸ਼ ਸਥਾਨ ਹਾਸਲ ਕਰ ਰਹੀ ਹੈ ਅਤੇ ਸਾਨੂੰ ਭਵਿੱਖ ਵਿਚ ਹੋਰ ਵੱਡੀਆਂ ਆਸਾਂ ਹਨ। ਇਸ ਤੋਂ ਇਲਾਵਾ ਡਾ. ਧਨਵੰਤ ਕੌਰ, ਅਮਰਜੀਤ ਕੌਰ ਪੰਨੂੰ, ਸੁਰਜੀਤ ਸਖੀ, ਐਸ ਅਸ਼ੋਕ ਭੌਰਾ, ਬੀਬੀ ਸੁਰਜੀਤ ਕੌਰ, ਹਰਪ੍ਰੀਤ ਕੌਰ ਧੂਤ ਆਦਿ ਨੇ ਡਾ. ਜਸਵਿੰਦਰ ਸਿੰਘ ਅਤੇ ਡਾ. ਸੁਖਵਿੰਦਰ ਕੰਬੋਜ ਨੂੰ ਇਸ ਵਧੀਆ ਕਾਰਜ ਲਈ ਵਧਾਈ ਦਿੱਤੀ।ਇਸ ਉਪਰੰਤ ਕਵੀ ਦਰਬਾਰ ਵਿਚ ਹਰਪ੍ਰੀਤ ਕੌਰ, ਬੀਬੀ ਸੁਰਜੀਤ ਕੌਰ, ਸੁਰਜੀਤ ਸਖੀ, ਚਰਨਜੀਤ ਸਿੰਘ ਪੰਨੂੰ,ਡਾ. ਸੁਰਿੰਦਰ ਧੰਜਲ, ਡਾ. ਸੁਖਵਿੰਦਰ ਕੰਬੋਜ ਅਤੇ ਕੁਲਵਿੰਦਰ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਮੰਚ ਸੰਚਾਲਨ ਕ੍ਰਮਵਾਰ ਲਾਜ ਨੀਲਮ ਸੈਣੀ ਅਤੇ ਕੁਲਵਿੰਦਰ ਨੇ ਬਾਖੂਬੀ ਨਿਭਾਇਆ।

ਲਾਜ ਨੀਲਮ ਸੈਣੀ (ਸਹਾਇਕ ਸਕੱਤਰ ਵਿਪਸਾ)