ਇਹ ਜੋ ਕਵਿਤਾ ਹੈ
ਤੇਰੀ ਹੀ ਨਹੀਂ ਮੇਰੀ ਵੀ ਹੈ
ਜਿਸਦੀ ਤਹਿਰੀਰ ’ਚੋਂ
ਮੇਰੀ ਤਕਦੀਰ ਚਮਕਦੀ ਹੈ
ਸਰਘੀ ਦੇ ਸੂਰਜ ਦੀ ਲਿਸ਼ਕ ਜਿਹੀ
ਇਹ ਮੈਨੂੰ ਪ੍ਰੇਸ਼ਾਨ ਨਹੀਂ ਕਰਦੀੋੋ
ਸਗੋਂ ਲੁਤਫ਼ ਦਿੰਦੀ ਹੈ
ਮਾਤ ਲੋਕ ਦੇ ਕਲਪਿਤ ਬਹਿਸ਼ਤ ਜਿਹੀ।
ਇਹ ਜੋ ਕਵਿਤਾ ਹੈ
ਮੰਨਿਆ ਸ਼ੋਰ ’ਚ ਗੁੰਮ ਹੈ
ਪਰ ਮੈਂ ਇਸ ਦੀ
ਤਲਾਸ਼ ਤਾਂ ਕਰਦਾ ਹਾਂ
ਇਸਦੇ ਹਾਸਲ ਲਈ
ਦਿਨ ਰਾਤ ਮਰਦਾ ਹਾਂ।
ਇਹ ਜੋ ਕਵਿਤਾ ਹੈ
ਚੁੱਪ ਚਾਪ ਮੇਰੇ
ਜ਼ਿਹਨ ’ਚ ਉਤਰ ਆਉਦੀ ਹੈ
ਤੇ ਮੌਨ ਸੰਵਾਦ ਰਚਾਉਦੀ ਹੈ
ਜਿਸਦੇ ਗਿਰਦ ਸ਼ੋਰ ਨਹੀਂ
ਦਰਦ ਹੁੰਦਾ ਹੈ
ਜੋ ਬੇਜ਼ੁਬਾਨ ਤੇ
ਬਿਲਕੁਲ ਸਰਦ ਹੁੰਦਾ ਹੈ।
ਕਵੀ ਹੋ ਕੇ ਹੀ
ਮੈਂ ਕਵਿਤਾ ਦੇ ਨੈਣਾਂ ’ਚ ਲਿਖੀ
ਇਬਾਰਤ ਪੜ੍ਹ ਲੈਂਦਾ ਹਾਂ
ਤੇ ਆਪਣੇ ਮਨ ਦੇ ਫਰੇਮ ’ਚ ਜੜ ਲੈਂਦਾ ਹਾਂ।
ਇਹ ਜੋ ਕਵਿਤਾ ਹੈ
ਇਸ ਤੇ ਕੋਈ
ਬੰਦਸ਼ ਨਹੀਂ ਲੱਗ ਸਕਦੀ
ਕਵਿਤਾ ਆਪਣੀ ਚੁੱਪ ਰਾਹੀਂ
ਬੜਾ ਕੁੱਝ ਹੈ ਦੱਸ ਸਕਦੀ
ਹੇ ਕਵਿਤਾ
ਤੂੰ ਐਨੀ ਮਾਯੂਸ ਨਾ ਹੋ
ਚੁੱਪ ਜਿਹੀ ਕਵਿਤਾ ਵੀ
ਕਦੀ ਗੁਆਚਦੀ ਨਹੀਂ
ਸਗੋਂ ਮਘਾਈਦੀ ਹੈ
ਨਾ ਹੀ ਕਵਿਤਾ
ਕਦੀ ਮਰਿਆ ਕਰਦੀ ਹੈ
ਸਗੋਂ ਕਵਿਤਾ ਤਾਂ
ਮਰਿਆਂ ਨੂੰ ਹਰਿਆਂ ਕਰਦੀ ਹੈ
ਇਹ ਜੋ ਕਵਿਤਾ ਹੈ।