ਹੋਸ਼ ਆਈ ਵੇਖਿਆ ਲੁੱਟੀਆਂ ਬਹਾਰਾਂ ਕੀ ਕਰਾਂ
ਉਮਰ ਮੇਰੀ ਖਾ ਲਈ ਮਨ ਦੇ ਵਿਕਾਰਾਂ ਕੀ ਕਰਾਂ ।
ਆਲ੍ਹਣੇ ਵਿੱਚ ਬੋਟ ਭੁੱਖੇ ਚੋਗਿਆਂ ਲਈ ਤਰਸਦੇ
ਪੰਖੇਰੂਆਂ ਦੀਆਂ , ਉਚੀਆਂ ਉਡਾਣਾਂ ਕੀ ਕਰਾਂ ।
ਹੁਣ ਦਰਦ, ਪੀੜ ,ਬਿਰਹਾ ,ਤਨਹਾਈ ‘ਚ ਜੀਅ ਰਿਹਾ
ਦੋ ਪਲ ਆ ਕੇ ਹੋ ਗਏ ਉਹ ਨੌਂ ਦੋ ਗਿਆਰਾਂ ਕੀ ਕਰਾਂ ।
ਕੱਚੇ ਧਾਗੇ ਬਣ ਗਏ ਰਿਸ਼ਤੇ ਚਟਾਨ ਵਰਗੇ
ਖਿਲਾਰਤੇ ਮਾਲਾ ਦੇ ਮਣਕੇ ਝੂਠੇ ਪਿਆਰਾਂ ਕੀ ਕਰਾਂ ।
ਗਰਦਿਸ਼ ਦੀ ਜ਼ਿੰਦਗੀ ਨੇ ਜਾਨ ਸੁੱਕਣੀ ਪਾ ਦਿੱਤੀ
ਨਫ਼ਰਤ ਹਵਸ ਤੇ ਰੰਜਸ਼ਾਂ ਜਿਹੇ ਹਥਿਆਰ ਕੀ ਕਰਾਂ ।
ਤਾਰਾ ਟੁੱਟ ਕੇ ਅੰਬਰੋੰ ਇਕ ਲੀਕ ਜਿਹੀ ਛੱਡ ਗਿਆ
ਮੇਰਾ ਹੀ ਦੀਵਾ ਗੁੱਲ ਹੈ ਟਿਮਕਦੇ ਹਜ਼ਾਰਾਂ ਕੀ ਕਰਾਂ ।
ਖ਼੍ਵਾਬਾਂ ਦੇ ਖੰਭ ਝੜ ਗਏ ਟੁੱਟਿਆ ਹੈ ਦਿਲ ਮੇਰਾ
ਲੋਕਾਂ ਬਣਾ ਲਈਆਂ ਯਾਰੋ ਖੰਭਾਂ ਤੋਂ ਡਾਰਾਂ ਕੀ ਕਰਾਂ ।
ਨੈਣਾਂ ‘ਚ ਮੇਰੇ ਆ ਰਹੇ ਬੇ- ਰੰਗੇ ਤੇ ਉਦਾਸ
ਕਾਫ਼ਲੇ ਖ਼੍ਵਾਬਾਂ ਦੇ ‘ਕਾਉੰਕੇ’ ਬੰਨ੍ਹ ਬੰਨ੍ਹ ਕਿਤਾਰਾਂ ਕੀ ਕਰਾਂ।