ਲੁੱਟ ਚੁੱਕੇ ਪੰਜਾਬ ਨੂੰ ਮੁੜ ਤੋਂ
ਸੁਨਹਿਰਾ ਪੰਜਾਬ ਬਣਾਉਣਾ ਚਾਹੀਦਾ
ਘਪਲਿਆਂ ਦੀ ਸੜੇਹਾਂਦ ਦਾ ਸੱਚ
ਸਭ ਦੇ ਸਾਹਮਣੇ ਲਿਆਉਣਾ ਚਾਹੀਦਾ
ਬਣ ਗਏ ਡਾਕੂ ਕਿਉਂ ਰਹਿਬਰੀ ਕਰਨ ਵਾਲੇ
ਵੱਡਾ ਸਵਾਲ ਹੈ ਇਹ ਛੇਤੀ ਸੁਲਝਾਉਣਾ ਚਾਹੀਦਾ
ਮੁਫ਼ਤਖੋਰੀ ਦੀ ਆਦਤ ਤਿਆਗ ਕੇ ਹੁਣ
ਹੱਥੀਂ ਕਿਰਤ ਦਾ ਪਰਚਮ ਲਹਿਰਾਉਣਾ ਚਾਹੀਦਾ
ਸੰਕਲਪ ਨਾਨਕ ਦਾ ਸਰਬੱਤ ਦੇ ਭਲੇ ਵਾਲਾ
ਸਭ ਨੂੰ ਮਨਾਂ ਦੇ ਵਿੱਚ ਵਸਾਉਣਾ ਚਾਹੀਦਾ
ਜਿਹੜੇ ਧਰਮ ਦੇ ਨਾਂਅ ਤੇ ਪਾਉਣ ਵੰਡੀਆਂ
ਨਿਖੇੜ ਕੇ ਲੋਕਾਂ ਚੋਂ ਦੂਰ ਭਜਾਉਣਾ ਚਾਹੀਦਾ
ਧੱਕੇ ਨਾਲ ਜੇ ਹੱਕ ਕੋਈ ਖੋਹੇ ਸਾਡੇ
ਏਕਾ ਕਰਕੇ ਸੰਘਰਸ਼ ਚਲਾਉਣਾ ਚਾਹੀਦਾ
ਆਲਮ ਨਿਰਾਸ਼ਾ ਦਾ ਇੱਥੋਂ ਖ਼ਤਮ ਕਰਕੇ
ਉਤਸ਼ਾਹ ਜਨਤਾ ਵਿੱਚ ਨਵਾਂ ਜਗਾਉਣਾ ਚਾਹੀਦਾ
ਨੌਜਵਾਨ ਕੋਈ ਪੈ ਕੁਰਾਹੇ ਜਾਨ ਗਵਾਏ ਨਾ
ਚੱਜ ਦੀ ਵਿਉਂਤ ਬਣਾਕੇ ਰਾਹ ਰੁਸ਼ਨਾਉਣਾ ਚਾਹੀਦਾ
ਮਾਰਧਾੜ ਤੇ ਨਸ਼ਿਆਂ ਨੂੰ ਜੋ ਕਰਦੇ ਨੇ ਪ੍ਰਮੋਟ
ਐਸੇ ਕਲਾਕਾਰਾਂ ਨੂੰ ਬਹੁਤਾ ਸਿਰ ਤੇ ਨਹੀਂ ਚੜ੍ਹਾਉਣਾ ਚਾਹੀਦਾ