ਜਿਉਂਦੇ ਜੀਅ ਸਿੱਖ ਭੁੱਲ ਨਹੀਂ ਸਕਦੇ, ਸਾਕਾ ਜੂਨ ਚੁਰਾਸੀ।
ਚੱੜਕੇ ਆਈਆਂ ਫੌਜਾਂ ਨੇ ਘੇਰਾ ਗੁਰੂ ਘਰਾਂ ਨੂੰ ਪਾਇਆ।
ਦੇ ਕੇ ਹੁਕਮ ਪੰਜਾਬ ਸਾਰੇ 'ਚ ਕਰਫਿਊ ਸੀ ਲਗਾਇਆ।
ਪਿੰਡਾਂ ਸ਼ਹਿਰਾਂ ਚ ਫੌਜ ਪੁਲਿਸ ਦੀ ਚੱਲਦੀ ਸੀ ਬਦਮਾਸ਼ੀ।
ਜਿਉਂਦੇ ਜੀਅ ਸਿੱਖ - - - - -
ਅਠੱਤੀ ਗੁਰੂ ਘਰਾਂ ਉਤੇ ਹਮਲਾ ਇਕੋ ਸਮੇਂ ਗਿਆ ਕਰਿਆ,
ਹਰ ਇਕ ਬਸ਼ਰ ਪੰਜਾਬ ਦਾ ਬੈਠਾ ਸੀ ਘਰਾਂ ਵਿਚ ਡਰਿਆ,
ਜਨਤਾ ਨੂੰ ਡਰਾਉਣ ਲਈ ਕੀਤੀ ਘਰ ਘਰ ਵਿਚ ਤਲਾਸ਼ੀ।
ਜਿਉਂਦੇ ਜੀਅ ਸਿੱਖ-----------
ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਘੇਰਾ ਫੌਜ ਨੇ ਪਾਇਆ,
ਸ਼ਹੀਦੀ ਪੁਰਬ ਮਨਾਉਣ ਜਿੱਥੇ ਲੱਖਾਂ ਸ਼ਰਧਾਲੂ ਆਇਆ,
ਸੰਵੇਦਨਸ਼ੀਲ ਹਰ ਮੁਖੜੇ ਉਤੇ ਗਈ ਸੀ ਛਾ ਉਦਾਸੀ।
ਜਿਉਂਦੇ ਜੀਅ ਸਿੱਖ - - - - -
ਬੱਚੇ, ਬੀਬੀਆਂ, ਬੁੱਢੇ, ਜਵਾਨਾਂ 'ਤੇ ਰਤਾ ਤਰਸ ਨੀ ਆਇਆ,
ਜਿਹੜਾ ਸਾਹਮਣੇ ਫੌਜ ਦੇ ਆਇਆ ਉਸ ਨੂੰ ਮਾਰ ਮੁਕਾਇਆ,
ਆਪਣਿਆਂ ਜੋ ਕੀਤਾ ਪੰਜਾਬ ਨਾਲ ਉਹ ਕਰਦੇ ਨਹੀਂ ਪ੍ਰਵਾਸੀ।
ਜਿਉਂਦੇ ਜੀਅ ਸਿੱਖ - - - - -
ਬਹੁਤੀ ਸੰਗਤ ਮਾਰ ਮੁਕਾਈ ਤੇ ਬਹੁਤੇ ਫੜ ਜੇਲ੍ਹੀ ਡੱਕੇ,
ਜਿਹਨਾਂ ਸਿੱਧੂ ਚਿੰਤਨ ਕੀਤਾ ਉਹ ਰਹਿ ਗਏ ਹੱਕੇ ਬੱਕੇ।
ਲੁੱਟੀ ਅਜਮਤ ਅਤੇ ਖਜ਼ਾਨਾ ਜੋ ਕਦੇ ਸੀ ਨੀ ਕਿਆਸੀ।
ਜਿਉਂਦੇ ਜੀਅ ਸਿੱਖ ਭੁੱਲ ਨਹੀਂ ਸਕਦੇ ਸਾਕਾ ਜੂਨ ਚੁਰਸੀ।