ਜੇ ਚਾਹੇੰ ਲੱਭਣਾ ਤੂੰ ਸੱਚ ਤਾਂ ਸੱਚੇ ਬੋਲ ਅੱਖਰਾਂ ਨੂੰ
ਪਾ ਕੇ ਤਰਕ ਦੀ ਤੱਕੜੀ ਪੂਰਾ ਤੋਲ ਅੱਖਰਾਂ ਨੂੰ ।
ਗ਼ਜ਼ਲ ਦੇ ਹਰ ਇਕ ਮਿਸਰੇ ਵਿੱਚ ਕੋਈ ਅਹਿਸਾਸ ਹੁੰਦਾ ਹੈ
ਪਹਿਰਾ ਸੋਚ ਤੇ ਦੇ ਕੇ ਤੂੰ ਗਿਣ ਗਿਣ ਖੋਲ੍ਹ ਅੱਖਰਾਂ ਨੂੰ ।
ਇਹ ਅੱਖਰ ਹੀ ਤਾਂ ਹਨ ਜੋ ਸ਼ਬਦਾਂ ਦੀ ਰੂਹ ਚ ਸਾਹ ਲੈਂਦੇ
ਟੁੱਭੀ ਲਾ ਅਰਥ ਦੇ ਸਾਗਰ ਲਹਿਰਾਂ ‘ਚ ਘੋਲ ਅੱਖਰਾਂ ਨੂੰ।
ਅੰਤਹਕਰਣ ਵਾਲੇ ਸ਼ੀਸ਼ੇ ਵਿੱਚ ਝਾਕੀਂ ਜ਼ਰਾ ਬਚ ਕੇ
ਧੁੰਧਲੇ ਹੋ ਗਏ ਨੇ ਜੋ ਤੂੰ ਫਿਰ ਫਰੋਲ ਅੱਖਰਾਂ ਨੂੰ ।
ਜਗਦਾ ਦੀਪ ਕਬਰਾਂ ਤੇ ਹਵਾਵਾਂ ਨੇ ਬੁਝਾ ਦੇਣਾ
ਰੋਸ਼ਨ ਕਰ ਤੂੰ ਮਨ ਆਪਣਾ ਲਿਖੀੰ ਕੁਝ ਟੋਲ ਅੱਖਰਾਂ ਨੂੰ ।
ਮਹਿਫ਼ਲ ਵਿੱਚ ਪੜ੍ਹ ਲਿਆ ਕਰ ਅੱਖਰਾਂ ਵਿੱਚ ਲਿਖੇ ਅੱਖਰ
ਸ਼ੇਅਰ ਪੜ੍ਹ ਤਰਨਮ ਵਿੱਚ ਸਾਹਾਂ ਵਿੱਚ ਘੋਲ ਅੱਖਰਾਂ ਨੂੰ ।
ਕਰੋੜਾਂ ਸ਼ਬਦ ਜੇ ਹੋਵਣ ਤੇ ਜ਼ਬਾਨਾਂ ਹੋਣ ਲੱਖਾਂ ਵੀ
‘ ਕਾਉੰਕੇ’ ਜ਼ਿਹਨ ਵਿੱਚ ਰੱਖੀੰ ਤੂੰ ਆਪਣੇ ਕੋਲ ਅੱਖਰਾਂ ਨੂੰ ।