ਭ੍ਰਿਸ਼ਟਾਚਾਰ
(ਮਿੰਨੀ ਕਹਾਣੀ)
ਮਲਾਈਦਾਰ ਸਮਝੇ ਜਾਣ ਵਾਲੇ ਵਿਭਾਗ 'ਚ ਚੰਗੇ ਰੁਤਵੇ 'ਤੇ ਤਾਇਨਾਤ ਕਮਲ ਸਾਂਮੀ ਰੋਜ਼ਾਨਾਂ ਦੀ ਤਰ੍ਹਾਂ ਅਲਮਾਰੀ ਕੋਲ ਖੜ੍ਹਾ ਨੋਟਾਂ ਨਾਲ ਨੱਕੋ-ਨੱਕ ਤੁੰਨੀਆਂ ਜੇਬਾਂ ਨੂੰ ਸਾਹ ਦਿਲਾ ਰਿਹਾ ਸੀ। " ਪਾਪਾ ..., ਕੱਲ੍ਹ ਸਾਡੇ ਸਕੂਲ 'ਚ ਸੈਮੀਨਾਰ ਹੈ ਮੈਡਮ ਨੇ ਸਾਰਿਆਂ ਨੂੰ ਵਧੀਆ ਜਿਹਾ ਸਲੋਗਨ ਲਿਖਣ ਬਾਰੇ ਕਿਹਾ, ਪਲੀਜ਼ ਮੇਰੀ ਮਦਦ ਕਰੋ। "ਪੰਜ ਕੁ ਸਾਲਾਂ ਦੀ ਬੇਟੀ ਨੀਤੂ ਉਸ ਕੋਲ ਆ ਕੇ ਬੋਲੀ। " ਸੈਮੀਨਾਰ, ਉਹ ਕਿਸ ਬਾਰੇ ਬੇਟਾ ?" ਆਪਣੇ ਹਿਸਾਬ ਕਿਤਾਬ 'ਚ ਪੂਰੀ ਤਰ੍ਹਾਂ ਗੜੁੱਚ ਕਮਲ ਨੇ ਬੇਟੀ ਵੱਲ ਬਿਨਾ ਦੇਖੇ ਪੁੱਛਿਆ। " ਭ੍ਰਿਸ਼ਟਚਾਰ ਬਾਰੇ।" ਨੀਤੂ ਅੱਖਾਂ ਮਟਕਾਉਂਦਿਆਂ ਭੋਲੇਪਣ ਨਾਲ ਬੋਲੀ। " ਹੈ .... ! ਭ ...ਭ... ਭ੍ਰਿਸ਼ਟਾਚਾਰ ? " ਇੱਕਦਮ ਪਾਣੀਓ ਪਤਲੇ ਹੋਏ ਕਮਲ ਦੀਆਂ ਨੋਟਾਂ ਦੀ ਦੁੱਥੀ ’ਚ ਖੇਡਦੀਆਂ ਉਗਲਾਂ ਥਾਈਂ ਰੁਕ ਗਈਆਂ।